Share on Facebook

Main News Page

ਲੰਗਰਿ ਦਉਲਤਿ ਵੰਡੀਐ…
- ਤਰਲੋਕ ਸਿੰਘ ‘ਹੁੰਦਲ’ ਬਰੈਂਮਟਨ,  ਕਨੇਡਾ

ਸਿੱਖ ਧਰਮ ਦਾ ਵਡੱਪਣ ਹੈ ਕਿ ਇਸ ਦੇ ਸਾਰੇ ਗੁਰ ਅਸਥਾਨਾਂ ਵਿੱਚ ਦੋ ਪ੍ਰਕਾਰ ਦੇ ‘ਲੰਗਰਿ’ ਚਲਦੇ ਰਹਿੰਦੇ ਹਨ। ਇਕ ਅਧਿਆਤਮਕ ਰਸਗੱਤਾ ਭਰਪੂਰ ਲੰਗਰ ਅਤੇ ਦੁਸਰਾ ਸ੍ਵਾਦਿਸ਼ਟ ਪਦਾਰਥ ਲੰਗਰ। ਇਸ ਲੇਖ ਵਿੱਚ ਵਧੇਰੇ ਕਰਕੇ ਅਸੀਂ ਖਾਣ-ਪਾਣ ਨਾਲ ਸਬੰਧਤ ਲੰਗਰ ਦਾ ਜ਼ਿਕਰ ਕਰਾਂਗੇ,  ਕਿਉਂਜੁ ‘ਲੋਹ ਲੰਗਰਿ ਤਪਦੇ ਰਹਿਣ’ ਸਿੱਖਾਂ ਦੀ ਅਰਦਾਸ ਦਾ ਅਹਿਮ ਹਿੱਸਾ ਮੰਨਿਆ ਗਿਆ ਹੈ,  ਜਾਂ ਫਿਰ ‘ਦਾਣਾ ਪਾਣੀ ਗੁਰੂ ਕਾ’ ਉਚਾਰਨ ਕਰਕੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ। ‘ਵਾਹਿਗੁਰੂ ਜੀ ਕੇ ਪ੍ਰਸ਼ਾਦਿ’ ਦਾ ਧਿਆਨ ਨਹੀਂ ਧਰਦੇ।

ਗੁਰ-ਇਤਿਹਾਸ ਵਿੱਚ ਸਾਖੀ ਮਿਲਦੀ ਹੈ,  ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੂਹੜਕਾਣੇ ਵਿੱਚ ਅਬਦਾਲ ਦੇ ਨੰਗੇ,  ਭੁੱਖੇ ਸਾਧੂਆਂ ਦੀ ਟੋਲੀ ਨੂੰ ਵੇਖ ਕੇ,  ਉਨ੍ਹਾਂ ਨੇ ਪਿਤਾ ਜੀ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਿਆਂ ਨਾਲ ‘ਸੱਚਾ ਸੌਦਾ’ ਕੀਤਾ ਭਾਵ ਕਿ ਸਾਧੂਆਂ ਨੂੰ ਭੋਜਨ ਛਕਾਇਆ ਸੀ,  ਭਾਵੇ ਕਿ ਮਗਰੋਂ ਇਸ ਬਦਲੇ ਮਾਰ ਵੀ ਪਈ ਦਸਿਆ ਗਿਆ ਹੈ। ਉਸੇ ਦੀ ਬਦੌਲਤ ਗੁਰਦੁਆਰਿਆਂ ਵਿੱਚ ਲੋੜਵੰਦਾਂ ਲਈ ਭੋਜਨ ਦੀ ਪ੍ਰਥਾ ਬੱਝ ਗਈ ਹੈ। ਗੁਰਮਤਿ ਨਿਰਣਯ ਕੋਸ਼ ਦੇ ਕਰਤਾ ਸ੍ਰ: ਗੁਰਸ਼ਰਨਜੀਤ ਸਿੰਘ (ਡਾ) ਅਨੁਸਾਰ ‘ਲੰਗਰ ਦਾ ਆਰੰਭ ਗੁਰੂ ਨਾਨਕ ਜੀ ਨੇ ਕਰਤਾਰ ਪੁਰ ਵਿੱਚ ਕੀਤਾ ਸੀ। ਦੂਸਰੇ ਪਾਤਸਾਹ ਸ੍ਰੀ ਗੁਰ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਦੋ ਪ੍ਰਕਾਰ ਦੇ ਲੰਗਰ ਚਲਦੇ ਸਨ,  ਇਕ ਗੁਰੂ ਸ਼ਬਦ ਦਾ ਅਤੇ ਦੂਸਰਾ ਸਾਦਾ ਖਾਣ-ਪਾਣ ਦਾ। ਆਪ ਜੀ,  ਦਰਸ਼ਨਾਂ ਨੂੰ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਬਾਣੀ ਅਤੇ ਗੁਰ ਪ੍ਰਵਚਨਾਂ ਨਾਲ ਨਿਹਾਲ ਕਰਦੇ ਸਨ। ਓਧਰ ਗੁਰਤਾ ਗੱਦੀ ਸੰਭਾਲਣ ਤੇ ਗੁਰੂ-ਘਰ ਵਿੱਚ ਲੰਗਰਿ ਦੀ ਸੇਵਾ ਮਾਤਾ ਖੀਵੀ ਨੇ ਸੰਭਾਲ ਲਈ ਸੀ। ਕਿਹਾ ਜਾਂਦਾ ਹੈ ਕਿ ਇਲਾਕਾ ਨਿਵਾਸੀ ਤੇ ਜਿਮੀਂਦਾਰ ਭਾਈਚਾਰਾ ਅੰਨ,  ਦਾਣਾ,  ਆਟਾ,  ਕੱਚਾ ਰਾਸ਼ਨ ਤੇ ਲੰਗਰ ਲਈ ਹੋਰ ਲੋੜੀਦੀਆਂ ਵਸਤੂਆਂ ਭੇਂਟ ਕਰ ਜਾਂਦੇ ਸਨ। ਖੰਡੂਰ ਦਾ ਚੌਧਰੀ ਤਖਤ ਮੱਲ ਲੰਗਰ ਵਿੱਚ ਖੀਰ ਬਣਾਉਂਣ ਲਈ ਨੇਮ ਨਾਲ ਦੁੱਧ ਭੇਜਿਆ ਕਰਦਾ ਸੀ। ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ‘ਭਾਈ ਸੱਤੇ ਤੇ ਬਲਵੰਡ’ ਦੀ ਵਾਰ ਅੰਦਰ ਹਵਾਲਾ ਮਿਲਦਾ ਹੈ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ॥’ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 967)

