Share on Facebook

Main News Page

ਜਿਨ੍ਹਾਂ ਨੂੰ ਬੰਦਾ, ਬੰਦਾ ਨਹੀਂ ਦਿੱਸਦਾ ਉਨ੍ਹਾਂ ਨੂੰ ਰੱਬ ਕਿੱਥੋਂ ਦਿੱਸ ਪਏਗਾ
- ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

* ਜਿਸ ਲੰਗਰ ਵਿੱਚ ਵਿਤਕਰਾ ਹੁੰਦਾ ਹੋਵੇ ਉਸ ਨੂੰ ਗੁਰੂ ਕਾ ਲੰਗਰ ਕਹਿਣਾ ਹੀ ਗਲਤ ਹੈ।

ਬਠਿੰਡਾ, 3 ਅਪ੍ਰੈਲ (ਕਿਰਪਾਲ ਸਿੰਘ): ਜਿਨ੍ਹਾਂ ਨੂੰ ਬੰਦਾ, ਬੰਦਾ ਨਹੀਂ ਦਿੱਸਦਾ ਉਨ੍ਹਾਂ ਨੂੰ ਰੱਬ ਕਿੱਥੋਂ ਦਿੱਸ ਪਏਗਾ। ਇਹ ਸ਼ਬਦ ਪਿੰਡ ਭਾਈ ਬਖ਼ਤੌਰ ਵਿਖੇ ਚੱਲ ਰਹੇ ਤਿੰਨ ਦਿਨਾਂ ਸੂਬਾ ਪੱਧਰੀ ਗੁਰਮਤਿ ਸਮਾਗਮ ਦੇ ਦੂਸਰੇ ਦਿਨ, ਪੁਰਾਤਨ ਸਿੱਖ ਬੀਬੀਆਂ ਅਤੇ ਸਿੰਘਾਂ ਦਾ ਸ਼ਾਨਾਮੱਤੀ ਸੰਖੇਪ ਇਤਿਹਾਸ ਦੱਸਦੇ ਹੋਏ ਗੁਰਮਤਿ ਦੇ ਮਹਾਨ ਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਬੀਤੀ ਰਾਤ ਕਹੇ।

ਉਨ੍ਹਾਂ ਕਿਹਾ ਸਿੱਖ ਇਤਿਹਾਸ ’ਚ ਬੇਬੇ ਨਾਨਕੀ ਸਭ ਤੋਂ ਪਹਿਲੀ ਵਿਅਕਤੀ ਹੈ ਜਿਸ ਨੇ ਆਪਣੇ ਛੋਟੇ ਵੀਰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸਖ਼ਸ਼ੀਅਤ ਨੂੰ ਪਛਾਣ ਕੇ ਸਿੱਖੀ ਧਾਰਨ ਕੀਤੀ ਅਤੇ ਅੰਤਲੇ ਸਮੇਂ ਤੱਕ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਵੱਲੋਂ ਵੇਈਂ ਨਦੀ ’ਚ ਇਸ਼ਨਾਨ ਕਰਨ ਸਮੇਂ ਅਲੋਪ ਹੋ ਜਾਣ ’ਤੇ ਜਿਸ ਸਮੇਂ ਉਨ੍ਹਾਂ ਦੇ ਡੁੱਬ ਜਾਣ ਜਾਂ ਮਗਰਮੱਛ ਵੱਲੋਂ ਨਿਗਲੇ ਜਾਣ ਜਾਂ ਮੋਦੀਖਾਨੇ ਦਾ ਹਿਸਾਬ ਹੋਣ ’ਤੇ ਘੱਟ ਜਾਣ ਦੇ ਡਰ ਕਾਰਣ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਅਫਵਾਹਾਂ ਫੈਲ ਰਹੀਆਂ ਸਨ, ਉਸ ਸਮੇਂ ਬੜੀ ਦ੍ਰਿੜਤਾ ਅਤੇ ਆਤਮ ਵਿਸ਼ਵਾਸ਼ ਨਾਲ ਕਿਹਾ ਸੀ ਕਿ ਉਨ੍ਹਾਂ ਦਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਕੋਈ ਕੌਤਕ ਵਰਤਾਉਣ ਲਈ ਗਏ ਹਨ। ਤਿੰਨ ਦਿਨਾਂ ਪਿੱਛੋਂ ਪ੍ਰਗਟ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ’ਤੇ ਮੋਹਰ ਲਾਈ।

