Share on Facebook

Main News Page

ਜਾਤੀ ਵਿਤਕਰਾ ਕਰਨ ਵਾਲਿਆਂ ਨੂੰ ਮੂਰਖ ਕਹਿਣ ਵਾਲਾ ਨਿੰਦਕ ਹੈ?
ਜਾਂ
ਉਨ੍ਹਾਂ ਨੂੰ ਮਹਾਂਪੁਰਖ ਕਹਿਣ ਵਾਲਾ ਖ਼ੁਸ਼ਾਮਦੀ ਹੈ?

- ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਭਾਈ ਕਿਸ਼ਨ ਸਿੰਘ ਅੰਮ੍ਰਿਤਸਰ ਵਾਲੇ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ 3, 4, 5 ਅਪ੍ਰੈਲ ਨੂੰ ਲਗਾਤਾਰ ਤਿੰਨ ਦਿਨ ਕਥਾ ਕੀਤੀ। ਪਹਿਲੇ ਦਿਨ ਦੀ ਕਥਾ ਦੌਰਾਨ ਉਨ੍ਹਾਂ ਨੇ ਸੰਤਾਂ ਮਹਾਂਪੁਰਖਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲੈਂਦਿਆਂ ਵੀਚਾਰ ਅਧੀਨ ਸ਼ਬਦ ਤੋਂ ਬਾਹਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 1145 ’ਤੇ ਦਰਜ ਗੁਰੂ ਅਰਜੁਨ ਸਾਹਿਬ ਜੀ ਦੇ ਉਚਾਰਣ ਕੀਤੇ ਸ਼ਬਦ ਨੂੰ ਪ੍ਰਮਾਣ ਵਜੋਂ ਵਰਤਦਿਆਂ ਇਹ ਪੂਰਾ ਸ਼ਬਦ ਪੜ੍ਹਿਆ:

ਭੈਰਉ ਮਹਲਾ 5 ॥ ਸੰਤ ਕੀ ਨਿੰਦਾ ਜੋਨੀ ਭਵਨਾ ॥ ਸੰਤ ਕੀ ਨਿੰਦਾ ਰੋਗੀ ਕਰਨਾ ॥ ਸੰਤ ਕੀ ਨਿੰਦਾ ਦੂਖ ਸਹਾਮ ॥ ਡਾਨੁ ਦੈਤ ਨਿੰਦਕ ਕਉ ਜਾਮ ॥1॥ ਸੰਤਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ ਨਾਹੀ ਕਿਛੁ ਸਾਦੁ ॥1॥ ਰਹਾਉ ॥ ਭਗਤ ਕੀ ਨਿੰਦਾ ਕੰਧੁ ਛੇਦਾਵੈ ॥ ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ ਗਰਭ ਮਹਿ ਗਲੈ ॥ ਭਗਤ ਕੀ ਨਿੰਦਾ ਰਾਜ ਤੇ ਟਲੈ ॥2॥ ਨਿੰਦਕ ਕੀ ਗਤਿ ਕਤਹੂ ਨਾਹਿ ॥ ਆਪਿ ਬੀਜਿ ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ ਬੁਰਾ ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥3॥ ਪਾਰਬ੍ਰਹਮ ਕੇ ਭਗਤ ਨਿਰਵੈਰ ॥ ਸੋ ਨਿਸਤਰੈ ਜੋ ਪੂਜੈ ਪੈਰ ॥ ਆਦਿ ਪੁਰਖਿ ਨਿੰਦਕੁ ਭੋਲਾਇਆ ॥ ਨਾਨਕ ਕਿਰਤੁ ਨ ਜਾਇ ਮਿਟਾਇਆ ॥4॥21॥34॥

ਇਸ ਸ਼ਬਦ ਦੀ ਵਿਆਖਿਆ ਕਰਦਿਆਂ ਉਨ੍ਹਾਂ ਪਹਿਲਾਂ ਤਾਂ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਫਿਰ ਕਿਹਾ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ: ‘ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥

ਇਸ ਸ਼ਬਦ ਦੀ ਵਿਖਾਖਿਆ ਕਰਨ ਉਪ੍ਰੰਤ ਵਿਦਵਾਨਾਂ ’ਤੇ ਨਿਸ਼ਾਨਾ ਸਾਧਨ ਲਈ ਉਨ੍ਹਾਂ ਨੇ ਕਬੀਰ ਸਾਹਿਬ ਜੀ ਦਾ ਸਲੋਕ ਪੜ੍ਹਿਆ: ‘ਕਬੀਰ ਮੈ ਜਾਨਿਓ ਪੜਿਬੋ ਭਲੋ, ਪੜਿਬੇ ਸਿਉ ਭਲ ਜੋਗੁ ॥ ਭਗਤਿ ਨ ਛਾਡਉ ਰਾਮ ਕੀ, ਭਾਵੈ ਨਿੰਦਉ ਲੋਗੁ ॥45॥’ ਇਸ ਦੀ ਵਿਆਖਿਆ ਕਰਦਿਆਂ ਭਾਈ ਕਿਸ਼ਨ ਸਿੰਘ ਨੇ ਕਿਹਾ ਕਿ ਕਬੀਰ ਸਾਹਿਬ ਜੀ ਫੁਰਮਾਉਂਦੇ ਹਨ: ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ। (ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਪਰ ਮੈਂ (ਅਜਿਹੀ ਵਿੱਦਿਆ ਦੇ ਵੱਟੇ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥45॥

ਇਸ ਉਪ੍ਰੰਤ ਕਬੀਰ ਸਾਹਿਬ ਜੀ ਦੀ ਨਿੰਦਾ ਕਰਨ ਵਾਲਿਆਂ ਲਈ ਕਬੀਰ ਸਾਹਿਬ ਵੱਲੋਂ ਵਧੀਆ ਭੋਜਨ ਤਿਆਰ ਕਰਕੇ ਉਨ੍ਹਾਂ ਨੂੰ ਛਕਾਉਣ ਲਈ ਆਪਣੇ ਪੁੱਤਰ ਨੂੰ ਭੇਜਣ ਅਤੇ ਜਿਸ ਦਿਨ ਉਨ੍ਹਾਂ ਨੇ ਨਿੰਦਾ ਛੱਡ ਕੇ ਉਸਤਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਪ੍ਰਸ਼ਾਦਾ ਭੇਜਣਾ ਬੰਦ ਕੀਤੇ ਜਾਣ ਦੀ ਸਾਖੀ ਸੁਣਾਈ ਤੇ ਇਸ ਦੀ ਪ੍ਰੋੜਤਾ ਲਈ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਪੜ੍ਹਿਆ:

ਗਉੜੀ ॥ ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥1॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥1॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥2॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥3॥20॥71॥

ਦੋ ਦਿਨ ਕਥਾ ਸੁਣਨ ਉਪ੍ਰੰਤ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕਰਕੇ ਬੇਨਤੀ ਕੀਤੀ ਕਿ ਕਿਸੇ ਦੀ ਵੀ ਨਿੰਦਾ ਨਾ ਕਰਨ ਸਬੰਧੀ ਤਾਂ ਤੁਸੀਂ ਬਹੁਤ ਹੀ ਢੁਕਵੇਂ ਸ਼ਬਦਾਂ ਦੇ ਪ੍ਰਮਾਣ ਦੇ ਕੇ ਸਮਝਾਇਆ ਹੈ। ਪਰ ਤੁਸੀਂ ਇਸ ਕਥਾ ਦੌਰਾਨ ਭਗਤ ਪ੍ਰਹਲਾਦ ਅਤੇ ਹਰਨਾਖ਼ਸ਼ ਦੀ ਸਾਖੀ ਅਤੇ ਇਸ ਨਾਲ ਸਬੰਧਤ ਗੁਰਬਾਣੀ ਵਿੱਚ ਦਰਜ ਸ਼ਬਦ ਵੀ ਸੁਣਾਏ ਸਨ। ਇਹ ਦੱਸੋ ਕਿ ਕੀ ਤੁਸੀਂ ਹਰਨਾਖ਼ਸ਼ ਦੀ ਨਿੰਦਾ ਕਰ ਰਹੇ ਸੀ? ਜਵਾਬ ਵਿੱਚ ਭਾਈ ਕਿਸ਼ਨ ਸਿੰਘ ਨੇ ਕਿਹਾ ਕੰਡੇ ਨੂੰ ਕੰਡਾ ਕਹਿਣਾਂ ਨਿੰਦਾ ਨਹੀਂ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ। ਇਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਫਿਰ ਗੁਰਬਾਣੀ ਵਿੱਚ ਇਹ ਸ਼ਬਦ ਵੀ ਦਰਜ ਹਨ:

ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍‍ੇ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥4॥2॥’ (ਗੁਰੂ ਗ੍ਰੰਥ ਸਾਹਿਬ - ਪੰਨਾ 476)

ਦੱਸੋ ਜੇ ਕੋਈ ਵਿਦਵਾਨ ਇਸ ਸ਼ਬਦ ਦੀ ਵਿਆਖਿਆ ਕਰ ਦੇਵੇ ਤਾਂ ਉਹ ਕਿਸੇ ਸੰਤ ਦੀ ਨਿੰਦਾ ਕਿਵੇਂ ਬਣ ਗਈ?

ਦੂਸਰੀ ਗੱਲ ਹੈ ਕਿ ਗੁਰਬਾਣੀ ਵਿੱਚ ਸਿਰਫ ਨਿੰਦਾ ਕਰਨ ਤੋਂ ਹੀ ਨਹੀਂ ਰੋਕਿਆ ਗਿਆ ਸਗੋਂ ਝੂਠੀ ਉਸਤਤ ਕਰਨ ਤੋਂ ਵੀ ਰੋਕਿਆ ਗਿਆ ਹੈ। ਜਿਵੇਂ ਕਿ: ‘ਉਸਤਤਿ ਨਿੰਦਾ ਦੋਊ ਤਿਆਗੈ, ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ, ਕਿਨਹੂੰ ਗੁਰਮੁਖਿ ਜਾਨਾ ॥2॥1॥’ (ਮ: 9, ਗੁਰੂ ਗ੍ਰੰਥ ਸਾਹਿਬ – ਪੰਨਾ 219)। ਅਤੇ ‘ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥1॥’ (ਕੇਦਾਰਾ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1123)

ਫਿਰ ਕੀ ਕਾਰਣ ਹੈ ਕਿ ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦੀ ਅਲੋਚਨਾ ਕਰਨ ਵਾਲੇ; ਕਿਸੇ ਮਾਨ ਸਨਮਾਨ, ਮਾਇਕ ਜਾਂ ਕੋਈ ਹੋਰ ਲਾਲਚ ਪੂਰ ਕਰਨ ਲਈ ਕਿਸੇ ਦੀ ਝੂਠੀ ਉਸਤਤ ਕਰਨ ਵਾਲਿਆਂ ਨੂੰ ਕੋਈ ਸੇਧ ਕਿਉਂ ਨਹੀਂ ਦਿੰਦੇ? ਉਨ੍ਹਾਂ ਤੋਂ ਪੁੱਛਿਆ ਗਿਆ ਕਿ ਗੁਰੂ ਕੇ ਲੰਗਰਾਂ ਅਤੇ ਗੁਰਦੁਆਰਿਆਂ ਵਿੱਚ ਜਾਤ ਦੇ ਅਧਾਰ ’ਤੇ ਵਿਤਕਰੇ ਕਰਨ ਵਾਲਿਆਂ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖ਼ਤੌਰ ਵਾਲੇ ਮਹਾਂਮੂਰਖ਼ ਦੱਸ ਰਹੇ ਹਨ ਪਰ ਜਾਤੀ ਵਿਤਕਰਾ ਕਰਨ ਵਾਲੇ ਉਨ੍ਹਾਂ ਹੀ ਸੰਤਾਂ ਦੇ ਡੇਰਿਆਂ ਦੇ ਸਮਾਗਮਾਂ ਵਿੱਚ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਗਪਗ ਸਾਰੇ ਮੁੱਖ ਅਹੁਦੇਦਾਰ ਤੇ ਪ੍ਰਚਾਰਕ ਉਨ੍ਹਾਂ ਹੀ ਸੰਤਾਂ ਨੂੰ ਮਹਾਂਪੁਰਖ਼ ਤੇ ਪੂਰਨ ਬ੍ਰਹਮਗਿਆਨੀ ਦੇ ਵਿਸ਼ੇਸ਼ਣਾਂ ਨਾਲ ਨਿਵਾਜ਼ਦੇ ਹਨ। ਇੱਕ ਹੀ ਵਿਅਕਤੀ ਲਈ ਬਿਲਕੁਲ ਆਪਾਵਿਰੋਧੀ ਵਿਸ਼ੇਸ਼ਣ ਵਰਤਣ ਵਾਲਿਆਂ ਵਿੱਚੋਂ ਇੱਕ ਤਾਂ ਜਰੂਰ ਹੀ ਗਲਤ ਹੋਵੇਗਾ? ਤੁਸੀਂ ਅਗਲੀ ਕਥਾ ਵਿੱਚ ਗੁਰਬਾਣੀ ਦੇ ਪ੍ਰਮਾਣ ਦੇ ਕੇ ਸੰਗਤਾਂ ਨੂੰ ਇਹ ਸਮਝਾਉਣ ਦੀ ਕ੍ਰਿਪਾ ਕਰਨੀ ਕਿ ਸੰਤਾਂ ਨੂੰ ਮਹਾਂਮੂਰਖ਼ ਕਹਿਣ ਵਾਲਾ ਭਾਈ ਪੰਥਪ੍ਰੀਤ ਸਿੰਘ ਗਲਤ ਹੈ ਜਾਂ ਮਹਾਂਪੁਰਖ਼ ਤੇ ਪੂਰਨ ਬ੍ਰਹਮਗਿਆਨੀ ਕਹਿਣ ਵਾਲੇ ਜਥੇਦਾਰ ਤੇ ਪ੍ਰਚਾਰਕ ਗਲਤ ਹਨ?

