Share on Facebook

Main News Page

ਬੁੱਢਾ ਦਲ ਕੋਲੋਂ ਅਵਾਰਡ ਲੈ ਕੇ, ਮੱਕੜ ਨੇ ਸਿੱਖੀ ਅਣਖ ਅਤੇ ਅਕਾਲ ਤਖਤ ਦੇ ਰੁਤਬੇ ਦਾ ਅਪਮਾਨ  ਕੀਤਾ ਹੈ
- ਇੰਦਰਜੀਤ ਸਿੰਘ ਕਾਨਪੁਰ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਬੁੱਢਾ ਦਲ, ਨਿਹੰਗ ਜੱਥੇਬੰਦੀ ਕੋਲੋਂ "ਅਕਾਲੀ ਫੂਲਾ ਸਿੰਘ ਅਵਾਰਡ" ਲੈ ਕੇ ਜਿਥੇ ਸਿੱਖੀ ਅਣਖ ਨੂੰ  ਢਾਅ ਲਾਈ ਹੈ, ਉਥੇ ਅਕਾਲ ਤਖਤ ਸਾਹਿਬ ਦੇ ਰੁਤਬੇ  ਦਾ  ਵੀ ਅਪਮਾਨ ਕੀਤਾ ਹੈ। ਯਾਦ ਰਹੇ ਕਿ ਇਹ ਬੁੱਢਾ ਦਲ ਉਹ ਹੀ ਨਿਹੰਗ ਜੱਥੇਬੰਦੀ ਹੈ, ਜਿਸਨੇ 1984 ਵਿੱਚ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਵਾਲੀ ਸਰਕਾਰ ਦਾ ਅਜੇੰਸੀ ਬਣ ਕੇ ਅਕਾਲ ਤਖਤ ਦੀ ਫਰਜੀ ਕਾਰ ਸੇਵਾ (ਸਰਕਾਰੀ ਸੇਵਾ)  ਕਰਵਾਈ ਸੀ। ਕਿਉਂਕਿ ਸਰਕਾਰ ਦੇ ਕਹਿਣ ਤੇ ਕਿਸੇ ਹੋਰ ਜੱਥੇਬੰਦੀ ਨੇ ਸਰਕਾਰੀ ਪੈਸੇ ਲੈ ਕੇ ਅਕਾਲ ਤਖਤ ਦੀ ਢੱਠੀ ਹੋਈ ਇਮਾਰਤ ਨੂੰ ਉਸਾਰਨ ਤੋਂ ਸਾਫ ਇਨਕਾਰ ਕਰ ਦਿਤਾ ਸੀ।  ਇਸ ਬਾਰੇ ਸੰਖੇਪ ਵਿੱਚ ਪਿਛੋਕੜ ਦਾ ਇਤਿਹਾਸ ਜਾਨਣਾ ਬਹੁਤ ਜਰੂਰੀ ਹੈ।

1984 ਵਿੱਚ ਸਿਖਾਂ ਦੇ ਇਸ ਸਤਕਾਰਤ ਅਦਾਰੇ ਨੂੰ, ਸਿੱਖ ਵਿਰੋਧੀ ਹਕੂਮਤ ਨੇ ਢਹਿ ਢੇਰੀ ਕਰ ਦਿਤਾ। ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ  ਕੇਹਰ ਸਿੰਘ ਨੇ ਉਸ ਅਕਾਲ ਤਖਤ ਦੀ ਇਮਾਰਤ ਨੂੰ  ਢਾਉਣ ਵਾਲੀ ਬੀਬੀ ਨੂੰ ਸਜਾਏ ਮੌਤ  ਦਿੱਤੀ। ਕਿਉਂਕਿ ਅਕਾਲ ਤਖਤ  ਸਿਰਫ "ਇਟਾਂ ਅਤੇ ਗਾਰੇ" ਦੀ ਬਣੀ ਈਮਾਰਤ ਹੀ ਨਹੀਂ ਸੀ,  ਸਿੱਖਾਂ ਲਈ ਇਹ ਉਹ ਸਤਕਾਰਤ ਅਦਾਰਾ ਹੈ,   ਜਿਸ ਦੇ ਥੜਾ ਸਾਹਿਬ ਨੂੰ ਸਿੱਖੀ ਦੇ ਸਵੈਮਾਨ ਅਤੇ ਪ੍ਰਭੂਸੱਤਾ  ਦੇ ਪ੍ਰਤੀਕ ਵਜੋਂ  ਗੁਰੂ ਸਾਹਿਬ ਨੇ ਆਪ ਸਿਰਜਿਆ ਸੀ।