ਓਸ ਸਮੇਂ ਗੁਰੂ ਘਰ ਦਾ ਇੱਕ ਦੇਵਤਾ ਸੁਭਾਅੁ ਦਾ ਭਾਈ ਜੋਧ ਨਾਮੀ ਰਸੋਈਆ ਵੀ ਹੋਇਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਆਉਂਦਾ ਹੈ:

ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰਿ ਦੁਤਰ ਤਾਰੀ। ਪੂਰੇ ਸਤਿਗੁਰ ਪੈਜ ਸਵਾਰੀ। (ਵਾਰ 11, ਪਉੜੀ 15)

ਗੋਇੰਦਵਾਲ ਵਿਖੇ, ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਸੰਨ 1622 ਬਿਕ੍ਰਮੀ ‘ਚ ਅਕਬਰ ਬਾਦਸ਼ਾਹ ਨੇ ਭੀ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਸੀ।ਇੱਕ ਪੰਗਤ ਵਿੱਚ ਬਹਿ ਕੇ ਛਕਣਾ ਬਰਾਬਰਤਾ ਦਾ ਗੁਰਸਿੱਖੀ ਸਿਧਾਂਤ ਹੈ, ਕੋਈ ਊਚ-ਨੀਚ, ਜਾਤ-ਪਾਤ ਦਾ ਭਿੰਨ-ਭੇਦ ਨਹੀਂ ਸੀ ਰਖਿਆ।ਮੂਲ ਰੂਪ ਵਿੱਚ ਇਥੋਂ ਹੀ ‘ਪਹਿਲੇ ਪੰਗਤ, ਪਾਛੇ ਸੰਗਤ’ ਦੀ ਪ੍ਰਪਾਟੀ ਚੱਲੀ ਦਸੀ ਜਾਂਦੀ ਹੈ। ਭਾਈ ਪੈਧਾ ਵਾਲੀ ਬੀੜ (ਰਾਵਲਪਿੰਡੀ) ਵਿੱਚ ਗੁਰੂ ਅਮਰਦਾਸ ਜੀ ਦੇ ਸਿਖਿਆਦਾ ਇਕ ਬਚਨ ਅੰਕਿਤ ਹਨ, ਕਿ ‘ਗੁਰੂ ਜੀ ਦਾ ਆਖਣਾ ਹੈ, ਅੰਨ ਬਹੁਤ ਭੁਖੈ ਲਗੀ ਖਾਵਣਾ, ਭਰੇ ਉੱਤੇ ਨਹੀਂ ਭਰਨਾ’। ਉਸ ਸਮੇਂ ਲੰਗਰ ਵਿੱਚ ਸੁਆਦਲੇ, ਖੱਟੇ-ਮਿੱਠੇ ਰਸਾਂ-ਕਸਾਂ ਤੋਂ ਨਿਰਲੇਪ ਗੁਰਬਾਣੀ ਆਰਾਧਦਿਆਂ ਹੋਇਆਂ ਬੜਾ ਸਾਦਾ ਭੋਜਨ ਤਿਆਰ ਕੀਤਾ ਜਾਂਦਾ ਸੀ। ਗੁਰੂ ਜੀ ਦਾ ਉਪਦੇਸ਼ ਸੀ ਕਿ ਉੱਚੀ ਬਨਸਪਤਿ ਨਾਲ ਤਿਆਰ ਪਵਿੱਤਰ ਆਹਾਰ ਦੀ ਸਾਦਗੀ, ਮਨੁੱਖੀ ਆਚਰਨ ਨੂੰ ਡੂੰਘਾ ਪ੍ਰਭਾਵਤ ਹੀ ਨਹੀਂ ਕਰਦੀ, ਸਗੋਂ ਸਿੱਖ ਦੀ ਚੇਤਨ ਸ਼ਕਤੀ, ਭਾਵਨਾਵਾਂ ਤੇ ਦਰਵੇਸ਼ ਸੋਚ ਨੂੰ ਬੇਹੱਦ ਨਿਖਾਰਦੀ ਵੀ ਹੈ, ਕਿਉਂਕਿ ਸਿੱਖ ਨੇ ਭੋਜਨ ਸਿਰਫ ਸਰੀਰ ਦੀ ਉਪਜੀਵਕਾ ਹਿਤ ਕਰਨਾ ਹੈ। ਸਿਆਣਿਆਂ ਦਾ ਕਥਨ ਹੈ ‘ਜੈਸਾ ਅੰਨ, ਤੈਸਾ ਮਨ’।