ਦੂਸਰੀ ਮਹਾਨ ਬੀਬੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਅਤੇ (ਗੁਰੂ) ਅਮਰਦਾਸ ਜੀ ਦੀ ਭਤੀਜ ਨੂੰਹ ਬੀਬੀ ਅਮਰੋ ਹੈ ਜਿਨ੍ਹਾਂ ਤੋਂ ਬਾਬਾ ਅਮਰਦਾਸ ਜੀ ਨੇ ਸਭ ਤੋਂ ਪਹਿਲੀ ਵਾਰ ਗੁਰਬਾਣੀ ਸੁਣੀ ਤੇ ਉਨ੍ਹਾਂ ਦੀ ਬੇਨਤੀ ’ਤੇ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਕਰਵਾਇਆ ਤੇ ਅਖੀਰ ਉਹ ਗੁਰੂ ਪਦਵੀ ਨੂੰ ਹਾਸਲ ਹੋਏ।

ਤੀਸਰੀ ਮਹਾਨ ਔਰਤ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਹਨ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤੇ ਬਲਵੰਡ ਜੀ ਨੇ ਇਸ ਤਰ੍ਹਾਂ ਕੀਤਾ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥’ {ਰਾਮਕਲੀ ਕੀ ਵਾਰ: 3 (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ- ਪੰਨਾ 967} ਭਾਵ ਬਲਵੰਡ ਜੀ ਬਿਆਨ ਕਰਦੇ ਹਨ ਕਿ (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾˆਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾˆ ਬਹੁਤੇ ਪੱਤ੍ਰਾਂ ਵਾਲੀ (ਸੰਘਣੀ) ਹੈ। ਬਹੁਤੇ ਪੱਤਰਾਂ ਵਾਲੇ ਦਰਖ਼ਤ ਦੀ ਸੰਘਣੀ ਛਾਂ ਦਾ ਭਾਵ ਕਿ ਜਿਸ ਤਰ੍ਹਾਂ ਦਰਖ਼ਤ ਦੇ ਹੇਠ ਕਿਸੇ ਵੀ ਜਾਤੀ ਦਾ, ਊਚ ਜਾਂ ਨੀਚ, ਅਮੀਰ ਜਾਂ ਗਰੀਬ ਆ ਜਾਵੇ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹਰ ਇੱਕ ਨੂੰ ਠੰਡੀ ਛਾਂ ਦਿੰਦਾ ਹੈ ਉਸੇ ਤਰ੍ਹਾਂ ਮਾਤਾ ਖੀਵੀ ਜੀ ਦੇ ਲੰਗਰ ਵਿੱਚ ਕਿਸੇ ਵੀ ਜਾਤੀ ਦਾ ਆ ਜਾਵੇ; ਕੋਈ ਵਿਤਕਰਾ ਨਹੀਂ ਸੀ ਤੇ ਉਸ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)। (ਮਾਤਾ ਖੀਵੀ ਜੀ ਦੀ ਸੇਵਾ ਸਦਕਾ ਜਿੱਥੇ) ਸਭ ਨੂੰ ਲੰਗਰ ਵਿਚ ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ ਉਥੇ (ਉਸ ਦੇ ਪਹਿਰਾਵੇ ਤੋਂ ਉਸ ਦੀ ਗਰੀਬੀ ਦਾ ਅੰਦਾਜ਼ਾ ਲਾ ਕੇ ਉਸ ਦੇ ਜੋੜੇ ਜੁਤੀ ਤੇ ਕਪੜੇ ਲਈ ਗੁਰੂ ਕੀ ਗੋਲਕ ’ਚੋਂ) ਉਨ੍ਹਾਂ ਨੂੰ ਦੌਲਤ ਵੀ ਵੰਡੀ ਜਾਂਦੀ। (ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾˆ ਦੇ ਮੱਥੇ ਤਾˆ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਮਾਤਾ ਖੀਵੀ ਤਾਂ ਹਰ ਜਾਤ ਦੇ ਅਮੀਰ ਗਰੀਬ ਨਾਲ ਪੁੱਤਰਾਂ ਵਾਲਾ ਪਿਆਰ ਕਰਦੀ ਸੀ ਪਰ ਇਹ ਬੂਬਨੇ ਕਿਸੇ ਦੀ ਗਰੀਬੀ ਵੇਖ ਕੇ ਲੰਗਰ ਛਕਣ ਆਏ ਨੂੰ ਪੁੱਛਦੇ ਹਨ, ਤੂੰ ਕੌਣ ਹੈਂ (ਭਾਵ ਤੇਰੀ ਜਾਤ ਕੀ ਹੈ)? ਜਿਨ੍ਹਾਂ ਨੂੰ ਗੁਰਬਾਣੀ ਦੇ ਇਸ ਸ਼ਬਦ:

