Share on Facebook

Main News Page

ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ''ਸਾਡਾ ਹੱਕ” ਫ਼ਿਲਮ ਨੂੰ ਦਰਸ਼ਕਾਂ ਨੇ ਸਿਰ 'ਤੇ ਚੁਕ ਲਿਆ

ਲੰਡਨ, 6 ਅਪ੍ਰੈਲ (ਸਰਬਜੀਤ ਸਿੰਘ ਬਨੂੜ) : ਪੰਜਾਬ ਦੇ ਖ਼ੂਨੀ ਸੰਤਾਪ ਬਾਰੇ ਬਣੀ ਫ਼ਿਲਮ ''ਸਾਡਾ ਹੱਕ” ਨੂੰ ਰੀਲੀਜ਼ ਹੋਣ ਦੇ ਪਹਿਲੇ ਦਿਨ ਵੇਖਣ ਲਈ ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵੱਖ-ਵੱਖ ਸਿਨੇਮਾ ਘਰਾਂ ਵਿਚ ਦਰਸ਼ਕਾਂ ਦੀਆਂ ਲੰਮੀਆਂ ਲਾਈਨਾਂ ਲਗੀਆਂ ਰਹੀਆਂ। ਫ਼ਿਲਮ ਵੇਖਣ ਲਈ ਨੌਜੁਆਨ ਪੀੜ੍ਹੀ ਨਾਲ ਬਜ਼ੁਰਗਾਂ ਨੇ ਵੀ ਫ਼ਿਲਮ ਵੇਖਣ ਵਿਚ ਵੱਡੀ ਦਿਲਚਸਪੀ ਵਿਖਾਈ। ਅਨੇਕਾਂ ਸਿਨੇਮਾ ਘਰਾਂ ਵਿਚ, ਮਨੁੱਖੀ ਬੰਬ ਬਣ ਕੇ ਉਡਾਏ ਆਗੂ ਵਾਲੇ ਦ੍ਰਿਸ਼ ਤੋਂ ਬਾਅਦ ਜੇਲਾਂ ਵਿਚ ਬੰਦ ਪ੍ਰਸਿੱਧ ਖਾੜਕੂਆਂ ਦੇ ਨਾਂ ਲੈ ਕੇ 'ਜ਼ਿੰਦਾਬਾਦ' ਦੇ ਨਾਹਰੇ ਗੂੰਜਣ ਲੱਗ ਪਏ।

