Share on Facebook

Main News Page

ਅਸੀਂ ਬੜੀ ਸ਼ਾਨ ਨਾਲ ਹੋਲਾ-ਮਹੱਲਾ ਮਨਾਇਆ !
-
ਅਮਰ ਜੀਤ ਸਿੰਘ ਚੰਦੀ ਫੋਨ:-91 95685 41414।

ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ, ਹਾਲਾਤ ਦੇ ਬਦਲਣ ਦੇ ਨਾਲ, ਸਿੱਖੀ ਦੀ ਬਦਲਦੀ ਨੁਹਾਰ ਨੂੰ ਸਾਰਥਿਕ ਮੋੜ ਦੇਂਦਿਆਂ, ਸਿੱਖਾਂ ਨੂੰ ਇਕ ਗੱਲ ਸਮਝਾਈ ਕਿ, ਹੁਣ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ, ਰੱਬ ਦੀ ਕੁਦਰਤ ਵਿਚ ਵੰਡੀਆਂ ਪਾਉਣ ਵਾਲੇ ਧਰਮਾਂ ਨੇ (ਇਹ ਸਭ ਪ੍ਰਚਲਤ ਧਰਮ, ਕਰਤਾਰ ਵਲੋਂ ਦਿੱਤੀਆਂ ਦਾਤਾਂ ਤੇ ਕਬਜ਼ਾ ਕਰਨ ਦੇ ਚਾਹਵਾਨ, ਕੁਦਰਤ ਵਿਚ ਵੰਡੀਆਂ ਪਾ ਕੇ ਆਮ ਜੰਤਾ ਨੂੰ, ਆਪਸ ਵਿਚ ਪਾੜ ਕੇ ਆਪਣਾ ਸਵਾਰਥ ਸਿੱਧ ਕਰਨ ਵਾਲੇ ਹਨ) ਸਿੱਖੀ ਸਿਧਾਂਤ (ਪਰਮਾਤਮਾ ਦਾ ਬਣਾਇਆ ਹੋਇਆ, ਸਿਰਫ ਇਕੋ ਹੀ ਧਰਮ ਹੈ, ਹਰੀ ਦਾ ਨਾਮ ਜਪਣਾ, ਪ੍ਰਭੂ ਦੇ ਹੁਕਮ ਵਿਚ ਚੱਲਣਾ ਅਤੇ ਨਿਰਮਲ ਕਰਮ ਕਰਨੇ)। ਸਭ ਬੰਦੇ ਇਕ ਸਮਾਨ ਹਨ, ਕਰਤਾਰ ਦੀ ਹਰ ਦਾਤ ਸਭ ਲਈ ਸਾਂਝੀ ਹੈ, ਨੂੰ ਬਰਦਾਸ਼ਤ ਨਹੀਂ ਕਰਨ ਵਾਲੇ। ਤੁਹਾਨੂੰ, ਦੁਨੀਆਂ ਵਿਚ ਹੁੰਦੀਆਂ ਆਈਆਂ ਲੜਾਈਆਂ ਦੇ ਕਾਰਨਾਂ, ਜ਼ਰ (ਦੌਲਤ) ਜ਼ਨ (ਇਸਤ੍ਰੀ) ਅਤੇ ਜ਼ਮੀਨ ਤੇ ਕਬਜ਼ਾ ਕਰਨ ਦੇ ਧਾਰਨੀ ਨਾ ਹੋਣ ਤੇ ਵੀ, ਸਿੱਖੀ ਦੇ ਸਿਧਾਂਤਾਂ ਦੀ ਰਾਖੀ ਲਈ ਲੜਾਈਆਂ ਲੜਨੀਆਂ ਹੀ ਪੈਣੀਆਂ ਹਨ, ਜਿਸ ਦੀ ਤਿਆਰੀ ਲਈ, ਤੁਹਾਨੂੰ ਹੋਲੇ-ਮਹੱਲੇ ਨਾਲ ਜੁੜਨ ਦੀ ਲੋੜ ਹੈ।

