Share on Facebook

Main News Page

ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੀ ਯੋਗ ਵਰਤੋਂ ਕਰਨੀ ਸਿੱਖ ਜਾਈਏ, ਤਾਂ ਇਹ ਮਾੜੇ ਨਹੀਂ, ਕਿਉਂਕਿ ਇਹ ਅਕਾਲਪੁਰਖ ਨੇ ਹੀ ਬਣਾਏ ਹਨ
- ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

* ਰਾਜਨੀਤਕ ਤੇ ਪੁਜਾਰੀ ਵਰਗ ਕਦੇ ਨਹੀਂ ਚਾਹੁੰਦੇ, ਕਿ ਲੋਕ ਜਾਗ੍ਰਤ ਹੋਣ ਇਸ ਲਈ ਉਨ੍ਹਾਂ ਸੱਚੇ ਆਸ਼ਕਾਂ ਦਾ ਇਤਿਹਾਸ ਪੜ੍ਹਾਉਣ ਦੀ ਬਜਾਏ ਆਚਰਣਹੀਣ ਵਿਗੜੇ ਮੁੰਡੇ ਕੁੜੀਆਂ ਦਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
* ਸਾਡੇ ਕੋਲ ਆਰੇ ਨਾਲ ਚੀਰੇ ਜਾਣ ਵਾਲੇ, ਦੇਗਾਂ ਵਿੱਚ ਉਬਾਲੇ ਖਾਣ ਵਾਲੇ, ਬੰਦ ਬੰਦ ਕਟਵਾਉਣ ਵਾਲੇ ਸੱਚੇ ਆਸ਼ਕਾਂ ਦਾ ਇਤਿਹਾਸ ਹੈ ਤਾਂ ਅਸੀਂ ਕੰਨ ਪੜਵਾਉਣ ਵਾਲੇ, ਜੰਡ ਹੇਠਾਂ ਕਮੌਤ ਮਰਨ ਵਾਲੇ ਅਤੇ ਕੱਚੇ ਘੜੇ ’ਤੇ ਤਰਦੀ ਝਨਾ ’ਚ ਡੁੱਬਣ ਵਾਲੀ ਦੇ ਕਿੱਸਿਆਂ ਤੋਂ ਕੀ ਲੈਣਾ ਹੈ।

ਬਠਿੰਡਾ, 2 ਅਪ੍ਰੈਲ (ਕਿਰਪਾਲ ਸਿੰਘ, ਤੁੰਗਵਾਲੀ): ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 750 ’ਤੇ ਸੂਹੀ ਰਾਗੁ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੇ ਪਾਵਨ ਸ਼ਬਦ ‘ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥’ ਦੀ ਵਿਆਖਿਆ ਕਰਦੇ ਦੌਰਾਣ ਇਸ ਦੇ ਤੀਜੇ ਪਦੇ ਦੀ ਤੁਕ ‘ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥3॥’ ਦੀ ਵਿਸ਼ੇਸ਼ ਤੌਰ ’ਤੇ ਵੀਚਾਰ ਕਰਦੇ ਹੋਏ ਗੁਰਮਤਿ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੀ ਯੋਗ ਵਰਤੋਂ ਕਰਨੀ ਸਿੱਖ ਜਾਈਏ ਤਾਂ ਇਹ ਮਾੜੇ ਨਹੀਂ ਕਿਉਂਕਿ ਇਹ ਅਕਾਲਪੁਰਖ ਨੇ ਸਮਾਜ ਨੂੰ ਚਲਦਾ ਰੱਖਣ ਲਈ ਬਣਾਏ ਹਨ। ਪਰ ਇਨ੍ਹਾਂ ਨੂੰ ਮਾੜੇ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਾਨੂੰ ਇਨ੍ਹਾਂ ਦੀ ਯੋਗ ਵਰਤੋਂ ਨਹੀਂ ਕਰਨੀ ਆਉਂਦੀ। ਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਖ਼ਤਮ ਕਰਨ ਜਾਂ ਮਾਰਨ ਲਈ ਨਹੀਂ ਕਿਹਾ ਬਲਕਿ ਇਨ੍ਹਾਂ ਨੂੰ ਸਾਧ ਕੇ ਇਨ੍ਹਾਂ ਦਾ ਸੁਭਾਉ ਬਦਲਣਾ ਹੈ ਤੇ ਆਪਣੇ ਵੱਸ ਵਿੱਚ ਰੱਖ ਕੇ ਯੋਗ ਵਰਤੋਂ ਕਰਨ ਦਾ ਢੰਗ ਸਿਖਾਇਆ ਹੈ।

ਇਹ ਸ਼ਬਦ ਉਨ੍ਹਾਂ ਆਪਣੇ ਪਿੰਡ ਭਾਈ ਬਖ਼ਤੌਰ ਵਿਖੇ ਪਿੰਡ ਵਾਸੀਆਂ ਵੱਲੋਂ ਕਰਵਾਏ ਗਏ ਤਿੰਨ ਦਿਨਾਂ ਵਿਸ਼ਾਲ ਗੁਰਮਤਿ ਸਮਾਗਮ, ਜਿਸ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸਮੁੱਚੇ ਮਾਲਵੇ ਖੇਤਰ ਦੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ; ਦੇ ਪਹਿਲੇ ਦੀਵਾਨ ’ਚ ਬੀਤੀ ਰਾਤ ਕਹੇ। ਉਨ੍ਹਾਂ ਕਿਹਾ ਹਰ ਜੀਵ ਜੰਤੂ ਦੀ ਨਸਲ ਨੂੰ ਅੱਗੇ ਚਲਦੇ ਰੱਖਣ ਲਈ ‘ਕਾਮ’ ਦੀ ਵਰਤੋਂ ਜਰੂਰੀ ਹੈ ਪਰ ਇਸ ਨੂੰ ਕਾਬੂ ਹੇਠ ਰੱਖਣ ਦੀ ਜਾਚ ਨਾ ਆਉਣ ਕਾਰਣ ਕਾਮ ਦੀ ਵਾਸ਼ਣਾ ਕਾਰਣ ਲੋਕ ਆਪਣੇ ਸਮਾਜ ਦੇ ਪ੍ਰਵਾਨਤ ਰਿਸ਼ਤਿਆਂ ਤੋਂ ਬਾਹਰ ਜਾ ਕੇ ਇਸ਼ਕ/ਪਿਆਰ ਕਰਦੇ ਹਨ ਤੇ ਝੂਠੇ ਆਸ਼ਕ ਬਣਦੇ ਹਨ। ਹੀਰ-ਰਾਂਝਾ, ਮਿਰਜਾ-ਸਾਹਿਬਾਂ, ਸੋਹਣੀ-ਮਹੀਵਾਲ, ਸੱਸੀ-ਪੰਨੂ ਆਦਿਕ ਦੇ ਕਿੱਸੇ ਇਨ੍ਹਾਂ ਆਸ਼ਕਾਂ ਦੇ ਹੀ ਬਣੇ ਹਨ। ਇਸ ਤਰ੍ਹਾਂ ਦੇ ਇਸ਼ਕ ਕਾਰਣ ਮਨੁੱਖ ਨੂੰ ਕਈ ਤਰ੍ਹਾਂ ਦੇ ਕਸ਼ਟ ਤੇ ਨਮੋਸ਼ੀ ਝੱਲਣੀ ਪੈਂਦੀ ਹੈ; ਜਿਸ ਦੀ ਮਿਸਾਲ ਗੁਰਬਾਣੀ ਵਿੱਚ ਇਸ ਤਰ੍ਹਾਂ ਦਿੱਤੀ ਗਈ ਹੈ: ‘ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥’ ਅਤੇ ‘ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥’ ਪਰ ਗ੍ਰਿਸਤ ਤਿਆਗਣ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ। ਗ੍ਰਿਸਤ ਤਿਆਗ ਕੇ ਰੱਬ ਦੀ ਭਾਲ ’ਚ ਜੰਗਲਾਂ ਵਿੱਚ ਜਾਣ ਵਾਲੇ ਸਾਧੂਆਂ ਦੀ ਨਖੇਧੀ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ: ‘ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥’ ਭਾਈ ਗੁਰਦਾਸ ਜੀ ਨੇ ਕਬਿਤ ਨੰਬਰ 376 ਵਿੱਚ ਗ੍ਰਿਸਤ ਨੂੰ ਸਭ ਤੋਂ ਉਤਮ ਮੰਨਦਿਆਂ ‘ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥’ ਲਿਖਿਆ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਆਪਣਾ ਸਿਦਕ ਤੇ ਭਰੋਸਾ ਗੁਰੂ ’ਤੇ ਰੱਖਿਆ ਤੇ ਸੱਚਾ ਪਿਆਰ/ਇਸ਼ਕ ਗੁਰੂ ਨਾਲ ਕੀਤਾ ਉਹ ਆਰੇ ਨਾਲ ਤਾਂ ਚੀਰੇ ਗਏ, ਦੇਗਾਂ ਵਿੱਚ ਉਬਾਲੇ ਖਾਧੇ, ਅੱਗ ਵਿੱਚ ਸੜ ਕੇ ਸ਼ਹੀਦ ਹੋਏ, ਬੰਦ ਬੰਦ ਕਟਵਾਏ, ਖੋਪਰ ਲੁਹਾਏ ਪਰ ਉਨ੍ਹਾਂ ਨੂੰ ਦੁਖ ਪੋਹ ਨਾ ਸਕਿਆ ਕਿਉਂਕਿ ਉਨ੍ਹਾਂ ਦਾ ਅਟੱਲ ਨਿਸਚਾ ਸੀ:

