Share on Facebook

Main News Page

ਜਾਤ ਦਾ ਹੰਕਾਰ ਕਰਨ ਵਾਲੇ ਮਹਾਂਮੂਰਖ਼ ਤਾਂ ਹੋ ਸਕਦੇ ਹਨ, ਮਹਾਂਪੁਰਖ਼ ਕਦੇ ਨਹੀਂ ਬਣ ਸਕਦੇ
- ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

* ਦੂਸਰੇ ਪਾਸੇ ਗੁਰੂ ਕੇ ਵਜ਼ੀਰ ਕਹਾਉਣ ਵਾਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਗੁਰੂ ਕੇ ਕੀਰਤਨੀਏ ਸੋਢੀ ਜੀ, ਜਿਸ ਘਰ ਬਿਮਾਰੀ ਲੱਗੀ ਹੈ ਉਥੇ ਗੁਰਬਾਣੀ ਦਾ ਸਰਬ ਸਾਂਝਾ ਉਪਦੇਸ਼ ਸੁਣਾ ਕੇ ਇਲਾਜ ਕਰਨ ਲਈ ਤਿਆਰ ਨਹੀਂ, ਪਰ ਜਿਸ ਤਰ੍ਹਾਂ ਦੀ ਸਟੇਜ ਹੋਵੇ ਉਸੇ ਤਰ੍ਹਾਂ ਦੇ ਗੁਰਬਾਣੀ ਦੇ ਪ੍ਰਾਮਣ ਸੁਣਾ ਕੇ ਵਾਹ ਵਾਹ ਖੱਟਣੀ ਚਾਹੁੰਦੇ ਹਨ

ਬਠਿੰਡਾ, 31 ਮਾਰਚ (ਕਿਰਪਾਲ ਸਿੰਘ): ਜਾਤ ਦਾ ਹੰਕਾਰ ਕਰਨ ਵਾਲੇ ਮਹਾਂਮੂਰਖ਼ ਤਾਂ ਹੋ ਸਕਦਾ ਹਨ ਮਹਾਂਪੁਰਖ਼ ਕਦੇ ਨਹੀਂ ਬਣ ਸਕਦੇ। ਇਹ ਸ਼ਬਦ ਗੁਰਦੁਆਰਿਆਂ ਵਿੱਚ ਜਾਤੀ ਅਧਾਰ ’ਤੇ ਵਿਤਕਰੇ ਕਰਕੇ ਵਿਵਾਦ ਦੇ ਕੇਂਦਰ ਬਣੇ ਮੁੱਖ ਡੇਰਾ ਰੂੰਮੀ ਭੁੱਚੋ ਕਲਾਂ ਦੇ ਬਿਲਕੁਲ ਨਜ਼ਦੀਕ ਪਿੰਡ ਭੁੱਚੋ ਖੁਰਦ ਵਿੱਚ ਧਾਰਮਕ ਦੀਵਾਨ ’ਚ ਬੋਲਦਿਆਂ ਗੁਰਮਤਿ ਦੇ ਮਹਾਨ ਤੇ ਨਿਧੜਕ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਬੀਤੀ ਰਾਤ ਕਹੇ। ਇਹ ਦੱਸਣਯੋਗ ਹੈ ਕਿ ਪਿੰਡ ਭੁੱਚੋ ਕਲਾਂ, ਭੁੱਚੋ ਖੁਰਦ, ਸੇਮਾਂ, ਪੂਹਲੀ, ਲਹਿਰਾ ਆਦਿ; ਡੇਰਾ ਰੂੰਮੀ ਦੇ ਸ਼੍ਰਧਾਲੂਆਂ ਦੇ ਗੜ੍ਹ ਹਨ, ਜਿਥੇ ਉਨ੍ਹਾਂ ਦੇ ਅਖੌਤੀ ਸੰਤ ਬਾਬਿਆਂ ਦੀ ਮਰਿਆਦਾ ਕਾਰਣ ਜਾਤੀ ਵਿਤਕਰਾ ਜੋਰਾਂ ’ਤੇ ਹੈ। ਪਿਛਲੇ ਕੁਝ ਸਮੇਂ ਤੋਂ ਲਹਿਰਾ ਖਾਨਾ ਦੇ ਇੱਕ ਗੁਰਦੁਆਰਾ ਜਿਸ ਦਾ ਪ੍ਰਬੰਧ ਸਿੱਧੇ ਤੌਰ ’ਤੇ ਡੇਰਾ ਰੂੰਮੀ ਦੇ ਮੁਖੀ ਸੁਖਦੇਵ ਸਿੰਘ ਸੁੱਖਾ ਕੋਲ ਹੈ, ਦੇ ਲੰਗਰ ਹਾਲ ਵਿੱਚ ਅਨੂਸੂਚਿਤ ਜਾਤੀਆਂ ਦੇ ਦਾਖ਼ਲੇ ’ਤੇ ਲਾਈ ਪਾਬੰਦੀ ਅਤੇ ਅਨੂਸੂਚਿਤ ਜਾਤੀ ਦੇ ਪ੍ਰਵਾਰ ਦੀ ਇੱਕ ਲੜਕੀ ਦੇ ਅਨੰਦਕਾਰਜ਼ ਕਰਨ ਤੋਂ ਨਾਂਹ ਕੀਤੇ ਜਾਣ ਕਰਕੇ ਕਾਫੀ ਚਰਚਾ ਵਿੱਚ ਆਇਆ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 1128 ’ਤੇ ਰਾਗੁ ਭੈਰਉ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਉਚਾਰਣ ਕੀਤੇ ਸ਼ਬਦ ਦੀ ਵਿਆਖਿਆ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ, ਕਿਸੇ ਨੂੰ ਮੂਰਖ ਕਹਿਣ ਦਾ ਮੈਨੂੰ ਕੋਈ ਹੱਕ ਨਹੀਂ ਹੈ, ਪਰ ਇਹ ਸ਼ਬਦ ਮੇਰੇ ਨਹੀਂ ਬਲਕਿ ਮੇਰੇ ਗੁਰੂ ਦੇ ਹਨ ਤੇ ਮੈਂ ਸਿਰਫ ਉਨ੍ਹਾਂ ਦੇ ਅਰਥ ਕਰਕੇ ਹੀ ਸੁਣਾ ਰਿਹਾ ਹਾਂ। ਉਨ੍ਹਾਂ ਕਿਹਾ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਪਾਤਸ਼ਾਹ ਜੀ ਕਹਿ ਰਹੇ ਹਨ:

