Share on Facebook

Main News Page

ਸਾਡਾ ਹੱਕ ਫਿਲਮ ਟਰਾਂਟੋ, ਸਰੀ, ਕੈਲਗਰੀ, ਐਡਮੈਂਟਨ ਅਤੇ ਅਮਰੀਕਾ ਦੇ ਸ਼ਹਿਰਾਂ ਵਿੱਚ ਸੋਲਡ ਆਊਟ

ਟਰਾਂਟੋ/ਡੇਲੀ ਬਿਊਰੋ/ਅਪ੍ਰੈਲ 05-2012: ਕੈਨੇਡਾ ਅਤੇ ਅਮਰੀਕਾ ਦੇ 50 ਤੋਂ ਜ਼ਿਆਦਾ ਸਿਨੇਮਾ ਘਰਾਂ ਵਿਚ ਅੱਜ ਸ਼ੁਰੂ ਹੋਈ ਪੰਜਾਬੀ ਫਿਲਮ "ਸਾਡਾ ਹੱਕ" ਨੂੰ ਦੇਖਣ ਲਈ, ਲੋਕਾਂ ਵਿਚ ਭਰਪੂਰ ਉਤਸ਼ਾਹ ਦੇਖਿਆ ਗਿਆ। ਅਮਰੀਕਾ ਦੇ 40 ਦੇ ਕਰੀਬ ਸਿਨੇਮਾ ਘਰਾਂ ਵਿਚ ਅੱਜ ਤੋਂ ਸ਼ੁਰੂ ਹੋਈ ਫਿਲਮ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੇ ਲੋਕੀ ਹੁੰਮ ਹੁੰਮਾ ਕੇ ਪਹੁੰਚੇ।

ਸਾਡਾ ਹੱਕ ਅੱਜ ਮਿਸੀਸਾਗਾ ਦੇ ਇਮਪਾਇਰ ਥੀਏਟਰ ਵਿੱਚ ਦੁਪਹਿਰ ਵੇਲੇ ਰੀਲੀਜ਼ ਹੋਈ। ਇਹ ਸ਼ੋਅ ਮੂਲ ਰੂਪ ਵਿੱਚ ਮੀਡੀਆਕਾਰਾਂ ਲਈ ਰੱਖਿਆ ਗਿਆ ਸੀ, ਜਿਸ ਨੂੰ ਮੀਡੀਆਕਾਰਾਂ ਤੋਂ ਇਲਾਵਾ ਦਰਜਨਾਂ ਦੂਸਰੇ ਦਰਸ਼ਕਾਂ ਨੇ ਵੀ ਵੇਖਿਆ। ਫਿਲਮ ਦਾ ਕਈ ਪੱਖਾਂ ਤੋਂ ਮੁਲਾਂਕਣ ਕੀਤਾ ਜਾ ਸਕਦਾ ਹੈ, ਜਿਸ ਨੂੰ ਅਸੀਂ ਇਸ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਾਂਗੇ।

ਸਾਡਾ ਹੱਕ ਫਿਲਮ ਵੇਖਣ ਤੋਂ ਬਾਅਦ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਇਹ ਫਿਲਮ ਸਿੱਖ ਕੌਮ ਨੂੰ ਉਨ੍ਹਾਂ ਉਪਰ ਹੋਏ ਜ਼ੁਲਮਾਂ ਦੀ ਦਾਸਤਾਨ ਬੜੇ ਸਰਲ ਅਤੇ ਸਿੱਧੇ ਲਫਜ਼ਾਂ ਵਿੱਚ ਦੱਸ ਰਹੀ ਹੈ। ਇਹ ਫਿਲਮ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਜ਼ਖ਼ਮਾਂ ਤੇ ਮੱਲਮ ਅਤੇ ਸਿੱਖਾਂ ਉਪਰ ਜ਼ੁਲਮ ਢਾਹੁਣ ਵਾਲਿਆਂ ਨੂੰ ਹਾਸ਼ੀਏ ਦਾ ਪ੍ਰਸਤਾਵ ਬਣਾਏਗੀ।

