Share on Facebook

Main News Page

 ਚਿੰਤਾ ਦਾ ਵਿਸ਼ਾ ਬਣਿਆ ਅਕਾਲੀਆਂ ਦਾ ਚਿੰਤਨ ਸ਼ਿਵਰ, ਗੁਰੂਦੁਆਰੇ ਤੋਂ ਗੋਆ ਤੱਕ, ਸਰੋਵਰ ਤੋਂ ਸਮੁੰਦਰ ਤੱਕ
- ਜਸਬੀਰ ਸਿੰਘ ਪੱਟੀ 09356024684

ਚਿੰਤਨ ਸ਼ਿਵਰ ਲਗਾਉਣਾ ਕੋਈ ਗਲਤ ਰਵਾਇਤ ਨਹੀਂ ਸਗੋਂ ਇੱਛਾਈ ਦਾ ਪ੍ਰਤੀਕ ਗਿਣੀ ਜਾਂਦੀ ਹੈ। ਦੁਨੀਆ ਭਰ ਵਿੱਚ ਹਰ ਪਾਰਟੀ ਸਮੇਂ ਸਮੇਂ ਤੇ ਆਪਣੀਆ ਨੀਤੀਆ ਦਾ ਮੁਲਾਂਕਣ ਕਰਨ ਲਈ ਚਿੰਤਨ ਸ਼ਿਵਰ ਲਗਾਉਦੀ ਹੈ ਜਿਥੇ ਸਾਰੇ ਆਗੂ ਇਕੱਠੇ ਬੈਠ ਕੇ ਆਪਣੀਆ ਨੀਤੀਆ ਦਾ ਲੇਖਾ ਜੋਖਾ ਕਰਦੇ ਹਨ ਕਿ ਉਹਨਾਂ ਨੇ ਬੀਤੇ ਵਿੱਚ ਕੀ ਖੱਟਿਆ ਤੇ ਕੀ ਗਵਾਇਆ ਹੈ ਅਤੇ ਭਵਿੱਖੀ ਯੋਜਨਾਵਾਂ ਬਣਾਈਆ ਜਾਂਦੀਆਂ ਹਨ। ਭਾਰਤ ਦੀਆਂ ਦੋ ਵੱਡੀਆ ਪਾਰਟੀਆ ਕਾਂਗਰਸ ਤੇ ਭਾਜਪਾ ਅਜਿਹੇ ਚਿੰਤਨ ਸ਼ਿਵਰ ਭਲੇ ਹੀ ਦੇਸ ਦੇ ਕਿਸੇ ਵੀ ਭਾਗ ਵਿੱਚ ਕਿਉ ਨਾ ਲਗਾਉਣ ਪਰ ਜਦੋਂ ਕੋਈ ਸ਼ਰੋਮਣੀ ਅਕਾਲੀ ਵਰਗੀ ਪਾਰਟੀ ਜਿਸ ਦੀ ਪੰਜਾਬ ਤੋਂ ਬਾਹਰ ਕੋਈ ਵੀ ਜਿਆਦਾ ਹੋਂਦ ਨਹੀਂ ਹੈ ਵੱਲੋਂ ਸਮੁੰਦਰੀ ਕੰਢੇ ਭਾਵ ਆਪਣੇ ਸੂਬੇ ਤੋ ਹਜਾਰਾ ਮੀਲ ਦੂਰ ਜਾ ਕੇ ਚਿੰਤਨ ਕੈਂਪ ਲਗਾਉਦੀ ਹੈ ਤਾਂ ਉਹ ਚਿੰਤਨ ਸ਼ਿਵਰ ਨਹੀਂ ਸਗੋ ਚਿੰਤਾ ਦਾ ਵਿਸ਼ਾ ਬਣ ਜਾਂਦੇ ਹਨ। ਕਰੋੜਾਂ ਰੁਪਏ ਖਰਚ ਕਰਕੇ ਇਹ ਕੈਂਪ ਉਸ ਵੇਲੇ ਲਗਾਇਆ ਗਿਆ ਹੈ ਜਦੋਂ ਸੂਬਾ ਪੂਰੀ ਤਰ੍ਹਾਂ ਕਰਜ਼ੇ ਨਾਲ ਅੱਟਿਆ ਪਿਆ ਹੈ ਅਤੇ ਬੇਰੁਜਗਾਰਾਂ ਦੀਆਂ ਹੇੜਾਂ ਦੀਆਂ ਹੇੜਾਂ ਰੁਗਜਾਰ ਮੰਗ ਰਹੀਆ ਹਨ ਪਰ ਸਰਕਾਰ ਉਹਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਉਹਨਾਂ ਦੇ ਹੱਡ ਪੁਲੀਸ ਦੀਆਂ ਲਾਠੀਆ ਨਾਲ ਸੇਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਬੁਨਿਅਦ 1920 ਵਿੱਚ ਰੱਖੀ ਗਈ ਸੀ ਅਤੇ 1922 ਵਿੱਚ ਇਸ ਨੂੰ ਇੱਕ ਪਾਰਟੀ ਦਾ ਦਰਜਾ ਦਿੱਤਾ ਗਿਆ ਸੀ। ਅਕਾਲੀ ਦਲ ਦਾ ਸਿਧਾਂਤ ਸਿਰਫ ਗੁਰੂਦੁਆਰਿਆ ਦਾ ਰੱਖਿਆ ਕਰਨਾ ਅਤੇ ਸਿੱਖੀ ਹੱਕਾਂ ਲਈ ਲੜਨਾ ਸੀ ਪਰ 1935 ਦੇ ਕਰੀਬ ਅਕਾਲੀ ਦਲ ਨੇ ਵੀ ਚੋਣਾਂ ਲੜ ਕੇ ਰਾਜਨੀਤਕ ਸ਼ਕਤੀ ਲੈਣ ਦਾ ਮੱਤਾ ਪਾਸ ਕਰ ਦਿੱਤਾ। ਅਕਾਲੀ ਦਲ ਦੀਆਂ ਵਧੇਰੇ ਰੈਲੀਆ ਤੇ ਮੀਟਿੰਗਾਂ ਆਮ ਤੌਰ ਤੇ ਵੱਖ ਵੱਖ ਗੁਰੂਦੁਆਰਿਆ ਵਿੱਚ ਹੁੰਦੀਆਂ ਸਨ। ਉਸ ਵੇਲੇ ਵੀ ਵਿਰੋਧੀ ਧਿਰ ਕਹਿੰਦੀ ਸੀ ਕਿ ਅਕਾਲੀ ਦੇ ਢਿੱਡ ਆਪਣੇ ਹਨ ਤੇ ਉਹ ਲੰਗਰ ਗੁਰੂ ਦਾ ਛੱਕ ਕੇ ਪ੍ਰਸੰਨ ਚਿੱਤ ਰਹਿੰਦੇ ਹਨ। ਅਕਾਲੀਆ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਦਰਬਾਰ ਵਿੱਚ ਮੱਥਾ ਟੇਕਦੇ ਹਨ ਅਤੇ ਕੋਈ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਜਰੂਰ ਕਰਦੇ ਹਨ ਪਰ ਅੱਜ ਦਾ ਅਕਾਲੀ ਦੂਰ ਇਹਨਾਂ ਪਰੰਪਰਾ ਤੋ ਦੂਰ ਹੀ ਨਹੀਂ ਜਾ ਰਿਹਾ ਸਗੋਂ ਇਹਨਾਂ ਪਰੰਪਰਾ ਨੂੰ ਪਸੰਦ ਹੀ ਨਹੀਂ ਕਰਦਾ ਜਿਸ ਕਾਰਨ ਸਾਡੇ ਜੀਵਨ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

ਗੁਰੂਦੁਆਰੇ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਚਿੰਤਨ ਕੈਂਪ ਸ਼ੁਰੂ ਕਰਨ ਦੀ ਬਜਾਏ ਇਸ ਵਾਰੀ ਅਕਾਲੀਆ ਨੇ ਗੋਆ ਦੇ ਖਾਰੇ ਸੁਮੰਦਰ ਵਿੱਚ ਚੁੱਭੀ ਲਗਾ ਕੇ ਚਿੰਤਨ ਕੈਂਪ ਸ਼ੁਰੂ ਕੀਤਾ ਜਦ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਸ਼ਿਮਲਾ ਦੀਆਂ ਰੰਗੀਨ ਪਹਾੜੀਆ ਤੇ ਜੰਮੀ ਬਰਫ ਦੇ ਤੋਦਿਆ ਦੇ ਨਜਾਰੇ ਲੈ ਕੇ ਵੀ ਚਿੰਤਨ ਕਰ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗੋਆ ਵਿਚਲਾ ਚਿੰਤਨ ਕੈਂਪ ਸੁੱਖੀ ਸਾਦੀ ਸਮਾਪਤ ਹੋ ਗਿਆ ਹੈ ਜਿਸ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਅਤੇ ਭਾਜਪਾ ਵੀ ਟੂਰਿਸਟ ਥਾਵਾਂ ‘ਤੇ ਆਪਣੇ ਚਿੰਤਨ ਕੈਂਪ ਲਗਾ ਚੁਕੀਆਂ ਹਨ। ਖਬੇ ਪਖੀ ਧਿਰਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਚਿੰਤਨ ਕੈਂਪ ਲਾਉਂਦੀਆਂ ਜਰੂਰ ਆ ਰਹੀਆਂ ਹਨ ਅਤੇ ਉਨ੍ਹਾਂ ਦੇ ਸਕੂਲਿੰਗ ਕੈਂਪ ਵੀ ਹੁੰਦੇ ਹਨ। ਇਹ ਵਖਰੀ ਗਲ ਹੈ ਕਿ ਉਹ ਆਮ ਥਾਵਾਂ ‘ਤੇ ਹੀ ਅਜਿਹੇ ਕੈਂਪਾਂ ਦਾ ਆਯੋਜਨ ਕਰਦੀਆਂ ਹਨ।ਇਹਨਾਂ ਕੌਮੀ ਪੱਧਰ ਦੀਆਂ ਪਾਰਟੀਆਂ ਦੇ ਨੇਤਾਵਾਂ ਨੇ ਦੇਸ਼ ਦੀਆਂ ਵਖ-ਵਖ ਥਾਵਾਂ ਤੋਂ ਇਨ੍ਹਾਂ ਕੈਂਪਾਂ ਵਿਚ ਸ਼ਮੂਲੀਅਤ ਕਰਨੀ ਹੁੰਦੀ ਹੈ ਇਸ ਕਰਕੇ ਉਨ੍ਹਾਂ ਦੀ ਦਲੀਲ ਵਿਚ ਕੁਝ ਵਜ਼ਨ ਹੋ ਸਕਦਾ ਹੈ ਕਿ ਪਾਰਟੀ ਦੀਆਂ ਗਤੀਵਿਧੀਆਂ, ਯੋਜਨਾਵਾਂ ਆਦਿ ‘ਤੇ ਵਿਚਾਰ-ਚਰਚਾ ਕਰਨ ਲਈ ਕਿਸੇ ਇਕ ਕੇਂਦਰੀ ਥਾਂ ਦੀ ਚੋਣ ਕਰਨੀ ਇਨ੍ਹਾਂ ਦੀ ਮਜਬੂਰੀ ਹੁੰਦੀ ਹੈ।

ਇਨ੍ਹਾਂ ਪਾਰਟੀਆਂ ਵਾਸਤੇ ਇਕ ਕੇਂਦਰੀ ਸਥਾਨ ਪਹਿਲਾਂ ਹੀ ਨਿਸ਼ਚਿਤ ਹੁੰਦਾ ਹੈ ਕਿ ਅਜਿਹੇ ਕਾਰਜਾਂ ਵਾਸਤੇ ਇਨ੍ਹਾਂ ਦੇ ਆਪਣੇ ਮੁਖ ਦਫ਼ਤਰ ਮੌਜੂਦ ਹੁੰਦੇ ਹਨ ਫਿਰ ਵੀ ਅੰਗਰੇਜਾਂ ਤੋ ਵਰੋਸਾਈਆ ਹੋਈਆ ਕੁਝ ਇਹ ਸਿਆਸੀ ਪਾਰਟੀਆ ਅਜਿਹੇ ਥਾਵਾਂ ਦੀ ਚੋਣ ਕਰਦੀਆਂ ਹਨ ਜਿਥੇ ਰਹਿਣ ਅਤੇ ਖਾਣ-ਪੀਣ ‘ਤੇ ਅੰਤਾਂ ਦਾ ਪੈਸਾ ਪਾਣੀ ਵਾਂਗ ਵਹਾਇਆ ਜਾ ਸਕੇ। ਜਦੋਂ ਵੀ ਕਿਸੇ ਸੂਬੇ ਦਾ ਮੁਖ ਮੰਤਰੀ ਜਾਂ ਕੋਈ ਹੋਰ ਹਾਕਮ ਧਿਰ ਦਾ ਮੈਂਬਰ ਪਾਰਟੀ ਦੇ ਕੰਮ ਵਾਸਤੇ ਦੇਸ ਦੀ ਇੱਕ ਨੁੱਕਰ ਤੋਂ ਦੂਸਰੀ ਨੁੱਕਰ ਵਾਲੇ ਸੂਬੇ ਵਿਚ ਜਾਂਦਾ ਹੈ ਤਾਂ ਉਸ ਦੁਆਰਾ ਇਸ ਤਰ੍ਹਾਂ ਆਪਣਾ ਸਥਾਨ ਛਡਣ ‘ਤੇ ਜੋ ਕੰਮ ਪ੍ਰਭਾਵਿਤ ਹੁੰਦਾ ਹੈ, ਉਸ ਪ੍ਰਤੀ ਕੋਣ ਜਵਾਬਦੇਹ ਹੁੰਦਾ ਹੈ ਇਸ ਬਾਰੇ ਸਾਰੇ ਹੀ ਭਲੀਭਾਂਤ ਜਾਣਦੇ ਹਨ। ਇਹ ਹਾਕਮ ਧਿਰ ਦੇ ਲੋਕ ਆਪਣੇ ਜਾਂ ਪਾਰਟੀ ਦੇ ਖਰਚੇ ‘ਤੇ ਤਾਂ ਕਿਸੇ ਵੀ ਜਗਾ ਜਾਂਦੇ ਆਉਂਦੇ ਨਹੀਂ, ਸਗੋਂ ਇਹ ਖਰਚਾ ਸਰਕਾਰੀ ਹੁੰਦਾ ਹੈ ਜਿਹੜਾ ਲੋਕਾਂ ਦੀ ਲਹੂ ਪਸੀਨੇ ਦੀ ਕਮਾਈ ਵਿੱਚੋ ਟੈਕਸਾਂ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਹੁੰਦਾ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਸਰਕਾਰੀ ਕਾਰਜਾਂ ਦੀ ਚਿੰਤਾ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਗੋਆ ਸਮੁੰਦਰ ਦੇ ਕੰਢੇ ਤੇ ਜਾ ਕੇ ਚਿੰਤਨ ਕਰਨ ਦੀ ਚੋਣ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਹੀ ਜਾ ਸਕਦੀ। ਪੰਜਾਬ ਦੀ ਇਸ ਖੇਤਰੀ ਪਾਰਟੀ ਦਾ ਚਿਹਰਾ-ਮੋਹਰਾ ਧਾਰਮਿਕ ਪਿਛੋਕੜ ਵਾਲਾ ਹੈ। ਇਸ ਨੇ ਪੰਜਾਬ ਦੇ ਸਭਿਆਚਾਰ ਨੂੰ ਸਨਮੁਖ ਰਖ ਕੇ ਆਪਣੀਆਂ ਨੀਤੀਆਂ ਘੜਨੀਆਂ ਅਤੇ ਯੋਜਨਾਵਾਂ ਉਲੀਕਣੀਆਂ ਹੁੰਦੀਆਂ ਹਨ। ਪਾਰਟੀ ਦੇ ਸਿਆਸੀ ਪ੍ਰੋਗਰਾਮ ਵੀ ਇਸ ਨੇ ਅਜਿਹਾ ਸੋਚ ਕੇ ਹੀ ਘੜਨੇ ਹੁੰਦੇ ਹਨ। ਫਿਰ ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ‘ਚਿੰਤਨ’ ਪੰਜਾਬੀ ਅਤੇ ਸਿਖ ਸਭਿਆਚਾਰ ਤੋਂ ਹਜ਼ਾਰਾਂ ਕੋਹ ਦੂਰ ਜਾ ਕੇ ਕੀਤਾ ਗਿਆ ਹੈ। ਅਜਿਹਾ ਕਰਨ ਤੋਂ ਸਪੱਸ਼ਟ ਜਾਪਦਾ ਹੈ ਕਿ ਭਵਿਖ ਵਿਚ ਪਾਰਟੀ ਦਾ ਮੂੰਹ-ਮੁਹਾਂਦਰਾ ਉਹ ਨਹੀਂ ਰਹੇਗਾ ਜੋ ਕਿ ਰਵਾਇਤੀ ਸ਼੍ਰੋਮਣੀ ਅਕਾਲੀ ਦਲ ਦਾ ਸੀ। ਇਸ ਚਿੰਤਨ ਤੋਂ ਬਾਅਦ ਪਾਰਟੀ ਤੋਂ ਲੋਕ ਹਿੱਤਾਂ ਦੀ ਰਾਖੀ ਦੀ ਆਸ ਕਰਨੀ ਭੁਲੇਖੇ ਵਾਲੀ ਗਲ ਹੀ ਹੋਵੇਗੀ।ਵੈਸੇ ਵੀ ਸ਼ਰੋਮਣੀ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਹ ਮੰਨ ਲਿਆ ਹੈ ਕਿ ਅਕਾਲੀ ਦਲ ਪੰਜਾਬੀ ਪਾਰਟੀ ਬਣ ਚੁੱਕਾ ਹੈ ਅਤੇ ਹੁਣ ਤਾਂ ਹੋਰ ਵੀ ਸਪੱਸ਼ਟ ਹੋ ਗਿਆ ਜਦੋਂ ਅਕਾਲੀ ਦਲ ਦਾ ਮੋਗਾ ਤੋ ਵਿਧਾਇਕ ਸਵੇਰੇ ਦਾੜੀ ਨੂੰ ਸੰਵਾਰਨ ਦੀ ਬਜਾਏ ਘਰੋੜ ਕੇ ਉਸਤਰਾ ਫੇਰਦਾ ਹੈ ਤੇ ਫਿਰ ਵੀ ਲੋਕਾਂ ਨੂੰ ਮਿਲਦਾ ਹੈ।

ਪੁਰਾਣੇ ਸਮੇਂ ਵਿੱਚ ਵੀ ਅਕਾਲੀ ਦਲ ਜਦੋਂ ਚਿੰਤਨ ਸ਼ਿਵਰ ਗੁਰੂਦੁਆਰਿਆ ਵਿੱਚ ਲਗਾਉਦਾ ਸੀ ਤਾਂ ਉਸ ਸਮੇਂ ਵੀ ਅਕਾਲੀ ਨੂੰ ਅਕਾਲ ਦਾ ਕਰਿੰਦਾ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਸ ਕਰਕੇ ਗੱਲਬਾਤ ਸ਼ੁਰੂ ਕੀਤੀ ਜਾਂਦੀ ਸੀ ਕਿ ਕੋਈ ਵੀ ਵਿਅਕਤੀ ਝੂਠ ਨਾ ਬੋਲੇ ਪਰ ਅੱਜ ਦਾ ਅਕਾਲੀ ਦਲ ਸ੍ਰੀ ਗੁਰੂ ਸਾਹਿਬ ਦੀਆਂ ਪਰੰਪਰਾ ਤੋ ਬਹੁਤ ਦੂਰ ਜਾ ਚੁੱਕਾ ਹੈ। ਗੁਰੂਦੁਆਰਿਆ ਵਿੱਚ ਲੱਗਣ ਵਾਲੇ ਇਹਨਾਂ ਕੈਂਪਾਂ ਵਿੱਚ ਕਈ ਨੌਜਵਾਨ ਅਕਾਲੀ ਗੁਰੂ ਸਾਹਿਬ ਦੀ ਸੁਗੰਧ ਖਾ ਕੇ ਕਈ ਬੁਰਾਈਆ ਨੂੰ ਛੱਡਣ ਦਾ ਪੱਕਾ ਪ੍ਰਣ ਕਰਦੇ ਸਨ ਜਿਹੜੇ ਨਹੀਂ ਛੱਡ ਸਕਦੇ ਸਨ ਉਹ ਆਪਣੀ ਮਜਬੂਰੀ ਦੱਸਦੇ ਤੇ ਉਹਨਾਂ ਨੂੰ ਸੰਗਤ ਵੱਲੋਂ ਸਮਾਬੰਧ ਕਰ ਦਿੱਤਾ ਜਾਂਦਾ ਸੀ। ਅਜਿਹੀ ਹੀ ਇੱਕ ਘਟਨਾ ਅਨੰਦਪੁਰ ਸਾਹਿਬ ਵਿਖੇ ਲਗਾਏ ਗਏ ਚਿੰਤਨ ਕੈਂਪ ਵਿੱਚ ਵਾਪਰੀ।