ਅਕਾਲ ਤਖਤ ਦੀ ਢੱਠੀ ਹੋਈ ਇਮਾਰਤ  ਨੂੰ 1984 ਵਿੱਚ ਸਰਕਾਰ ਦੇ ਪਾਲਤੂ ਅਜੇਂਟ ਸੰਤਾ ਸਿੰਘ ਨਿਹੰਗ,  ਜੋ  ਬੁੱਢਾ ਦਲ ਦਾ ਮੁੱਖੀ ਸੀ,  ਨੇ ਸਰਕਾਰੀ ਪੈਸੇ ਲੈਕੇ ਇਸ ਦੀ ਮੁਰੱਮਤ ਕਰਾਕੇ ਕੇ ਸਿੱਖੀ ਦੀ ਅਣਖ ਤੇ ਬਹੁਤ ਵੱਡਾ ਵਾਰ ਕੀਤਾ। ਅਕਾਲ ਤਖਤ ਦੀ ਢੱਠੀ ਹੋਈ ਇਮਾਰਤ ਨੂੰ ਛੇਤੀ ਛੇਤੀ ਠੀਕ ਠਾਕ ਕਰਨ ਦੀ ਕਾਲ੍ਹ ਸਰਕਾਰ ਨੂੰ ਇਸ ਕਰਕੇ ਸੀ ਕਿਉਂਕਿ ਉਸਦੇ  ਇਸ ਮਨੁਖੀ ਅਧਿਕਾਰਾਂ ਤੋਂ ਉਲਟ ਕੀਤੇ ਗਏ ਹਮਲੇ ਕਾਰਣ, ਸਿੱਖਾਂ ਦੇ ਵਲੂੰਧ੍ਹਰੇ ਹੋਏ ਦਿਲਾਂ ਵਿੱਚ, ਉਨਾਂ ਨੂੰ ਬਗਾਵਤ ਦੀ ਅੱਗ ਨਜਰ ਆ ਰਹੀ ਸੀ । ਜੋ ਸ਼ਰਧਾਲੂ ਅਪਣੇ ਅਕਾਲ ਤਖਤ ਦੀ ਇਹ ਹਾਲਤ ਵੇਖਦਾ,  ਉਸ ਦਾ ਦਿਲ ਇਸ ਸਰਕਾਰ ਦੇ ਖਿਲਾਫ ਨਫਰਤ ਨਾਲ ਭਰ ਜਾਂਦਾ ਸੀ।(ਅਗੋ ਜਾਂ ਕੇ ਕਾਂਗ੍ਰੇਸ ਪ੍ਰਤੀ ਸਿੱਖਾਂ ਦੀ ਇਸ ਨਫਰਤ ਦਾ ਫਾਇਦਾ,  ਕਾਲੀਆਂ ਨੇ ਰੱਜ ਕੇ ਕੈਸ਼ ਕੀਤਾ, ਅਤੇ ਕਰਦੇ ਆ ਰਹੇ ਨੇ) ਸਿੱਖ ਇਤਿਹਾਸ ਗਵਾਹ ਹੈ ਕਿ  ਸਿੱਖਾਂ ਨੇ  ਕਦੀ ਵੀ ਬਦਲਾ ਨਹੀਂ ਲਿਆ, ਸਿੱਖ ਹਮੇਸ਼ਾਂ ਪੰਥ ਦੋਖੀਆਂ ਨੂੰ ਉਸਦੇ ਕੀਤੇ ਦੀ ਸਜਾ ਜਰੂਰ ਦੇਂਦਾ ਰਿਹਾ ਹੈ। ਇਹ ਗੁਣ ਹੀ ਉਸ ਦੀ ਵਿਲੱਖਣ ਅਣਖ ਦਾ ਪ੍ਰਤੀਕ ਵੀ ਰਿਹਾ ਹੈ। ਇਸ ਅਣਖ ਵਾਲੇ ਗੁਣ ਦੀ ਥਾਂ,  ਹੁਣ ਸਿੱਖਾਂ ਵਿੱਚ ਚੌਧਰ,  ਹਉਮੇ,  ਸਵਾਰਥ, ਲਾਲਚ ਅਤੇ ਬੁਜਦਿਲੀ ਦੇ ਅਵਗੁਣਾਂ ਨੇ ਲੈ ਲਈ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਸ ਬੁੱਢਾ ਦਲ ਦੇ ਹੱਥੋਂ ਮਕੜ  ਸਾਹਿਬ ਦਾ ਇਹ ਅਵਾਰਡ ਲੈਣਾਂ ਹੈ।