ਸਮੇਂ ਦੀ ਚਾਲ ਨੇ ਗੁਰੂਆਂ ਵੇਲੇ ਬੱਧੀ ਹੋਈ ਲੰਗਰ ਦੀ ਮਰਯਾਦਾ ਬਦਲ ਦਿੱਤੀ ਹੈ ਤੇ ਗੁਰੂ ਕਾ ਲੰਗਰ ਇੱਕ ਫ਼ੈਸ਼ਨ ਬਣ ਗਿਆ ਹੈ। ਘਰ ਹੋਵੇ ਜਾਂ ਗੁਰਦੁਆਰਾ, ਪਾਠ ਦੇ ਭੋਗ ਉਪਰੰਤ ਭਾਈ ਇੱਕ ਹੋਕਾ ਦਿੰਦੇ ਹਨ ਕਿ‘ਗੁਰੂ ਕਾ ਲੰਗਰ ਤਿਆਰ ਹੈ, ਪਰਿਵਾਰ ਦੀ ਬੇਨਤੀ ਹੈ ਕਿ ਸਾਰਿਆਂ ਛਕ ਕੇ ਜਾਣਾ’। ਗੁਰਦੁਆਰਿਆਂ ਵਿੱਚ ਲੰਗਰ ਦੀ ਰੀਤ ਤਾਂ ਸਿਰਫ ਲੋੜਵੰਦਾਂ, ਰਾਹੀਆਂ, ਮੁਸਾਫਰਾਂ ਜਾਂ ਦੂਰ-ਦੁਰਾਡੇ ਤੋਂ ਗੁਰ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਵਾਸਤੇ ਬੰਨ੍ਹੀ ਗਈ ਸੀ, ਪਰ ਹੁਣ ਇਹ ਇੱਕ ਵੱਖਰਾ ਹੀ ਰੁਖ ਅਖਤਿਆਰ ਕਰ ਗਈ ਹੈ। ਗੁਰੂ ਘਰਾਂ ਵਿੱਚ ਭਾਂਤ ਭਾਂਤ ਦੇ ਬਹੁਤ ਸ੍ਵਾਦਿਸ਼ਟ ਭੋਜਨ ਤਿਆਰ ਕੀਤੇ ਜਾਂਦੇ ਹਨ। ਕਿਧਰੇ ਹਲਵਾਈ ਅਤੇ ਕਿਧਰੇ ਸਿੱਖ, ਲੰਗਰਿ ਨੂੰ ਆਪੇ ਬਣਾਉਂਦੇ ਅਤੇ ਸੰਜਮ ਤੇ ਸੰਤੋਖ ਦੇ ਸਦਗੁਣ ਤਿਆਗ ਕੇ ਸੁਆਦ ਦੇ ਗੁਲਾਮ ਲੋੜੋਂ ਕਿਤੇ ਵੱਧ ਆਪੇ ਛਕ ਜਾਂਦੇ ਹਨ। ਦੁੱਖ ਹੈ ਕਿ ਕਈ ਸ਼ਰਧਾਲੂ ਖਾਂਦੇ ਘੱਟ ਤੇ ਉਜਾੜਾ ਵਧੇਰੇ ਕਰਦੇ ਹਨ। ਇਸ ਦੀ ਅਸਲ ਤਸਵੀਰ ਵਿਦੇਸ਼ਾਂ ਵਿੱਚ ਅਯੋਜਿਤ ਨਗਰ ਕੀਰਤਨਾਂ ਵੇਲੇ ਵੇਖਣ ਨੂੰ ਮਿਲਦੀ ਹੈ। ਅਜੇਹੇ ਸਮਾਗਮਾਂ ਵਿੱਚ ਭਾਵੇ ਸਿੱਖ ਸੰਸਥਾਵਾਂ, ਸਭਾਵਾਂ, ਧਨਾਢ ਪੁਰਸ਼ ਤੇ ਵਪਾਰੀ ਸੱਜਣ ਵੰਨ-ਸੁਵੰਨੇ ਪਕਵਾਨ ਤਿਆਰ ਕਰਕੇ ਲੰਗਰ ਲਾਉਂਦੇ ਹਨ, ਸਿੱਖ ਸੰਗਤਾਂ ਤੇ ਗੈਰਾਂ ਨੂੰ ਰੋਕ ਰੋਕ ਕੇ ਸ਼ਰਧਾਪੂਰਵਕ ਛਕਾਉਂਦੇ ਹਨ। ਸੱਚ ਹੈ ਕਿ ਨਾ ਕੋਈ ਕਸਰ ਰਹਿਣ ਦਿੰਦੇ ਤੇ ਨਾ ਹੀ ਤੋਟ ਆਉਂਣ ਦਿੰਦੇ ਹਨ। ਇਹ ਇੱਕ ਅਜਬ ਉਤਸ਼ਾਹ ਹੈ ਜਿਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ।

