Share on Facebook

Main News Page

ਐਨ ਮੌਕੇ ’ਤੇ ਸਾਡੀ ਪਿੱਠ ’ਚ ਛੁਰਾ ਮਾਰਿਆ
- ਕੁਲਜਿੰਦਰ ਸਿੰਘ ਸਿੱਧੂ

* "ਸਾਡਾ ਹੱਕ" ਦੀ ਟੀਮ ਨੇ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕੀਤੀ

ਅੰਮਿ੍ਤਸਰ, 7 ਅਪ੍ਰੈਲ – ਪੰਜਾਬੀ ਫਿਲਮ ਸਾਡਾ ਹੱਕ ਦੇ ਨਿਰਮਾਤਾ ਤੇ ਮੁੱਖ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ ਨੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ, ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਦਾਇਤ ਕਰਨ ਕਿ ਉਹ ਇਸ ਫਿਲਮ ’ਤੇ ਰੋਕ ਖ਼ਤਮ ਕਰਨ। ਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰਨ ਮਗਰੋਂ ਅਗਲੀ ਕਾਰਵਾਈ ਲਈ ਕਹਿਣਗੇ। ਇਸ ਦੌਰਾਨ ਫਿਲਮ ਸਮਰਥਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਕੇ ਅਰਦਾਸ ਵੀ ਕੀਤੀ ਹੈ।

 

ਇਥੇ ਦੱਸਣਯੋਗ ਹੈ ਕਿ ਪੰਜਾਬ ਵਿਚ ਵਾਪਰੇ ਦੁਖਾਂਤ ਨੂੰ ਦਰਸਾਉਂਦੀ ਇਸ ਫਿਲਮ ਨੂੰ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਣਾ ਸੀ, ਪਰ ਵੀਰਵਾਰ ਰਾਤ ਨੂੰ ਪੰਜਾਬ ਸਰਕਾਰ ਨੇ ਇਸ ਫਿਲਮ ’ਤੇ ਰੋਕ ਲਾ ਦਿੱਤੀ। ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਵੀ ਰੋਕ ਲਾਈ ਹੈ। ਫਿਲਮ ’ਤੇ ਰੋਕ ਲਾਏ ਜਾਣ ਦਾ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਹੈ।

ਇਸ ਮਾਮਲੇ ’ਚ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਮ ’ਤੇ ਰੋਕ ਹਟਾਉਣ ਲਈ ਦਖਲਅੰਦਾਜ਼ੀ ਕਰਨ ਸਬੰਧੀ ਮੰਗ ਪੱਤਰ ਉਨ੍ਹਾਂ ਨੂੰ ਮਿਲਿਆ ਹੈ। ਉਹ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਰੱਖਣਗੇ ਅਤੇ ਵਿਚਾਰ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਫਿਲਮ ਦੇ ਨਿਰਮਾਤਾ ਵੱਲੋਂ ਦਿੱਤੇ ਸੁਝਾਅ ਕਿ ਜੇ ਇਹ ਫਿਲਮ ਕਿਸੇ ਧਰਮ ਦੇ ਖਿਲਾਫ ਹੈ ਤਾਂ ਇਸ ਸਬੰਧੀ ਸਮੂਹ ਧਰਮਾਂ ਦੇ ਪ੍ਰਤੀਨਿਧਾਂ ਦੀ ਇਕ ਸਾਂਝੀ ਕਮੇਟੀ ਨੂੰ ਫਿਲਮ ਦਿਖਾਈ ਜਾ ਸਕਦੀ ਹੈ, ਬਾਰੇ ਉਨ੍ਹਾਂ ਆਖਿਆ ਕਿ ਇਹ ਇਕ ਚੰਗਾ ਸੁਝਾਅ ਹੈ ਅਤੇ ਇਸ ਉਪਰ ਅਮਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿਚ ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਉਪ ਮੁੱਖ ਮੰਤਰੀ ਨੂੰ ਇਸ ਫਿਲਮ ’ਤੇ ਲਾਈ ਰੋਕ ਖ਼ਤਮ ਕਰਨ ਦੀ ਸਿਫਾਰਸ਼ ਕਰਨ। ਇਸ ਫਿਲਮ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਹਰੀ ਝੰਡੀ ਦਿੱਤੀ ਹੈ ਅਤੇ ਫਿਲਮ ਸੈਂਸਰ ਬੋਰਡ ਵਲੋਂ ਵੀ ਰਿਲੀਜ਼ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ਸਰਕਾਰ ਵਲੋਂ ਫਿਲਮ ’ਤੇ ਰੋਕ ਲਾਉਣ ਦੀ ਕਾਰਵਾਈ ਤਾਨਾਸ਼ਾਹ ਵਤੀਰਾ ਹੈ, ਕਿਉਂਕਿ ਸੈਂਸਰ ਬੋਰਡ ਨੇ ਵੀ ਇਸ ਫਿਲਮ ਨੂੰ ਪ੍ਰਧਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਨਕਸਲਵਾਦ ਅਤੇ ਡਕੈਤਾਂ ਬਾਰੇ ਫਿਲਮਾਂ ਬਣ ਸਕਦੀਆਂ ਹਨ, ਤਾਂ ਫਿਰ ਇਸ ਫਿਲਮ ਬਾਰੇ ਸਰਕਾਰ ਦਾ ਫੈਸਲਾ ਪੱਖਪਾਤ ਵਾਲਾ ਹੈ। ਉਨ੍ਹਾਂ ਆਖਿਆ ਕਿ ਜੇ ਸਰਕਾਰ ਨੇ ਰੋਕ ਖ਼ਤਮ ਨਾ ਕੀਤੀ ਤਾਂ ਉਨ੍ਹਾਂ ਨੂੰ ਮਜਬੂਰਨ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਬਾਰੇ ਆਖਿਆ ਕਿ ਕੁਝ ਦਿਨ ਪਹਿਲਾਂ ਇਹ ਸਿੱਖ ਸੰਸਥਾ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹੀ ਸੀ ਅਤੇ ਹੁਣ ਅਚਨਚੇਤੀ ਚੁੱਪ ਧਾਰ ਲਈ ਹੈ। ਉਨ੍ਹਾਂ ਦਾ ਸਾਰਾ ਪੈਸਾ ਇਸ ਫਿਲਮ ’ਤੇ ਖਰਚ ਹੋ ਚੁੱਕਾ ਹੈ ਅਤੇ ਇਸ ਨੂੰ ਸਿਨੇਮਾਂ ਹਾਲਾਂ ਵਿਚ ਚਲਾਉਣ ਲਈ ਵੀ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਉਨ੍ਹਾਂ ਆਖਿਆ ਕਿ ਸਰਕਾਰ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਫਿਲਮ ’ਤੇ ਲਾਈ ਰੋਕ ਖ਼ਤਮ ਕਰੇ। ਇਸ ਮੌਕੇ ਫੈਡਰੇਸ਼ਨ ਪੀਰ ਮੁਹੰਮਦ ਤੋਂ ਇਲਾਵਾ ਸਿੱਖ ਯੂਥ ਕੌਂਸਲ ਜਥੇਬੰਦੀ ਦੇ ਆਗੂ ਤੇ ਹੋਰ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top