ਸਭ ਤੋਂ ਪਹਿਲਾਂ ਇਸ ਫਿਲਮ ਦੀ ਕਹਾਣੀ ਇੱਕ ਪੇਸ਼ਾਵਰ ਫਿਲਮ ਵਾਂਗ ਬੜੀ ਹੀ ਠਰੰਮੇ ਨਾਲ ਆਮ ਸਾਧਾਰਣ ਵਿਦਿਆਰਥਣ ਸ਼ੈਰਨ ਗਿੱਲ ਦੇ ਸੁਪਨਿਆਂ ਨਾਲ ਸ਼ੁਰੂ ਹੋਈ ਜਿਸ ਦੇ ਮਾਂ-ਬਾਪ ਦਾ ਕਤਲ ਹੋ ਚੁੱਕਾ ਸੀ ਅਤੇ ਉਸਨੂੰ ਉਸਦੀ ਮਾਸੀ ਕੈਨੇਡਾ ਵਿੱਚ ਪਾਲ ਰਹੀ ਸੀ। ਸ਼ੈਰਨ ਯੂਨੀਵਰਸਿਟੀ ਕੰਪਲੀਟ ਕਰਕੇ ਪੀ.ਐਚ.ਡੀ. ਵੱਲ ਵੱਧ ਰਹੀ ਸੀ, ਜਿਸ ਨੂੰ ਟਰਾਂਟੋ ਯੂਨੀਵਰਸਿਟੀ ਨੇ ਪੰਜ ਦੇਸ਼ਾਂ ਵਿੱਚ ਜਾ ਕੇ ਘੱਟ ਗਿਣਤੀ ਲੋਕਾਂ ਉਪਰ ਤਸ਼ੱਦਦ ਉਪਰ ਰਿਪੋਰਟ ਲਿਖਣ ਦੇ ਆਦੇਸ਼ ਦਿੱਤੇ ਸਨ। ਸ਼ੈਰਨ ਫੁੱਲੀ ਨਹੀਂ ਸੀ ਸਮਾਉਂਦੀ, ਪਰ ਜਦੋਂ ਉਹ ਘਰ ਮਾਸੀ ਕੋਲ ਆਈ ਅਤੇ ਮਾਸੀ ਨੂੰ ਪੰਜਾਬ ਜਾ ਕੇ ਘੱਟ ਗਿਣਤੀ ਲੋਕਾਂ ਉਪਰ ਹੋਏ ਤਸ਼ੱਦਦ ਦੀ ਪੜਤਾਲ ਕਰਕੇ ਥੀਸਸ ਲਿਖਣ ਦੀ ਨੱਚਦੀ ਟੱਪਦੀ ਨੇ ਖੁਸ਼ੀ ਦੱਸੀ, ਤਾਂ ਮਾਸੀ ਕੰਬ ਉੱਠੀ ਕਿ ਤੂੰ ਪੰਜਾਬ ਨਹੀਂ ਜਾਏਂਗੀ। ਪਰ ਸ਼ੈਰਨ ਨੇ ਜਿੱਦ ਕੀਤੀ ਅਤੇ ਪੰਜਾਬ ਪਹੁੰਚ ਗਈ। ਆਪਣੇ ਸਾਥੀ ਵਿਦਿਆਰਥੀ ਦੀ ਮਦਦ ਨਾਲ ਉਸਨੇ ਖਾੜਕੂ ਸਿੰਘਾ ਨੂੰ ਜੇਲ੍ਹਾਂ ਵਿੱਚ ਮਿਲਣਾ ਸ਼ੁਰੂ ਕੀਤਾ।

ਸਾਡਾ ਹੱਕ ਫਿਲਮ ਦੀ ਕਹਾਣੀ ਅਜਿਹੀ ਹੈ ਕਿ ਦਰਸ਼ਕ ਸਾਹ ਧੂਹ ਕੇ ਇਸ ਫਿਲਮ ਨੂੰ ਵੇਖਣਗੇ।

ਇਸ ਫਿਲਮ ਵਿੱਚ ਜੋ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਉਹ ਸਿੱਖ ਮਾਨਸਿਕਤਾ ਦੇ ਬੜੀਆਂ ਨੇੜੇ ਦੀਆਂ ਘਟਨਾਵਾਂ ਹਨ। ਇਸ ਵਿੱਚ ਸਿੱਖ ਕੌਮ ਦੇ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਭਾਅਜੀ ਜਸਵੰਤ ਸਿੰਘ ਖਾਲੜਾ ਦੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਫਿਲਮ ਵਿੱਚ ਜੇਲ੍ਹ ਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਦੀ ਬੜੀ ਭਾਵਨਾਤਮਿਕ ਘਟਨਾ ਨੂੰ ਜਿਸ ਢੰਗ ਨਾਲ ਸ਼ਾਮਲ ਕੀਤਾ ਗਿਆ, ਉਹ ਬਾਲੀਵੁੱਡ ਦੀ ਅਦਾਕਾਰੀ ਨੂੰ ਬੌਣਾ ਬਣਾ ਗਿਆ ਹੈ।