ਇਸ ਦੇ ਨਾਲ ਇੱਕ ਬਹੁਤ ਵੱਡੀ ਘਾਟ ਹੈ। ਉਹ ਹੈ ‘ਸ਼ਬਦ ਗੁਰੂ ਦਾ ਲੰਗਰ’। ਅਸੀਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸਾਰੀ ਜਿੰਮੇਵਾਰੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਸਿਰ ਮੜ੍ਹ ਰੱਖੀ ਹੈ। ਸਿੱਖ ਸੰਗਤ ਮੂਕ ਦਰਸ਼ਕ ਬਣ ਕੇ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਦੇ ਨੁਕਸ ਕੱਢਣ ਤੋ ਬਿਨ੍ਹਾਂ ਹੋਰ ਕੋਈ ਕੰਮ ਨਹੀਂ ਕਰਦੀ। ਸਿੱਖ ਧਰਮ ਵਿੱਚ ਹਰ ਸਿੱਖ ਦਾ ਇਕੋ ਜਿੰਨ੍ਹਾਂ ਫਰਜ ਹੈ, ਇਕੋ ਜਿੰਨ੍ਹੀ ਜਿੰਮੇਵਾਰੀ ਹੈ।ਉੱਚੇ ਆਤਮਿਕ ਜੀਵਨ ਵਾਲੇ ਭਾਈ ਸੱਤਾ ਤੇ ਬਲਵੰਡ ਨੇ ਬਾਬਾ ਲਹਿਣਾ ਦੀ ਵਡਿਆਈ ਦੀ ਬਰਕਤਿ ਦਾ ਜ਼ਿਕਰ ਕਰਦਿਆਂ ਆਖਿਆ: ‘ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥ ਖਰਚੇ ਦਿਤਿ ਖਸਮ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥’ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 967)

ਨਗਰ-ਕੀਰਤਨਾਂ ਜਿਹੇ ਵਿਸ਼ਾਲ ਇੱਕਠਾਂ ਦੇ ਸਨੈਹਰੀ ਮੌਕੇ ‘ਰੁਹਾਨੀਅਤ ਦੇ ਰਸ-ਮਈ ਲੰਗਰ’ ਦੀ ਅਤਿ ਥੁੜ ਮਹਿਸੂਸ ਕੀਤੀ ਗਈ ਹੈ। ਗੁਰ ਇਤਿਹਾਸ ਤੇ ਗੁਰ ਸਿਧਾਂਤਾਂ ਦੀ ਰਹਿਨੁਮਾਈ ਕਰਦਾ ਸਾਹਿਤ ਨੂੰ ਵੇਚਦਾ/ਵੰਡਦਾ ਇੱਕ ਅੱਧ ਸਟਾਲ ਹੀ ਵੇਖਣ ਨੂੰ ਮਿਲਦਾ ਹੈ ਜਦੋਂ ਕਿ ਰੋਟੀ-ਟੁਕ, ਪਾਣੀ-ਧਾਣੀ ਦੇ ਪੈਰ ਪੈਰ ਉੱਤੇ (ਵਪਾਰ ਆਦਿ ਦੀ ਮਸ਼ਹੂਰੀ ਹਿਤ) ਬੇ-ਸ਼ੁਮਾਰ ਸਟਾਲ ਲਾਏ ਜਾਂਦੇ ਹਨ। ਪੱਕਿਆ ਤੇ ਬਚਿਆ ਵਾਧੂ ਰਾਸ਼ਨ ਕਿਸੇ ਕੰਮ ਨਹੀਂ ਆਉਂਦਾ, ਰੁਲਦਾ ਵੇਖਿਆ ਗਿਆ ਹੈ। ਜਿਸ ਵੇਲੇ ਫਿਰ ਗਾਰਬੇਜ਼ ਵਿੱਚ ਸੁੱਟਦੇ ਹਨ ਤਾਂ “ਗੁਰੂ ਕੇ ਲੰਗਰ”ਦੀ ਹੇਠੀ ਹੁੰਦੀ ਹੈ। ਦਹਾਕਾ ਕੁ ਪਹਿਲਾਂ ਆਮ ਦਿਨ੍ਹਾਂ ਵਿੱਚ ਟੋਰਾਂਟੋ ਦੇ ਕਈ ਗੁਰਦੁਆਰਿਆ ਵਿਚੋਂ ਬਚਿਆ-ਖੁਚਿਆ ਲੰਗਰ ਇਕੱਠਾ ਕਰਕੇ ਨੇੜਲੇ ਜਾਨਵਰਾਂ ਦੇ ਪਾਲਕ ਵੀ ਲਿਜਾਂਦੇ ਰਹੇ। ਕਿਸੇ ਕਾਰਨ ਉਨ੍ਹਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ ਤਾਂ ਫਿਰ ਝੀਲ-ਬੁਰਦ ਕਰਨ ਲੱਗ ਪਏ। ਇਸ ਦਾ ਸੰਤਾਪ ਮੱਛੀਆਂ ਨੂੰ ਕਿਉਂ ਭੋਗਣਾ ਪਿਆ, ਬਹੁਤ ਥੋੜੇ ਲੋਕ ਜਾਣਦੇ ਹਨ। (ਹੁਣ ਗਾਰਬੇਜ਼ ਕੀਤਾ ਜਾਂਦਾ ਹੈ)। ਇਹ ਦਸਣਾ ਕੁਥਾਵੇਂ ਨਹੀਂ ਕਿ ਇਸ ਸਾਲ ਮੇਲੇ ਤੋਂ ਬਾਅਦ ਆਨੰਦਪੁਰ ਵੀ,  ਦੋ/ਤਿੰਨ ਟਰਾਲੀਆਂ ਦੇ ਭਾਰ ਦਾ ਵਾਰਾ ਗਿੱਲ-ਗੱਲਚ ਝੁਰੜ-ਮੁਰੜ ਰੋਟੀਆਂ ਨੂੰ ਲੰਗਰ-ਹਾਲ ਕੋਲ ਧੁੱਪੇ ਸੁਕਾਉਂਦਿਆ ਅੱਖੀਂ ਵੇਖਿਆ ਹੈ। ਦਸਵੰਧ ਦਾ ਸਹੀ ਪ੍ਰਯੋਗ ਨਹੀਂ। ਗੁਰੂ ਜੀ ਫੁਰਮਾਨ ਕਰਦੇ ਹਨ ਕਿ,  ‘ਖੇਤੁ ਪਛਾਣੈ ਬੀਜੇ ਦਾਨ’॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 1421)

ਮਨ ਵਿੱਚ ਵੀਚਾਰ ਤਰੰਗ ਉੱਠੀ ਹੈ, ਕਿ ਵਿਦੇਸ਼ਾਂ ਵਿੱਚਲੀਆਂ ਧਨਵਾਨ ਸਿੱਖ ਸੰਸਥਾਵਾਂ, ਸਿੱਖ ਸਭਾਵਾਂ ਅਤੇ ਧਨਾਢ ਤੇ ਵਪਾਰੀ ਵੀਰ ਜਿਤਨੇ ਉੱਦਮ ਤੇ ਚਾਅ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀ ਤਿਆਰੀ, ਸਾਂਭ-ਸੰਭਾਲ ਅਤੇ ਵਰਤ-ਵਰਤਾਓ ਉੱਤੇ ਮਾਇਆ, ਸਮਾਂ ਤੇ ਤਾਕਤ ਲਾਉਂਦੇ ਹਨ, ਜੇ ਕਰ ਗੁਰੂ ਜੀਵਨੀਆਂ, ਗੌਰਵਮਈ ਗੁਰ-ਇਤਿਹਾਸ ਅਤੇ ਉੱਚਤਮ ਸਿੱਖ ਸਾਹਿਤ ਦੀਆਂ ਵੱਖ ਵੱਖ ਭਾਸ਼ਾਵਾਂ ਯਾਨੀ ਪੰਜਾਬੀ, ਅੰਗਰੇਜ਼ੀ, ਹਿੰਦੀ, ਚੀਨੀ,  ਕੋਰੀਅਨ ਆਦਿ ਵਿੱਚ ਪੁਸਤਕਾਂ ਤਿਆਰ ਕਰਵਾ ਕੇ ਭੋਜਨ ਦੀ ਥਾਂ ਸਿੱਖਾਂ ਅਤੇ ਗੈਰ ਸਿੱਖਾਂ ਵਿੱਚ ਵੰਡੀਏ ਤਾਂ ਇਹ ਬਹੁਤ ਸਾਰਥਕ ਅਤੇ ਵਿਲੱਖਣ ਪ੍ਰਚਾਰ-ਵਿਧੀ ਹੋਵੇਗੀ। ਗੁਰ-ਇਤਿਹਾਸ ਜਿਹੜਾ ਵੀ ਲਿਜਾਏਗਾ, ਕਦੇ ਨਾ ਕਦੇ ਤਾਂ ਜ਼ਰੂਰ ਪੜ੍ਹੇਗਾ। ਸਿੱਖ ਧਰਮ ਦੀ ਜਾਣਕਾਰੀ ਨਾਲ ਉਸ ਦੇ ਸਿੱਖਾਂ ਪ੍ਰਤੀ ਪਏ/ਪਾਏ ਭਰਮ, ਭੁਲੇਖੇ ਅਤੇ ਗਲਤ-ਫਹਿਮੀਆਂ ਦੂਰ ਹੋਣਗੀਆਂ। ਲੋਕਾਂ ਵਿੱਚ ਜਾਗ੍ਰਿਤੀ ਆਏਗੀ, ਸਿੱਖ ਇਖਲਾਕ ੳੱਚਾ ਹੋਏਗਾ, ਕਈ ਸਮਾਜਿਕ ਅਤੇ ਸਭਿਆਚਾਰਕ ਅਲਾਮਤਾਂ ਤੋਂ ਛੁਟਕਾਰਾ ਮਿਲ ਜਾਏਗਾ। ਮੋੜ, ਵਿਦਿਆ ਨਾਲ ਪੈਂਦਾ ਹੈ।