ਅਨੰਦਪੁਰ ਸਾਹਿਬ ਵਿਖੇ ਚਿੰਤਨ ਕੈਂਪ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਾਰਿਆ ਕੋਲੋ ਵੱਖ ਵੱਖ ਬੁਰਾਈਆ ਨੂੰ ਤਿਆਗਣ ਦਾ ਪ੍ਰਣ ਲੈ ਰਿਹਾ ਸੀ ਤਾਂ ਮਾਮਲਾ ਸ਼ਰਾਬ ਛੱਡਣ ਦਾ ਵੀ ਆ ਗਿਆ। ਪ੍ਰਧਾਨ ਨੇ ਜਦੋਂ ਸ਼ਰਾਬ ਛੱਡਣ ਦਾ ਮੱਤਾ ਸਮੂਹਿਕ ਰੂਪ ਵਿੱਚ ਪੇਸ਼ ਕੀਤਾ ਤਾਂ ਸ਼ਰੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਚਾਰ ਸਕੱਤਰ ਕੇਹਰ ਸਿੰਘ ਵੈਰਾਗੀ ਉਠ ਕੇ ਆਪਣੇ ਗੱਲ ਵਿੱਚ ਪੱਲਾ ਪਾ ਕੇ ਖਲੋ ਗਿਆ ਤੇ ਇਸ ਮੱਤੇ ਨਾਲ ਉਸਨੇ ਅਸਹਿਮਤੀ ਪ੍ਰਗਟਾਈ ਕਿਉਕਿ ਉਹ ਸ਼ਰਾਬ ਨਹੀਂ ਛੱਡ ਸਕਦਾ ਸੀ। ਇਹ ਪ੍ਰਚਾਰ ਸਕੱਤਰ ਆਪਣੀਆ ਤਕਰੀਰਾਂ ਵਿੱਚ ਇੰਨਾ ਨਿਪੁੰਨ ਮੰਨਿਆ ਜਾਂਦਾ ਸੀ ਕਿ ਲੋਕ ਦੂਰ ਦੂਰ ਤੋ ਉਸ ਨੂੰ ਸੁਨਣ ਲਈ ਆਉਦੇ ਸਨ। ਜਦੋਂ ਵੈਰਾਗੀ ਨੇ ਕਿਹਾ ਕਿ ਉਹ ਸ਼ਰਾਬ ਨਹੀਂ ਛੱਡ ਸਕਦਾ ਤਾਂ ਇੱਕ ਵਾਰੀ ਤਾਂ ਸਾਰੇ ਇਕੱਠ ਵਿੱਚ ਪੂਰੀ ਤਰ੍ਹਾਂ ਹਾਸੜ ਮੱਚ ਗਈ ਜਿਸ ਨਾਲ ਵੈਰਾਗੀ ਦਾ ਹੌਸਲਾ ਹੋਰ ਵੱਧ ਗਿਆ ਕਿ ਉਸ ਦੇ ਹੋਰ ਵੀ ਭਾਈਬੰਦ ਇਸ ਇਕੱਠ ਵਿੱਚ ਬੈਠੇ ਹੋਏ ਹਨ। ਵੈਰਾਗੀ ਨੂੰ ਜਦੋਂ ਪ੍ਰਧਾਨ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਪ੍ਰਧਾਨ ਸਾਹਿਬ ਉਹ ਇਕੱਲਾ ਨਹੀਂ ਸਗੋ ਕਈ ਰਾਗੀ, ਢਾਡੀ, ਕੀਤਰਨੀਏ ਵੀ ਆਪਣੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਗਲਾ ਤਰ ਕਰ ਲੈਦੇ ਹਨ ਕਿਉਕਿ ਅਜਿਹਾ ਕਰਨ ਨਾਲ ਹੀ ਲੰਮਾ ਸਮਾਂ ਸਟੇਜ ਚਲਾਈ ਜਾ ਸਕਦੀ ਹੈ। ਇਸ ਲਈ ਮੇਰਾ ਤਰਕ ਹੈ ਕਿ ਸਟੇਜ ਦੇ ਬਾਦਸ਼ਾਹਾਂ ਨੂੰ ਇਸ ਮੱਤੇ ਤੋ ਛੋਟ ਦੇ ਦੇਣੀ ਚਾਹੀਦੀ ਹੈ।

