Share on Facebook

Main News Page

ਮਾਮਲਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀ (ਬੈਲਜੀਅਮ) ਦੇ ਮੀਤ ਪ੍ਰਧਾਨ ਚੂਹੜ ਸਿੰਘ ਦੀਆਂ ਆਯਾਸ਼ੀਆਂ ਦਾ

ਮੀਤ ਪ੍ਰਧਾਨ ਚੂਹੜ ਸਿੰਘ ਦੀਆਂ ਅੱਯਾਸ਼ੀਆਂ ਨੂੰ ਨੱਥ ਪਾਉਣ ਲਈ ਭੇਜੀ ਸ਼ਿਕਾਇਤ 'ਤੇ ਫੱਟ ਦੇਣੀ ਕਾਰਵਾਈ ਤਾਂ ਜਾਇਜ਼ ਹੈ, ਬਣਦੀ ਵੀ ਹੈ, ਪਰ ਜਦੋਂ ਬਾਦਲ ਅਤੇ ਉਸਦੇ ਕਾਰੀਂਦਿਆਂ ਵਲੋਂ ਗੁਰਮਤਿ, ਸਿੱਖੀ ਵਿਰੋਧੀ ਕਾਰੇ ਕੀਤੇ ਜਾਂਦੇ ਹਨ, ਤਾਂ ਇਹ ਪੱਪੂ ਕਿਉਂ ਚੁੱਪ ਹੋ ਜਾਂਦੇ ਹਨ?

Source: http://www.punjabspectrum.com/2013/04/3512/8-3b

 

ਬੈਲਜੀਅਮ ਦੇ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦੇ ਇੱਕ ਆਗੂ 'ਤੇ ਪਰਵਾਰ ਵੱਲੋਂ ਸੰਗੀਨ ਦੋਸ਼ ਲਾਏ ਗਏ

* ਹਜ਼ਾਰਾਂ ਯੂਰੋ ਦਾਨ ਵੱਜੋਂ ਦੇਣ ਵਾਲੇ ਚੂਹੜ ਸਿੰਘ ਦਾ ਅਪਾਹਜ ਬੇਟਾ ਢਾਬੇ 'ਤੇ ਭਾਂਡੇ ਮਾਂਜਦੈ

ਬਰਨਾਲਾ, 7 ਦਸੰਬਰ (ਜਗਸੀਰ ਸਿੰਘ ਸੰਧੂ/ਗੁਰਸੇਵਕ ਸਿੰਘ ਧੌਲਾ) : ਬੈਲਜੀਅਮ ਦੇ ਸ਼ਹਿਰ ਲੀਅਜ਼ (ਲੀ) ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾ ਨਾਲ ਜੁੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਚੂਹੜ ਸਿੰਘ ਬਾਰੇ ਬਹੁਤ ਹੀ ਅਹਿਮ ਖੁਲਾਸੇ ਹੋਏ ਹਨ। ਪਿਛਲੇ ਅੱਠ ਸਾਲਾਂ ਤੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਦੇ ਪ੍ਰਬੰਧਾਂ ਨੂੰ ਚਲਾ ਰਹੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਚੂਹੜ ਸਿੰਘ ਜਲੰਧਰ ਜ਼ਿਲੇ ਦੇ ਪਿੰਡ ਮਹਿਤਪੁਰ ਦਾ ਰਹਿਣ ਵਾਲਾ ਹੈ, ਜਿਥੇ ਉਸਦੀ ਬਿਰਧ ਪਤਨੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਅਤੇ ਮੰਦਬੁੱਧੀ ਲੜਕਾ ਇੱਕ ਢਾਬੇ 'ਤੇ ਭਾਂਡੇ ਮਾਂਜ ਕੇ ਬਹੁਤ ਹੀ ਗਰੀਬੀ ਵਿਚ ਦਿਨ ਕਟੀ ਕਰ ਰਹੇ ਹਨ, ਜਿਹਨਾਂ ਦੀ ਬੈਲਜੀਅਮ ਵਿੱਚ ਖੇਡ ਕਲੱਬਾਂ ਨੂੰ ਹਜ਼ਾਰਾਂ ਯੂਰੋ ਦਾਨ ਵੱਜੋਂ ਦੇਣ ਵਾਲੇ ਚੂਹੜ ਸਿੰਘ ਨੇ ਕਦੇ ਵੀ ਕੋਈ ਸਾਰ ਨਹੀਂ ਲਈ ਗਈ।