ਗੁਰੂ ਨਾਨਕ ਸਾਹਿਬ ਨੂੰ ਵੀ ਲੋਕ ਕੁਰਾਹੀਆ ਅਤੇ ਭੂਤਨਾ ਆਖਦੇ ਰਹੇ, ਜਦੋਂ ਸਮਝ ਪਈ ਤਾਂ ਕਈ ਦੂਸਰੇ ਧਰਮਾਂ ਦੇ ਲੋਕ ਗੁਰੂ ਜੀ ਨੂੰ ਆਣ ਕੇ ਕਹਿੰਦੇ, ‘ਜੀ! ਅਸਾਨੂੰ ਆਪਣਾ ਸਿੱਖ ਬਣਾ ਲਓ’। ਸਿੱਖ ਦੀ ਪਹਿਚਾਣ ‘ਕਿਰਦਾਰ’ ਹੈ, ਵਿਵਹਾਰ ਹੈ, ਦਸਤਾਰ ਹੈ, ਕਕਾਰ ਹੈ, ਸਿੱਖ ਦੀ ਹੋਂਦ ਜਤਾਉਂਣ ਦਾ ਸਮਾਂ ਹੈ, ਕਕਾਰਾਂ ਦੀ ਵਿੱਲਖਣਤਾ ਸਥਾਪਤ ਕਰਨੀ ਹੈ, ਪੰਥ ਦਰਦੀ ਚਿੰਤਤੁ ਹੈ, ਸਿੱਖ ਸੰਗਤ ਨੂੰ ਜਾਗ੍ਰਿਤ ਕਰਨਾ ਹੈ, ਗੈਰ-ਸਿੱਖਾਂ ਅਤੇ ਹੋਰਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸੋਝੀ ਦੇਣੀ ਹੈ, ਖ਼ਾਸ ਕਰਕੇ ਵਿਦੇਸ਼ਾਂ ਵਿੱਚ।ਲੋੜ ਹੈ, ਦਰ ਦਰ, ਘਰ ਘਰ ਮਿਸ਼ਨਰੀ ਪਹੁੰਚ ਅਪਣਾ ਕੇ ਪ੍ਰਚਾਰ ਦੀ, ਆਪਣੀ ਬੋਲੀ ਵਿੱਚ ਅਤੇ ਬਰੋਬਰ ਗੈਰਾਂ ਦੀ ਭਾਸ਼ਾ ਵਿੱਚ ਵੀ। ਸਾਡੇ ਕੋਲ ਸਿੱਖ ਵਿਦਵਾਨ,  ਸਾਹਿਤਕਾਰ, ਸਕਾਲਰ, ਪ੍ਰੋਫੈਸਰ, ਬੁੱਧੀਜੀਵੀ ਤੇ ਵੱਡੀ ਗਿਣਤੀ ਵਿੱਚ ਲੇਖਕ ਮੌਜੂਦ ਹਨ, ਇਸ ਕਾਰਜ ਲਈ ਸ਼ਾਇਦ ਹੀ ਕੋਈ ਪੈਸੇ, ਧੇਲੇ ਦੀ ਮੰਗ ਕਰੇ, ਤੁਸੀ ਸਿਰਫ ਛਪਵਾਉਂਣਾ ਤੇ ਵੰਡਣਾ ਹੈ। ਆਓ!ਇਸ ਪਾਸੇ ਤੁਰੀਏ ਅਤੇ ਭਾਈਚਾਰਕ ਸਾਂਝ ਵਧਾਈਏ! ਮਤਲਬ ਪ੍ਰਸਤੀ ਅਤੇ ਖੁਦਦਾਰੀ ਤਿਆਗ ਕੇ ਬੱਚਿਆਂ ਵਿੱਚ ਹਿੰਮਤ, ਹੌਸਲਾ,  ਜਜ਼ਬਾ, ਉਤਸ਼ਾਹ ਤੇ ਜੋਸ਼ ਪੈਦਾ ਕਰੀਏ, ਕਿਉਂਕਿ ਸਿੱਖੀ ਦਾ ਸੰਤੁਲਨ ਵਿਗੜ ਗਿਆ ਹੈ।ਕਿਸੇ ਨੇ ਠੀਕ ਹੀ ਆਖਿਆ ਹੈ ਕਿ ‘ਲੋਗ,  ਮੁਝੇ (ਸਿੱਖ ਕੌਮ ਨੂੰ ) ਆਂਖ ਭਰ ਕੇ ਦੇਖਤੇ ਹੈਂ’।