ਅੱਜ ਤੋਂ ਤੁਹਾਡਾ ਇਕੋ ਹੀ ਤਿਉਹਾਰ ਹੋਣਾ ਚਾਹੀਦਾ ਹੈ, ਜਦ ਵੀ ਮੌਕਾ ਮਿਲੇ, ਦੁਸ਼ਮਣ ਦੇ ਹਮਲਿਆਂ ਤੋਂ ਬਚਣ ਲਈ ਜੰਗੀ ਮਸ਼ਕਾਂ ਕਰਨੀਆਂ, ਦੁਸ਼ਮਣ ਤੋਂ ਬਚਣ ਦੇ ਢੰਗਾਂ ਬਾਰੇ ਵਿਚਾਰ ਕਰਨੀ, ਨੌਜਵਾਨ ਹੁੰਦੇ ਪਏ ਸਿੱਖਾਂ ਨੂੰ ਉਨ੍ਹਾਂ ਢੰਗਾਂ ਬਾਰੇ ਜਾਣਕਾਰੀ ਦੇਣੀ, ਵੇਲੇ-ਕੁਵੇਲੇ,ਉਸ ਦੀ ਪ੍ਰੈਕਟਿਸ ਕਰਵਾ ਕੇ ਨੌਜਵਾਨਾਂ ਨੂੰ ਉਸ ਵਿਚ ਮਾਹਰ ਬਨਾਉਣਾ। ਤਾਂ ਜੋ ਉਹ ਸਾਰੀ ਉਮਰ ਆਪਣੀ ਰਾਖੀ ਕਰਨ ਦੇ ਕਾਬਲ ਹੋ ਜਾਣ। ਇਕ ਗੱਲ ਹੋਰ ਚੰਗੀ ਤਰ੍ਹਾਂ ਸਮਝਣ ਦੀ ਹੈ ਕਿ (ੌਡਡੲਨਚੲ ਸਿ ਟਹੲ ਬੲਸਟ ਦੲਡੲਨਚੲ) ਲੜਾਈ ਲਈ ਤਿਆਰ ਰਹਿਣਾ ਹੀ, ਲੜਾਈ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਲਈ ਪਹਿਲਾਂ ਹੋਲਾ(ਹੱਲਾ) ਅਤੇ ਫਿਰ ਮਹੱਲਾ (ਆਪਣੇ ਘਰ ਨੂੰ ਬਚਾਉਣਾ) ਵਿਚ ਤੁਹਾਨੂੰ ਬਿਲਕੁਲ ਮਾਹਰ ਹੋਣਾ ਪਵੇਗਾ। ਦੁਸ਼ਮਣ ਨੂੰ ਜੇ ਪਤਾ ਹੋਵੇਗਾ ਕਿ ਇਨ੍ਹਾਂ ਨੇ ਮੇਰਾ ਕੋਈ ਲਿਹਾਜ਼ ਨਹੀਂ ਕਰਨਾ, ਤੁਸੀਂ ਤਦ ਹੀ ਲੜਾਈ ਤੋਂ ਬਚ ਸਕਦੇ ਹੋ। ਇਸ ਕੰਮ ਲਈ ਗੁਰੂ ਸਾਹਿਬ ਨੇ ਕੋਈ ਦਿਨ, ਨਿਸਚਿਤ ਨਹੀਂ ਕੀਤਾ ਸੀ, ਬਲਕਿ ਇਹ ਨਿਰੰਤਰ ਜਾਰੀ ਰਹਣ ਵਾਲਾ ਕੰਮ ਸੀ।

ਗੁਰ ਫਰਮਾਨ ਹੈ (ਉਹ ਵੀ ਉਸ ਗੁਰੂ ਦਾ, ਜਿਸ ਨੂੰ ਜੰਗ ਵਿਚ ਤੇਗ ਦੇ ਜੌਹਰ ਵਿਖਾਉਣ ਕਾਰਨ, ਪਿਤਾ ਗੁਰੂ ਨੈ ਤੇਗ ਬਹਾਦਰ ਦਾ ਖਤਾਬ ਦਿੱਤਾ, ਅਤੇ ਉਸ ਦਿਨ ਤੋਂ ਹੀ ਉਸ ਦਾ ਨਾਮ ‘ ਤਿਆਗ-ਮੱਲ ’ਤੋਂ‘ ਤੇਗ-ਬਹਾਦਰ ’ ਹੋ ਗਿਆ। ਜਿਸ ਨੂੰ ਡਰਪੋਕ ਸਾਧਾਂ ਨੇ, ਲੜਾੲ ਤੋਂ ਦੂਰ, ਭੋਰੇ ਵਿਚ ਲੁਕ ਕੇ, ਤਕਰੀਬਨ ਸਾਰੀ ਉਮਰ ਦੇ ਤੀਜੇ ਹਿੱਸੇ ਤੋਂ ਵੱਧ ਸਮਾ, ਭਗਤੀ ਕਰਦਾ ਸਥਾਪਤ ਕਰ ਕੇ, ਪੰਥ ਤੇ ਆਏ ਔਖਿਆਂ ਸਮਿਆਂ ਵਿਚ, ਆਪਣੇ ਭੋਰਿਆਂ ਵਿਚ ਲੁਕ ਕੇ ਕੱਢੇ ਸਮੇ ਨੂੰ, ਸਿੱਖੀ ਲਈ ਦੁਰ-ਲੱਭ ਸਮਾ ਬਣਾ ਦਿੱਤਾ) ਉਹ ਵੀ ਅਜਿਹਾ ਫੁਰਮਾਨ, ਜਿਸ ਵਿਚ ਗੁਰੂ ਜੀ ਨੇ ਆਪਣੇ ਤਜਰਬੇ ਦਾ ਨਚੋੜ ਦਸਦਿਆਂ ਸੇਧ ਦਿੱਤੀ ਹੈ,