ਬਹੁਤੇ ਟਕਸਾਲੀ ਅਤੇ ਨਿਹੰਗ ਜੱਥੇਬੰਦੀਆਂ, ਸਰਕਾਰੀ ਮੁਹਰਿਆਂ ਦੇ ਰੂਪ ਵਿੱਚ ਵਿਚਰਦੇ ਹਨ, ਇਸ ਲਈ ਸਿਆਸਤ ਦੀ ਚੌਪੜ ਤੇ ਇਨ੍ਹਾਂ ਨੂੰ ਗੋਟੀਆਂ ਵਾਂਗ ਫਿਟ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੜ ਸਿੰਘ ਨੇ ਹਮੇਸ਼ਾਂ ਆਪਹੁਦਰੇ ਤੌਰ ਤੇ ਹੀ ਕੰਮ ਕੀਤਾ ਹੈ। 2012 ਵਿੱਚ ਮਕੜ ਸਾਹਿਬ ਨੇ,  ਇਕ ਨਵਾਂ ਭੰਬਲਭੂਸਾ ਖੜਾ ਕਰ ਦਿਤਾ। ਇਨ੍ਹਾਂ ਨੇ ਆਪਹੁਦਰੇ ਤੌਰ 'ਤੇ ਅਕਾਲ ਤਖਤ ਤੋਂ ਛੇਕੇ ਹੋਏ ਬੁੱਢਾ ਦਲ ਦੇ ਮੁੱਖੀ ਸੰਤਾ ਸਿੰਘ ਦੀ ਤਸਵੀਰ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਲਾਉਣ ਦਾ ਐਲਾਨ ਕਰ ਦਿਤਾ,  ਜਿਸਨੇ ਅਕਾਲ ਤਖਤ ਨੂੰ ਢਾਂਉਣ ਵਾਲਿਆਂ ਦੀ ਚਾਕਰੀ ਕਰਕੇ ਸਿੱਖੀ ਸਿਧਾਂਤਾਂ ਦਾ ਘਾਂਣ ਕੀਤਾ ਸੀ। ਇਹ ਮਾਮਲਾ ਇਨ੍ਹਾਂ ਭਖਿਆ ਕਿ ਇਨ੍ਹਾਂ ਨੂੰ ਅਪਣਾ ਫੈਸਲਾ ਵਾਪਿਸ ਲੈਣਾ ਪਇਆ।

1985 ਵਿੱਚ ਸਿੱਖਾਂ ਨੇ ਕਿਸੇ ਜੱਥੇਬੰਦੀ ਦੀ ਮਦਦ ਤੋਂ ਬਗੈਰ,  ਬੁੱਢਾ ਦਲ ਦੇ ਵਿੱਕੇ ਹੋਏ ਮੁੱਖੀ ਸੰਤਾ ਸਿੰਘ ਵਲੋਂ ਉਸਾਰੀ ਸਰਕਾਰੀ ਪੈਸੇ ਨਾਲ ਬਣੀ ਉਸ ਈਮਾਰਤ ਨੂੰ "ਕਾਰਸੇਵਾ" ਰਾਂਹੀ ਢਾਅ ਦਿਤਾ ਅਤੇ ਉਸ ਦੀ ਥਾਂ ਤੇ ਨਵੀ ਇਮਾਰਤ ਜੋ ਅੱਜ ਆਪ ਜੀ ਦੇ ਸਾਮ੍ਹਣੇ ਖੜੀ ਹੈ,  ਕਾਰ ਸੇਵਾ ਕਰ ਕੇ ਉਸ ਦੀ ਉਸਾਰੀ ਸ਼ੁਰੂ ਕਰ ਦਿਤੀ। ਬੁੱਢਾ ਦਲ ਦੇ ਇਸ ਨਿਹੰਗ ਮੁੱਖੀ ਨੂੰ ,  ਉਸਦੇ  ਸਿੱਖ ਵਿਰੋਧੀ ਕਾਰੇ ਲਈ  22.7.1984 ਨੂੰ ਪੰਥ ਤੋਂ ਛੇਕ ਦਿਤਾ ਗਇਆ।