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ – ਪੰਨਾ 1128) ਦੀ ਸਮਝ ਨਹੀਂ ਪੈਂਦੀ ਤੇ ਇਸ ਦੇ ਲੱਖਾਂ ਵਾਰ ਪਾਠ ਕਰਨ ਉਪ੍ਰੰਤ ਵੀ ਉਨ੍ਹਾਂ ਮੂਰਖਾਂ ਨੂੰ, ਆਪਣੀ ਉਚੀ ਜਾਤ ਦਾ ਹੰਕਾਰ ਕਰਕੇ ਬੰਦਾ, ਬੰਦਾ ਨਹੀਂ ਦਿਸਦਾ; ਉਨ੍ਹਾਂ ਨੂੰ ਰੱਬ ਕਿਥੋਂ ਦਿੱਸ ਪਏਗਾ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਹੈਰਾਨੀ ਹੈ ਜਦੋਂ ਲੋਕ ਇਨ੍ਹਾਂ ਮਹਾਂਮੂਰਖਾਂ ਨੂੰ ਮਹਾਂਪੁਰਖ਼ ਕਹੀ ਜਾਂਦੇ ਐ।

ਮਹਾਨ ਤੇ ਬਹਾਦਰ ਗੁਰਸਿੱਖ ਬੀਬੀਆਂ ਦੇ ਇਤਿਹਾਸ ਦੀ ਲੜੀ ਅੱਗੇ ਤੋਰਦੇ ਹੋਏ ਬੀਬੀ ਭਾਨੀ, ਮਾਤਾ ਗੁੱਜਰ ਕੌਰ ਜੀ, ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ, ਬੀਬੀ ਸ਼ਰਨ ਕੌਰ ਜੀ, ਮਾਤਾ ਭਾਗ ਕੌਰ ਜੀ ਤੋਂ ਇਲਾਵਾ ਅਨੇਕ ਹੋਰ ਗੁਰਸਿੱਖ ਬੀਬੀਆਂ ਤੇ ਮਾਤਾਵਾਂ ਹਨ ਜਿਨ੍ਹਾਂ ਨੇ ਸਵਾ ਸਵਾ ਮਣ ਪੀਸਣ ਪੀਸੇ, ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ’ਚ ਪਵਾਏ ਪਰ ਸਿੱਖੀ ਸਿਦਕ ਨਹੀਂ ਹਾਰਿਆ; ਦਾ ਨਾਮ ਲੈ ਕੇ ਉਨ੍ਹਾਂ ਕਿਹਾ ਮੌਜੂਦਾ ਸਿੱਖ ਬੀਬੀਆਂ ਨੂੰ ਇਨਾਂ ਮਹਾਨ ਸਖਸ਼ੀਅਤਾਂ ਤੋਂ ਸੇਧ ਲੈ ਕੇ ਸਿੱਖੀ ਰਹਿਣੀ ਬਹਿਣੀ ਵਿੱਚ ਪ੍ਰਪੱਕ ਅਤੇ ਉਚੇ ਕਿਰਦਾਰ ਦੀਆਂ ਧਾਰਨੀ ਬਣਨਾ ਚਾਹੀਦਾ ਹੈ।