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ।
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।
53॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ। 
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ।
54॥

ਹਾਲਾਂਕਿ ਬਾਕੀ ਗੁਰਬਾਣੀ ਵਾਙ ਇਸ ਦੇ ਅਰਥ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਗਈ, ਇਹ ਰੌਲਾ ਪਾਇਆ ਹੋਇਆ ਹੈ ਕਿ, ਜਦ ਗੁਰੂ ਤੇਗ-ਬਹਾਦਰ ਜੀ, ਦਿੱਲੀ ਕੈਦ ਵਿਚ ਸਨ ਤਾਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਬੰਦ ਲਿਖ ਕੇ ਭੇਜਿਆ ਸੀ ਅਤੇ ਦੂਸਰਾ ਬੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਇਸ ਨੂੰ ਸੱਚ ਸਿੱਧ ਕਰਨ ਲਈ ਕਈ ਬੀੜਾਂ ਤੇ ਮਹਲਾ 10 ਵੀ ਲਿਖ ਦਿੱਤਾ ਹੈ। ਬੇਦਾਵਾ ਲਿਖ ਕੇ ਦੇਣ ਵਾਲਿਆਂ ਦੇ ਲੱਖਾਂ ਦੀ ਫੌਜ ਵਿਚੋਂ, ਪੁੱਛ-ਪੜਤਾਲ ਤੋਂ ਬਗੈਰ ਹੀ ਨਿਕਲ ਜਾਣ ਵਾਲਿਆਂ ਵਾਙ ਏਥੇ ਵੀ, ਉਸ ਪਿੰਜਰੇ ਵਿਚ ਕੈਦ ਹੋਣ ਤੇ, ਜਿਸ ਵਿਚ ਲੰਮਾ ਪੈਣਾ ਵੀ ਔਖਾ ਸੀ, ਬੜਾ ਕਰੜਾ ਪਹਿਰਾ ਹੋਣ ਤੇ ਵੀ, ਵਿਗਾੜਨ ਵਾਲਿਆਂ ਨੇ ਏਵੇਂ ਸਾਬਤ ਕੀਤਾ ਹੈ ਕਿ ਉਸ ਅਵਸਥਾ ਵਿਚ ਵੀ ਗੁਰੂ ਸਾਹਿਬ ਨੂੰ ਚਿੱਠੀ-ਪੱਤ੍ਰੀ ਲਿਖਣ, ਉਸ ਦੇ ਆਉਣ-ਜਾਣ ਦੀ ਖੁੱਲ ਸੀ। ਖੈਰ ਇਨ੍ਹਾਂ ਮਾਮਲਿਆਂ ਵਿਚ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਸਾਹਿਬ ਸੇਧ ਦਿੰਦੇ ਹਨ ਕਿ, ਜਦ ਬੰਦੇ ਵਿਚੋਂ ਬਲ ਖਤਮ ਹੋ ਜਾਵੇ ਤਾਂ, ਉਸ ਨੂੰ ਕਈ ਬੰਧਨ, ਕਈ ਤਰ੍ਹਾਂ ਦੀਆਂ ਫਾਹੀਆਂ ਪੈ ਜਾਂਦੀਆਂ ਹਨ, ਪਰ ਯਾਦ ਰੱਖੋ, ਅਜਿਹੇ ਵੇਲੇ ਵੀ ਘਾਬਰਨ ਦੀ ਕੋਈ ਲੋੜ ਨਹੀਂ, ਆਪਣੇ ਟੀਚੇ ਤੋਂ ਥਿੜਕਣ ਦੀ ਲੋੜ ਨਹੀਂ, ਪਰਮਾਤਮਾ ਤੇ ਭਰੋਸਾ ਰੱਖੋ, ਹਾਥੀ ਅਤੇ ਸੰਸਾਰ ਦੀ ਪ੍ਰਚਲਤ ਕਹਾਣੀ ਵਿਚ ਜਿਵੇਂ ਪਰਮਾਤਮਾ ਨੇ, ਹਾਥੀ ਦੀ ਮਦਦ ਕੀਤੀ ਸੀ, ਤੇਰੀ ਵੀ ਮਦਦ ਕਰਨ ਵਾਲਾ ਉਹ ਪ੍ਰਭੂ ਹੀ ਹੈ। ਇਸ ਵਿਚ ਕਹਾਣੀ ਦੀ ਪ੍ਰੌੜ੍ਹਤਾ ਨਹੀਂ ਕੀਤੀ ਬਲਕਿ ਬੰਦੇ ਨੂੰ ਨਿਰਾਸ਼ ਹੋਣ ਤੋਂ ਰੋਕਿਆ ਹੈ।