ਪੂਰੇ ਸਿੱਖ ਸੰਘਰਸ਼ ਦੇ ਦੌਰਾਨ ਇਹ ਬੁੱਢਾ ਦਲ  ਸਰਕਾਰ ਦਾ ਇਕ ਏਜੰਸੀ ਬਣਕੇ ਨਿਤਰਿਆ। ਬਾਦਲਕਿਆਂ ਨੇ ਅਪਣੇ ਵੋਟ ਬੈਂਕ ਨੂੰ ਵਧਾਉਣ ਲਈ ਇਸ ਪੰਥ ਵਿਰੋਧੀ ਨਿਹੰਗ ਨੂੰ 2001 ਵਿੱਚ ਪੰਥ ਵਿੱਚ ਮੁੜ ਸ਼ਾਮਿਲ ਕਰ ਲਿਆ। ਇਹ ਨਿਹੰਗ ਜੱਥੇਬੰਦੀਆਂ,  ਜੋ ਕਦੀ ਗੁਰੂ ਦੀਆਂ ਲਾਡਲੀਆਂ ਫੌਜਾਂ ਅਖਵਾਉਦੀਆਂ ਸੀ, ਇਨ੍ਹਾਂ ਨੇ ਉਸ ਸਤਕਾਰ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿਤਾ।

ਪੁਰਾਤਨ ਟਕਸਾਲੀ ਅਤੇ ਟਕਸਾਲੀ ਸਖਸ਼ਿਯਤਾਂ ਦੇ ਨਾਮ ਨੂੰ ਅਜੋਕੇ ਟਕਸਾਲੀਆਂ ਅਤੇ ਅਕਾਲੀਆਂ ਨੇ ਰੋਲ ਕੇ ਰੱਖ ਦਿਤਾ ਹੈ।  ਟਕਸਾਲ ਅਤੇ ਚੌਕ ਮਹਿਤਾ ਤੇ ਅੱਜ ਇਹੋ ਜਹੇ ਸਰਕਾਰੀ ਅਜੇਂਟਾ ਦਾ ਹੀ ਕਬਜਾ ਹੈ,  ਜੋ ਉਨਾਂ ਮਰਜੀਵੜਿਆਂ ਦੀ ਸ਼ਹਾਦਤ ਅਤੇ ਨਾਮ ਨੂੰ ਮਿੱਟੀ ਵਿੱਚ ਰੋਲ ਰਹੇ ਨੇ। ਇਨ੍ਹਾਂ ਜੱਥੇਬੰਦੀਆਂ ਦਾ ਕੰਮ ਹੀ ਸਿਰਫ ਵਕਤ ਦੀਆਂ ਹਕੂਮਤਾਂ ਦੀ ਚਾਕਰੀ ਕਰਨਾਂ ਰਹਿ ਗਇਆ ਹੈ। ਪਹਿਲਾਂ ਇਹ ਬੁੱਢਾ ਦਲ ਕਾਂਗ੍ਰੇਸ ਦੀ ਚਾਕਰੀ ਕਰਦਾ ਰਿਹਾ ਹੁਣ ਬਾਦਲਕਿਆਂ ਦਾ ਚਾਕਰ ਬਣ ਗਇਆ ਹੈ। ਸੰਤਾ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਨਹੀਂ ਲਗ ਸਕੀ,  ਤਾਂ ਹੁਣ ਇਸ ਨੂੰ ਪ੍ਰਮੋਟ ਕਰਨ ਲਈ ਉਸ ਕੋਲੋਂ ਪ੍ਰਧਾਨ ਸਾਹਿਬ ਨੇ ਅਵਾਰਡ ਲੈ ਕੇ ਹੀ ਇਸ ਦਲ ਨੂੰ ਕੌਮ ਦਾ ਇਕ ਮੋਹਤਬਰ ਅੰਗ ਬਨਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਅਵਾਰਡ ਦੇਣ ਦੀ ਹੋੜ ਲੱਗੀ ਹੈ। ਤਖਤਾਂ ਦੇ ਅਖੌਤੀ ਜੱਥੇਦਾਰ ਤਾਂ ਇਸ ਆਵਾਰਡ ਵੰਡਣ ਦੀ ਮੁਹਿਮ ਵਿੱਚ ਸਭ ਤੋਂ ਅੱਗੇ ਹਨ। ਪਿਪਲੀ ਵਾਲੇ ਨੀਲਧਾਰੀ  ਅਤੇ ਧੂੰਮੇ ਵਰਗੇ ਬੰਦਿਆਂ ਨੂੰ  ਸਿੱਖ ਕੌਮ  ਦਾ ਅਵਤਾਰ ਅਤੇ ਰੱਬ ਦੀਆਂ  ਭੇਜੀਆਂ  ਮਹਾਨ ਰੂਹਾਂ ਦਸ ਰਹੇ ਨੇ।  