Share on Facebook

Main News Page

ਸਿੱਖਾਂ ਨੇ ਕਰਮ ਕਾਂਡਾਂ ਦਾ ਭਾਰ ਲਾਹ ਕੇ ਨਹੀਂ ਸੁੱਟਿਆ, ਕੇਵਲ ਮੋਢਾ ਬਦਲ ਕੇ ਦੂਸਰੇ ਮੋਢੇ 'ਤੇ ਰੱਖ ਲਿਆ ਹੈ
- ਭਾਈ ਪੰਥਪ੍ਰੀਤ ਸਿੰਘ

ਸਾਡੇ ਇਹ ਜਥੇਦਾਰਥ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ ਹਨ ਜੋ ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ ਪਰ ਸਾਡੇ ਪੁਜਾਰੀ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹਨ

ਬਠਿੰਡਾ, ੪ ਅਪ੍ਰੈਲ (ਕਿਰਪਾਲ ਸਿੰਘ, ਤੁੰਗਵਾਲੀ): ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਸਿੱਖਾਂ ਨੇ ਕਰਮ ਕਾਂਡਾਂ ਦਾ ਭਾਰ ਲਾਹ ਕੇ ਨਹੀਂ ਸੁੱਟਿਆ ਸਗੋਂ ਕੇਵਲ ਮੋਢਾ ਬਦਲ ਕੇ ਦੂਸਰੇ ਮੋਢੇ 'ਤੇ ਰੱਖ ਲਿਆ ਹੈ। ਇਹ ਸ਼ਬਦ ਪਿੰਡ ਭਾਈ ਬਖ਼ਤੌਰ ਵਿਖੇ ਚੱਲੇ ਸੂਬਾ ਪੱਧਰੀ ਤਿੰਨ ਦਿਨਾ ਵਿਸਾਲ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਵਿੱਚ ਬੋਲਦਿਆਂ ਗੁਰਮਤਿ ਦੇ ਨਿਸ਼ਕਾਮ ਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਨੇ ਬੀਤੀ ਰਾਤ ਕਹੇ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ: 'ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥' 'ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥' ਪਰ ਇਨ੍ਹਾਂ ਤੁਕਾਂ ਦਾ ਸੈਂਕੜੇ ਵਾਰੀ ਪਾਠ ਕਰਨ ਵਾਲੇ ਜਦੋਂ ਵੀ ਭੂਤ ਪ੍ਰੇਤਾਂ, ਦੇਵੀ ਦੇਵਤਿਆਂ ਆਦਿ ਦੀ ਗੱਲ ਚਲਦੀ ਹੈ ਤਾਂ ਕਹਿ ਦਿੰਦੇ ਹਨ- ਹੈ ਤਾਂ ਸਭ ਕੁਝ; ਐਵੇਂ ਤਾਂ ਗੱਲਾਂ ਨਹੀਂ ਬਣੀਆਂ। ਉਨ੍ਹਾਂ ਕਿਹਾ ਭੁਲੇਖਾ ਉਸ ਸਮੇਂ ਪੈਂਦਾ ਹੈ ਜਦੋਂ ਗੱਲ ਸਮਝਾਉਣ ਲਈ ਝੂਠ ਦੇ ਪ੍ਰਚਲਤ ਦਿੱਤੇ ਹਵਾਲੇ ਨੂੰ ਸੱਚ ਮੰਨ ਲਿਆ ਜਾਂਦਾ ਹੈ। ਜਿਵੇਂ ਕਿ ਜਪੁਜੀ ਸਾਹਿਬ 'ਚ ਵਿੱਚ ਲਿਖੀ ਹੋਈ ਇਸ ਪਉੜੀ: 'ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥' ਦਾ ਇਹ ਭਾਵ ਨਹੀਂ ਕਿ ਗੁਰੂ ਸਾਹਿਬ ਜੀ ਨੇ ਮੰਨ ਲਿਆ ਹੈ ਕਿ ਦੁਨੀਆਂ ਦੀ ਕਾਰ ਤਿੰਨ ਵੱਡੇ ਦੇਵਤੇ ਚਲਾ ਰਹੇ ਹਨ। ਸਗੋਂ ਇਥੇ ਗੱਲ ਸਮਝਾਉਣ ਲਈ ਗੁਰੂ ਸਾਹਿਬ ਜੀ ਨੇ ਲੋਕਾਂ ਵਿਚ ਆਮ ਪ੍ਰਚੱਲਤ ਇਸ ਖ਼ਿਆਲ ਦਾ ਹਵਾਲਾ ਦਿੱਤਾ ਹੈ ਕਿ ਲੋਕ ਮੰਨਦੇ ਹਨ ਕਿ ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਣ ਅਤੇ ਪਾਠ ਕਰਨ ਕਰਵਾਉਣ ਵਾਲੇ ਜੇ ਇਸ ਤੋਂ ਭੁਲੇਖਾ ਖਾ ਕੇ ਇਹ ਮੰਨ ਲੈਣ ਕਿ ਕਰਣ-ਕਾਰਣ ਸਰਬਕਲਾ ਸਮਰੱਥ ਇੱਕ ਅਕਾਲ ਪੁਰਖ਼ ਤੋਂ ਬਿਨਾਂ ਦੂਸਰੇ ਹੋਰ ਤਿੰਨ ਵੱਡੇ ਦੇਵਤੇ ਵੀ ਹਨ ਜਿਨ੍ਹਾਂ ਨੇ ਸ੍ਰਿਸ਼ਟੀ ਪੈਦਾ ਕਰਨ, ਇਸ ਨੂੰ ਰਿਜ਼ਕ ਦੇਣ ਅਤੇ ਖ਼ਤਮ ਕਰਨ ਦੇ ਮਹਿਕਮੇ ਸੰਭਾਲੇ ਹੋਏ ਹਨ; ਤਾਂ ਉਹ ਗੁਰੂ ਨੂੰ ਵੀ ਭੁਲੇਖੇ ਵਿੱਚ ਪਏ ਹੋਏ ਸਮਝ ਕੇ ਇਹ ਦੱਸਣ ਦਾ ਯਤਨ ਕਰ ਰਹੇ ਹਨ ਕਿ ਗੁਰੂ ਜੀ ਕਦੀ ਲਿਖ ਦਿੰਦੇ ਹਨ ਕਿ ਇੱਕ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਪਰ ਦੂਜੀ ਥਾਂ ਲਿਖ ਦਿੰਦੇ ਹਨ ਤਿੰਨ ਹਨ। ਉਨ੍ਹਾਂ ਕਿਹਾ ਜਿਨ੍ਹਾਂ ਨੇ ਅਰਥਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕੀਤਾ ਹੈ ਤੇ ਇਸ ਵਿੱਚ ਵਰਨਣ ਕੀਤਾ ਫ਼ਲਸਫ਼ਾ ਸਮਝ ਲਿਆ ਹੈ ਉਹ ਜਾਣਦੇ ਹਨ ਕਿ ਗੁਰੂ ਸਾਹਿਬ ਜੀ ਅਗਲੀਆਂ ਤੁਕਾਂ ਵਿੱਚ ਸਮਝਾ ਰਹੇ ਹਨ ਕਿ ਲੋਕਾਂ ਦਾ ਇਹ ਖ਼ਿਆਲ ਸੱਚ ਨਹੀਂ ਅਸਲ ਗੱਲ ਇਹ ਹੈ: 'ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥' ਭਾਵ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ।੩੦।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰੂ ਸਾਹਿਬ ਜੀ ਦੀ ਇਸ ਲਿਖਣ ਸ਼ੈਲੀ ਨੂੰ ਨਾ ਸਮਝਣ ਵਾਲੇ ਵੇਖਣ ਨੂੰ ਭਾਵੇਂ ਸਿੱਖ ਲਗਦੇ ਹੋਣ, ਬੇਸ਼ੱਕ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਦਾ ਦਾਅਵਾ ਵੀ ਕਰ ਰਹੇ ਹੋਣ ਪਰ ਅਸਲ ਵਿੱਚ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਪੁਜਾਰੀਆਂ ਵੱਲੋਂ ਅਖੌਤੀ ਧਾਰਮਕ ਕਰਮਕਾਂਡਾਂ ਦੇ ਭਾਰ ਦੀ ਪੰਡ ਲਾ ਕੇ ਸੁੱਟੀ ਨਹੀਂ ਸਿਰਫ ਇੱਕ ਮੋਢੇ ਤੋਂ ਬਦਲ ਕੇ ਦੂਸਰੇ 'ਤੇ ਰੱਖ ਲਈ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਪੰਡਿਤ ਕਹਿੰਦਾ ਸੀ ਤੁਸੀਂ ੨੧ ਰੁਪਏ ਜਮਾਂ ਕਰਵਾਓ ਤੁਹਾਡੇ ਲਈ ਗਾਇਤ੍ਰੀ ਮੰਤਰ ਦਾ ਪਾਠ ਮੈਂ ਕਰਾਂਗਾ ਜਿਸ ਦਾ ਫ਼ਲ ਤੁਹਾਨੂੰ ਮਿਲ ਜਾਵੇਗਾ। ਸ਼੍ਰੋਮਣੀ ਕਮੇਟੀ ਤੇ ਡੇਰੇਦਾਰ ਕਹਿੰਦੇ ਸਾਡੇ ਪਾਸ ੫੧੦੦ ਰੁਪਏ ਜਮ੍ਹਾ ਕਰਵਾਓ, ਪਾਠ ਅਸੀਂ ਕਰ ਦੇਵਾਂਗੇ ਜਿਸ ਦਾ ਫ਼ਲ ਤੁਹਾਨੂੰ ਮਿਲ ਜਾਵੇਗਾ।

ਪੁਜਾਰੀਆਂ ਨੇ ਜੋ ਆਪ ਖਾਣਾ ਪੀਣਾ ਹੁੰਦਾ ਸੀ ਉਸ ਨੂੰ ਕਿਸੇ ਦੇਵਤੇ ਨਾਲ ਜੋੜ ਕੇ ਉਸ ਨੂੰ ਭੇਟਾ ਚੜ੍ਹਾਉਣ ਦਾ ਬਹਾਨਾ ਲਾ ਕੇ ਖਾ ਪੀ ਆਪ ਜਾਂਦੇ ਸਨ। ਜਿਵੇਂ ਕਿ ਉਹ ਮੰਦਰਾਂ ਵਿੱਚ ਦੇਵਤਿਆਂ ਅੱਗੇ ਪਸ਼ੂਆਂ ਦੀਆਂ ਬਲੀਆਂ ਦਿੰਦੇ ਸਨ; ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖੰਡਨ ਕੀਤਾ ਗਿਆ ਹੈ: 'ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ॥੨॥' (ਮਾਰੂ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੧੧੦੩) ਪਰ ਇਸ ਦਾ ਪਾਠ ਕਰਨ ਵਾਲੇ ਸਾਡੇ ਤਖ਼ਤਾਂ ਦੇ ਜਥੇਦਾਰ ਨਿਸ਼ਾਨ ਸਾਹਿਬ ਅੱਗੇ ਬੱਕਰਿਆਂ ਦੀ ਬਲੀਆਂ ਦੇ ਕੇ ਉਨ੍ਹਾਂ ਦੇ ਖ਼ੂਨ ਦੇ ਟਿੱਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਨੂੰ ਲਾ ਰਹੇ ਹਨ। ਮੋਢਾ ਬਦਲਣ ਵਾਂਗ ਸਿਰਫ ਮੂਰਤੀਆਂ ਅੱਗੇ ਬਲੀ ਦੇਣ ਦੀ ਥਾਂ ਨਿਸ਼ਾਨ ਸਾਹਿਬ ਕੋਲ ਬਲੀ ਦੇਣੀ ਸ਼ੁਰੂ ਕਰ ਦਿੱਤੀ ਹੈ।

ਪੁਜਾਰੀ ਕਾਲੀ ਦੇਵੀ ਨੂੰ ਸ਼ਰਾਬ ਦਾ ਭੋਗ ਲਵਾ ਕੇ ਪੀ ਆਪ ਜਾਂਦੇ ਹਨ ਤਾਂ ਸਾਡੇ ਇਹ ਜਥੇਦਾਰ ਭੰਗ ਨੂੰ ਸ਼ਹੀਦੀ ਦੇਗ਼ ਦਾ ਨਾਂ ਦੇ ਕੇ ਸ਼ਹੀਦਾਂ ਨੂੰ ਭੋਗ ਲਾਉਂਦੇ ਹਨ ਤੇ ਇਸ ਨੂੰ ਸੁੱਖ ਨਿਧਾਨ ਕਹਿ ਕੇ ਪੀ ਆਪ ਜਾਂਦੇ ਹਨ। ਕੇਵਲ ਮੁਰਤੀਆਂ ਨੂੰ ਭੋਗ ਲਾਉਣ ਦੀ ਥਾਂ ਸ਼ਹੀਦਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਭੋਗ ਲਵਾਇਆ ਜਾਂਦਾ ਹੈ।