ਦੂਸਰੇ ਬੰਦ ਵਿਚ ਸੇਧ ਦਿੱਤੀ ਹੈ ਕਿ, ਜੇ ਬੰਦੇ ਵਿਚ ਤਾਕਤ ਹੋਵੇ ਤਾਂ ਸਾਰੇ ਉਪਾਅ ਹੋ ਜਾਂਦੇ ਹਨ, ਸਾਰੇ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ, ਪਰ ਅਜਿਹੀ ਹਾਲਤ ਵਿਚ ਵੀ ਯਾਦ ਰੱਖਣਾ ਕਿ ਸਭ ਕੁਝ ਵਾਹਿਗੁਰੂ ਦੇ ਹੱਥ ਵਿਚ ਹੈ, ਉਹ ਹੀ ਹਰ ਕਿਸੇ ਦੀ ਮਦਦ ਕਰਦਾ ਹੈ। ਅਜਿਹੀ ਹਾਲਤ ਵਿਚ ਵੀ ਕਿਸੇ ਤੇ ਜ਼ੁਲਮ ਕਰਨ ਦੀ ਨਾ ਸੋਚੀਂ, ਪ੍ਰਭੂ ਦੀ ਰਜ਼ਾ ਵਿਚ ਚੱਲੀਂ, ਪਰਮਾਤਮਾ ਨੂੰ ਉਹੀ ਕੁਝ ਭਾਉਂਦਾ ਹੈ, ਜੋ ਉਸ ਦੀ ਰਜ਼ਾ ਹੈ। ਇਸ ਦਾ ਹੀ ਹੋਰ ਖਲਾਸਾ ਕਰਦਿਆਂ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਹੈ,
ਭੈ ਕਾਹੂ ਕਉ ਦੇਤ ਨਹਿ।ਨਹਿ ਭੈ ਮਾਨਤ ਆਨ।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।
16।। (1427)

ਓਸੇ ਬੰਦੇ ਨੂੰ ਹੀ ਗਿਆਨੀ, ਗਿਆਨ ਵਾਨ, ਅਕਾਲ-ਪੁਰਖ ਦੀ ਰਜ਼ਾ ਨੂੰ ਸਮਝਣ ਵਾਲਾ ਮੰਨਿਆ ਜਾ ਸਕਦਾ ਹੈ, ਜੋ ਨਾ ਤਾਂ ਕਿਸੇ ਨੂੰ ਡਰਾਵੇ ਅਤੇ ਨਾ ਹੀ ਕਿਸੇ ਤੋਂ ਡਰੇ। ਇਹ ਤਦ ਹੀ ਸੰਭਵ ਹੈ, ਜੇ ਬੰਦਾ ਪਹਿਲਾਂ ਤੋਂ ਹੀ ਸੁਚੇਤ ਹੋਵੇ, ਫਿਰ ਉਸ ਨੂੰ ਮਾਰ ਨਹੀਂ ਪੈਂਦੀ

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ। (417)

ਏਸੇ ਨੂੰ ਦ੍ਰਿੜ੍ਹ ਕਰਵਾਉਂਦਿਆਂ ਗੁਰੂ ਸਾਹਿਬ ਨੇ, ਹਮੇਸ਼ਾ ਹੋਲਾ-ਮਹੱਲਾ ਮਨਾਉਣ ਦੀ ਤਾਕੀਦ ਕੀਤੀ ਸੀ।