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥

ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍‍ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥2॥

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਰਾਜਨੀਤਕ ਤੇ ਪੁਜਾਰੀ ਵਰਗ ਕਦੇ ਨਹੀਂ ਚਾਹੁੰਦੇ ਕਿ ਲੋਕ ਜਾਗ੍ਰਤ ਹੋਣ। ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਸੱਚੇ ਆਸ਼ਕਾਂ ਦਾ ਇਤਿਹਾਸ ਪੜ੍ਹਾਇਆ ਗਿਆ ਤਾਂ ਜਾਗ੍ਰਤ ਹੋਏ ਲੋਕ ਉਨ੍ਹਾਂ ਦੀ ਲੁੱਟ ਘਸੁੱਟ ਨਹੀਂ ਚੱਲਣ ਦੇਣਗੇ ਤੇ ਲੋਕ ਇਨਸਾਫ਼ ਲਈ ਸੰਘਰਸ਼ ਦੇ ਰਾਹ ਪੈ ਜਾਣਗੇ। ਇਸ ਲਈ ਉਨ੍ਹਾਂ ਨੇ ਸਕੂਲਾਂ ਕਾਲਜਾਂ ’ਚ ਸੱਚੇ ਆਸ਼ਕਾਂ ਦਾ ਇਤਿਹਾਸ ਪੜ੍ਹਾਉਣ ਦੀ ਵਜਾਏ ਆਚਰੀਣ ਵਿਗੜੇ ਮੁੰਡੇ ਕੁੜੀਆਂ ਦਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਹੀ ਕਾਰਣ ਹੈ ਕਿ ਸਾਡੇ ਨੌਜਵਾਨ ਇਨ੍ਹਾਂ ਵਿਗੜੇ ਮੁੰਡੇ ਕੁੜੀਆਂ ਤੋਂ ਪ੍ਰੇਰਣਾ ਲੈ ਕੇ ਗਲਤ ਰਾਹ ਪਏ ਹੋਏ ਹਨ ਜਿਸ ਦਾ ਨਤੀਜਾ ਨਸ਼ਿਆਂ, ਪਤਿਤਪੁਣਾ ਤੇ ਬਲਾਤਕਾਰ ਆਦਿ ਦੀਆਂ ਵਧ ਰਹੀਆਂ ਚਿੰਤਾਜਨਕ ਘਟਨਾਵਾਂ ਹਨ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਦੋਂ ਸਾਡੇ ਪਾਸ ਆਰੇ ਨਾਲ ਚੀਰੇ ਜਾਣ ਵਾਲੇ ਭਾਈ ਮਤੀ ਦਾਸ ਜੀ, ਜਮੂੰਰਾਂ ਨਾਲ ਮਾਸ ਤੁੜਵਾਉਣ ਵਾਲੇ ਬਾਬਾ ਬੰਦਾ ਸਿੰਘ ਜੀ ਬਹਾਦਰ, ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ, ਖੋਪਰ ਉਤਰਵਾਉਣ ਵਾਲੇ ਭਾਈ ਤਾਰੂ ਸਿੰਘ ਵਰਗੇ ਸੱਚੇ ਆਸ਼ਕਾਂ ਦਾ ਇਤਿਹਾਸ ਪੜ੍ਹਨ ਲਈ ਹੈ ਤਾਂ ਅਸੀਂ ਕੰਨ ਪੜਵਾਉਣ ਵਾਲੇ ਰਾਂਝੇ ਤੋਂ ਕੀ ਲੈਣਾ ਹੈ? ਸਾਡੇ ਪਾਸ ਨਨਕਾਣਾ ਸਾਹਿਬ ਦੇ ਜੰਡ ਨਾਲ ਬੰਨ੍ਹ ਕੇ ਅੱਗ ਲਾ ਕੇ ਸ਼ਹੀਦ ਕੀਤੇ ਗਏ ਨਨਕਾਣਾ ਸਾਹਿਬ ਦੇ ਸ਼ਹੀਦ ਹਨ ਤਾਂ ਅਸੀਂ ਜੰਡ ਹੇਠਾਂ ਕੁਮੌਤ ਮਰਨ ਵਾਲੇ ਮਿਰਜੇ ਤੋਂ ਕੀ ਲੈਣਾ ਹੈ? ਸਾਡੇ ਪਾਸ ਕੱਚੀ ਗੜ੍ਹੀ ’ਚ 40 ਸਿੰਘ 10 ਲੱਖ ਫੌਜ ਨਾਲ ਲੋਹਾ ਲੈਂਦੇ ਦੁਨੀਆਂ ਦਾ ਸਭ ਤੋਂ ਅਨੋਖਾ ਇਤਿਹਾਸ ਰੱਚਣ ਵਾਲੇ ਹਨ ਤਾਂ ਕੱਚੇ ਘੜੇ ’ਤੇ ਤਰਦੀ ਝਨਾ ’ਚ ਡੁੱਬਣ ਵਾਲੀ ਸੋਹਣੀ ਤੋਂ ਅਸੀਂ ਕੀ ਲੈਣਾ ਹੈ? ਸਾਡੇ ਪਾਸ ਤੱਤੀ ਤਵੀ ’ਤੇ ਬੈਠ ਕੇ ‘ਤੇਰਾ ਕੀਆ ਮੀਠਾ ਲਾਗੈ ॥’ ਦੀ ਧੁਨ ਗਾਉਣ ਵਾਲੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜੁਨ ਸਾਹਿਬ ਜੀ, ਦੇਗ ’ਚ ਉਬਾਲੇ ਖਾਣ ਵਾਲੇ ਭਾਈ ਦਿਆਲਾ ਜੀ, ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤੇ ਗਏ ਭਾਈ ਸਤੀ ਦਾਸ ਜੀ ਦਾ ਇਤਿਹਾਸ ਹੈ ਤਾਂ ਅਸੀਂ ਮਾਰੂ ਥਲਾਂ ਵਿੱਚ ਪੈਰ ਮਚਾਉਣ ਵਾਲੇ ਸੱਸੀ ਪੰਨੂ ਤੋਂ ਕੀ ਲੈਣਾ ਹੈ। ਹੀਰ ਰਾਂਝਾ ਤੇ ਸੱਸੀ ਪੰਨੂੰ ਨੂੰ ਝੂਠੇ ਆਸ਼ਕ ਕਹੇ ਜਾਣ ’ਤੇ ਇਤਰਾਜ ਕਰਨ ਵਾਲੇ ਪੰਜਾਬੀ ਦੇ ਇੱਕ ਪ੍ਰੋਫੈਸਰ ਨਾਲ ਹੋਈ ਵਾਰਤਾਲਾਪ ਦਾ ਹਵਾਲਾ ਦਿੰਦੇ ਹੋਏ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਨੇ ਕਿਹਾ ਕਿ ਉਸ ਨੂੰ ਸਮਝਾਉਣ ਲਈ ਕਿਹਾ ਗਿਆ ਕਿ ਜੇ ਮੇਰੀ ਧੀ ਜਾਂ ਤੁਹਾਡੀ ਧੀ ਵਿਆਹ ਵਾਲੇ ਦਿਨ ਕਿਸੇ ਹੋਰ ਨਾਲ ਦੌੜ ਜਾਵੇ ਤਾਂ ਕੀ ਅਸੀਂ ਕਹਾਂਗੇ ਕਿ ਚੰਗਾ ਹੋਇਆ ਸਾਡੇ ਘਰ ਹੀਰ ਪੈਦਾ ਹੋਈ ਹੈ ਇਸ ਨੇ ਸੱਚਾ ਪਿਆਰ ਨਿਭਾਇਆ ਹੈ? ਜੇ ਮੇਰਾ ਲੜਕਾ ਜਾਂ ਤੁਹਾਡਾ ਲੜਕਾ ਘਰੋਂ ਨਿਕਲ ਕੇ ਕਿਸੇ ਦੇ ਘਰ 12 ਸਾਲ ਮੱਝੀਆਂ ਚਾਰਦਾ ਰਹੇ ਤਾਂ ਕੀ ਅਸੀਂ ਕਹਾਂਗੇ ਕਿ ਸਾਡੇ ਘਰ ਰਾਂਝਾ ਪੈਦਾ ਹੋਇਆ ਉਸ ਨੇ ਆਪਣੇ ਸੱਚੇ ਪਿਆਰ ਲਈ ਕੰਨ ਪੜਵਾ ਲਏ ਹਨ? ਜੇ ਨਹੀਂ ਤਾਂ ਸਕੂਲਾਂ ਕਾਲਜਾਂ ’ਚ ਆਪਣੇ ਮੁੰਡੇ ਕੁੜੀਆਂ ਨੂੰ ਹੀਰ ਰਾਂਝੇ ਦੇ ਪਿਆਰ ਨੂੰ ਸੱਚਾ ਪਿਆਰ ਦੱਸਕੇ ਉਨ੍ਹਾਂ ਦੇ ਕਿੱਸੇ ਪੜ੍ਹਾਉਣਾ ਕਿਵੇਂ ਜਾਇਜ਼ ਹੈ?

