Share on Facebook

Main News Page

ਮੱਕੜ ਨੂੰ ਮਿਲੇ ‘‘ਅਕਾਲੀ ਫੂਲਾ ਸਿੰਘ ਅਵਾਰਡ’’ ਨੇ ਪੰਥਕ ਹਲਕਿਆਂ ਵਿੱਚ ਨਵੀਂ ਚਰਚਾ ਛੇੜੀ
- ਜਸਬੀਰ ਸਿੰਘ ਪੱਟੀ 09356024684

ਸਿੱਖ ਪੰਥ ਦੀ ਸਰਵ ਉੱਚ ਖਾੜਕੂ ਸੁਰ ਰੱਖਣ ਵਾਲੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਬੁੱਢਾ ਦਲ 96 ਕਰੋੜੀ ਚੱਲਦਾ ਵਹੀਰ ਨਿਹੰਗ ਸਿੰਘ ਜਥੇਬੰਦੀ ਨੇ ਹੋਲਾ ਮੁਹੱਲਾ ਦੇ ਪਵਿੱਤਰ ਤਿਉਹਾਰ ਤੇ ਸਿੱਖ ਪੰਥ ਦੀ ਆਜ਼ਾਦ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕ ਕਮੇਟੀ ਦੇ ਗੁਲਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਸਿੱਖ ਪੰਥ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੇ ਨਾਮ ‘ਤੇ ‘‘ਅਕਾਲੀ ਫੂਲਾ ਸਿੰਘ’’ ਅਵਾਰਡ ਦੇ ਕੇ ਜਿਥੇ ਨਵਾਂ ਧਰਮ ਸੰਕਟ ਖੜਾ ਕਰ ਦਿੱਤਾ, ਉਥੇ ਪੰਥਕ ਹਲਕਿਆਂ ਵਿਚ ਨਵੀਂ ਚਰਚਾ ਵੀ ਛੇੜ ਦਿੱਤੀ ਹੈ, ਕਿ ਇਹ ਐਵਾਰਡ ਲੈਂਦਿਆਂ ਵਾਕਿਆ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖੁਦ ਨੂੰ ਅਕਾਲੀ ਫੂਲਾ ਸਿੰਘ ਵਰਗੀ ਕੱਦਵਾਰ ਸ਼ਖਸ਼ੀਅਤ ਮੰਨ ਲਿਆ ਹੈ, ਜਾਂ ਫਿਰ ਬੁੱਢਾ ਦਲ ਹੀ ਅਕਾਲੀ ਫੂਲਾ ਸਿੰਘ ਦੀ ਹੋਂਦ ਹਸਤੀ ਦਾ ਸਹੀ ਮੁਲਾਂਕਣ ਕਰਨ ਵਿਚ ਅਸਫਲ ਰਿਹਾ ਹੈ।

ਨਿਹੰਗ ਮੁੱਖੀ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਜਿਸ ਦੀ ਆਪਣੀ ਗੱਦੀ ਨੂੰ ਵੀ ਉਸ ਦੇ ਨਿਕਟ ਵਿਰੋਧੀ ਬਾਬਾ ਜੋਗਿੰਦਰ ਸਿੰਘ ਰਕਬਾ ਨੇ ਖਤਰੇ ਵਿੱਚ ਪਾਇਆ ਹੋਇਆ ਹੈ, ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਇਸ ਵਾਰ ਹੋਲੇ ਮੁਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਵਲੋਂ ਜਿਹੜੀਆ ਤਸਵੀਰਾਂ ਜਾਰੀ ਕੀਤੀਆ ਗਈਆ ਹਨ ਉਹਨਾਂ ਵਿਚ ਕੇਵਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਪ੍ਰਮੁੱਖ ਤੌਰ ਤੇ ਦਿਖਾਈ ਦਿੰਦੇ ਹਨ ਜਦ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾ ਤਾਂ ਤਸਵੀਰ ਵਿਚ ਮੌਜੂਦ ਹਨ ਤੇ ਨਾ ਹੀ ਉਨਾਂ ਦੀ ਅਨੰਦਪੁਰ ਸਾਹਿਬ ਵਿਖੇ ਹਾਜਰੀ ਦਾ ਕਿਧਰੇ ਕੋਈ ਜਿਕਰ ਕੀਤਾ ਗਿਆ ਹੈ।

ਚੱਲੋ, ਇਹ ਤਾਂ ਜਥੇਦਾਰ ਦੇ ਪਹਿਲਾਂ ਤੋਂ ਹੀ ਨਿਰਧਾਰਤ ਰੁਝੇਵਿਆਂ ਕਰਕੇ ਵੀ ਹੋ ਸਕਦਾ ਹੈ, ਲੇਕਿਨ ਪ੍ਰਬੰਧਕਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਫੂਲਾ ਸਿੰਘ ਦੇ ਨਾਮ ਦਿੱਤੇ ਜਾਣ ਵਾਲੇ ਅਜਿਹੇ ਸਨਮਾਨ ਮੌਕੇ ਮੌਜੂਦਾ ਜਥੇਦਾਰ ਦੀ ਸ਼ਮੂਲੀਅਤ ਦਾ ਨਾ ਹੋਣਾ ਵੀ ਕਈ ਸ਼ੰਕੇ ਖੜੇ ਕਰਦਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨਿਹੰਗ ਮੁੱਖੀ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਖਸ਼ੀਅਤ ‘ਤੇ ਪੰਛੀ ਝਾਤ ਵੀ ਮਾਰੀ ਜਾਏ, ਤਾਂ ਉਹ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਈਸ਼ਰ ਸਿੰਘ ਦੇ ਫਰਜ਼ੰਦ ਸਨ । ਉਹਨਾਂ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਨੈਨਾ ਸਿੰਘ ਦੀ ਸੋਹਬਤ ਵਿਚ ਸ਼ਸ਼ਤਰ ਤੇ ਸ਼ਾਸ਼ਤਰ (ਗੁਰਬਾਣੀ) ਵਿਦਿਆ ਦੇ ਧਾਰਣੀ ਕੀਤੀ ਸੀ, ਅਤੇ ਉਹ ਖਾਲਸਾ ਫੌਜ ਦੇ ਕਮਾਂਡਰ ਵੀ ਹਨ ਤੇ ਫੌਜ ਦੀ ਕਮਾਂਡ ਕਰਦਿਆਂ ਹੀ ਸ਼ਹੀਦੀ ਪ੍ਰਾਪਤ ਕਰ ਗਏ ਸਨ। ਅਰਦਾਸ ਕਰਕੇ ਪਿੱਛੇ ਨਾ ਹੱਟਣ ਦਾ ਸਬਕ ਵੀ ਉਨਾ ਦੀ ਜੀਵਨਸ਼ੈਲੀ ‘ਤੋ ਮਿਲਦਾ ਹੈ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਨ ਤੇ ਇਸ ਮਹਾਨ ਪਦਵੀ ਤੇ ਰਹਿੰਦਿਆਂ, ਉਹਨਾਂ ਨੇ ਖਾਲਸਾ ਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਵੀ ਕੋਈ ਅਧੀਨਤਾ ਨਹੀਂ ਕਬੂਲੀ ਸੀ। ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਦੀ ਆਜ਼ਾਦ ਹੋਂਦ ਹਸਤੀ ਬਰਕਰਾਰ ਰੱਖਣ ਲਈ ਜਾਣੇ ਜਾਂਦੇ ਹਨ ਅਤੇ ਇੰਨੀ ਜੁਰਅਤ ਰੱਖਦੇ ਸਨ, ਕਿ ਜੇਕਰ ਸਿੱਖ ਰਾਜ ਦਾ ਬਾਦਸ਼ਾਹ ਵੀ ਸਿੱਖ ਸਿਧਾਤਾਂ ਦੀ ਉਲੰਘਣਾ ਕਰੇ, ਤਾਂ ਉਸਦੀ ਵੀ ਜਵਾਬ ਤਲਬੀ ਹੋ ਸਕਦੀ ਹੈ ਅਤੇ ਕੀਤੀ ਵੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੋਰਾਂ ਨਾਚੀ ਨਾਲ ਸਬੰਧ ਰੱਖਣ ਦੀ ਸ਼ਕਾਇਤ ਸ੍ਰੀ ਅਕਾਲ ਤਖਤ ਤੇ ਪੁੱਜੀ ਸੀ ਤਾਂ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਹੀ ਨਹੀਂ ਕੀਤਾ ਸੀ, ਸਗੋਂ ਰਵਾਇਤ ਅਨੁਸਾਰ ਤਨਖਾਹ ਵੀ ਲਗਾਈ ਸੀ, ਇਸੇ ਕਰਕੇ ਸ਼ਬਦ ਅਕਾਲੀ ਭਾਵ ਅਕਾਲ ਪੁਰਖ ਦਾ ਬੰਦਾ ਉਨਾਂ ਦੀ ਲਾਸਾਨੀ ਸ਼ਖਸ਼ੀਅਤ ਦਾ ਪ੍ਰਗਟਾਵਾ ਕਰਦਾ ਹੈ, ਕਿਉਂਕਿ ਉਹ ਮਨ, ਬਚਨ, ਕਰਮ ਕਰਕੇ ਅਕਾਲੀ ਸਨ। ਨੌਸ਼ਹਿਰੇ ਦੀ ਲੜਾਈ ਵਿੱਚ ਤਲਵਾਰ ਨਾਲ ਉਹਨਾਂ ਨੇ ਅਜਿਹੀ ਬਹਾਦਰੀ ਦੇ ਜਲਵੇ ਦਿਖਾਏ ਸਨ ਕਿ ਦੁਸ਼ਮਣ ਯੂਸਫਜਈ ਫੌਜਾਂ , ‘ਤੌਬਾ ਤੌਬਾ, ਖੁਦਾ ਖੁਦਾ, ਖਾਲਸਾ ਸ਼ੁਧ’ ਕਹਿੰਦੀਆਂ ਭੱਜ ਨਿਕਲੀਆਂ ਸਨ।

ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਇਕ ਅਜਿਹੀ ਸਿੱਖ ਰਾਜਨੀਤਕ ਪਾਰਟੀ ਦੀ ਟਿਕਟ 'ਤੇ ਚੁਣੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਹਨ, ਜਿਸਦੇ ਸੰਵਿਧਾਨ ਵਿਚ ਵੀ ਸਿੱਖ, ਸਿੱਖੀ ਜਾਂ ਗੁਰਦੁਆਰਾ ਸ਼ਬਦ ਨਹੀਂ ਹਨ । ਉਨਾ ਦੀ ਚੋਣ ਵੀ ਸਿੱਖ ਧਰਮ ਦੇ ਗੁਣਤੰਤਰ ਸਿਧਾਂਤ ਦੇ ਬਿਲਕੁਲ ਉਲਟ ਗਿਣਤੀਤੰਤਰ ਵਰਗੀ ਨਾਕਿਸ ਚੋਣ ਪ੍ਰਣਾਲੀ ਰਾਹੀਂ ਹੁੰਦੀ ਹੈ। ਪਿਛਲੇ ਕਈ ਸਾਲਾ ਤੋਂ ਉਹ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭੇਜੇ ਜਾਂਦੇ ਲਿਫਾਫੇ ਦੀ ਪਰਚੀ ਰਾਹੀਂ ਪ੍ਰਧਾਨ ਬਣਦੇ ਆ ਰਹੇ ਹਨ, ਪਰ ਅੱਜ ਕਲ ਉਹ ਸੁਪਰੀਮ ਕੋਰਟ ਦੀ ਬਾਸਕਟ ਵਿੱਚੋਂ ਨਿਕਲੇ ਪ੍ਰਧਾਨ ਹਨ, ਜਿਹਨਾਂ ਦੀ ਆਪਣੀ ਕੋਆ ਹੋਂਦ ਹਸਤੀ ਨਹੀਂ। ਉਹ ਖੁਦ ਨੂੰ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਐਲਾਨਦੇ ਹਨ, ਜਿਸ ਤੋਂ ਵੀ ਸਪੱਸ਼ਟ ਹੈ ਕਿ ਉਨਾਂ ਦੀ ਕੋਈ ਅਜਾਦ ਹੋਂਦ ਹਸਤੀ ਨਹੀਂ ਹੈ। ਜਿਸ ਅਕਾਲੀ ਪਾਰਟੀ ਦੇ ਉਹ ਵਫਾਦਾਰ ਸਿਪਾਹੀ ਹਨ, ਹੁਣ ਉਸ ਪਾਰਟੀ ਦਾ ‘‘ਘੋਨ ਮੋਨ’’ ਕਰਣ ਹੋ ਚੁੱਕਾ ਹੈ, ਲੇਕਿਨ ਸਿੱਖ ਕੌਮ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਦੇ ਪ੍ਰਧਾਨ ਹੁੰਦਿਆਂ ਵੀ ਉਹ ਪਾਰਟੀ ਪ੍ਰਧਾਨ ਜਾਂ ਸ੍ਰਪਰਸਤ ਨੂੰ ਪਾਰਟੀ ਦਾ ਮੂਲ ਅਕਾਲੀ ਸਰੂਪ ਬਹਾਲ ਕਰਨ ਲਈ ਕੋਈ ਆਦੇਸ਼, ਸੰਦੇਸ਼ , ਸੁਝਾਅ ਦੇਣ ਦੀ ਜੁਰਅੱਤ ਨਹੀਂ ਕਰ ਸਕੇ। ਇਕ ਲੰਮੇ ਸਮੇਂ ਤੋਂ ਸਿੱਖ ਧਰਮ, ਗੁਰ ਇਤਿਹਾਸ ਤੇ ਇਤਿਹਾਸ ਉਪਰ ਲਗਾਤਾਰ ਹਮਲੇ ਜਾਰੀ ਹਨ ਤੇ ਅਜਿਹੇ ਹਮਲੇ ਕਰਨ ਵਾਲਿਆਂ ਵਿੱਚ ਉਸ ਅਕਾਲੀ ਦਲ ਦੀ ਰਾਜਸੀ ਭਾਈਵਾਲ ਪਾਰਟੀ ਦੇ ਪ੍ਰਮੁੱਖ ਆਗੂ ਵੀ ਸ਼ਾਮਿਲ ਹਨ, ਜਿਸ ਪਾਰਟੀ ਦੇ ਸ੍ਰੀ ਮੱਕੜ ਵਫਾਦਾਰ ਸਿਪਾਹੀ ਹਨ।

ਨਿਹੰਗ ਜਥੇਬੰਦੀ ਵਲੋਂ ਜਥੇਬੰਦੀ ਦੇ ਜਰਨੈਲ, ਨਿਹੰਗ ਬਾਣੇ ਦੇ ਧਾਰਣੀ ਅਕਾਲੀ ਫੂਲਾ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਯਾਦਗਾਰੀ ਐਵਾਰਡ ਇਕ ਅਜੇਹੇ ਵਿਅਕਤੀ ਨੂੰ ਦੇਣਾ ਜੋ ਨਿਹੰਗ ਪ੍ਰੰਪਰਾ ਅਨੁਸਾਰ ਬਾਣੇ ਦਾ ਧਾਰਣੀ ਵੀ ਨਾ ਹੋਵੇ ਨੇ ਵੀ ਕਈ ਸਵਾਲ ਖੜੇ ਕਰਦਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਨਿਹੰਗ ਜਥੇਬੰਦੀ ਨੂੰ ਅਕਾਲੀ ਫੂਲਾ ਸਿੰਘ ਐਵਾਰਡ ਦੇਣ ਤੋਂ ਪਹਿਲਾਂ ਇਹ ਜਰੂਰ ਵੇਖ ਲੈਣਾ ਚਾਹੀਦਾ ਸੀ ਕਿ ਜਿਸ ਕਮੇਟੀ ਮੁੱਖੀ ਦੇ ਰਹਿੰਦਿਆਂ ਪੰਜਾਬ ਵਿਚ ਸਿੱਖੀ ਦਾ ਘਾਣ ਹੋ ਰਿਹਾ ਹੋਵੇ, ਜਿਸਦੀ ਆਪਣੀ ਪਾਰਟੀ ਹੀ ਅਕਾਲੀ ਨਾ ਰਹੀ ਹੋਵੇ, ਉਸਨੂੰ ਅਕਾਲੀ ਫੂਲਾ ਸਿੰਘ ਐਵਾਰਡ ਕਿਉ ਦਿੱਤਾ ਗਿਆ? ਉਨਾ ਸਵਾਲ ਕੀਤਾ ਹੈ ਕਿ ਸ੍ਰ ਮੱਕੜ ਨੂੰ ਖੁਦ ਹੀ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਹ ਅਕਾਲੀ ਫੂਲਾ ਸਿੰਘ ਦੀ ਸ਼ਖਸ਼ੀਅਤ ਨਾਲ ਮੇਲ ਖਾਂਦੇ ਹਨ ਜਾਂ ਨਹੀ? ਸ੍ਰ ਸਰਨਾ ਨੇ ਇੱਕ ਬਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪਾਲੇ ਵਿੱਚ ਵੀ ਸੁੱਟਦਿਆਂ ਕਿਹਾ ਕਿ ਉਹ ਇਸ ਅਵਾਰਡ ਦੀ ਸਮੀਖਿਆ ਕਰਕੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਸ ਨੂੰ ਜਰੂਰ ਵੀ ਵਿਚਾਰਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਅਜਿਹੇ ਮਾਣਮੱਤੇ ਸਨਮਾਨ ਰਾਜਸੀ ਵਿਅਕਤੀਆਂ ਨੂੰ ਦੇਣਾ ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਨਹੀਂ ਲਾਉਂਦਾ? ਸਿੱਖ ਪੰਥ ਦਾ ਦਿਮਾਗ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਪੰਜਾਬ ਸ੍ਰ. ਮਨਜੀਤ ਸਿੰਘ ਕਲਕੱਤਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਵਰਗੀ ਬੇਦਾਗ, ਆਦਰਸ਼ਕ ਸਿੱਖ ਹਸਤੀ, ਸੂਰਬੀਰ ਯੋਧੇ ਅਤੇ ਸਿੱਖੀ ਜੀਵਨ ਨੂੰ ਪ੍ਰਣਾਈ ਹਸਤੀ ਦੇ ਨਾਮ ਤੇ ਰਾਜਨੀਤਕ ਲੋਕਾਂ ਨੂੰ ਐਵਾਰਡ ਦਿੱਤੇ ਜਾਣ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨਾ ਕਿਹਾ ਹੈ ਕਿ ਮੱਕੜ ਵਰਗਿਆਂ ਨੂੰ ਅਜਿਹੇ ਅਵਾਰਡ ਦੇਣ ਨਾਲ ਕੁਝ ਨਹੀਂ ਸੰਵਰਨਾ, ਸਗੋਂ ਲੋੜ ਬਾਬਾ ਫੁਲਾ ਸਿੰਘ ਵਰਗੀਆਂ ਅਜਿਹੀਆਂ ਪੰਥਕ ਸ਼ਖਸ਼ੀਅਤਾਂ ਦੇ ਜੀਵਨ ਨੂੰ ਨੌਜਵਾਨਾਂ ਵਿਚ ਪ੍ਰਚਾਰਣ ਦੀ ਹੈ, ਜਿਸਨੇ ਵਿਵਹਾਰਕ ਆਚਰਣ ਦੀ ਉਲੰਘਣਾ ਦੇ ਦੋਸ਼ ਵਿਚ ਸਮੇਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ‘ਤੇ ਤਲਬ ਕਰ ਲਿਆ ਸੀ, ਜਦ ਕਿ ਮੱਕੜ ਦੀ ਰਾਜਸੀ ਪਾਰਟੀ ਦਾ ਨੌਜਵਾਨ ਵਿੰਗ ਜਿਸ ਤਰਾਂ ਪੰਜਾਬ ਦੀਆਂ ਧੀਆਂ ਭੈਣਾਂ ਦੀਆ ਇੱਜ਼ਤਾਂ ਨਾਲ ਖਿਲਵਾੜ ਕਰ ਰਿਹਾ ਹੈ ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ।

ਸ੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਮੀਤ ਪ੍ਰਧਾਨ ਤੇ ਪੰਥਕ ਚਿੰਤਕ ਸ੍ਰ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਹ ਐਵਾਰਡ ਅਕਾਲੀ ਫੂਲਾ ਸਿੰਘ ਦੀ ਸ਼ਖਸ਼ੀਅਤ ਨੂੰ ਝੁਠਲਾਉਣ ਦੇ ਤੁਲ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਾਦ ਹੋਂਦ ਹਸਤੀ ਬਹਾਲ ਰੱਖਣ ਲਈ ਸਮੇਂ ਦੇ ਬਾਦਸ਼ਾਹ ਨਾਲ ਟੱਕਰ ਲੈਣ ਵਾਲਾ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਲੇਕਿਨ ਦੂਸਰੇ ਪਾਸੇ ਸ੍ਰੀ ਅਵਤਾਰ ਸਿੰਘ ਮੱਕੜ ਵਰਗਾ, ਸਮੇਂ ਦੇ ਮੁਖ ਮੰਤਰੀ ਦੀ ਚਾਪਲੂਸੀ ਕਰਨ ਵਾਲਾ ਵਿਅਕਤੀ ਹੈ ਜਿਸਨੇ ਖੁਦ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਸੋਂਹ ਖਾਧੀ ਹੋਈ ਹੈ। ਇੰਜ ਜਿਥੇ ਇਹ ਐਵਾਰਡ ਦੇਣ ਦਾ ਕੀਤਾ ਗਿਆ ਫੈਸਲਾ ਸਵੈ ਵਿਰੋਧੀ ਹੈ ਉਥੇ ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਨੂੰ ਵੀ ਆਪਣੇ ਕੀਤੇ ਦਾ ਅਤੇ ਅਕਾਲੀ ਫੂਲਾ ਦੇ ਆਚਰਨ ਦਾ ਮੁਲਾਂਕਣ ਕਰਕੇ ਇਸ ਦਾ ਸਪੱਸ਼ਟੀਕਰਨ ਸਿੱਖ ਸੰਗਤਾਂ ਨੂੰ ਜਰੂਰ ਦੇਣ ਦਾ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ।