'ਪਹਿਰੇਦਾਰ' ਨਾਲ ਹੋਈ ਇਕ ਵਿਸ਼ੇਸ਼ ਗੱਲਬਾਤ ਦੌਰਾਨ ਚੂਹੜ ਸਿੰਘ ਦੀ ਪਤਨੀ ਨਰਿੰਦਰ ਕੌਰ (63) 'ਜੋ ਪੂਰਨ ਗੁਰਸਿੱਖ ਔਰਤ ਹੈ, ਨੇ ਦੱਸਿਆ ਕਿ ਜਦੋਂ ਚੂਹੜ ਸਿੰਘ ਭਾਰਤੀ ਫੌਜ ਵਿਚ ਨੌਕਰੀ ਕਰਦਾ ਸੀ ਤਾਂ 1966 ਵਿਚ ਉਹਨਾਂ ਦੀ ਸ਼ਾਦੀ ਚੂਹੜ ਸਿੰਘ ਨਾਲ ਹੋਈ ਸੀ ਅਤੇ ਇਸੇ ਦੌਰਾਨ ਸਾਡੇ ਚਾਰ ਬੱਚੇ ਹੋਏ, ਜਿਹਨਾਂ 'ਚ ਇੱਕ ਲੜਕਾ ਰਣਧੀਰ ਸਿੰਘ ਰਾਣਾ ਅਤੇ ਤਿੰਨ ਲੜਕੀਆਂ ਅਮਰਜੀਤ ਕੌਰ, ਕਮਲਜੀਤ ਕੌਰ ਅਤੇ ਰਾਜਿੰਦਰ ਕੌਰ ਨੇ ਸਾਡੇ ਘਰ ਜਨਮ ਲਿਆ। ਇਸ ਦੌਰਾਨ 1980 ਵਿਚ ਚੂਹੜ ਸਿੰਘ ਭਾਰਤੀ ਫੌਜ ਤੋਂ ਰਿਟਾਇਰ ਹੋ ਗਿਆ ਅਤੇ ਅਸੀਂ ਦੋਵਾਂ ਨੇ ਅੰਮ੍ਰਿਤ ਛਕ ਲਿਆ, ਫੇਰ 31 ਮਈ 1982 ਨੂੰ ਚੂਹੜ ਸਿੰਘ ਹਾਲੈਂਡ ਹੁੰਦਾ ਹੋਇਆ ਬੈਲਜੀਅਮ ਚਲਾ ਗਿਆ।

ਇਸ ਤੋਂ ਬਾਅਦ 6 ਜਨਵਰੀ 1995 ਨੂੰ ਚੂਹੜ ਸਿੰਘ ਪਹਿਲੀ ਵਾਰ ਭਾਰਤ ਆਇਆ ਅਤੇ 20 ਫਰਵਰੀ 1995 ਉਸ (ਨਰਿੰਦਰ ਕੌਰ) ਨਾਲ ਮੈਰਿਜ ਰਜਿਸਟਰ ਕਰਵਾਕੇ 1996 'ਚ ਫੇਰ ਵਾਪਸ ਚਲਾ ਗਿਆ। ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਇਸ ਉਪਰੰਤ ਉਹਨਾਂ ਨੇ ਪਰਵਾਰ ਸਮੇਤ ਆਪਣੇ ਬੈਲਜੀਅਮ ਜਾਣ ਲਈ ਪੇਪਰ ਦਾਇਰ ਕੀਤੇ ਤਾਂ ਚਾਰ ਸਾਲ ਅੰਬੈਂਸੀ ਦੇ ਗੇੜੇ ਮਾਰਨ ਉਪਰੰਤ ਉਹਨਾਂ ਨੂੰ ਪਤਾ ਲੱਗਿਆ ਕਿ ਬੈਲਜੀਅਮ ਵਿਚ ਉਸਦਾ ਪਤੀ ਚੂਹੜ ਸਿੰਘ ਦਾ ਕੋਈ ਕੰਮ ਹੀ ਨਹੀਂ ਕਰਦਾ, ਇਸ ਲਈ ਉਹਨਾਂ ਨੂੰ ਵੀਜਾ ਨਹੀਂ ਮਿਲ ਸਕਦਾ। ਇਸੇ ਦੌਰਾਨ 6 ਸਤੰਬਰ 1994 ਨੂੰ ਜਰਮਨ ਵਿਚ ਰਹਿੰਦੇ ਗੁਰਮੇਲ ਲੋਚਨ ਅਤੇ ਅਜਮੇਰ ਲੋਚਨ ਹੋਰਾਂ ਰਾਹੀਂ ਉਹਨਾਂ ਦੀ ਵੱਡੀ ਬੇਟੀ ਅਮਰਜੀਤ ਕੌਰ ਜਰਮਨ ਹੁੰਦੀ ਹੋਈ, ਆਪਣੇ ਪਿਤਾ ਚੂਹੜ ਸਿੰਘ ਕੋਲ ਬੈਲਜੀਅਮ ਜਾ ਪਹੁੰਚੀ, ਜਿਸਦੀ ਬਾਅਦ ਵਿੱਚ ਉਥੇ ਹੀ ਹਰਬੰਤ ਸਿੰਘ ਚੰਨੀ ਨਾਲ ਸ਼ਾਦੀ ਹੋ ਗਈ ਅਤੇ 1997 ਵਿਚ ਉਹਨਾਂ ਦੀ ਬੇਟੀ ਦੇ ਘਰ ਕਾਕਾ ਵਿਸ਼ਾਲਦੀਪ ਸਿੰਘ ਨੇ ਜਨਮ ਲਿਆ। ਇਧਰ ਚੂਹੜ ਸਿੰਘ ਵੱਲੋਂ ਆਪਣੇ ਭਾਰਤ ਰਹਿੰਦੇ ਪਰਵਾਰ ਨੂੰ ਅਣਦੇਖਾ ਕਰਨ ਕਰਕੇ ਉਹਨਾਂ ਦਾ ਬੇਟਾ ਰਣਧੀਰ ਸਿੰਘ ਰਾਣਾ ਕਈ ਤਰਾਂ ਦੇ ਨਸ਼ੇ ਕਰਨ ਲੱਗ ਪਿਆ ਅਤੇ ਇਹਨਾਂ ਨਸ਼ਿਆਂ ਦੇ ਮਾਰ ਕਰਕੇ 1997 ਵਿਚ ਰਾਣਾ ਨੂੰ ਇੱਕ ਅਜਿਹਾ ਦੌਰਾ ਪਿਆ ਕਿ ਉਹ ਸਰੀਰਕ ਤੌਰ 'ਤੇ ਨਿਕਾਰਾ ਹੋ ਗਿਆ। ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਦੀਆਂ ਬੇਟੀਆਂ ਵਿਆਹੁਣਯੋਗ ਹੋ ਗਈਆਂ ਤਾਂ ਉਹਨਾਂ ਨੇ ਆਪਣੀ ਪਤੀ ਚੂਹੜ ਸਿੰਘ ਨਾਲ ਕਈ ਵਾਰ ਗੱਲ ਕੀਤੀ, ਪਰ ਉਸਨੇ ਹਰ ਵਾਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

ਮਾਤਾ ਮਹਿੰਦਰ ਕੌਰ ਨੇ ਅੱਗੇ ਦੱਸਿਆ ਕਿ ਉਸਨੇ ਜਿਵੇਂ ਕਿਵੇਂ ਕਰਕੇ ਆਪਣੀਆਂ ਧੀਆਂ ਦੇ ਹੱਥ ਪੀਲੇ ਕਰ ਦਿੱਤੇ, ਪਰ ਹੁਣ ਘਰ ਦਾ ਗੁਜਾਰਾ ਚਲਾਉਣ ਲਈ ਉਹਨਾਂ ਦਾ ਅਪਾਹਿਜ ਲੜਕਾ ਰਣਧੀਰ ਸਿੰਘ ਰਾਣਾ ਇਕ ਢਾਬੇ ਉਪਰ ਭਾਂਡੇ ਮਾਂਜਣ ਦੀ ਨੌਕਰੀ ਕਰ ਰਿਹਾ ਹੈ। ਦੂਸਰੇ ਪਾਸੇ ਬੈਲਜੀਅਮ ਆਪਣੇ ਬਾਪ ਚੂਹੜ ਸਿੰਘ ਕੋਲ ਗਈ ਉਹਨਾਂ ਬੇਟੀ ਅਮਰਜੀਤ ਕੌਰ ਦੀ 4 ਫਰਵਰੀ 2012 ਨੂੰ ਰਹੱਸਮਈ ਹਾਲਤ 'ਚ ਮੌਤ ਹੋ ਗਈ, ਜਿਸ ਦੀਆਂ ਅਸਥੀਆਂ ਵੀ ਚੂਹੜ ਸਿੰਘ ਉਹਨਾਂ ਤੋਂ ਚੋਰੀ ਭਾਰਤ ਵਿੱਚ ਲਿਆਕੇ ਜਲ ਪ੍ਰਵਾਹ ਕਰ ਗਿਆ ਹੈ। ਮਾਤਾ ਨਰਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦੀ ਛੋਟੀ ਬੇਟੀ ਰਜਿੰਦਰ ਕੌਰ ਸਿਰਫ 10 ਮਹੀਨਿਆਂ ਦੀ ਸੀ ਜਦੋਂ ਚੂਹੜ ਸਿੰਘ ਬੈਲਜੀਅਮ ਚਲਾ ਗਿਆ ਅਤੇ ਉਸਨੇ ਮੁੜਕੇ ਉਹਨਾਂ ਦੀ ਸਾਰ ਨਹੀਂ ਲਈ। ਉਸ ਨੇ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਮਜ਼ਦੂਰੀ ਕਰਕੇ, ਲੋਕਾਂ ਦੇ ਕੱਪੜੇ ਅਤੇ ਭਾਂਡੇ ਧੋ ਕੇ ਆਪਣੇ ਬੱਚੇ ਪਾਲੇ ਅਤੇ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਹਨ।