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥1॥ ਰਹਾਉ ॥

ਸ਼ਬਦ ਦੇ ਬਾਕੀ ਦੇ ਬੰਦਾਂ ਵਿੱਚ ਸਤਿਗੁਰੂ ਜੀ ਆਪਣੇ ਇਸ ਵੀਚਾਰ ਦੀ ਪ੍ਰੋੜਤਾ ਕਰਦੇ ਹੋਏ ਲਿਖ ਰਹੇ ਹਨ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥’ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥1॥

ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥2॥’ ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵੱਖ ਵੱਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥2॥

ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍‍ਾਰਾ ॥3॥’ ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ॥3॥

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥4॥’ ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ॥4॥

‘ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥5॥1॥’ ਨਾਨਕ ਆਖਦਾ ਹੈ- (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥5॥1॥

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਨ੍ਹਾਂ ਪਖੰਡੀਆਂ ਨੂੰ ਗੁਰੂ ਸਾਹਿਬ ਜੀ ਦੇ ਇਨ੍ਹਾਂ ਸ਼ਬਦਾਂ ਦੀ ਸਮਝ ਨਹੀਂ ਆਉਂਦੀ ਜਾਂ ਸਮਝਣਾਂ ਹੀ ਨਹੀਂ ਚਾਹੁੰਦੇ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਮਹਾਂਮੂਰਖ, ਗਵਾਰ ਉਜੱਡ ਕਹਿ ਰਹੇ ਹਨ ਤਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਮਹਾਂਪੁਰਖ਼ ਬ੍ਰਹਮਗਿਆਨੀ ਕਹਿ ਸਕਦੇ ਹਾਂ। ਇਨ੍ਹਾਂ ਉਚ ਜਾਤ ਅਭਿਮਾਨੀਆਂ ਵੱਲੋਂ ਪਜਾਮੇ ਲਾਹ ਕੇ, ਚੋਲ਼ੇ ਪਾ ਕੇ ਤੇ ਮੂੰਹ ਬੰਨ੍ਹ ਕੇ ਪਾਠ ਕਰਨ ਦੀ ਮਰਿਆਦਾ ਦਾ ਪਾਖੰਡ ਕਰਨ ਵਾਲਿਆਂ ’ਤੇ ਵਿਅੰਗ ਕਸਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਦੀ ਆਪਣੀ ਅਕਲ ਤੋਂ ਭਰਮ ਤੇ ਹੰਕਾਰ ਦਾ ਪਰਦਾ ਲਾਹ ਤੇ ਪਾਠ ਕਰਨ ਤਾਂ ਉਨ੍ਹਾਂ ਨੂੰ ਇਹ ਸੋਝੀ ਜਰੂਰ ਆ ਜਾਵੇ ਕਿ ਜਾਤ ਅਭਿਮਾਨੀ ਬ੍ਰਾਹਮਣ ਨੂੰ ਕਬੀਰ ਸਾਹਿਬ ਜੀ ਨੇ ਜੋ ਪੁੱਛਿਆ ਸੀ ਉਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਇਨ੍ਹਾਂ ਜਾਤ ਅਭਿਮਾਨੀ ਮਹਾਂਮੂਰਖਾਂ ਨੂੰ ਵੀ ਪੁੱਛ ਰਹੇ ਹਨ:

ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥1॥’ ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ॥1॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥’ ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥1॥ ਰਹਾਉ ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥’ ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥2॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥’ (ਹੇ ਪੰਡਿਤ!) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ)? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ?॥3॥

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥4॥7॥’ (ਗਉੜੀ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 324)। ਭਾਵ ਕਬੀਰ ਸਾਹਿਬ ਜੀ ਆਖਦੇ ਹਨ- ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ॥4॥7॥

ਇਨ੍ਹਾਂ ਸ਼ਬਦਾਂ ਦੀ ਵੀਚਾਰ ਸੰਗਤਾਂ ਨਾਲ ਸਾਂਝੀ ਕਰਨ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਨੇ ਦੇਸ਼ ਦਾ ਕਾਨੂੰਨ ਲਾਗੂ ਕਰਨ ਤੋਂ ਕੁਤਾਹੀ ਕਰ ਰਹੇ ਪ੍ਰਸ਼ਾਸ਼ਨ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ ਕਿ ਗੁਰਦੁਆਰਿਆਂ ’ਚ ਮਰਿਆਦਾ ਬਾਬਾ ਨਾਨਕ ਨੂੰ ਪੁੱਛ ਕੇ ਲਾਗੂ ਕਰਨੀ ਬਣਦੀ ਹੈ ਨਾ ਕਿ ਉਸ ਬਾਬੇ ਤੋਂ, ਜਿਸ ਨੂੰ ਗੁਰਬਾਣੀ ਮਹਾਂਮੂਰਖ਼ ਕਹਿ ਰਹੀ ਹੈ। ਬਾਬਾ ਨਾਨਕ ਜੀ ਤੋਂ ਪੁੱਛੋ ਉਨ੍ਹਾਂ ਦਾ ਕੀ ਫੈਸਲਾ ਹੈ:

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥’ (ਸੋਹਿਲਾ ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 13)

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥1॥ ਰਹਾਉ ॥’ (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 349)

