Share on Facebook

Main News Page

ਗੁਰੂ ਸਾਹਿਬ ਅਤੇ ਅਸੀਂ
- ਅਨਭੋਲ ਸਿੰਘ ਦੀਵਾਨਾ 98762-04624

• ਜਿਹੜੇ ਬੰਦਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦੀ ਮੋਟੀ ਜਿਹੀ ਗੱਲ ਸਮਝ ਨਹੀਂ ਆਈ ਉਹ ਗੁਰੂ ਸਾਹਿਬ ਦੇ ਅਧਿਆਤਮਿਕ ਗਹਿਰ ਗੰਭੀਰ ਉਪਦੇਸ਼ਾਂ ਨੂੰ ਕਿਸ ਤਰ੍ਹਾਂ ਜਾਣਦੇ ਹੋਣਗੇ?
• ਸਿੱਖੀ ਸਿਧਾਂਤਾਂ ਤੋਂ ਅਜਿਹੇ ਸੱਖਣੇ ਬੰਦਿਆਂ ਨੂੰ ਵੱਡੀਆਂ ਵੱਡੀਆਂ ਡਿਗਰੀਆਂ ਦੇਣ ਵਾਲੇ ਸਾਡੇ ਧਾਰਮਿਕ ਰਹਿਬਰਾਂ ਦੀ ਮਾਨਸਿਕ ਅਤੇ ਆਧਿਆਤਮਿਕ ਪਹੁੰਚ ਦੇ ਢੋਲ ਦੀ ਪੋਲ ਵੀ ਖੁੱਲ੍ਹ ਜਾਂਦੀ ਹੈ।

ਅੱਜ ਰਣਾ ਦੀ ਜੇਤੂ, ਮਜਲੂਮਾ ਦੀ ਰੱਖਿਅਕ, ਜਾਲਮ ਲਈ ਤਲਵਾਰ, ਸਮਾਜਿਕ, ਆਰਥਿਕ, ਰਾਜਸੀ ਅਤੇ ਧਾਰਮਿਕ ਅਜਾਦੀ ਦੀ ਅਲੰਬਰਦਾਰ ਸਿੱਖ ਕੌਮ ਦੀ ਗਿਣਤੀ ਵੀ ਘੱਟ ਰਹੀ ਹੈ ਤੇ ਗੁਣਵੱਤਾ ਵੀ ਘੱਟ ਰਹੀ ਹੈ।

ਅੱਜ ਗੁਰਦੁਆਰਿਆਂ ਦੀ ਗਿਣਤੀ ਤਾਂ ਜਰੂਰ ਵੱਧ ਗਈ ਹੈ, ਪਰ ਗੁਰੂ ਘਰਾਂ ਵਿਚ ਜਾਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਹੈ। ਗੁਰੂ ਘਰ ਜਾਣ ਵਾਲਿਆਂ ਵਿਚੋਂ ਵੀ ਬਹੁਤੇ ਤਾਂ ਗੁਰੂ ਘਰ ਜਾਣ ਦੀ ਇਕ ਰਸਮ ਨਿਭਾਉਣ ਤੱਕ ਹੀ ਸੀਮਤ ਹੋ ਰਹੇ ਹਨ, ਜਾਂ ਉਹਨਾਂ ਦੀਆਂ ਆਪਣੀ ਕੁਝ ਮੰਗਾਂ ਹਨ, ਜਿਹੜੀਆਂ ਉਹਨਾਂ ਗੁਰੂ ਤੋ ਮੰਗਣੀਆਂ ਹੁੰਦੀਆਂ ਹਨ, ਪਰ ਉਹਨਾਂ ਮੰਗਾਂ ਮੰਗਣ ਵਾਲਿਆਂ ਵਿਚੋ ਵੀ ਗੁਰੂ ਤੇ ਪੂਰਨ ਭਰੋਸੇ ਵਾਲੇ ਤਾਂ ਕੁਝ ਹੀ ਹੁੰਦੇ ਹਨ ਤੇ ਬਹੁਤੇ ਤਾਂ ਗੁਰੂ ਨਾਲੋ ਬੰਦਿਆਂ ਤੇ ਜਿਆਦਾ ਭਰੋਸਾ ਕਰਦੇ ਹਨ ਤੇ ਕੁਝ ਵੀਰ ਗ੍ਰੰਥੀਆਂ, ਭਾਈਆਂ ਨੂੰ ਰੋਬ੍ਹ ਦੇਣ ਦਾ ਅਪਣਾ ਸ਼ੁਗਲ ਪੂਰਾ ਕਰਨ ਲਈ ਵੀ ਗੁਰੂ ਘਰ ਆਉਂਦੇ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕੇ ਅੱਜ ਗੁਰੂ ਘਰਾਂ ਵਿਚ ਸੇਵਾਦਾਰ ਘੱਟ ਪਰ ਚੌਧਰੀਆਂ ਦੀ ਗਿਣਤੀ ਵੱਧ ਗਈ ਹੈ।