ਭਾਵੇਂ ਕਿ ਭਾਰਤ ਅੰਦਰ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਆਦਿ ਰਾਜਾਂ ਵਿਚ ''ਸਾਡਾ ਹੱਕ” ਫ਼ਿਲਮ 'ਤੇ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਪਾਬੰਦੀ ਲਾ ਦਿਤੀ ਗਈ ਹੈ ਪਰ ਵਿਦੇਸ਼ਾਂ ਵਿਚ ਇਸ ਫ਼ਿਲਮ ਨੇ ਦਰਸ਼ਕਾਂ ਨੂੰ ਅਪਣੇ ਵਲ ਖਿੱਚਣ ਵਿਚ ਵੱਡੀ ਕਾਮਯਾਬੀ ਪ੍ਰਾਪਤ ਕੀਤੀ। ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਸਲੋਹ, ਫ਼ੈਲਥਮ, ਇਲਫੌਰਡ, ਵੁਲਵਰਹੈਂਪਟਨ, ਬਰਮਿੰਘਮ, ਲੈਸਟਰ, ਬਰਡਫ਼ੋਰਡ, ਗਲਾਸਗੋ ਆਦਿ ਸਿਨੇਮਾ ਘਰਾਂ ਵਿਚ ਸਿੱਖ ਨੌਜੁਆਨਾਂ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਪੰਜਾਬ ਦੇ ਖ਼ੂਨੀ ਸੰਤਾਪ 'ਤੇ ਬਣੀ ਇਸ ਫ਼ਿਲਮ ਨੂੰ ਵੇਖਣ ਵਿਚ ਡੂੰਘੀ ਦਿਲਚਸਪੀ ਵਿਖਾਈ। ਫ਼ਿਲਮ ਵਿਚ ਮਨੁੱਖੀ ਬੰਬ ਬਣ ਕੇ ਵਕਤ ਦੇ ਹਾਕਮ ਨੂੰ ਮਾਰਨ ਵੇਲੇ ਬੇਖ਼ੌਫ਼ ਹੋ ਕੇ ਜਾ ਰਹੇ ਭਾਈ ਦਿਲਾਵਰ ਸਿੰਘ ਵਾਲੇ ਦ੍ਰਿਸ਼ 'ਤੇ ਸਿਨੇਮਾ ਘਰਾਂ ਅੰਦਰ ਜ਼ਿੰਦਾਬਾਦ ਦੇ ਨਾਹਰੇ ਰੁਕਣ ਦਾ ਨਾਂ ਨਹੀਂ ਸਨ ਲੈਂਦੇ। ਸਿਨੇਮਾ ਘਰਾਂ ਅੰਦਰ 95 ਸਾਲਾ ਬਜ਼ੁਰਗਾਂ ਤੋਂ ਇਲਾਵਾ ਜਿਥੇ ਪੰਜਾਬ ਤੋਂ ਆਏ ਨੌਜੁਆਨ ਆਏ, ਉਥੇ ਹੀ ਇੰਗਲੈਂਡ ਵਿਚ ਜੰਮੇ-ਪਲੇ ਸਿੱਖ ਬੱਚੇ ਫ਼ਿਲਮ ਵੇਖਣ ਅਤੇ ਸਿੱਖਾਂ ਉਤੇ ਹੋਏ ਅਤਿਆਚਾਰ ਨੂੰ ਵੇਖ ਕੇ ਤਰਾਹ-ਤਰਾਹ ਕਰ ਉਠੇ। ਸਿਨੇਮਾ ਘਰਾਂ ਵਿਚ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਹ ਸਿਨੇਮਾ ਘਰ ਨਹੀਂ, ਕਿਸੇ ਸ਼ਹੀਦ ਹੋਏ ਸਿੰਘ ਦਾ ਘਰ ਹੋਵੇ ਤੇ ਲੋਕ ਉਸ ਦੀ ਸ਼ਹੀਦੀ 'ਤੇ ਅਫ਼ਸੋਸ ਨਹੀਂ ਸਗੋਂ ਫ਼ਖਰ ਨਾਲ ਉਸ ਨੂੰ ਯਾਦ ਕਰ ਕੇ ਨਾਹਰੇ ਲਗਾ ਰਹੇ ਹੋਣ।

ਫ਼ਿਲਮ ਵੇਖਣ ਆਏ ਅਨੇਕਾਂ ਸ਼ਹੀਦ ਪ੍ਰਵਾਰਾਂ ਤੇ ਬਜ਼ੁਰਗਾਂ 'ਤੇ ਕੀਤੇ ਤਸ਼ੱਦਦ ਵਾਲੇ ਦ੍ਰਿਸ਼ਾਂ ਕਾਰਨ ਅਨੇਕਾਂ ਬਜ਼ੁਰਗ ਔਰਤਾਂ ਸਮੇਤ ਕਿਸੇ ਵੀ ਦਰਸ਼ਕ ਦੀ ਅੱਖ ਨਮ ਹੋਣ ਤੋਂ ਨਾ ਰਹਿ ਸਕੀ। 'ਸਾਡਾ ਹੱਕ' ਫ਼ਿਲਮ ਵਿਚ ਕਰਤਾਰ ਸਿੰਘ ਬਾਜ਼ ਦੇ ਨਾਂ ਹੇਠ ਭਾਈ ਜਗਤਾਰ ਸਿੰਘ ਹਵਾਰਾ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਵਧੇਰੇ ਪਸੰਦ ਕੀਤਾ। ਫ਼ਿਲਮ ਵਿਚ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸਿੰਘਾਂ ਦੀ ਭੂਮਿਕਾ ਨੂੰ ਬੜੇ ਵਧੀਆ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ ਅਤੇ ਸੰਨ 1978 ਤੋਂ ਲੈ ਕੇ 1992 ਤਕ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤਰੱਕੀਆਂ ਪਾਉਣ ਵਾਲੇ ਪੁਲਸੀਆਂ ਦੇ ਕਿਰਦਾਰ ਅਤੇ ਉਨ੍ਹਾਂ 'ਚੋਂ ਇਕ ਦੀ ਖ਼ੁਦਕੁਸ਼ੀ ਨੂੰ ਬੜੇ ਵਧੀਆ ਤਰੀਕੇ ਨਾਲ ਫ਼ਿਲਮਾਅ ਕੇ ਭੁੱਲ ਚੁੱਕੇ ਅਨੇਕਾਂ ਕਿਰਦਾਰ ਇਸ ਫ਼ਿਲਮ ਨਾਲ ਮੁੜ ਲੋਕਾਂ ਦੇ ਸਾਹਮਣੇ ਲਿਆ ਦਿਤਾ ਹੈ।