ਟਿੱਪਣੀ:

ਇਹ ਕੋਈ ਨਵੀਂ ਗੱਲ ਨਹੀਂ, ਇਹ ਸਿਲਸਿਲਾ ਤਾਂ ਕਈ ਵਾਰੀ ਦੁਹਰਾਇਆ ਜਾ ਚੁਕਾ ਹੈ। ਇਹ ਅਵਾਰਡ ਕੋਈ ਮਾਅਨੇ ਨਹੀਂ ਰੱਖਦੇ। ਇਸ ਤਰ੍ਹਾਂ ਦੇ ਆਵਰਡ ਅੱਜ ਕੱਲ ਹਰ ਜਣੇ ਖਣੇ ਨੂੰ ਦਿੱਤੇ ਜਾ ਰਹੇ ਨੇ। ਕੀ ਅਵਾਰਡ ਦੇਣ ਤੋਂ ਪਹਿਲਾਂ ਕੋਈ ਖੋਜ ਪੜਤਾਲ ਕੀਤੀ ਜਾਂਦੀ ਹੈ, ਕਿ ਇਸ ਬੰਦੇ ਨੇ ਕੋਈ ਗੁਰਮਤਿ ਬਾਰੇ ਕੋਈ ਖੋਜ ਕੀਤੀ ਹੈ, ਕੌਈ ਮਾਅਰਕਾ ਮਾਰਿਆ ਹੈ, ਬਸ ਇਕੋ ਹੀ ਗੁਣ ਚਾਹੀਦਾ ਹੈ, ਜੁੱਤੀਚੱਟ ਹੋਣ ਦਾ, ਉਹ ਇਹ ਮੱਕੜ, ਬੱਦਲ ਦਾ ਸਿਰਮੌਰ ਜੁੱਤੀਚੱਟ ਪਹਿਲਾਂ ਹੀ ਹੈ। ਨਾਲ ਖੜੇ ਵਿਹਲੜ ਨਿਹੰਗ, ਜਿਨ੍ਹਾਂ ਦਾ ਦਿਮਾਗ ਭੰਗ ਪੀ ਪੀਕੇ ਪਹਿਲਾਂ ਹੀ ਹੈ ਨਹੀਂ, ਇਨ੍ਹਾਂ ਵਿਚਾਰਿਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਨਾਲ ਖੜੇ ਪਰਮਜੀਤ ਸਿੰਘ ਨਖਾਲਸਾ, ਪੱਪੂ ਤਰਲੋਚਨ ਸਿੰਘ, ਇਹ ਵੀ ਬਾਦਲ ਦੇ ਝਾੜੂਬਰਦਾਰ। ਕੀ ਉਮੀਦ ਕੀਤੀ ਜਾ ਸਕਦੀ ਹੈ ਇਨ੍ਹਾਂ ਸਾਰਿਆਂ ਤੋਂ, ਚੋਰ ਚੋਰ ਮੌਸੇਰੇ ਭਾਈ। ਜਿਹੜੇ ਲੋਕ ਬਾਦਲ ਜਿਹੇ ਸਿਰੇ ਦੇ ਗੱਦਾਰ ਨੂੰ "ਫਖਰ-ਏ-ਕੌਮ" ਅਵਾਰਡ ਦੇ ਸਕਦੇ ਨੇ, ਮੱਕੜ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਨਹੀਂ ਦੇ ਸਕਦੇ? ਜਿਹੜਾ ਬੰਦਾ ਆਪਣਾ ਜ਼ਮੀਰ ਵੇਚ ਆਏ, ਸਿਧਾਂਤ ਗਿਰਵੀ ਰੱਖ ਆਏ ਉਸ ਨੂੰ "ਭਾਈ ਮਨੀ ਸਿੰਘ ਅਵਾਰਡ" ਦਿੱਤਾ ਜਾ ਸਕਦਾ ਹੈ, ਹੋਰ ਬਥੇਰਿਆਂ ਨੂੰ ਹੋਰ ਇਸੇ ਤਰ੍ਹਾਂ ਦੇ ਅਵਾਰਡ ਦਿੱਤੇ ਜਾ ਸਕਦੇ ਨੇ, ਤਾਂ ਮੱਕੜ ਨੂੰ ਵੀ ਇਹ ਅਵਾਰਡ ਦਿੱਤਾ ਜਾ ਸਕਦਾ ਹੈ। ਜਦੋਂ ਆਵਾ ਹੀ ਊਤਿਆ ਹੋਵੇ ਤਾਂ ਇਹ ਕੰਮ ਤਾਂ ਹੋਣੇ ਹੀ ਹਨ...

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top