ਗੁਰੂ ਘਰਾਂ ਦੇ ਗੁੰਬਦ ਤਾਂ ਅੱਜ ਜਰੂਰ ਉਚੇ ਹੋ ਰਹੇ ਹਨ ਪਰ ਅੱਜ ਸਰਦਾਰਾਂ ਦੇ ਕਾਕਿਆਂ ਦੇ ਸਿਰਾਂ ਤੋ ਜੂੜ੍ਹੇ ਅਲੋਪ ਹੋ ਰਹੇ ਹਨ। ਸੰਗਮਰਮਰ ਦੀ ਚਮਕ ਸਾਹਮਣੇ ਸਿੱਖੀ ਸਿਧਾਂਤਾਂ ਦੀ ਚਮਕ ਦਿਨੋ ਦਿਨ ਅਮਲੀ ਰੂਪ ਵਿਚ ਮੱਧਮ ਹੋ ਰਹੀ ਹੈ।

ਜੇ ਅਸੀ ਇਹ ਕਹਿ ਲਈਏ ਕੇ ਅੱਜ ਇਕੱਠ ਤਾਂ ਵੱਡੇ ਵੱਡੇ ਹੋ ਰਹੇ ਨੇ ਪਰ ਦਿਨੋ ਦਿਨ ਗੁਰੂ ਦੀ ਸੰਗਤ ਦੀ ਮਰਯਾਦਾ ਟੁੱਟ ਰਹੀ ਹੈ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਕਿਉਂਕਿ ਅੱਜ ਗੁਰੂ ਦੀ ਗੱਲ ਤਾਂ ਘੱਟ ਸੁਣਾਈ ਜਾਂਦੀ ਹੈ, ਪਰ ਬੰਦਿਆਂ ਦਾ ਜਿਆਦਾ ਗੁਣ ਗਾਇਣ ਕੀਤਾ ਜਾਂਦਾ ਹੈ। ਨਾਮ ਬਾਣੀ ਦੀ ਥਾਂ ਤੁਹਮਤਬਾਜੀ, ਦੂਸਣਬਾਜੀ ਅਤੇ ਇਲਜਾਮਬਾਜੀ ਜਿਆਦਾ ਭਾਰੂ ਰਹਿੰਦੀ ਹੈ।

ਪਰ ਦੂਜੇ ਪਾਸੇ ਪੰਗਤ ਦੀ ਮਰਯਾਦਾ ਦੀ ਵੀ ਕੋਈ ਹਾਲਤ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ, ਕਿਉਂਕਿ ਉਥੇ ਵੀ ਲੰਗਰ ਤਾਂ ਅੱਜ ਤਿੰਨ-ਤਿੰਨ ਸੌ ਤਰ੍ਹਾਂ ਦੇ ਵੀ ਲੱਗ ਜਾਂਦੇ ਹਨ ਪਰ ਉਹਨਾਂ ਵਿਚ ਸੰਗਤ ਦੀ ਸੇਵਾ ਕਰਨ ਦੀ ਭਾਵਨਾਂ ਘੱਟ ਤੇ ਆਪਣੀ ਹਾਊਮੈ ਨੂੰ ਪੱਠੇ ਜਿਆਦਾ ਪਾਏ ਜਾਂਦੇ ਹਨ।