ਅੱਜ ਵੀ ਹਾਲਾਤ, ਉਸ ਵੇਲੇ ਤੋਂ ਕੋਈ ਵੱਖਰੇ ਨਹੀਂ ਹਨ, ਉਸ ਵੇਲੇ ਗੁਰੂ ਸਾਹਿਬ ਨੂੰ ਨਜ਼ਰ ਆ ਰਿਹਾ ਸੀ, ਕਿ ਸਿੱਖਾਂ ਤੇ ਬਹੁਤ ਬੁਰੇ ਦਿਨ ਆਉਣ ਵਾਲੇ ਹਨ, ਅੱਜ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਸਿੱਖਾਂ ਤੇ ਬਹੁਤ ਮਾੜੇ ਦਿਨ ਆਉਣ ਵਾਲੇ ਹਨ। ਸਾਨੂੰ ਇਹ ਤਾਂ ਯਾਦ ਹੈ ਕਿ ਗੁਰੂ ਸਾਹਿਬ ਨੇ ਹਰ ਵੇਲੇ, ਹੋਲੇ-ਮਹੱਲੇ ਨਾਲ ਜੁੜੇ ਰਹਣ ਦੀ ਤਾਕੀਦ ਕੀਤੀ ਸੀ, ਉਸ ਲਈ ਕੋਈ ਦਿਨ ਨੀਅਤ ਨਹੀਂ ਕੀਤਾ ਸੀ। ਪਹਿਲਾਂ ਤਾਂ ਨਿਰਮਲਿਆਂ-ਉਦਾਸੀਆਂ ਨੇ ਇਸ ਨੂੰ ਹੋਲੀ ਨਾਲ ਜੋੜ ਕੇ, ਸਿਰਫ ਇਕ ਦਿਨ ਦਾ ਖੇਲ ਬਣਾ ਦਿੱਤਾ ਅਤੇ ਹੁਣ ਦੇ ਸੰਤਾਂ-ਮਹੰਤਾਂ, ਮਹਾਂ-ਪੁਰਸ਼ਾਂ, ਬ੍ਰ੍ਹਮਗਿਆਨੀਆਂ, ਧਰਮ ਦੇ ਠੇਕੇਦਾਰਾਂ, ਸਿੱਖਾਂ ਦੇ ਲੀਡਰਾਂ ਨੇ ਹੋਲੇ-ਮਹੱਲੇ ਨੂੰ ਉਹ ਰੂਪ ਦੇ ਦਿੱਤਾ ਹੈ, ਜੋ ਉਸ ਕੈਲੰਡਰ ਵਰਗਾ ਹੈ, ਜਿਸ ਦਾ ਨਾਮ ਤਾਂ ਨਾਨਕ-ਸ਼ਾਹੀ ਹੈ, ਪਰ ਉਸ ਵਿਚੋਂ ਨਾਨਕ ਦਾ ਨਵੇਕਲਾ-ਪਨ ਗਾਇਬ ਹੈ। 