ਮੱਕੜ ਸਾਬ  ਪੰਥ ਦਾ ਹਰ  ਫੈਸਲਾ, ਅਪਣੀ ਮਰਜੀ ਨਾਲ  ਕਰਨ ਵਾਲੇ  ਇਕ ਆਪਹੁਦਰੇ ਡਿਕਟੇਟਰ ਬਣ ਬੈਠੇ ਹਨ। ਅਕਾਲ ਤਖਤ ਦੇ ਹੇਡ ਗ੍ਰੰਥੀ ਦਾ ਰਿਮੋਟ ਕੰਟ੍ਰੋਲ ਵੀ ਇਨ੍ਹਾਂ  ਦੇ ਹੱਥ ਵਿੱਚ ਹੈ,  ਇਹ ਜਿਵੇਂ ਚਾਂਉਦੇ ਹਨ   ਅਕਾਲ ਤਖਤ ਦਾ ਹੇਡ ਗ੍ਰੰਥੀ  ਉਵੇਂ ਹੀ ਕਰਦਾ ਹੈ। ਨਾਨਕਸ਼ਾਹੀ ਕੈਲੰਡਰ, ਇਸ ਦਾ ਇਕ ਉਦਾਹਰਣ ਹੈ।  ਇਨ੍ਹਾਂ ਨੇ ਆਪਹੁਦਰੇ ਤੌਰ 'ਤੇ ਪੰਜ ਸੌ ਵਰ੍ਹੇ ਪੁਰਾਨਾ ਥੱੜਾ ਸਾਹਿਬ ਗੁਰਦੁਆਰਾ ਅਪਣੀ ਮਰਜੀ ਨਾਲ ਢਾਅ ਦਿਤਾ, ਕਿਸੇ ਨੂੰ ਨਹੀਂ ਪੁਛਿਆ, ਕਿਸੇ ਦੀ ਪਰਵਾਹ ਨਹੀਂ ਕੀਤੀ। ਸ਼ਹੀਦਾਂ ਦੀ ਯਾਦਗਾਰ ਬਨਾਉਣ ਦਾ ਕੰਮ ਇਨ੍ਹਾਂ ਨੇ ਕੌਮ ਦੀ ਮਰਜੀ ਦੇ ਖਿਲਾਫ  ਸ਼ਕੀ ਕਿਰਦਾਰ ਵਾਲੇ ਧੂੰਮੇ ਨੂੰ ਦੇ ਦਿਤਾ,  ਕਿਸੇ ਦੀ ਪਰਵਾਹ ਨਹੀਂ ਕੀਤੀ?  ਹੁਣ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼ੇਰੇ ਪੰਜਾਬ ਰੇਡੀਉ, ਕੈਨੇਡਾ 'ਤੇ ਐਲਾਨ  ਕੀਤਾ ਹੈ ਕਿ ਇਹ, ਇਕ 90 ਵਰ੍ਹੇ ਦੇ ਵਿਦਵਾਨ ਕੋਲੋਂ ਸਿੱਖਾਂ ਦਾ ਇਤਿਹਾਸ ਨਵੇਂ ਸਿਰੇ ਤੋਂ ਲਿਖਵਾ ਰਹੇ ਹਨ। ਇਸ ਉਮਰ ਵਿੱਚ ਬੰਦੇ ਦੀ ਯਾਦਾਸ਼ਤ ਵੀ ਉਸ ਦਾ ਸਾਥ ਛੱਡ ਦੇਂਦੀ ਹੈ। ਇਸ ਬਜੁਰਗ ਵਿਦਵਾਨ ਨੂੰ 545 ਵਰ੍ਹਿਆਂ ਦਾ ਇਤਿਹਾਸ ਕਿਵੇਂ ਯਾਦ ਹੋਵੇਗਾ? ਇਹ ਇਕ ਸਾਜਿਸ਼ ਨਹੀਂ ਤਾਂ ਹੋਰ ਕੀ ਹੈ? ਸ਼੍ਰੋਮਣੀ ਕਮੇਟੀ ਦੇ ਇਸ ਪ੍ਰਧਾਨ ਨੂੰ ਨਾਂ ਤਾਂ ਕਿਸੇ ਦਾ ਡਰ ਹੈ ਅਤੇ ਨਾਂ ਹੀ ਕਿਸੇ ਦਾ ਇਸ ਤੇ ਕੋਈ ਜੋਰ ਹੀ ਚਲਦਾ ਹੈ।