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਸੇ ਤਰ੍ਹਾਂ ਕ੍ਰੋਧ ਸਾਰੇ ਸ਼ੁਭ ਗੁਣਾਂ ਨੂੰ ਤਬਾਹ ਕਰਨ ਵਾਲਾ ਹੈ: ‘ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥’ ਪਰ ਗੁਰਮਤਿ ਤੋਂ ਸੇਧ ਲੈ ਕੇ ਸਿੱਖ ਨੇ ਕ੍ਰੋਧ ਨੂੰ ਬੀਰ ਰਸ ’ਚ ਬਦਲ ਕੇ ਬਹਾਦਰੀ ਦੇ ਅਨੇਕਾਂ ਕਾਰਨਾਮੇ ਕਰਕੇ ਗੌਰਵਮਈ ਇਤਿਹਾਸ ਰਚਿਆ ਜਿਸ ’ਤੇ ਅਸੀਂ ਮਾਣ ਕਰ ਸਕਦੇ ਹਾਂ।

ਲੋਭ ਨੇ ਸਾਰੇ ਆਗੂ, ਅਫਸਰ, ਵਪਾਰੀ ਵਿਗਾੜ ਦਿੱਤੇ ਹਨ ਕਿਉਂਕਿ ਵੱਡੇ ਵੱਡੇ ਘਪਲੇ, ਭ੍ਰਿਸ਼ਟਾਚਾਰ, ਮਿਲਾਵਟਖੋਰੀ ਆਦਿਕ ਲੋਭ ਦੀ ਪੂਰਤੀ ਲਈ ਹੀ ਕੀਤੇ ਜਾ ਰਹੇ ਹਨ: ‘ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ ਰਹਾਉ ॥’ ਪਰ ਜੇ ਧਨ ਕਮਾਉਣ ਦੇ ਗਲਤ ਤਰੀਕੇ ਅਪਨਾਉਣ ਦੀ ਥਾਂ ਲੋਭ ਪੂਰਾ ਕਰਨ ਲਈ ‘ਘਾਲਿ ਖਾਇ ਕਿਛੁ ਹਥਹੁ ਦੇਇ ॥’ ਗੁਰਸ਼ਬਦ ਤੋਂ ਸੇਧ ਲੈ ਕੇ ਮਿਹਨਤ ਮੁਸ਼ੱਕਤ ਕਰਨ ਦੀ ਆਦਤ ਬਣਾ ਲਈ ਜਾਵੇ ਤਾਂ ਲੋਭ ਚੰਗਾ ਹੈ ਕਿਉਂਕਿ ਲੋਭ ਤੋਂ ਬਿਨਾਂ ਮਿਹਨਤ ਕਰਨ ਦੀ ਆਦਤ ਵੀ ਨਹੀਂ ਪੈ ਸਕਦੀ। ਲੋਭ ਪੂਰਾ ਕਰਨ ਲਈ ਸਮਾਜ ਵਿਰੋਧੀ ਤਤ ਲੁੱਟਾਂ ਖੋਹਾਂ ਕਰਦੇ ਹਨ ਪਰ ਜੇ ਗੁਰਬਾਣੀ ਦੇ ਸ਼ਬਦ ‘ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥’ ਤੋਂ ਸੇਧ ਲੈ ਕੇ ਦੂਸਰੇ ਦੀ ਕਮਾਈ ਜਾਂ ਕਮਾਈ ਦੇ ਸਾਧਣ ਲੁੱਟਣ ਦੀ ਥਾਂ ਪ੍ਰਭੂ ਦੇ ਨਾਮ ਦੀ ਲੁੱਟ ਕਰਨ ਦਾ ਲਾਲਚ ਪੈਦਾ ਹੈ ਜਾਵੇ ਤਾਂ ਮਨੁੱਖ ਦੇ ਹਲਤ ਪਲਤ ਦੋਵੇਂ ਸਵਰ ਸਕਦੇ ਹਨ।