ਜੇ ਸਾਰਿਆਂ ਵਿੱਚ ਅਕਾਲ ਪੁਰਖ਼ ਦੀ ਹੀ ਜੋਤ ਹੈ ਤੇ ਅੱਗੇ ਕਿਸੇ ਦੀ ਜਾਤ ਨੇ ਜਾਣਾ ਹੀ ਨਹੀਂ ਤਾਂ ਅਸੀਂ ਕਿਸ ਨੂੰ ਚੰਗਾ ਜਾਂ ਕਿਸ ਨੂੰ ਮਾੜਾ ਕਹਿ ਸਕਦੇ ਹਾਂ? ਭਾਈ ਪੰਥਪ੍ਰੀਤ ਸਿੰਘ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਕਿਹਾ ਕਿ ਸ਼ਹੀਦੀ ਉਪ੍ਰੰਤ ਗੁਰੂ ਤੇਗ ਬਹਾਦਰ ਸਹਿਬ ਜੀ ਦਾ ਸੀਸ ਭਾਈ ਜੈਤਾ ਜੀ, ਜੋ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਜੀ ਬਣੇ; ਚੁੱਕ ਕੇ ਕੀਰਤਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਜੈਤਾ ਜੀ ਨੂੰ ਇਹ ਨਹੀਂ ਸੀ ਕਿਹਾ ਕਿ ਤੂੰ ਗੁਰੂ ਜੀ ਦਾ ਸੀਸ ਚੁੱਕ ਕੇ ਕਿਉਂ ਭਿੱਟ ਦਿੱਤਾ ਹੈ, ਕਿਸੇ ਹੋਰ ਉਚ ਜਾਤੀ ਦੇ ਸਿੱਖ ਨੂੰ ਕਹਿ ਕੇ ਚੁਕਵਾ ਲੈਣਾ ਸੀ; ਸਗੋਂ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਕਹਿ ਕੇ ਸਨਮਾਨਤ ਕੀਤਾ। ਭਾਈ ਪੰਥਪ੍ਰੀਤ ਸਿੰਘ ਜੀ ਨੇ ਪੁੱਛਿਆ ਕਿ ਕੀ ਇਨ੍ਹਾਂ ਬਾਬਿਆਂ ਦੇ ਸਰੀਰ ਗੁਰੂ ਸਾਹਿਬਾਨਾਂ ਦੇ ਸਰੀਰਾਂ ਨਾਲੋਂ ਵੀ ਬਹੁਤ ਜਿਆਦਾ ਪਵਿੱਤਰ ਹਨ ਕਿ ਰੰਘਰੇਟੇ ਨਾਲ ਛੂਅ ਕੇ ਭਿੱਟੇ ਜਾਂਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਛੂਤ ਛਾਤ ਮੰਨਣ ਵਾਲਿਆਂ ਨੂੰ ਖੁਲ੍ਹੇ ਤੌਰ ’ਤੇ ਵੰਗਾਰਿਆ ਕਿ ਉਹ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਜਿਥੇ ਮਰਜੀ ਵੀਚਾਰ ਚਰਚਾ ਕਰ ਲੈਣ ਤਾਂ ਉਨ੍ਹਾਂ ਨੂੰ ਮੰਨਣਾ ਪਏਗਾ ਕਿ ਉਹ ਮਹਾਂਪੁਰਖ਼ ਨਹੀਂ ਬਲਕਿ ਮਹਾਂਮੂਰਖ਼ ਹਨ।

