Share on Facebook

Main News Page

ਸਾਡਾ ਹੱਕ ਫਿਲਮ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਸੀ
- ਪ੍ਰਕਾਸ਼ ਬਾਦਲ

* ਐਸ.ਜੀ.ਪੀ.ਸੀ ਦੇ ਕਿਸੇ ਮੈਂਬਰ ਨੇ ਇਹ ਫਿਲਮ ਦੇਖੀ ਹੀ ਨਹੀਂ : ਮੁੱਖ ਮੰਤਰੀ ਪੰਜਾਬ
* ਨੋ ਕੂਮੈਂਟਸ- ਨੋ ਕੁਮੈਂਟਸ-ਨੋ ਕੁਮੈਂਟਸ : ਅਵਤਾਰ ਸਿੰਘ ਮੱਕੜ
* ਇਸ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਜੋ ਕਿ ਪੰਜਾਬ ਦੇ ਹਾਲਾਤ ਖਰਾਬ ਕਰ ਸਕਦਾ ਹੋਵੇ : ਪੰਜੋਲੀ

ਗੁਰਨਾਮ ਸਿੰਘ ਅਕੀਦਾ, ਪਟਿਆਲਾ : 'ਸਾਡਾ ਹੱਕ' ਫਿਲਮ ਦੇ ਪੰਜਾਬ ਵਿਚ ਚੱਲਣ ਨਾਲ ਪੰਜਾਬ ਦਾ ਮਹੌਲ ਇਕ ਵਾਰੀ ਫੇਰ ਖਰਾਬ ਹੋ ਸਕਦਾ ਸੀ, ਇਸ ਕਰਕੇ ਇਸ ਫਿਲਮ ਤੇ ਪਾਬੰਦੀ ਲਾਈ ਗਈ ਹੈ, ਇਹ ਬਿਆਨ ਅੱਜ ਪ੍ਰੈਸ ਕਾਨਫਰੰਸ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ ਇਸ ਕਰਕੇ ਉਹ ਇਸ ਦੇ ਪੱਖ ਵਿਚ ਵੱਡੇ ਵੱਡੇ ਬਿਆਨ ਦੇ ਰਹੇ ਹਨ। ਸ. ਬਾਦਲ ਨੇ ਇਹ ਬਿਆਨ ਅੱਜ ਪਿੰਡ ਟੌਹੜਾ ਵਿਚ ਦਿਤੇ।

 

ਸ. ਬਾਦਲ ਨੂੰ ਜਦੋਂ ਪੁਛਿਆ ਗਿਆ ਕਿ ਇਸ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਮਾਨਤਾ ਦਿਤੀ ਜਾ ਚੁੱਕੀ ਹੈ, ਤਾਂ ਸ. ਬਾਦਲ ਸਪਸ਼ਟ ਹੀ ਮੁਕਰ ਗਏ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਜਾਂ ਪ੍ਰਧਾਨ ਨੇ ਇਹ ਫਿਲਮ ਦੇਖੀ ਹੀ ਨਹੀਂ, ਇਸ ਕਰਕੇ ਉਨ੍ਹਾਂ ਦਾ ਕੀ ਅਧਿਕਾਰ ਬਣਦਾ ਹੈ ਕਿ ਉਹ ਉਂਜ ਹੀ ਕਿਸੇ ਨੂੰ ਕਲੀਨ ਚਿੱਟ ਦਿੰਦੇ ਫਿਰਨ, ਸ. ਬਾਦਲ ਨੇ ਕਿਹਾ ਕਿ ਮੈਂ ਫਿਲਮ ਬਾਰੇ ਕੁਝ ਵੀ ਨਹੀਂ ਕਹਿਣਾਂ ਚਾਹੁੰਦਾ, ਪਰ ਹਾਂ ਇਹ ਫਿਲਮ ਪੰਜਾਬ ਦੇ ਵਿਚ ਚਲਣ ਦੇ ਕਾਬਲ ਨਹੀਂ ਹੈ, ਅਸੀਂ ਪੰਜਾਬ ਵਿਚ ਮੁੜਕੇ ਅਜਿਹਾ ਕੁਝ ਨਹੀਂ ਦਿਖਾਉਣਾ ਚਾਹੁੰਦੇ ਜੋ ਕਿ ਪੰਜਾਬ ਦਾ ਮਹੌਲ ਮੁੜ ਖਰਾਬ ਕਰ ਸਕਦੇ ਹੋਵਣ, ਉਨ੍ਹਾਂ ਕਿਹਾ ਕਿ ਇਸ ਤਰਾਂ ਮੀਡੀਆ ਦਾ ਵੀ ਫਰਜ ਬਣਦਾ ਹੈ ਕਿ ਅਜਿਹੇ ਊਲ ਜਲੂਲ ਗੱਲਾਂ ਨੂੰ ਤੂਲ ਦੇਵੇ, ਜਿਸ ਨਾਲ ਸਾਡੇ ਪੰਜਾਬ ਦਾ ਮਹੌਲ ਖਰਾਬ ਹੁੰਦਾ ਹੋਵੇ, ਇਹ ਗੱਲ ਸਰਾਸਰ ਹੀ ਗਲਤ ਹੈ।