ਇਹ ਫਿਲਮ ਬੜੇ ਵਧੀਆ ਢੰਗ ਨਾਲ ਵਿਊਂਤੀ ਗਈ। ਖਾਸ ਕਰਕੇ ਜਿਸ ਕਦਰ ਇਸ ਫਿਲਮ “ਸਾਡਾ ਹੱਕ” ਨੂੰ ਸਮਾਪਤ ਕੀਤਾ ਗਿਆ ਹੈ ਉਸ ਨੇ ਪ੍ਰਕਾਸ਼ ਬਾਦਲ ਅਤੇ ਭਾਰਤ ਦੇ ਸੈਂਸਰ ਬੋਰਡ ਦੇ ਮੂੰਹ ਤੇ ਚਪੇੜ ਮਾਰੀ ਹੈ। ਇਥੇ ਆਖਰੀ ਸੁਨੇਹਾ ਇਹੀ ਸੀ ਕਿ ਪ.ਐਚ.ਡੀ. ਵਿਦਿਆਰਥਣ ਕਹਿ ਰਹੀ ਹੈ ਕਿ ਪੰਜਾਬ ਦੇ ਲੋਕਾਂ ਦੀ ਇਨਸਾਫ ਲੈਣ ਦੀ ਜੰਗ ਜਾਰੀ ਰਹਿਣੀ ਚਾਹੀਦੀ ਹੈ, ਪਰ ਇਹ ਹੁਣ ਇੰਟਰਨੈਟ ਅਤੇ ਹੋਰ ਮਾਧਿਅਮ ਰਾਹੀਂ ਲੜੀ ਜਾਣੀ ਚਾਹੀਦੀ ਹੈ, ਹਥਿਆਰ ਚੁਕਣ ਦੀ ਹੁਣ ਲੋੜ ਨਹੀਂ ਹੋਣੀ ਚਾਹੀਦੀ।

ਗੀਤ ਸੰਗੀਤ ਪੱਖੋਂ ਇਹ ਫਿਲਮ ਪਹਿਲਾਂ ਹੀ ਸੁਪਰਹਿੱਟ ਹੋ ਚੁੱਕੀ ਸੀ ਕਿਉਂਕਿ ਇਸਦੇ ਪ੍ਰਮੋਸ਼ਨਲ ਗੀਤ ਹੀ ਐਨੇ ਪਾਪੂਲਰ ਹੋ ਚੁੱਕੇ ਸਨ ਕਿ ਭਾਰਤੀ ਨਿਜਾਮ ਕੰਬ ਉਠਿਆ ਸੀ। ਖਾਸ ਕਰਕੇ ਲੈਂਬਰ ਹੁਸੈਨਪੁਰੀ ਦਾ ਗੀਤ ਇਸ ਫਿਲਮ ਵਿੱਚ ਫਿਲਮਾਇਆ ਗਿਆ ਹੈ, ਜੋ ਕਹਾਣੀ ਦੀ ਲੈਅ ਵਿੱਚ ਬੜਾ ਹੀ ਫਿੱਟ ਬੈਠਦਾ ਹੈ।

ਇਸ ਫਿਲਮ ਦੀ ਕੁਆਲਟੀ, ਵੀਡੀਓਗਰਾਫੀ ਅਤੇ ਡਾਇਰੈਸ਼ਨ ਉੱਚਕੋਟੀ ਦੀ ਹੈ। ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਇਸ ਫਿਲਮ ਦੀ ਪ੍ਰੋਡੱਕਸ਼ਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਵਾਕਿਆ ਹੀ ਫਿਲਮ ਦੀ ਬਣਤਰ, ਕਹਾਣੀ, ਗੀਤ, ਸੰਗੀਤ ਅਤੇ ਡਾਇਰੈਕਸ਼ਨ ਵਿੱਚ ਬਾਲੀਵੁੱਡ ਨੂੰ ਬੌਣਾ ਬਣਾ ਕੇ ਰੱਖ ਦਿੱਤਾ ਹੈ।

 

 
   
   

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top