ਇਹ ਵੀ ਇਕ ਕੌੜੀ ਸਚਾਈ ਹੈ ਕਿ ਜਿਨ੍ਹਾਂ ਨੇ ਇਸ ਪੰਗਤ ਦੀ ਪ੍ਰਥਾ ਦਾ ਰੋਲ ਮਾਡਲ ਬਣਨਾ ਸੀ; ਕੌਮ ਦੇ ਉਹਨਾਂ ਧਾਰਮਿਕ ਰਹਿਬਰਾਂ ਨੂੰ, ਮੈਂ ਵੱਡੀ ਗਿਣਤੀ ਵਿਚ ਧਾਰਮਿਕ ਸਮਾਗਮਾਂ ’ਤੇ ਜਾਣ ਦੇ ਵਾਬਜੂਦ ਵੀ ਕਦੇ, ਭਾਈ ਲਾਲੋ ਦੇ ਵਾਰਸਾਂ ਨਾਲ, ਤੱਪੜਾਂ ਉਪਰ ਬੈਠ ਕੇ ਲੰਗਰ ਛੱਕਦਿਆਂ ਨਹੀਂ ਦੇਖਿਆ।

ਇਸ ਕੌੜੀ ਸਚਾਈ ਤੋਂ ਵੀ ਅਸੀ ਮੁਨਕਰ ਨਹੀਂ ਹੋ ਸਕਦੇ ਕਿ ਅੱਜ ਸਾਡੇ ਵੱਡੇ ਵੱਡੇ ਇਤਹਾਸਕ ਜੋੜ ਮੇਲਿਆਂ ਅਤੇ ਸ਼ਹੀਦੀ ਦਿਹਾੜਿਆਂ ਦੇ ਸੰਕਲਪ, ਬੰਸਰੀਆਂ, ਪੀਪਨੀਆਂ ਅਤੇ ਸਪੀਕਰ ਉਪਰ ਦੇਸੀ ਘਿਉ ਦੇ ਪਕੌੜਿਆਂ ਦੀਆਂ ਕੰਨ ਪਾੜਵੀਆਂ ਅਵਾਜਾਂ ਵਿਚ ਹੀ ਗੁੰਮ ਹੋ ਜਾਂਦੇ ਹਨ।

ਉਪਰੋਤਕ ਤੋਂ ਵੀ ਕੌੜੀ ਸਚਾਈ ਇਹ ਹੈ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਵਾਲੇ ਕਈ ਡੇਰਿਆਂ ਵਿਚ ਦਲਿਤਾਂ ਨਾਲ ਵਿਤਕਰੇ ਦੇ ਰੌਲੇ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ। ਹੁਣ ਸੋਚਣ ਵਾਲੀ ਗੱਲ ਹੈ ਕੇ ਜਿਹੜੇ ਬੰਦਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦੀ ਮੋਟੀ ਜਿਹੀ ਗੱਲ ਸਮਝ ਨਹੀਂ ਆਈ ਉਹ ਗੁਰੂ ਸਾਹਿਬ ਦੇ ਅਧਿਆਤਮਿਕ ਗਹਿਰ ਗੰਭੀਰ ਉਪਦੇਸ਼ਾਂ ਨੂੰ ਕਿਸ ਤਰ੍ਹਾਂ ਜਾਣਦੇ ਹੋਣਗੇ? ਜਿਨ੍ਹਾਂ ਦਾ ਕਿ ਇਹੋ ਜਿਹੇ ਸ਼ਖਸ, ਅਕਸਰ ਆਪਣੇ ਸਰਧਾਲੂਆਂ ਵਿਚ ਦਾਅਵਾ ਕਰਦੇ ਹਨ। ਸਿੱਖੀ ਸਿਧਾਂਤਾਂ ਤੋ ਅਜਿਹੇ ਸੱਖਣੇ, ਥੰਦੇ ਘੜੇ ਆਪਣੇ ਨਾਵਾਂ ਨਾਲ ਅਗੇਤਰ ਪਛੇਤਰ ਲਗਾ ਕੇ, ਆਪਣੇ ਨਾਵਾਂ ਦੀਆਂ ਲਾਈਨਾਂ ਤਾਂ ਜਰੂਰ ਲੰਮੀਆਂ ਕਰ ਰਹੇ ਹਨ ਪਰ ਸਿੱਖੀ ਸਿਧਾਂਤਾਂ ਦੀ ਲੰਮੀ ਲਾਈਨ ਅਜਿਹੇ ਬੰਦਿਆਂ ਦੀਆਂ ਆਪ ਹੁਦਰੀਆਂ ਕੱਚ ਘਰੜ ਗੱਲਾਂ ਕਾਰਨ ਦਿਨੋ ਦਿਨ ਮਿਟ ਰਹੀ ਹੈ।