ਭਾਈ ਮਤੀਦਾਸ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ ਸ਼ਹੀਦ ਸਿੰਘਾਂ ਦਾ ਸੰਖੇਪ ਇਤਿਹਾਸ ਦੱਸਣ ਉਪ੍ਰੰਤ ਉਨ੍ਹਾਂ ਸਭ ਤੋਂ ਪਹਿਲਾਂ ਭਾਈ ਜੈਤਾ ਜੀ ਦਾ ਨਾਮ ਲਿਆ ਕਿ ਇਸ ਨੇ ਦਿੱਲੀ ਤੋਂ ਕੀਰਤਪੁਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਪਣੀ ਛਾਤੀ ਨਾਲ ਲਾ ਕੇ ਲਿਆਂਦਾ, ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਕਹਿ ਕੇ ਛਾਤੀ ਨਾਲ ਲਾਇਆ। ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਤਾਂ ਰੰਘਰੇਟੇ ਭਾਈ ਜੈਤਾ ਜੀ ਦੀ ਛੂਹ ਨਾਲ ਭਿੱਟਿਆ ਨਹੀਂ ਗਿਆ ਪਰ ਇਹ ਲਗੜ ਕੱਟੇ ਸਾਧ ਕੌਣ ਹਨ ਜਿਨ੍ਹਾਂ ਦਾ ਲੰਗਰ ਹਾਲ ਵੀ ਰੰਘਰੇਟੇ ਸਿੰਘਾਂ ਦੇ ਦਾਖ਼ਲ ਹੋਣ ਨਾਲ ਭਿੱਟਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਦੇ ਸਿੱਖੀ ਸਿਦਕ ਦਾ ਇਤਿਹਾਸ ਸੁਣਾਉਂਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਉਨ੍ਹਾਂ ਨੇ ਗਰਮ ਜਮੂੰਰਾਂ ਨਾਲ ਆਪਣਾ ਮਾਸ ਤੁੜਵਾਇਆ, ਬੰਦ ਬੰਦ ਕਟਵਾਏ, ਕੇਸ ਕਟਵਾਉਣ ਦੀ ਥਾਂ ਰੰਬੀ ਨਾਲ ਅਪਣਾ ਖੋਪਰ ਲਹਾਉਣਾ ਪ੍ਰਵਾਨ ਕੀਤਾ ਪਰ ਸਿੱਖੀ ਸਿਦਕ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਨਾਲ ਨਿਭਾਈ ਪਰ ਅੱਜ ਦੇ ਨੌਜਾਵਾਨ ਕੁਝ ਲੰਡਰ ਕਿਸਮ ਦੇ ਗਾਇਕਾਂ ਤੋਂ ਗੁੰਮਰਾਹ ਹੋ ਕੇ ਆਪ ਹੀ ਪੈਸੇ ਦੇ ਕੇ ਆਪਣੇ ਕੇਸ ਕਤਲ ਕਰਵਾ ਕੇ ਪਤਿਤ ਹੋਈ ਜਾਂਦੇ ਹਨ, ਔਰਤਾਂ ਵਾਂਗ ਕੰਨਾਂ ਵਿੱਚ ਮੁੰਦਰਾਂ ਪਾਈ ਫਿਰਦੇ ਹਨ। ਸੇਵਾ ਕਰ ਰਹੇ ਕੁਝ ਪਤਿਤ ਨੌਜਵਾਨਾਂ ਵੱਲ ਸੰਬੋਧਤ ਹੁੰਦੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਨ੍ਹਾਂ ਨੌਜਵਾਨਾਂ ਦੀ ਸੇਵਾ ਭਾਵਨਾ ਨੂੰ ਵੇਖ ਕੇ ਪਤਾ ਲਗਦਾ ਹੈ ਕਿ ਇਨ੍ਹਾਂ ਵਿੱਚ ਸਿੱਖੀ ਨਾਲ ਪਿਆਰ ਹੈ। ਸਿੱਖੀ ਨਾਲ ਪਿਆਰ ਰੱਖ ਕੇ ਸੇਵਾ ਕਰ ਰਹੇ ਨੌਜਾਵਾਨਾਂ ਨੂੰ ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਤੋਂ ਪ੍ਰੇਰਣਾ ਲੈ ਕੇ ਉਹ ਪਤਿਤਪੁਣੇ ਦਾ ਤਿਆਗ ਕਰਨ ਤੇ ਗੁਰੂ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਸ ਸਮੇਂ ਜ਼ਕਰੀਆ ਖਾਨ ਨੇ ਇਹ ਮਿਆਦੀ ਕਰਵਾ ਦਿੱਤੀ ਕਿ ਸਾਰੇ ਸਿੱਖ ਖ਼ਤਮ ਕਰ ਦਿੱਤੇ ਗਏ ਹਨ ਤਾਂ ਇਹ ਆਵਾਜ਼ ਸੁਣ ਕੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਆਪਸੀ ਸਲਾਹ ਮਸ਼ਵਰਾ ਕੀਤਾ ਤੇ ਖ਼ਾਲਸਾ ਰਾਜ ਦਾ ਐਲਾਨ ਕਰਕੇ ਚੂੰਗੀ ਨਾਕਾ ਲਾ ਕੇ ਬੈਠ ਗਏ ਤੇ ਗੱਡੇ ਨੂੰ ਇੱਕ ਆਨਾ ਤੇ ਖੋਤੇ ਨੂੰ ਇੱਕ ਟਕਾ ਚੂੰਗੀ ਵਸੂਲਣੀ ਸ਼ੁਰੂ ਕਰ ਦਿੱਤੀ। ਪੁੱਛਣ ’ਤੇ ਕਹਿੰਦੇ ਅੱਗੇ ਖ਼ਾਲਸਾ ਰਾਜ ਦੀ ਹੱਦ ਸ਼ੁਰੂ ਹੈ ਇਸ ਲਈ ਖ਼ਾਲਸਾ ਰਾਜ ਵਿੱਚ ਦਾਖ਼ਲ ਹੋਣ ਦੀ ਚੁੰਗੀ ਹੈ। ਇਹ ਗੱਲ ਜ਼ਕਰੀਆ ਖ਼ਾਨ ਤੱਕ ਵੀ ਪਹੁੰਚਾਈ ਗਈ ਕਿ ਤੁਸੀਂ ਤਾਂ ਮਿਆਦੀ ਕਰਵਾ ਰਹੇ ਹੋ ਕਿ ਸਾਰੇ ਸਿੱਖ ਖ਼ਤਮ ਕਰ ਦਿੱਤੇ ਹਨ ਪਰ ਇਹ ਤਾਂ ਆਪਣਾ ਖ਼ਾਲਸਾ ਰਾਜ ਕਾਇਮ ਕਰੀ ਬੈਠੇ ਹਨ ਤੇ ਆਪਣੇ ਰਾਜ ਵਿੱਚ ਦਾਖ਼ਲ ਹੋਣ ਵਾਲਿਆਂ ਤੋਂ ਚੁੰਗੀ ਉਗਰਾਹ ਰਹੇ ਹਨ। ਜ਼ਕਰੀਆ ਖ਼ਾਨ ਨੇ ਦੋ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਲਈ 200 ਸਿਪਾਹੀ ਭੇਜੇ ਤਾਂ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਪਿੱਠਾਂ ਜੋੜ ਲਈਆਂ ਤੇ 200 ਸਿਪਾਹੀਆਂ ਦਾ ਮੁਕਾਬਲਾ ਕਰਕੇ ਸ਼ਹੀਦ ਹੋਏ। ਬਾਬਾ ਬੋਤਾ ਸਿੰਘ ਜੀ ਜੋ ਜੱਟ ਜਿੰਮੀਦਾਰ ਸਨ ਤੇ ਬਾਬਾ ਗਰਜਾ ਸਿੰਘ ਜੀ ਜੋ ਰੰਘਰੇਟੇ ਸਿੰਘ ਸਨ; ਤਾਂ ਇਕੱਠੇ ਰਹਿੰਦੇ ਸਨ ਤੇ ਇਕੱਠੇ ਪ੍ਰਸ਼ਾਦਾ ਪਾਣੀ ਛਕਦੇ ਸਨ ਪਰ ਇਹ ਲਗੜ ਕੱਟੇ ਗੁਰੂ ਕੇ ਬੇਟਿਆਂ ਨੂੰ ਧੱਕੇ ਮਾਰ ਕੇ ਲੰਗਰ ਵਿੱਚੋਂ ਬਾਹਰ ਕੱਢ ਰਹੇ ਹਨ। ਜੇ ਅੱਜ ਵੀ ਬਿਨਾਂ ਜਾਤ ਪਾਤ ਪੁੱਛੇ ਸਿੰਘ ਪਿੱਠਾਂ ਜੋੜ ਕੇ ਦੁਸ਼ਮਣਾਂ ਦੇ ਮੁਕਾਬਲੇ ਵਿੱਚ ਖੜ੍ਹ ਜਾਣ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਸਿੰਘਾਂ ਦੇ ਇਸ ਇਕੱਠ ਅੱਗੇ ਖੜ੍ਹ ਸਕਣ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਜਿਸ ਸਮੇਂ ਨਾਦਰ ਸ਼ਾਹ ਦੀ ਲੁੱਟ ਦਾ ਮਾਲ ਸਿੰਘਾਂ ਨੇ ਹੌਲਾ ਕੀਤਾ ਤਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਇਹ ਕੌਣ ਹਨ ਤੇ ਕਿਥੇ ਰਹਿੰਦੇ ਹਨ; ਤਾਂ ਜੋ ਜ਼ਕਰੀਆ ਖਾਨ ਨੇ ਜਵਾਬ ਦਿੱਤਾ ਉਸ ਨੂੰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਪੇਸ਼ ਕਰ ਰਹੇ ਹਨ:

ਮੁਰਸ਼ਦ ਇਨ ਕਾ ਬਲੀ ਭਇਓ ਹੈ।  ਇਨ ਕੋ ਆਬ-ਏ-ਹਿਆਤ ਦਇਓ ਹੈ।
ਗਜ਼ਬ ਅਸਰ, ਇਸ ਕਾ ਹਮ ਦੇਖਾ। ਬੁਜ਼ਦਿਲ ਭਏ ਸ਼ੇਰ ਵਿਸੇਖਾ।
ਦੇਤ ਆਵਾਜ਼ ਭੂਖਾ ਹੈ ਕੋਈ। ਆਓ ਦੇਗ਼ ਤਿਆਰ ਗੁਰ ਹੋਈ।
ਓਸ ਸਮੇਂ ਵੈਰੀ ਕਿਮ ਆਵਤ। ਪਰਮ ਮੀਤ ਸਮ ਤਾਹਿ ਛਕਾਵਤ।
ਪੀਛੈ ਬਚੈ ਆਪ ਖੂਆਇ ਹੈਂ। ਨਹੀਂ ਤਾਂ ਲੰਗਰ ਮਸਤ ਬਤੈ ਹੈਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਲੰਗਰ ਦੀ ਤਾਂ ਮਰਿਆਦਾ ਹੈ ਹੀ ਇਹ ਕਿ ਜੇ ਉਸ ਵਿੱਚ ਦੁਸ਼ਮਣ ਵੀ ਆ ਕੇ ਬੈਠ ਜਾਵੇ ਤਾਂ ਵੀ ਉਸ ਨੂੰ ਆਪਣਾ ਪਰਮ ਮਿੱਤਰ ਜਾਣ ਕੇ ਸਤਿਕਾਰ ਨਾਲ ਛਕਾਇਆ ਜਾਂਦਾ ਹੈ ਪਰ ਇਹ ਲਗੜ ਕੱਟੇ ਆਪਣੇ ਹੀ ਭਰਾਵਾਂ, ਜਿਨ੍ਹਾਂ ਨੂੰ ਅੰਮ੍ਰਿਤ ਛਕਣ ਸਮੇਂ ਸਿੱਖਿਆ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡੀ ਪਿਛਲੀ ਜਾਤ ਪਾਤ ਅਤੇ ਧਰਮ ਖਤਮ, ਗੁਰੂ ਘਰ ਵਿੱਚ ਤੁਹਾਡਾ ਨਵਾਂ ਜਨਮ ਹੋਇਆ ਹੈ, ਜਿਨ੍ਹਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਮਾਤਾ ਸਾਹਿਬ ਕੌਰ ਜੀ ਜਨਮ ਕੇਸਗੜ੍ਹ ਸਾਹਿਬ ਤੇ ਵਾਸੀ ਅਨੰਦਪੁਰ ਸਾਹਿਬ ਹੈ। ਇੱਕ ਮਾਤਾ ਪਿਤਾ ਦੇ ਪੁੱਤਰ ਹੋਣ ਕਰਕੇ ਭਰਾ ਭੈਣ ਹੋਣ ਦੇ ਬਾਵਯੂਦ ਉਨ੍ਹਾਂ ਨੂੰ ਲੰਗਰ ਵਿੱਚ ਨਾ ਵੜਨ ਦਿੱਤਾ ਜਾਵੇ ਤਾਂ ਇਸ ਨੂੰ ਗੁਰੂ ਕਾ ਲੰਗਰ ਕਹਿਣਾ ਹੀ ਗਲਤ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top