ਓਸੇ ਤਰ੍ਹਾਂ ਹੋਲੇ-ਮਹੱਲੇ ਦਾ ਨਾਂ ਤਾਂ ਹੋਲਾ-ਮਹੱਲਾ ਹੈ ਪਰ ਉਸ ਵਿਚੋਂ ਗੁਰੂ ਸਾਹਿਬ ਦਾ ਦਿੱਤਾ ਉਪਦੇਸ਼ ਗਾਇਬ ਹੈ। ਦੁਨੀਆਂ ਵਿਚ ਲੱਖਾਂ ਗੁਰਦਵਾਰਿਆਂ ਵਿਚ ਹੋਲਾ-ਮਹੱਲਾ ਮਨਾਇਆ ਗਿਆ ਹੋਵੇਗਾ, ਕੀ ਕਿਸੇ ਗੁਰਦਵਾਰੇ ਵਿਚ, ਹੋਲੇ-ਮਹੱਲੇ ਦੀ ਪ੍ਰੈਕਟਿਸ ਕੀਤੀ ਗਈ ਹੈ? ਕੀ ਕਿਤੇ ਵਿਚਾਰਿਆ ਗਿਆ ਹੈ ਕਿ ਚੌਰਾਸੀ ਵਰਗੇ ਦੁਸ਼ਮਣ ਦੇ ਹਮਲੇ ਵੇਲੇ, ਅਸੀਂ ਬਚਾਉ ਦੇ ਕੀ ਢੰਗ=ਤਰੀਕੇ ਵਰਤਣੇ ਹਨ? ਕੀ ਇਹ ਵਿਚਾਰਿਆ ਗਿਆ ਕਿ ਹਮਲੇ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ, ਲੜਾਈ ਲਈ ਤਿਆਰ ਰਹਿਣਾ ਹੈ? ਕੀ ਲੜਾਈ ਦੀ ਉਸ ਤਿਆਰੀ ਵਜੋਂ ਅੱਜ ਦੇ ਹਥਿਆਰਾਂ ਬਾਰੇ ਕੋਈ ਜਾਣਕਾਰੀ ਆਪਣੇ ਬੱਚਿਆਂ ਨੂੰ ਦਿੱਤੀ ਹੈ? ਕੀ ਉਨ੍ਹਾਂ ਦੀ ਵਰਤੋਂ ਦਾ ਢੰਗ ਦੱਸਿਆ ਗਿਆ? ਉਨ੍ਹਾਂ ਦੀ ਪ੍ਰੈਕਟਿਸ ਦੀ ਗੱਲ ਤਾਂ ਮਗਰੋਂ ਦੀ ਹੈ, ਅਜਿਹੀ ਹਾਲਤ ਵਿਚ ਕੀ ਅਸੀਂ ਸਚ-ਮੁਚ, ਗੁਰੂ ਸਾਹਿਬ ਵਲੋਂ ਦੱਸਿਆ ਹੋਲਾ-ਮਹੱਲਾ ਮਨਾਇਆ ਹੈ? ਜਾਂ ਖਾਲੀ ਉਸ ਨੂੰ ਮਨਾਉਣ ਦਾ ਵਿਖਾਵਾ ਕਰ ਕੇ ਸਿੱਖਾਂ ਦੀਆਂ ਜੇਭਾਂ ਵਿਚੋਂ ਪੈਸੇ ਕੱਢਣ ਦਾ ਉਪਰਾਲਾ ਮਾਤ੍ਰ ਹੀ ਕੀਤਾ ਹੈ? 

ਕਿਤੇ ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਰਾਹੀਂ ਅਸੀਂ ਇਹ ਸਬਕ ਤਾਂ ਨਹੀਂ ਲੈਂਦੇ ਕਿ, ਜਿਵੇਂ ਹਿੰਦੂਆਂ ਵਿਚ ਸ਼ਸਤ੍ਰਾਂ ਦੀ ਵਰਤੋਂ ਦਾ ਠੇਕਾ, ਖਾਲੀ ਕਸ਼ੱਤ੍ਰੀਆਂ ਨੂੰ ਸੀ, ਓਵੇਂ ਹੀ ਸਿੱਖਾਂ ਵਿਚ ਸ਼ਸਤ੍ਰ ਚਲਾਉਣ ਦਾ ਠੇਕਾ ਖਾਲੀ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਹੀ ਹੈ। ਕੀ ਅਸੀਂ ਕਦੇ ਵਿਚਾਰਿਆ ਹੈ ਕਿ ਪੰਥ ਤੇ ਔਕੜ ਵੇਲੇ, ਗੁਰੂ ਦੀਆਂ ਇਹ ਲਾਡਲੀਆਂ ਫੌਜਾਂ, ਕਦੀ ਕੰਮ ਵੀ ਆਈਆਂ ਹਨ ? ਜਾਂ ਇਨ੍ਹਾਂ ਨੇ ਹਮੇਸ਼ਾ ਸਰਕਾਰ ਦਾ ਸਾਥ ਹੀ ਦਿੱਤਾ ਹੈ?

ਸਿੱਖਾਂ ਨੂੰ ਸਮਝਣ ਅਤੇ ਸੁਚੇਤ ਹੋਣ ਦੀ ਲੋੜ ਹੈ, ਵਖਾਵਿਆਂ ਤੋਂ ਬਚ ਕੇ, ਅਮਲਾਂ ਨਾਲ ਜੁੜਨਾ ਚਾਹੀਦਾ ਹੈ, ਨਹੀਂ ਤਾਂ, 
ਸ਼ੁੱਭ ਅਮਲਾ ਬਾਝਹੁ ………………….ਰੋਈ ਵਾਲੀ ਗੱਲ ਹੀ ਹੋਵੇਗੀ।


Disclaimer: Khalsanews.org does not necessarily endorse the views and opinions voiced in the news।articles।audios videos or any other contents published on www.khalsanews.org and cannot be held responsible for their views.।Read full details....

Go to Top