ਤੇ ਇਹ ਵੀ ਇਕ ਸਚਾਈ ਹੈ ਕਿ ਬਹੁਤੀ ਵਾਰ ਇਹ ਡਿਗਰੀਆਂ ਆਪਣੇ ਆਪ ਜਾਂ ਆਪਣੇ ਬੰਦਿਆਂ ਵੱਲੋਂ ਹੀ ਲਾ ਦਿਤੀਆਂ ਜਾਂਦੀਆਂ ਹਨ। ਪਰ ਕਈ ਵਾਰੀ ਸਾਡੇ ਧਾਰਮਿਕ ਰਹਿਬਰ ਵੀ ਜੋਸ਼ ਵਿਚ ਆਏ ਅਜਿਹੀਆਂ ਡਿਗਰੀਆਂ ਬਖਸ਼ਸ ਕਰ ਦਿੰਦੇ ਹਨ। ਜਿਸ ਨਾਲ, ਸਿੱਖੀ ਸਿਧਾਂਤਾਂ ਤੋਂ ਅਜਿਹੇ ਸੱਖਣੇ ਬੰਦਿਆਂ ਨੂੰ ਵੱਡੀਆਂ ਵੱਡੀਆਂ ਡਿਗਰੀਆਂ ਦੇਣ ਵਾਲੇ ਸਾਡੇ ਧਾਰਮਿਕ ਰਹਿਬਰਾਂ ਦੀ ਮਾਨਸਿਕ ਅਤੇ ਆਧਿਆਤਮਿਕ ਪਹੁੰਚ ਦੇ ਢੋਲ ਦੀ ਪੋਲ ਵੀ ਖੁੱਲ੍ਹ ਜਾਂਦੀ ਹੈ।

ਇਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’ ਦੀ ਨੀਤੀ ’ਤੇ ਚੱਲਦੇ ਹਨ, ਉਹਨਾਂ ਨੂੰ ਇਤਹਾਸ ਕਦੇ ਮਾਫ ਨਹੀਂ ਕਰਦਾ। ਪਰ ਜਿਹੜੇ ਸਿਦਕ ਦਿਲੀ ਨਾਲ ਗੁਰੂ ਦੇ ਸਿਧਾਂਤ ਤੇ ਪਹਿਰਾਂ ਦਿੰਦੇ ਹਨ, ਇਤਹਾਸ ਵੀ ਉਹਨਾਂ ਨੂੰ ਹੀ ਧਰਮ ਦੇ ਅਸਲੀ ਪਹਿਰੇਦਾਰ ਹੋਣ ਦੀ ਗਵਾਹੀ ਭਰਦਾ ਹੈ।ਅਜਿਹਾ ਹੀਆਂ ਕਿਸੇ ਵਿਰਲੇ ਨੂੰ ਗੁਰੂ ਆਪ ਬਖਸ਼ਿਸ ਕਰਦਾ ਹੈ।

ਇਸ ਤਰ੍ਹਾਂ ਕੁਲ ਮਿਲਾ ਕਿ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੌਮ ਦੀ ਸਥਿਤੀ ਬਹੁਤ ਹੀ ਗੁੰਝਲਦਾਰ ਬਣ ਚੁਕੀ ਹੈ ਤੇ ਜਿਹੜੀ ਅਏ ਦਿਨ ਹੋਰ ਗੁੰਝਲਦਾਰ ਬਣਦੀ ਜਾ ਰਹੀ ਹੈ। ਚਾਰੇ ਪਾਸੇ ਧੜੇਬਾਜੀ ਦਾ ਬੋਲਬਾਲਾ ਹੈ।

ਇਸ ਸਥਿਤੀ ਵਿਚ ਕੰਮ ਕਰਨਾ ਕੰਡਿਆਂ ’ਤੇ ਤੁਰਨ ਦੇ ਸਮਾਨ ਹੈ ਕਿਉਂਕਿ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਹੜਾ ਧੜਾ ਤੁਹਾਨੂੰ ਆਪਣਾ ਬੰਦਾ ਹੋਣ ਦਾ ਭਰਮ ਪਾਲ ਲੈਂਦਾ ਹੈ ਤੇ ਤੁਸੀਂ ‘ਹਮਰਾ ਹਰਿ ਧੜਾ ਜਿਨਿ ਇਹ ਧੜੇ ਸਭਿ ਗਵਾਏ’ ਤੇ ਚੱਲਦਿਆਂ, ਉਹਨਾਂ ਬੰਦਿਆਂ ਦੇ ਗੁਰਮਤਿ ਵਿਰੋਧੀ ਕੰਮਾਂ ਬਾਰੇ ਕਹੋਗੇ ਤਾਂ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਥਾਂ ਉਲਟਾ ਤਹਾਨੂੰ ਹੀ ‘ਵਿਕ ਗਿਆ’ ਦੀ ਉਪਾਧੀ ਦੇਣ ਲੱਗਿਆਂ ਫੋਰਾ ਵੀ ਨਹੀਂ ਲਾਉਂਦੇ।