ਭਾਈ ਕਿਸ਼ਨ ਸਿੰਘ ਨੇ ਕਿਹਾ ਗੱਲਬਾਤ ਤੋਂ ਤੁਸੀਂ ਕਾਫੀ ਸੂਝਵਾਨ ਲਗਦੇ ਹੋ, ਪਰ ਇਹ ਸਾਰੀ ਵੀਚਾਰ ਫ਼ੋਨ ’ਤੇ ਨਹੀਂ ਹੋ ਸਕਦੀ ਕਦੀ ਆਪਾਂ ਮਿਲ ਕੇ ਬੈਠਾਂਗੇ ਤੇ ਵੀਚਾਰ ਕਰਾਂਗੇ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਿਰਫ ਆਪਣੇ ਦੋਵਾਂ ਦੇ ਵੀਚਾਰ ਵਟਾਂਦਰੇ ਦੀ ਗੱਲ ਨਹੀਂ ਹੈ ਗੱਲ ਉਸ ਸਮੁੱਚੀ ਸੰਗਤ ਦੀ ਹੈ ਜਿਹੜੀ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵੀਚਾਰ ਸੁਣ ਕੇ ਦੁਬਿਧਾ ਵਿੱਚ ਪੈ ਰਹੇ ਹਨ; ਕਿ ਕਿਸ ਨੂੰ ਸਹੀ ਮੰਨਿਆਂ ਜਾਵੇ? ਇਸ ਲਈ ਕੀ ਮੈਂ ਉਮੀਦ ਕਰਾਂ ਕਿ ਕੱਲ੍ਹ ਦੀ ਕਥਾ ਦੌਰਾਨ ਤੁਸੀ ਸੰਗਤਾਂ ਦਾ ਇਹ ਭੁਲੇਖਾ ਦੂਰ ਕਰਨ ਦੀ ਕ੍ਰਿਪਾ ਕਰੋਗੇ? ਇਹ ਸੁਣਦਿਆਂ ਉਨ੍ਹਾਂ ਨੇ ਫ਼ੋਨ ਕੱਟ ਦਿੱਤਾ।