ਇਸ ਮਾਮਲੇ ਵਿਚ ਜਦੋਂ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਪੁਛਿਆ ਗਿਆ ਤਾਂ ਉਸ ਨੇ ਕਹਿ ਦਿਤਾ ਕਿ ਸਾਡੇ ਵਲੋਂ ਕੂਝ ਵੀ ਕਹਿਣ ਤੋਂ ਇਨਕਾਰ ਕੀਤਾ ਜਾਂਦਾ ਹੈ ਉਸ ਨੂੰ ਜਦੋਂ ਪੁਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਇਹ ਫਿਲਮ ਦੇਖੀ ਸੀ ਤੇ ਸਿਰੋਵੇ ਪਾਏ ਗਏ ਸਨ ਤਾਂ ਉਸ ਨੇ ਫਿਰ ਕਿਹਾ ਕਿ ਮੈਂ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ। ਇਸ ਫਿਲਮ ਬਾਰੇ ਸੁਖਦੇਵ ਸਿੰਘ ਭੌਰ ਆਦਿ ਹੋਰ ਕਈ ਸਾਰੇ ਜ਼ਿੰਮੇਵਾਰ ਵਿਆਕਤੀਆਂ ਦੇ ਫੋਨ ਬੰਦ ਹੀ ਰਹੇ।

ਖਬਰ ਲਿਖੇ ਜਾਣ ਦੇ ਅੰਤ ਵਿਚ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੈਂ ਅਤੇ ਹੋਰ ਕਈ ਸਾਰਿਆਂ, ਜਿਨ੍ਹਾਂ ਵਿਚ ਕਿ ਹਰਿੰਦਰਪਾਲ ਸਿੰਘ ਟੌਹੜਾ ਐਮ ਸੀ ਪਟਿਆਲਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਦਾ ਸਪੁੱਤਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਪੱਤਰਕਾਰ ਸ੍ਰੀ ਬਲਜੀਤ ਸਿੰਘ ਬੱਲੀ ਅਤੇ ਹੋਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਐਡੀਟੋਰੀਅਮ ਵਿਚ ਫਿਲਮ ਸਾਡਾ ਹੱਕ ਦੇਖੀ ਗਈ ਸੀ, ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅਸੀਂ ਇਸ ਫਿਲਮ ਦੀ ਟੀਮ ਨੂੰ ਸਨਮਾਨਿਤ ਕੀਤਾ ਸੀ, ਜਿਥੇ ਕਿ ਫਤਿਹਗੜ੍ਹ ਸਾਹਿਬ ਦੇ ਕਈ ਸੀਨੀਅਰ ਲੀਡਰ ਵੀ ਮੌਜੂਦ ਸਨ ਜਿਥੇ ਕਿ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਸੰਗਤਾਂ ਟਰਾਲੀਆਂ ਭਰ ਕੇ ਇਸ ਫਿਲਮ ਨੂੰ ਦੇਖਣ ਜਾਣ। ਸ.ਪੰਜੋਲੀ ਨੇ ਕਿਹਾ ਕਿ ਇਸ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਕਿ ਪੰਜਾਬ ਦੇ ਹਾਲਾਤ ਖਰਾਬ ਕਰ ਸਕੇ ਸਗੋਂ ਇਸ ਫਿਲਮ ਵਿਚ ਸੰਸਾਰ ਅੱਗੇ ਸਿੱਖਾਂ ਦਾ ਸਹੀ ਪੱਖ ਪੇਸ਼ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top