ਕੁਝ ਦਿਨ ਪਹਿਲਾਂ ਇੱਕ ਸਿੱਖ ਪ੍ਰਚਾਰਕ ਨੇ ਬੜੀ ਸੋਹਣੀ ਅਤੇ ਸੁਹੱਪਣ-ਭਰੀ ਗੱਲ ਕਹੀ ਕਿ ‘ਗੁਰੂ ਦੇ ਸੇਵਕ, ਸਤਿਗੁਰਾਂ ਪਾਸ ਜਿਆਦਾਤਰ ਹਾੜੀ, ਸਾਉਣੀ ਜਾਇਆ ਕਰਦੇ ਸਨ, ਯਥਾ-ਸ਼ਕਤਿ ਭੇਂਟ ਅਰਪਨ ਕਰਨੀ,  ਗੁਰ ਅਸਥਾਨ ਵਿੱਚ ਦੋ/ਚਾਰ ਦਿਨ ਰਹਿੰਦੇ ਸਨ ਤੇ ਭਾਵ ਅਰਥ ਨਾਲ ਗੁਰ ਸ਼ਬਦ ਸਿਖਦੇ ਸਨ। ਵਾਪਸ ਆਉਂਦੇ ਤਾਂ ਨੇੜਲੇ ਸਿੱਖ ਪੁੱਛਦੇ, ‘ਜੀ!ਗੁਰ ਸ਼ਬਦ ਦਾ ਪ੍ਰਸਾਦਿ ਵਰਤਾਉ’। ਇੰਞ ਫਿਰ ਇਕੱਠ ਵਿੱਚ ਗਿਆਨ ਚਰਚਾ ਹੁੰਦੀ। ਪਰ ਹੁਣ ਅਸੀਂ ਕਿੰਨੇ ਬਦਲ ਗਏ ਹਾਂ। ਗੁਰਦੁਆਰੇ ਜਾਂਦੇ ਹਾਂ, ਪਿੱਛਲਿਆਂ ਲਈ ਫੁੱਲੀਆਂ, ਪਤਾਸੇ, ਪਿੰਨੀ ਦਾ ਪ੍ਰਸਾਦਿ ਲਿਆਉਂਦੇ ਹਾਂ, ਅਫਸੋਸ! ਕਦੇ ਗੁਰ-ਵੀਚਾਰ ਨਾ ਸੁਣੀ ਤੇ ਨਾ ਕੀਤੀ। ਫਿਰ ਗੁਰੂ ਪਿਆਰ ਕਿਥੋਂ ਪੈਦਾ ਹੋਵੇ? ਨਿਰਾ ਖਾਣ-ਪਾਣ ਨੂੰ ਲੰਗਰ ਮੰਨ ਲੈਣਾ ਪਵਿੱਤਰ ‘ਝੂਠ’ ਹੈ, ‘ਗੁਰਬਾਣੀ ਦੀ ਵੀਚਾਰ, ਸਿੱਖ ਸਿਧਾਂਤ, ਸਿੱਖ ਪ੍ਰੰਪਰਾਵਾਂ,  ਮਰਯਾਦਾ, ਗੁਰੂ ਜੀਵਨੀਆਂ, ਗੁਰ ਇਤਿਹਾਸ ਅਤੇ ਸਿੱਖ ਸਹਿਤ ਦਾ ਪ੍ਰਚਾਰ ਪਵਿੱਤਰ ‘ਸੱਚ’ਹੈ। ਰੂਹਾਨੀਅਤ ਦਾ ਲੰਗਰ ਹੈ। ਸਚਾਈ, ਕਰਮ ਵਿੱਚੋਂ ਉਪਜੇ ਤਾਂ ਗੱਲ ਬਣਦੀ ਹੈ। ਨਿਸ਼ਚੇ ਨਾਲ ਨਿਸ਼ਾਨੇ ਵੱਲ ਵਧਣ ਲਈ ਸੱਚ ਦਾ ਨਾਂ ਸਿੱਖ ਸਿਧਾਂਤ ਹਨ, ਗੁਰਸਿੱਖੀ ਜੀਵਨ ਦੀ ਆਪੂੰ ਮੁਕੰਮਲ ਸੋਝੀ ਅਤੇ ਦੂਸਰਿਆਂ ਨੂੰ ਜਾਣਕਾਰੀ ਲੋੜੀਦੀ ਹੈ। ਲੰਗਰ ਪ੍ਰੰਪਰਾਗਤ ਚਿੰਨ੍ਹ ਹੈ ਇੱਕਠੇ ਬੈਠਣ ਦਾ। ਗੁਰੂ ਨਾਲ ਵਫਾਦਾਰੀ ਨਿਭਾਉਂਣੀ ਹੈ ਤਾਂ ‘ਗੁਰਬਾਣੀ ਵੀਚਾਰ’ਦੀ ਲੋੜ ਹੈ। ਸਿਆਣੇ ਦਸਦੇ ਹਨ ਕਿ ਜਦੋਂ ਮਨੁੱਖ ਉਤਸ਼ਾਹਤ ਹੋ ਕੇ ਪ੍ਰਭੂ ਭਗਤੀ ਦੇ ਮਾਰਗ ਉੱਤੇ ਚਲਦਾ ਹੈ ਤਾਂ ਉਸ ਨੂੰ ਕੁਦਰਤੀ ਤੌਰ ਤੇ ਰਸਾਂ-ਕਸਾਂ ਤੋਂ ਹਟ ਕੇ ਖਾਣ-ਪੀਣ ਤੇ ਗੁਰਸਿੱਖੀ ਨਿਭਾਵਣ ਦੀ ਜਾਚ ਆ ਜਾਂਦੀ ਹੈ। ‘ਮਿੱਠੀ ਅਤੇ ਮਧੁਰ ਬਾਣੀ’ਦਾ ਅਸਰ ਪ੍ਰਤੱਖ ਦਿਸ ਪੈਂਦਾ ਹੈ।