ਇਸੇ ਕਾਰਨ ਅੱਜ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਹੋਣ ਦਾ ਦਾਅਵਾ ਤਾਂ ਕਰਦੇ ਹਾਂ ਪਰ ਕਦੇ ਇਹ ਨਹੀਂ ਸੋਚਦੇ ਕਿ ਗੁਰੂ ਸਹਿਬ ਨੇ ਤਾਂ ਉਲਟੇ ਪਾਸੇ ਪਾਣੀ ਸਿੱਟ ਕਿ ਅਤੇ ਉਲਟੇ ਪਾਸੇ ਪੈਰ ਕਰਕੇ ਬਹੁਤ ਹੀ ਵਿਰੋਧੀ ਹਾਲਤਾਂ ਵਿਚ ਵੀ ਆਪਣੇ ਵੀਚਾਰ ਗੌਰਵਤਾ ਨਾਲ ਰੱਖੇ ਤੇ ਕੋਈ ਵੀ ਸਮਝੌਤਾਵਾਦੀ ਨੀਤੀ ਨਹੀਂ ਅਪਣਾਈ ਪਰ ਅੱਜ ਅਸੀ ਆਪਣਿਆਂ ਵਿਚ ਵੀ ਗੁਰੂ ਦੇ ਵੀਚਾਰ ਰੱਖਣ ਤੋਂ ਕੰਨਹੀਂ ਕਤਰਾ ਜਾਂਦੇ ਹਾਂ ਇਸ ਲਈ ਕਹਿਣ ਨੂੰ ਤਾਂ ਅਸੀ ਬੇਸ਼ੱਕ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਿ ਲਈਏ ਪਰ ਅਸਲੀਅਤ ਤੌਰ ’ਤੇ ਅਸੀ ਗੁਰੂ ਸਹਿਬ ਤੋਂ ਬਹੁਤ ਹੀ ਦੂਰ ਹਾਂ।

ਹੁਣ ਸਮੇਂ ਦੀ ਇਹ ਮੰਗ ਹੈ ਕਿ ਅਸੀਂ ਗੁਰੂ ਪ੍ਰਤੀ ਆਪਣਾ ਫਰਜ ਨਿਭਾਈਏ ਤੇ ਗੁਰੂ ਸਿਧਾਂਤ ਨੂੰ ਭੈ-ਭਾਵਨੀ ਸਮੇਤ ਸੰਦਸ਼ ਨੂੰ ਘਰ-ਘਰ ਤੱਕ ਲੈ ਕੇ ਜਾਈਏ। ਤੇ ਇਸ ਨੂੰ ਅਸੀਂ ਆਪਣਾ ਫਰਜ ਸਮਝਦੇ ਹੋਏ, ਅਦਾਰਾ ‘ਸਚ ਕੀ ਬੇਲਾ’ ਵੱਲੋਂ ਆਪਣੇ ਸੀਮਤ ਜਿਹੇ ਸਾਧਨਾ ਨਾਲ ਗੁਰਮਤਿ ਪ੍ਰਚਾਰ ਲਹਿਰ ਸੁਰੂ ਕੀਤੀ ਹੈ। ਅਸੀਂ ਗੁਰੂ ਸਹਿਬ ਅੱਗੇ ਜੋਦੜੀ ਕਰਦੇ ਹਾਂ ਕਿ ਉਹ ਸਾਨੂੰ ਸਚ ਬੋਲਣ, ਸੱਚ ਕਹਿਣ ਅਤੇ ਸੱਚ ਦੇ ਰਸਤੇ ’ਤੇ ਚੱਲਣ ਲਈ ਸਮਾਂ, ਸਮੱਤ ਅਤੇ ਸਮਰੱਥਾ ਬਖ਼ਸ਼ਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top