ਜਿਸ ਸਮੇਂ ਸਿੱਖਾਂ ਨੂੰ ਮੁੜ ਜਾਤ ਪਾਤ ਦੇ ਵਿਤਕਰੇ ਪੈਦਾ ਕਰਕੇ ਸਿੱਖ ਧਰਮ ਨੂੰ ਭਾਰੀ ਢਾਹ ਲਾ ਰਹੇ ਰੂੰਮੀ ਡੇਰੇ ਦੇ ਬਿਲਕੁਲ ਨਜ਼ਦੀਕ ਜਾ ਕੇ ਭਾਈ ਪੰਥਪ੍ਰੀਤ ਸਿੰਘ ਜੀ ਉਨ੍ਹਾਂ ਨੂੰ ਗੁਰਬਾਣੀ ਦੀਆਂ ਖ਼ਰੀਆਂ ਖ਼ਰੀਆਂ ਸੁਣਾ ਰਹੇ ਸਨ ਉਸ ਸਮੇਂ ਜਾਤ ਪਾਤ ਵਿਤਕਰੇ ਦਾ ਕੇਂਦਰ ਬਣੇ ਨਾਨਕਸਰ ਕਲੇਰਾਂ ਵਿਖੇ ਉਨ੍ਹਾਂ ਦੇ ਬਾਬਿਆਂ ਦੀਆਂ ਸ਼ਤਾਬਦੀਆਂ ਦੇ ਸਮਾਗਮ ਚੱਲ ਰਹੇ ਸਨ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਸ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਮੋਹਨ ਸਿੰਘ ਨਿਭਾ ਰਹੇ ਸਨ ਜਿਥੇ ਉਹ ਇਨ੍ਹਾਂ ਬਾਬਿਆਂ ਦੀ ਖ਼ੂਬ ਮਹਿਮਾ ਗਾ ਰਹੇ ਸਨ। ਗੁਰੂ ਕੇ ਮਹਾਨ ਕੀਰਤਨੀਏ ਦੱਸੇ ਜਾ ਰਹੇ ਜੋਗਿੰਦਰ ਸਿੰਘ ਰਿਆੜ ਅਤੇ ਦਵਿੰਦਰ ਸਿੰਘ ਸੋਢੀ ਵੀ ਪਹੁੰਚੇ ਸਨ। ਇਨ੍ਹਾਂ ਵਿੱਚੋਂ ਦਵਿੰਦਰ ਸਿੰਘ ਸੋਢੀ ਦਾ ਮੋਬ: ਨੰਬਰ ਮੇਰੇ ਕੋਲ ਨੋਟ ਹੋਣ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਸਟੇਜ਼ ’ਤੇ ਸੰਤਾਂ ਦੀ ਮਹਿਮਾਂ ਵਾਲੇ ਸ਼ਬਦ ਤਾਂ ਬਹੁਤ ਪੜ੍ਹੇ ਤੇ ਸੁਣਾਏ ਜਾ ਰਹੇ ਹਨ। ਪਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਚੇਤਾ ਕਰਵਾਉਣ ਲਈ ‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ ਅਤੇ ‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥’ ਦਾ ਕੀਰਤਨ ਹੀ ਆਪਣੀ ਸੁਰੀਲੀ ਅਵਾਜ਼ ’ਚ ਸ੍ਰਵਣ ਕਰਵਾ ਦੇਣਾ।

ਇਹ ਸੁਣ ਕੇ ਉਨ੍ਹਾਂ ਵੱਲੋਂ ਚੁੱਪ ਧਾਰਨ ’ਤੇ ਉਨ੍ਹਾਂ ਨੂੰ ਦੁਬਾਰਾ ਬੇਨਤੀ ਕੀਤੀ ਕਿ ਜੇ ਇਹ ਬਾਬੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦਾ ਦਾਅਵਾ ਕਰਦੇ ਹਨ ਤਾਂ ਇਹ ਸ਼ਬਦ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਹਨ ਇਸ ਲਈ ਇਨ੍ਹਾਂ ਸ਼ਬਦਾਂ ਦਾ ਕੀਰਤਨ ਕਰਨ ਤੋਂ ਝਿਜਕ ਕਿਉਂ ਹੈ? ਉਨ੍ਹਾਂ ਮਲਵੀਂ ਜਬਾਨ ’ਚ ਇਨ੍ਹਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਉਪ੍ਰੰਤ ਦੁਬਾਰਾ ਫਿਰ ਬੇਨਤੀ ਕੀਤੀ ਕਿ ਮੈਂ ਤੁਹਾਡੀ ਸੁਰੀਲੀ ਅਵਾਜ਼ ’ਚ ਇਨ੍ਹਾਂ ਸ਼ਬਦਾਂ ਦਾ ਕੀਰਤਨ ਸੁਣਕੇ ਹੀ ਸੌਂਵਾਂ ਗਾ। ਪਰ ਉਨ੍ਹਾਂ ’ਚ ਕਿਥੇ ਹਿੰਮਤ। ਇਸ ਲਈ ਅੱਜ ਦੁਪਹਿਰ ਵੇਲੇ ਉਨ੍ਹਾਂ ਨੂੰ ਫਿਰ ਬੇਨਤੀ ਕੀਤੀ ਕਿ ਉਮੀਦ ’ਚ ਮੈਂ ਸਾਰੀ ਰਾਤ ਜਾਗਦਾ ਵੀ ਰਿਹਾ ਪਰ ਇਨ੍ਹਾਂ ਸ਼ਬਦਾਂ ਦੀ ਅਵਾਜ਼ ਕਿਸੇ ਪਾਸੋਂ ਨਹੀਂ ਆਈ। ਹੁਣ ਤੁਹਾਨੂੰ ਫਿਰ ਸਮਾਂ ਮਿਲਣ ਵਾਲਾ ਹੈ ਇਸ ਲਈ ਜਰੂਰ ਕਿਰਪਾ ਕਰਨੀ। ਸੋਢੀ ਸਾਹਿਬ ਜੀ ਦਾ ਜਵਾਬ ਸੀ ਕਿ ਤੁਸੀਂ ਮੇਰੇ ਰਾਹੀਂ ਇਹ ਗੱਲ ਉਨ੍ਹਾਂ ਤੱਕ ਕਿਉਂ ਪਹੁੰਚਾਉਣਾ ਚਾਹੁੰਦੇ ਹੋ? ਤੁਸੀਂ ਸਿੱਧੀ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਲੈਦੇ? ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਕੇ ਕੀਰਤਨੀਏ ਹੋ। ਜੇ ਗੁਰੂ ਦੇ ਸ਼ਬਦਾਂ ਦਾ ਗਾਇਣ ਕਰਨ ਦੀ ਥਾਂ ਸਿਰਫ ਲਫਾਫੇ ਲੈਣ ਲਈ ਸੰਤਾਂ ਦੇ ਸੋਹਿਲੇ ਹੀ ਗਾਉਣੇ ਹਨ ਤਾਂ ਤੁਹਾਨੂੰ ਗੁਰੂ ਕੇ ਕੀਰਤਨੀਏ ਨਹੀਂ ਸੰਤਾਂ ਦੇ ਮਰਾਸ਼ੀ ਕਹਿਣਾ ਹੀ ਜਿਆਦਾ ਢੁਕਵਾਂ ਹੋਵੇਗਾ। ਪਰ ਇਹ ਕੁਝ ਸੁਣਨ ਉਪ੍ਰੰਤ ਵੀ ਸੋਢੀ ਸਾਹਿਬ ਨੂੰ ਜਦੋਂ ਇੱਕ ਸ਼ਬਦ ਪੜ੍ਹਨ ਦਾ ਮੌਕਾ ਮਿਲਿਆ ਤਾਂ ਉਹ ਸੰਤਾਂ ਦੀ ਮਹਿਮਾਂ ਦਾ ਢੋਲ ਬਜਾਉਂਦਾ ਹੋਇਆ ਬਾਬੇ ਦੀ ਜੈ ਜੈਕਾਰ ਹੀ ਕਰਦਾ ਰਿਹਾ।

ਇਹੋ ਹਾਲ ਦਰਬਾਰ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਦਾ ਸੀ। ਜਦ ਉਨ੍ਹਾਂ ਨੂੰ ਲਹਿਰੇਖਾਨੇ ਦੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਬੇਨਤੀ ਕੀਤੀ ਕਿ ਤੁਸੀਂ ਗੁਰਬਾਣੀ ਦੀਆਂ ਤੁਕਾਂ ‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥1॥’ ਸੁਣਾ ਕੇ ਸੰਤਾਂ ਦੀ ਮਹਿਮਾਂ ਤਾਂ ਗਾਉਂਦੇ ਰਹੇ ਪਰ ਉਨ੍ਹਾਂ ਨੂੰ ਇਹ ਚੇਤਾ ਨਹੀਂ ਕਰਵਾਇਆ ਕਿ ਗੁਰਬਾਣੀ ਵਿੱਚ ‘ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥’ ਸੰਤ ਸ਼ਬਦ ਕਿਸੇ ਵਿਅਕਤੀ ਲਈ ਨਹੀਂ ਪ੍ਰਭੂ ਲਈ ਆਇਆ ਹੈ। ਇਹ ਵੀ ਨਹੀਂ ਦੱਸਿਆ ਕਿ ਸਿੱਖੀ ਵਿੱਚ ਜਾਤਪਾਤ ਨੂੰ ਕੋਈ ਥਾਂ ਨਹੀਂ ਹੈ, ਇਸ ਲਈ ਗੁਰਦੁਆਰਿਆਂ ਵਿੱਚ ਜਾਤਪਾਤ ਦੇ ਵਿਤਕਰੇ ਨਹੀਂ ਹੋਣੇ ਚਾਹੀਦੇ। ਗੁਰਦੁਆਰਾ ਲਹਿਰਾਖਾਨਾ ਦੀਆਂ ਖ਼ਬਰਾਂ ਤੋਂ ਅਣਜਾਣਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਰੂੰਮੀ ਵਾਲੇ ਡੇਰੇ ਤਾਂ ਹੋ ਸਕਦਾ ਹੈ ਕਿ ਜਾਤਪਾਤ ਨੂੰ ਮੰਨਦੇ ਹੋਣ ਪਰ ਮੇਰੇ ਖ਼ਿਆਲ ਅਨੁਸਾਰ ਨਾਨਕਸਰ ਵਿਖੇ ਕੋਈ ਭਿੰਨਭੇਦ ਨਹੀਂ ਹੁੰਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰੂੰਮੀ ਵਾਲੇ, ਬੱਧਨੀ ਵਾਲੇ ਇਹ ਸਾਰੇ ਨਾਨਕਸਰ ਦੀਆਂ ਬ੍ਰਾਂਚਾ ਹਨ; ਜਿੱਥੇ ਜਾਤਪਾਤ ਦੇ ਵਿਤਕਰੇ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਹੀ ਇਹ ਸਮਾਗਮ ਹੋ ਰਹੇ ਹਨ ਤਾਂ ਕੀ ਉਨ੍ਹਾਂ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਨਹੀਂ ਸੀ ਸਮਝਾਉਣਾ ਚਾਹੀਦਾ। ਗਿਆਨੀ ਮੱਲ ਸਿੰਘ ਦਾ ਇਤਰਾਜ ਸੀ, ਮੈਂ ਉਥੇ ਨਸ਼ੇ ਤੇ ਪਤਿਤਪੁਣੇ ਦਾ ਤਿਆਗ ਕਰਕੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ। ਉਸ ਦਾ ਤਾਂ ਜ਼ਿਕਰ ਨਹੀਂ ਕਰਦੇ ਪਰ ਇੱਕੋ ਗੱਲ ਫੜ ਲਈ ਹੈ, ਕਿ ਜਾਤਪਾਤ ਬਾਰੇ ਕਿਉਂ ਨਹੀਂ ਬੋਲਿਆ! ਉਨ੍ਹਾਂ ਕਿਹਾ ਤੁਸੀਂ ਕੋਈ ਸਟੇਜ਼ ਲਾ ਕੇ ਸਾਨੂੰ ਬੁਲਾ ਲਓ ਜਾਤਪਾਤ ਦਾ ਖੰਡਨ ਉਥੇ ਕਰ ਦੇਵਾਂਗੇ। ਭਾਵ ਗੁਰੂ ਕੇ ਵਜ਼ੀਰ ਕਹਾਉਣ ਵਾਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜੀ ਜਿਸ ਘਰ ਬਿਮਾਰੀ ਲੱਗੀ ਹੈ ਉਥੇ ਗੁਰਬਾਣੀ ਦਾ ਸਰਬ ਸਾਂਝਾ ਉਪਦੇਸ਼ ਸੁਣਾ ਕੇ ਇਲਾਜ ਕਰਨ ਲਈ ਤਿਆਰ ਨਹੀਂ, ਜਿਸ ਤਰ੍ਹਾਂ ਦੀ ਸਟੇਜ ਹੋਵੇ ਉਸੇ ਤਰ੍ਹਾਂ ਦੇ ਗੁਰਬਾਣੀ ਦੇ ਪ੍ਰਾਮਣ ਸੁਣਾ ਕੇ ਵਾਹ ਵਾਹ ਖੱਟਣੀ ਚਾਹੁੰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top