ਮਾਤਾ ਨਰਿੰਦਰ ਕੌਰ ਨੇ ਭਰੇ ਮਨ ਨਾਲ ਬੈਲਜੀਅਮ ਦੀਆਂ ਸਿੱਖ ਸੰਗਤਾਂ ਨੂੰ ਸਵਾਲ ਕੀਤਾ ਹੈ ਕਿ ਜਿਸ ਇਨਸਾਨ ਨੇ ਆਪਣੇ ਬੱਚਿਆਂ ਅਤੇ ਪਤਨੀ ਨੂੰ ਤਰਸਯੋਗ ਹਾਲਤ ਵਿਚ ਛੱਡ ਦਿੱਤਾ ਅਤੇ ਮੁੜਕੇ ਸਾਰ ਤੱਕ ਨਹੀਂ ਲਈ, ਅਜਿਹੇ ਇਨਸਾਨ ਨੂੰ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦਾ ਮੀਤ ਪ੍ਰਧਾਨ ਕਿਉਂ ਬਣਾਇਆ ਹੋਇਆ। ਮਾਤਾ ਨਰਿੰਦਰ ਕੌਰ ਨੇ ਚੂਹੜ ਸਿੰਘ ਦੀਆਂ ਕੁਝ ਇਤਰਾਜਯੋਗ ਤਸਵੀਰਾਂ ਦਿਖਾਉਂਦਿਆਂ ਹੋਏ ਦੋਸ਼ ਲਾਏ ਹਨ ਕਿ ਜੋ ਇਨਸਾਨ ਦੇ ਅੰਮ੍ਰਿਤ ਛਕਣ ਉਪਰੰਤ ਵੀ ਪਰਾਈਆਂ ਔਰਤਾਂ ਅਤੇ ਨਸ਼ਿਆਂ ਵਿਚ ਲਿਪਤ ਹੈ, ਉਸਨੂੰ ਕਿਸੇ ਗੁਰੂਘਰ ਦਾ ਪ੍ਰਬੰਧਕ ਲਾਉਣਾ ਗੁਰੂ ਨਾਨਕ ਦੇਵ ਜੀ ਨਾਲ ਧੋਖਾ ਕਰਨ ਦੇ ਬਰਾਬਰ ਹੈ। ਉਹਨਾਂ ਦੱਸਿਆ ਕਿ ਚੂਹੜ ਸਿੰਘ ਦੀਆਂ ਬਹੁਤ ਸਾਰੀਆਂ ਅਯਾਸੀਆਂ ਅਤੇ ਹੋਰ ਕਾਰਨਾਮਿਆਂ ਦਾ ਉਹਨਾਂ ਕੋਲ ਵੀਡੀਓ ਵੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਜਨਤਕ ਕੀਤੀ ਜਾਵੇਗੀ ਤਾਂ ਕਿ ਬੈਲਜੀਅਮ ਦੀਆਂ ਸਿੱਖ ਸੰਗਤਾਂ ਨੂੰ ਚੂਹੜ ਸਿੰਘ ਦੇ ਮਾੜੇ ਕਿਰਦਾਰ ਬਾਰੇ ਜਾਣੂ ਕਰਵਾਇਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top