ਗੁਰਮਤਿ ਪ੍ਰਕਾਸ਼ ਦੀ ਰੋਸ਼ਨੀ ਵਿੱਚ ਵੀਚਾਰਾਂ ਨੂੰ ਸੰਕੋਚੀਏ ਕਿ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਵੰਨ-ਸੁਵੰਨਤਾ ਦੇ ਪਕਵਾਨ ਤਆਰ ਕਰਕੇ ਲੰਗਰ ਲਾਉਂਣ ਵਾਲੇ ਧਨਾਢ ਵਪਾਰੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਦੇਸ਼ਾਂ, ਵਿਦੇਸ਼ਾ ਵਿੱਚ ਅਯੋਜਿਤ ਨਗਰ ਕੀਰਤਨ ਜਾਂ ਗੁਰਪੁਰਬਾਂ ਦੇ ਸਮਾਗਮਾਂ ਵੇਲੇ ਸਿੱਖ ਸਾਹਿਤ ਵੰਡੋ, ਗੁਰੂ ਜੀਵਨੀਆਂ ਤੇ ਗੁਰ ਇਤਿਹਾਸ ਦਾ ਲੰਗਰ ਲਾਓ, ਗੁਰਮਤਿ ਦੀ ਕਸਵੱਟੀ ਤੇ ਖਰੇ ਉਤਰਦੇ ਵੱਡੇ-ਛੋਟੇ ਪੈਂਮਫਲਿਟ ਵਖੋ-ਵਖਰੀਆਂ ਭਾਸ਼ਾਵਾਂ ਵਿੱਚ ਤਿਆਰ ਕਰਵਾ ਕੇ ਲੋਕਾਂ ਨੂੰ ਦਿਓ, ਮਾਲਕ ਤੇ ਭਰੋਸਾ ਰੱਖ ਕੇ ਨਾਮ ਬਾਣੀ ਦਾ ਲੰਗਰ ਚਲਾਓ, ਕਿਉਕਿ ਇਹ ਸਰਬਸ਼੍ਰੇਸ਼ਟ ਅਤੇ ਉੱਤਮ ਪਦਾਰਥ ਹੈ। ਸੁੱਚਜੇ ਜੀਵਨ ਨਿਰਬਾਹ ਦੀ ਖ਼ੁਰਾਕ ਹੈ। ਸੰਨ 1920 ਵਿੱਚ ਵੀ ਇਵੇਂ ਹੀ ਹੋਇਆ ਸੀ। ਇਥੇ ਸਿੱਖ ਬਹੁਤ ਖ਼ੁਸ਼ਹਾਲ ਹੈ, ਬਾਖੂਬੀ ਘਰੇ ਰੱਜਵਾ ਖਾਣ ਨੂੰ ਮਿਲਦਾ ਹੈ, ਘਾਟ ਹੈ ਤਾਂ ਗੁਰ ਸ਼ਬਦ ਦੇ ਲੰਗਰ ਦੀ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ, 52 ਪੀੜੇ ਅਤੇ ਅਨੇਕਾਂ ਪੰਘੂੜੇ ਸਥਾਪਤ ਕੀਤੇ, ਪਰ ਖਾਣ-ਪਾਣ ਦਾ ਲੰਗਰ, ਇੱਕ।

ਅਸੀਂ ਖਾਣ-ਪੀਣ ਦੇ ਸੈਂਕੜੇ ਲੰਗਰ ਲਾਉਂਦੇ ਹਾਂ, ਪ੍ਰਚਾਰ ਦਾ ਕੋਈ ਵੀ ਨਹੀਂ। ਸਿੱਖੀ ਵਿੱਚ ਪ੍ਰਪੱਕਤਾ ਅਤੇ ਇਸਦੇ ਫੈਲਾਅ ਲਈ ਪ੍ਰਚਾਰ ਦਾ ਸ਼ਕਤੀਕਰਨ ਜਰੂਰੀ ਹੈ। ਪਰਿਵਰਤਨ, ਗਿਆਨ ਨਾਲ ਆਵੇਗਾ। ਗੁਰ ਬਚਨ ਹਨ:

ਮਹਲਾ 1॥
"ਕਿਆ ਖਾਧੈ ਕਿਆ ਪੈਧੈ ਹੋਇ॥ ਜਾ ਮਨਿ ਨਾਹੀ ਸਚਾ ਸੋਇ॥ ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥ ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ 2 ॥" (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 142)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top