ਪਰ ਮੈਂ ਉਨ੍ਹਾਂ ਤੋਂ ਇਹ ਵੀ ਪੁੱਛਣ ਚਾਹੁੰਦਾ ਸੀ, ਕਿ ਕੀ ਕਾਰਣ ਹੈ ਕਿ ਜਿਹੜੇ ਪ੍ਰਚਾਰਕ ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦੀ ਬੜੇ ਖੁਲ੍ਹੇ ਸ਼ਬਦਾਂ ਵਿੱਚ ਅਲੋਚਨਾ ਕਰਦੇ ਨਹੀਂ ਥਕਦੇ ਉਹ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈਆਂ ਗਈਆਂ ਪੁਸਤਕਾਂ ਗੁਰਬਿਲਾਸ ਪਾਤਸ਼ਾਹੀ 6 ਅਤੇ ਸਿੱਖ ਇਤਿਹਾਸ (ਹਿੰਦੀ) ਵਿੱਚ ਗੁਰੂ ਸਾਹਿਬ ਜੀ ਲਈ ਵਰਤੇ ਗਏ ਅਪਮਾਨ ਜਨਕ ਸ਼ਬਦਾਂ ਅਤੇ ਕੀਤੇ ਗਏ ਚਰਿਤ੍ਰਘਾਣ ਸਬੰਧੀ ਮੌਨ ਕਿਉਂ ਧਾਰਨ ਕਰੀ ਬੈਠੇ ਹਨ? ਕੀ ਇਨ੍ਹਾਂ ਦੀ ਨਜ਼ਰਾਂ ਵਿੱਚ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਅਖੌਤੀ ਸੰਤਾਂ ਦੀ ਅਸਲੀਅਤ ਦੱਸਣੀ ਬਹੁਤ ਵੱਡਾ ਪਾਪ ਹੈ ਜਿਸ ਤੋਂ ਬਚਣ ਦਾ ਉਪਦੇਸ਼ ਦੇਣ ਲਈ ਉਨ੍ਹਾਂ ਨੂੰ ਆਪਣੀ ਕਥਾ ਦਾ ਅੱਧੇ ਤੋਂ ਵੱਧ ਸਮਾਂ ਜਾਇਆ ਕਰਨਾ ਪੈਂਦਾ ਹੈ ਪਰ ਉਨ੍ਹਾਂ ਦੇ ਮੁਕਾਬਲੇ ਸਾਡੇ ਮਹਾਨ ਗੁਰੂ ਸਾਹਿਬਾਨ ਤੁਛ ਜਾਪਦੇ ਹਨ ਜਿਸ ਕਰਕੇ ਉਨ੍ਹਾਂ ਦੀ ਨਿੰਦਾ ਇਨ੍ਹਾਂ ਨੂੰ ਬਿਲਕੁਲ ਨਹੀਂ ਚੁਭਦੀ? ਅੱਜ ਦੀ ਕਥਾ ਵਿੱਚ ਉਕਤ ਸਾਰੇ ਸਵਾਲਾਂ ਸਬੰਧੀ ਉਨ੍ਹਾਂ ਨੇ ਕੋਈ ਵੀ ਇਸ਼ਾਰਾ ਨਹੀਂ ਕੀਤਾ।

ਕੀ ਅਜਿਹੇ ਕਥਾਕਾਰਾਂ ਨੂੰ ਅੰਤਰਾਸ਼ਟਰੀ ਪੱਧਰ ਦੀਆਂ ਸਟੇਜਾਂ; ਜਿੱਥੋਂ ਲੱਖਾਂ ਪ੍ਰਾਣੀ ਸਿੱਧੇ ਪ੍ਰਸਾਰਣ ਰਾਹੀਂ ਵੀ ਸੁਣ ਰਹੇ ਹੁੰਦੇ ਹਨ; ’ਤੇ ਸਮਾਂ ਦੇਣਾ ਸਿੱਖ ਸੰਗਤਾਂ ਦਾ ਸਮਾਂ ਤੇ ਸਾਧਨ ਅਜਾਂਈ ਕਰਨਾ ਨਹੀਂ ਹੈ? ਅਜਿਹਾ ਪ੍ਰਚਾਰ ਸੁਣ ਕੇ ਝੂੰਮਣ ਵਾਲਿਆਂ ਲਈ ਵੀ ਸੋਚਣ ਦਾ ਸਮਾਂ ਹੈ ਕਿ ਉਨ੍ਹਾਂ ਨੇ ਹੁਣ ਤੱਕ ਗੁਰੂ ਦੀ ਕਿੰਨੀ ਕੁ ਸਿੱਖਿਆ ਗ੍ਰਹਿਣ ਕੀਤੀ ਹਾਂ ਜਾਂ ਘੰਟਾ ਅੱਧਾ ਘੰਟਾ ਕਥਾ ਸੁਣ ਕੇ ਕੜਾਹ ਪ੍ਰਸ਼ਾਦ ਦੀ ਦੇਗ਼ ਛਕਣ ਨੂੰ ਹੀ ਗੁਰੂ ਦੀ ਕ੍ਰਿਪਾ ਸਮਝਦੇ ਰਹਿਣਗੇ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top