ਖਾਲਸਾ ਜੀ! ਕੌਮ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁਕੇ ਹਨ। ਪੰਥ ਇਹੋ ਜਹੇ ਬੰਦਿਆਂ ਦੇ ਹੱਥਾਂ ਵਿਚ ਜਾ ਚੁਕਾ ਹੈ, ਜਿਨਾਂ ਨੂੰ ਸਿੱਖੀ ਮੁਕਦੀ ਹੈ ਤੇ ਮੁੱਕ ਜਾਏ, ਇਸ ਨਾਲ ਕੋਈ ਸਰੋਕਾਰ ਨਹੀਂ ਹੈ। ਹੋਰ ਕੁਝ ਕੁ ਦਹਾਕੇ ਪੰਥ ਇਹੋ ਜਹੇ ਲੋਕਾਂ ਦੇ ਹੱਥ ਵਿੱਚ ਰਿਹਾ, ਤਾਂ ਆਉਣ ਵਾਲੇ ਸਮੇਂ ਅੰਦਰ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਕਨਹਇਆ ਜੀ, ਬਾਬਾ ਦੀਪ ਸਿੰਘ ਜੀ, ਜੱਸਾ ਸਿੰਘ ਆਲਹੂਵਾਲੀਆਂ ਅਤੇ ਬੰਦਾ ਸਿੰਘ ਬਹਾਦੁਰ ਵਰਗੇ ਮਹਾਨ ਸਿੱਖਾਂ ਦਾ ਨਾਮ ਸਿੱਖ ਇਤਹਾਸ ਦੀਆਂ ਕਿਤਾਬਾਂ ਵਿੱਚੋਂ ਮਿੱਟਾ ਦਿਤਾ  ਜਾਏਗਾ।  ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੋ ਇਤਿਹਾਸ ਪੜ੍ਹਣ ਗੀਆਂ,  ਉਸ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਵਿੱਚ ਗੰਗੂ ਬ੍ਰਾਹਮਣ ਮਹੰਤ ਨਰਾਇਣੂ, ਤੇਜਾ ਸਿੰਘ, ਸਤਨਾਮ ਸਿੰਘ ਪਿਪਲੀ ਵਾਲਾ "ਰਾਜਾ ਜੋਗੀ", ਹਰਨਾਮ ਸਿੰਘ ਧੁੰਮਾ ਬਾਬਾ ਦੀਪ ਸਿੰਘ ਅਵਾਰਡ, ਬੁੱਢਾ ਦਲ ਜੱਥੇਬੰਦੀ, ਪਿਪਲੀ ਵਾਲੇ ਦੀ ਪਤਨੀ "ਰਾਣੀ ਮਾਤਾ" ਵਰਗੇ ਲੋਕ ਹੀ ਪੜ੍ਹਾਏ ਜਾਣਗੇ। ਇਹੋ ਜਹੇ ਨਵੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੀ ਭੂਮਿਕਾ ਜੇ ਆਰ.ਐਸ.ਐਸ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ  ਦੇ ਕਿਸੇ ਮੁੱਖੀ ਦੀ ਲਿਖੀ ਮਿਲੇ, ਤਾਂ ਇਸ ਵਿੱਚ ਵੀ ਬਹੁਤ ਹੈਰਾਨ ਹੋਣ ਵਾਲੀ ਕੋਈ ਗਲ ਨਹੀਂ ਹੋਵੇਗੀ। ਸਿੱਖੀ ਦਾ ਵਰਤਮਾਨ ਵੀ ਚੰਗਾ ਨਹੀਂ,  ਅਤੇ ਭਵਿਖ ਵੀ ਚੰਗਾ ਨਹੀਂ।

ਰੱਬ ਭਲੀ ਕਰੇ, ਖੈਰ ਕਰੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top