ਸਾਰੀ ਫ਼ਿਲਮ ਵਿਚ ਖਾੜਕੂਆਂ ਨੇ ਹਥਿਆਰ ਕਿਉਂ ਚੁੱਕੇ, ਉਸ ਤੋਂ ਵੀ ਪਰਦਾ ਚੁਕਿਆ ਗਿਆ ਅਤੇ ਇਸ ਫ਼ਿਲਮ ਰਾਹੀਂ ਪੰਜਾਬ ਦੇ ਸੰਤਾਪ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਅਨੇਕਾਂ ਪ੍ਰਵਾਰ ਅਤੇ ਅਣਪਛਾਤੀਆਂ ਲਾਸ਼ਾਂ ਨੂੰ ਲੱਭਣ ਵਾਲੇ ਮਨੁੱਖੀ ਅਧਿਕਾਰ ਲਈ ਲੜਦੇ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਮਨੁੱਖਤਾ ਲਈ ਨਿਭਾਏ ਰੋਲ ਨੂੰ ਵਧੀਆ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ।

ਭਾਵੇਂ ਇਸ ਫ਼ਿਲਮ ਵਿਚ ਅਸਲ ਕਤਲ ਕਾਂਡ ਨੂੰ ਲੈ ਕੇ ਕਿਰਦਾਰਾਂ ਨੂੰ ਲਿਆ ਗਿਆ ਹੈ ਪਰ ਉਨ੍ਹਾਂ ਕਿਰਦਾਰਾਂ ਦੇ ਨਾਵਾਂ ਨੂੰ ਅਸਲੀ ਨਾਵਾਂ ਦੇ ਨੇੜੇ ਹੀ ਰੱਖ ਕੇ ਕੰਮ ਕੀਤਾ ਗਿਆ ਹੈ ਅਤੇ ਫ਼ਿ²ਲਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਕਿਰਦਾਰ ਨੂੰ ਬੜੇ ਵਧੀਆ ਤਰੀਕੇ ਨਾਲ ਫ਼ਿਲਮਾਅ ਕੇ, ਸਮੂਹ ਟੀਮ ਨੇ ਕਤਲ ਕਾਂਡ ਵਿਚ ਸ਼ਾਮਲ ਹਰ ਕਿਰਦਾਰ ਨੂੰ ਲੋਕਾਂ ਸਾਹਮਣੇ ਜੀਊਂਦੇ ਜਾਗਦੇ ਰੂਪ ਵਿਚ ਪੇਸ਼ ਕਰ ਦਿਤਾ ਹੈ। ਫ਼ਿਲਮ ਵੇਖਣ ਵਾਲੇ ਅਨੇਕਾਂ ਦਰਸ਼ਕਾਂ ਨੇ ਫ਼ਿਲਮ ਵੇਖਣ ਤੋਂ ਬਾਅਦ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਸੰਨ 84 ਵਿਚ ਸਿੱਖ ਕਤੇਲਆਮ ਵਿਚ ਸ਼ਾਮਲ ਲੋਕਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਜ਼ਿਕਰਯੋਗ ਹੈ ਕਿ ਅਨੇਕਾਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਅਪਣੇ ਖ਼ਰਚੇ ਤੇ ''ਸਾਡਾ ਹੱਕ” ਫ਼ਿਲਮ ਵਿਖਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਕਿ ਵੱਧ ਤੋਂ ਵੱਧ ਲੋਕ ਇਸ ਫ਼ਿਲਮ ਰਾਹੀਂ ਸਿੱਖਾਂ 'ਤੇ ਹੋਏ ਅਤਿਆਚਾਰ ਦੀ ਝਲਕ ਵੇਖ ਸਕਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top