ਮੰਦਰ ਦੇ ਪੁਜਾਰੀ ਘਿਉ ਦੇ ਦੀਵੇ ਥਾਲੀਆਂ ਵਿੱਚ ਰੱਖ ਕੇ ਮੂਰਤੀਆਂ ਅੱਗੇ ਘੁੰਮਾ ਕੇ ਕਹਿੰਦੇ ਹਨ ਕਿ ਉਹ ਜਗਤ ਦੇ ਮਾਲਕ ਜਗੰਨਾਥ ਦੀ ਆਰਤੀ ਕਰਦੇ ਹਨ; ਜਿਸ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਹੈ: 'ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥' (ਸੋਹਿਲਾ)। ਸਾਡੇ ਜਥੇਦਾਰ ਤੇ ਡੇਰੇਦਾਰ ਪੁਜਾਰੀ ਸ਼ਬਦ ਇਹੀ ਪੜ੍ਹੀ ਜਾਣਗੇ ਪਰ ਇਸ ਦੀ ਸਿੱਖਿਆ ਦੇ ਉਲਟ ਦੀਵੇ ਥਾਲ ਵਿੱਚ ਰੱਖ ਕੇ ਮੂਰਤੀ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੁਆਲੇ ਘੁਮਾਉਂਦੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਮਣਾਂ ਮੂੰਹੀਂ ਘਿਉ ਤੇ ਤੇਲ ਧਰਮ ਦੇ ਨਾਮ 'ਤੇ ਫੂਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਧਰਮ ਦੇ ਨਾਮ 'ਤੇ ਫੂਕਿਆ ਜਾ ਰਿਹਾ ਘਿਉ ਤੇਲ ਲੋੜਵੰਦਾਂ ਨੂੰ ਦੇਣਾਂ ਚਾਹੀਦਾ ਕਿਉਂਕਿ ਉਹ ਵੀ ਪ੍ਰਭੂ ਦੀ ਹੀ ਜੋਤ ਹਨ: 'ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥' ਇਸ ਜੋਤ ਵਿੱਚ ਪਾਇਆ ਘਿਉ ਹੀ ਮਾਨੋ ਦੀਵੇ ਜਗਾ ਕੇ ਪ੍ਰਭੂ ਦੀ ਆਰਤੀ ਕਰਨੀ ਤੇ ਉਸ ਲਈ ਜੋਤ ਜਗਾਉਣੀ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ੩੦ ਮਾਰਚ ੧੬੯੯ ਦੀ ਵੈਸਾਖੀ ਨੂੰ ਗੁਰੂ ਗੋਬਿੰਦ (ਰਾਇ) ਸਿੰਘ ਜੀ ਵੱਲੋਂ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖ਼ਾਲਸਾ ਪ੍ਰਗਟ ਕਰਨ ਦੇ ਵਰਤਾਏ ਕੌਤਕ ਦੌਰਾਨ ਭਾਈ ਦਇਆ ਰਾਮ ਖੱਤਰੀ ਵਾਸੀ ਲਹੌਰ, ਭਾਈ ਧਰਮ ਚੰਦ ਜੱਟ ਵਾਸੀ ਹਸਤਨਾਪੁਰੀ (ਦਿੱਲੀ), ਭਾਈ ਹਿੰਮਤ ਚੰਦ ਝਿਊਰ ਵਾਸੀ ਜਗਨਨਾਥਪੁਰੀ ਉੜੀਸਾ, ਭਾਈ ਮੋਹਕਮ ਚੰਦ ਛੀਂਬਾ ਵਾਸੀ ਦਵਾਰਕਾਪੁਰੀ ਗੁਜਰਾਤ ਅਤੇ ਭਾਈ ਸਾਹਿਬ ਚੰਦ ਨਾਈ ਵਾਸੀ ਬਿਦਰ ਕਰਨਾਟਕਾ ਤੋਂ ਪੰਜਾਂ ਪਿਆਰਿਆਂ ਦੇ ਤੌਰ 'ਤੇ ਚੁਣੇ ਗਏ। ਬਾਣੀ ਪੜ੍ਹ ਕੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਤੇ ਫਿਰ ਉਨ੍ਹਾਂ ਪੰਜਾਂ ਤੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਬਣੇ। ਉਸ ਸਮੇਂ ਗੁਰੂ ਸਾਹਿਬ ਜੀ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਕਿ ਤੂੰ ਨੀਵੀਂ ਜਾਤ ਦਾ ਹੈਂ ਇਸ ਲਈ ਤੇਰੇ ਹੱਥੋਂ ਮੈਂ ਅੰਮ੍ਰਿਤ ਨਹੀਂ ਛਕਣਾ। ਸ਼ਹੀਦੀ ਉਪ੍ਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਭਾਈ ਜੈਤਾ ਜੀ ਰੰਘਰੇਟੇ ਜੋ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ; ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਜਾਤ ਪੁੱਛ ਕੇ ਝਾੜ ਨਹੀਂ ਪਾਈ ਕਿ ਤੂੰ ਨੀਵੀਂ ਜਾਤ ਦਾ ਸੀ ਇਸ ਲਈ ਗੁਰੂ ਸਾਹਿਬ ਜੀ ਦਾ ਸੀਸ ਚੁੱਕ ਕੇ ਭਿੱਟ ਕਿਉਂ ਦਿੱਤਾ ਹੈ? ਸਗੋਂ ਉਸ ਨੂੰ ਛਾਤੀ ਨਾਲ ਲਾ ਕੇ 'ਰੰਘਰੇਟੇ ਗੁਰੂ ਕੇ ਬੇਟੇ' ਕਹਿ ਕੇ ਮਾਣ ਬਖ਼ਸ਼ਿਆ। ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਦੇ ਸਿਰ 'ਤੇ ਆਪਣੀ ਕਲਗੀ ਤੇ ਬਸਤਰ ਸਜਾਉਣ ਸਮੇਂ ਉਸ ਦੀ ਜਾਤ ਨਹੀਂ ਪੁੱਛੀ ਤਾਂ ਅੱਜ ਦੇ ਪਾਖੰਡੀ ਸਾਧ ਕੌਣ ਹਨ ਜੋ ਗੁਰੂ ਸਾਹਿਬ ਜੀ ਤੋਂ ਵੀ ਆਪਣੇ ਆਪ ਨੂੰ ਵੱਧ ਪਵਿਤਰ ਹੋਣ ਦਾ ਭ੍ਰਮ ਪਾਲ਼ੀ ਬੈਠੇ ਹਨ ਤੇ ਭਿੱਟੇ ਜਾਣ ਦੇ ਡਰੋਂ ਉਨ੍ਹਾਂ ਨੂੰ ਸਾਂਝੀ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦੀ ਵੀ ਇਜਾਜਤ ਨਹੀਂ ਦਿੰਦੇ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਮ੍ਰਿਤਕ ਸਰੀਰ ਨੂੰ ਬਿਲੇ ਲਾਉਣ ਦਾ ਕੋਈ ਵੀ ਢੰਗ ਤੇ ਉਸ ਪਿੱਛੋਂ ਕੀਤੇ ਗਏ ਕਰਮਕਾਂਡ ਮ੍ਰਿਤਕ ਨੂੰ ਸਹਾਈ ਨਹੀਂ ਹੋ ਸਕਦੇ: 'ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥' (ਸੋਰਠਿ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੬੪੮)। ਮਿਰਤਕ ਸੰਸਕਾਰ ਸਿਰਲੇਖ ਹੇਠ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ (ੲ) ਮ੍ਰਿਤਕ ਸਰੀਰ ਨੂੰ ਸਸਕਾਰਨਾ ਚਾਹੀਏ, ਪਰ ਜਿੱਥੇ ਸਸਕਾਰ ਦਾ ਪ੍ਰਬੰਧ ਨਾ ਸਕੇ ਉਥੇ ਜਲਪ੍ਰਵਾਹ ਜਾਂ ਹੋਰ ਤਰੀਕਾ ਵਰਣਾ ਤੋਂ ਸ਼ੰਕਾ ਨਹੀਂ ਕਰਨੀ। (ਕ) ਮਿਰਤਕ ਪ੍ਰਾਣੀ ਦਾ 'ਅੰਗੀਠਾ' ਠੰਡ ਹੋਣ 'ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿੱਚ ਜਲ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ 'ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। (ਖ) ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਵਿਸ਼ੇਸ਼ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ। ਪਰ ਸਾਡੀ ਸ਼੍ਰੋਮਣੀ ਕਮੇਟੀ ਨੇ ਕੀਰਤਪੁਰ ਆਦਿਕ ਥਾਵਾਂ 'ਤੇ ਅਸਥੀਆਂ ਪਾਉਣ ਲਈ ਵਿਸ਼ੇਸ਼ ਤੌਰ 'ਤੇ ਅਸਥਘਾਟ ਬਣਾਏ ਹਨ ਜਥੇਦਾਰ ਨੇ ਉਨ੍ਹਾਂ ਦਾ ਉਦਘਾਟਨ ਕੀਤਾ ਹੈ।

ਵਿਸ਼ੇਸ਼ ਆਗੂਆਂ ਤੇ ਡੇਰੇਦਾਰਾਂ ਦੀਆਂ ਅਸਥੀਆਂ ਪਾਉਣ ਸਮੇਂ ਤਾਂ ਸਾਡੇ ਜਥੇਦਾਰ ਵਿਸ਼ੇਸ਼ ਤੌਰ 'ਤੇ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ। ਭੋਗ ਅਤੇ ਅੰਤਿਮ ਅਰਦਾਸ ਮੌਕੇ ਬੇਸ਼ੱਕ ਪਾਠ/ਕੀਰਤਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਕੀਤਾ ਜਾਂਦਾ ਹੈ ਪਰ ਗੁਰਬਾਣੀ ਦੀ ਸਿੱਖਿਆ ਦੇ ਐਣ ਉਲਟ ਕਰਮਕਾਂਡ ਗਰੁੜ ਪੁਰਾਣ ਦੀ ਸਿੱਖਿਆ ਅਨੁਸਾਰ ਹੀ ਕੀਤੇ ਜਾਂਦੇ ਹਨ। ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਸਾਡੇ ਇਹ ਜਥੇਦਾਰਥ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ ਹਨ ਜੋ ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ ਪਰ ਸਾਡੇ ਪੁਜਾਰੀ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top