ਮੋਹ ਨਾਲ ਸਾਡੇ ਪ੍ਰਵਾਰਕ ਰਿਸ਼ਤੇ ਤੇ ਸਮਾਜ ਨਾਲ ਸਾਂਝ ਬਣਦੀ ਹੈ। ਪਰ ਅਸੀਂ ਪ੍ਰਵਾਰਕ ਰਿਸ਼ਤਿਆਂ ਦੇ ਮੋਹਜਾਲ ਵਿੱਚ ਨਹੀਂ ਫਸਣਾ ਕਿਉਂਕਿ ਗੁਰਬਾਣੀ ਸਾਨੂੰ ਸੇਧ ਬਖ਼ਸ਼ਦੀ ਹੈ: ‘ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥’ ਬਲਕਿ ਗੁਰਬਾਣੀ ਦੇ ਸ਼ਬਦ ‘ਸਭ ਮਹਿ ਜੋਤਿ ਜੋਤਿ ਹੈ ਸੋਇ॥’ ਤੋਂ ਸੇਧ ਲੈ ਕੇ ਰਿਸ਼ਤਿਆਂ ਤੇ ਸਮਾਜ ਦੇ ਸਾਰੇ ਵਿਅਕਤੀਆਂ ਵਿੱਚ ਰੱਬ ਦੀ ਹੋਂਦ ਵੇਖ ਕੇ ਉਨ੍ਹਾਂ ਨਾਲ ਮੋਹ ਪਿਆਰ ਕਰਨਾ ਹੈ ਤੇ ਇਸ ਨੂੰ ਰੱਬ ਨਾਲ ਪ੍ਰੇਮ ਕਰਨਾ ਸਮਝਣਾ ਚਾਹੀਦਾ ਹੈ। ਜਦੋਂ ਮਾਂ ਬਾਪ ਜਾਂ ਦਾਦਾ ਦਾਦੀ ਮੋਹ ਕਾਰਣ ਬੱਚੇ ਦਾ ਪਾਲਣ ਪੋਸ਼ਣ ਕਰਦੇ ਹਨ ਤਾਂ ਇਉਂ ਸਮਝਣਾ ਚਾਹੀਦਾ ਹੈ ਕਿ ਮਾਂ ਬਾਪ, ਦਾਦਾ ਦਾਦੀ ਦੇ ਰੂਪ ਵਿੱਚ ਰੱਬ ਬੱਚੇ ਦੀ ਪਾਲਣਾ ਕਰ ਰਿਹਾ ਹੈ। ਜਦੋਂ ਬੱਚੇ ਵੱਡੇ ਹੋ ਕੇ ਆਪਣੇ ਮਾਂ ਬਾਪ ਜਾਂ ਦਾਦਾ ਦਾਦੀ ਦੀ ਸੇਵਾ ਕਰਦੇ ਹਨ ਤਾਂ ਬੱਚਾ ਇਹ ਸਮਝੇ ਕਿ ਉਹ ਰੱਬ ਦੀ ਸੇਵਾ ਕਰ ਰਿਹਾ ਹੈ, ਤੇ ਬਜੁਰਗ ਇਹ ਸਮਝਣ ਕਿ ਰੱਬ ਪੁੱਤਰ ਪੋਤਰਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ। ਇਸ ਤਰ੍ਹਾਂ ਜੇ ਭੈਣ ਭਰਾ, ਪਤੀ ਪਤਨੀ, ਸੱਸ ਨੂੰਹ ਇੱਕ ਦੂਸਰੇ ’ਚ ਰੱਬ ਦੀ ਹੋਂਦ ਮਹਿਸੂਸ ਕਰਨ ਤਾਂ ਇਹ ਰਿਸ਼ਤੇ ਸੁਖਦਾਇਕ ਹੋ ਸਕਦੇ ਹਨ ਤੇ ਕਦੀ ਵੀ ਉਨ੍ਹਾਂ ਵਿੱਚ ਤਰੇੜਾਂ ਨਹੀਂ ਆ ਸਕਦੀਆਂ। ਪ੍ਰਵਾਰ ਤੋਂ ਬਾਹਰ ਨਿਕਲ ਕੇ ਸਮਾਜ ਦੇ ਸਾਰੇ ਵਿਅਕਤੀਆਂ ਵਿੱਚ ਰੱਬ ਦੀ ਹੋਂਦ ਮਹਿਸੂਸ ਕਰਕੇ ਉਨ੍ਹਾਂ ਨੂੰ ਮੋਹ ਪਿਆਰ ਕੀਤਾ ਜਾਵੇ ਤਾਂ ਕਦੇ ਵੀ ਸਮਾਜਕ ਤੇ ਫਿਰਕੂ ਝਗੜੇ ਪੈਦਾ ਨਹੀਂ ਹੋ ਸਕਦੇ।

ਹਊਮੈ ਤੋਂ ਹੰਕਾਰ ਪੈਦਾ ਹੁੰਦਾ ਹੈ। ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ: ‘ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥1॥ ਰਹਾਉ ॥’ ਗੁਰੂ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ: ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ ਇਹ ਅਹੰਕਾਰ ਛੱਡ ਦੇਹ, ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸ਼ਰਨ ਪਉ ਜੋ (ਆਤਮਾ ਨੂੰ ਪਵਿਤ੍ਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾˆ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ। ਗੁਰੂ ਹੁਕਮ ਹੈ: ‘ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥1॥ ਰਹਾਉ ॥’ ਪਰ ਇਸ ਹਊਮੈ ਨੂੰ ਆਤਮ ਵਿਸ਼ਵਾਸ਼ ਵਿੱਚ ਬਦਲਣਾ ਹੈ। ਕਿਉਂਕਿ ਇਸ ਵਿਸ਼ਵਾਸ਼ ਨਾਲ ਹੀ ਉਸ ਨੂੰ ਯਕੀਨ ਬਝਦਾ ਹੈ: ‘ਸਾਧਸੰਗਤਿ ਉਪਜੈ ਬਿਸ੍ਵਾਸ ॥ ਬਾਹਰਿ ਭੀਤਰਿ ਸਦਾ ਪ੍ਰਗਾਸ ॥4॥


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top