ਪ੍ਰਧਾਨ ਨੇ ਸਟੇਜ ਤੋ ਕੜਕਵੀ ਅਵਾਜ ਵਿੱਚ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੈਰਾਗੀ ਇੱਕ ਵਧੀਆ ਬੁਲਾਰਾ ਹੈ ਅਤੇ ਉਸ ਵਿੱਚ ਲੋਕਾਂ ਨੂੰ ਬੰਨ ਕੇ ਬਿਠਾ ਸਕਣ ਦੀ ਸ਼ਕਤੀ ਹੈ ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਅਕਾਲੀ ਦਲ ਵੈਰਾਗੀ ਤੋ ਬਗੈਰ ਉਸ ਤੋਂ ਦੂਸਰੀ ਕਤਾਰ ਦੇ ਬੁਲਾਰਿਆ ਨਾਲ ਗੁਜਾਰਾ ਕਰ ਸਕਦਾ ਹੈ ਪਰ ਉਹ ਸ਼ਰਾਬ ਪੀਣ ਵਾਲੇ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਮੇਰਾ ਹੁਕਮ ਹੈ ਕਿ ਜੇਕਰ ਵੈਰਾਗੀ ਸ਼ਰਾਬ ਨਹੀਂ ਛੱਡ ਸਕਦਾ ਤਾਂ ਉਹ ਹੁਣੇ ਹੀ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਪੱਤਰੇ ਵਾਚ ਜਾਵੇ। ਕੁਝ ਅਕਾਲੀ ਲੀਡਰਾਂ ਨੇ ਵੀ ਇਸ ਮੱਤੇ ਤੇ ਆਪਣੇ ਵਿਚਾਰ ਪੇਸ਼ ਕੀਤੇ ਕਿ ਵੈਰਾਗੀ ਇੱਕ ਵਧੀਆ ਬੁਲਾਰਾ ਹੈ ਉਸ ਨੂੰ ਇੰਨੀ ਜਲਦੀ ਨਾ ਛੱਡਿਆ ਜਾਵੇ ਸਗੋਂ ਉਸ ਨੂੰ ਛੇ ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ ਕਿ ਉਹ ਛੇ ਮਹੀਨਿਆ ਵਿੱਚ ਧੀਰੇ ਧੀਰੇ ਸ਼ਰਾਬ ਛੱਡ ਦੇਵੇ ਅਤੇ ਅੰਮ੍ਰਿਤਧਾਰੀ ਹੋ ਜਾਵੇ। ਇਸ ਸੁਝਾ ਨੂੰ ਵੀ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਪਰ ਪ੍ਰਧਾਨ ਨੇ ਨਾਲ ਇਹ ਵੀ ਸ਼ਰਤ ਲਗਾ ਦਿੱਤੀ ਕਿ ਛੇ ਮਹੀਨੇ ਤੱਕ ਵੈਰਾਗੀ ਨੂੰ ਕਿਸੇ ਵੀ ਸਟੇਜ ਤੋ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇੰਨੇ ਉਚੇ ਤੇ ਸੁੱਚੇ ਕਿਰਦਾਰ ਵਾਲੀ ਜਥੇਬੰਦੀ ਤੋ ਵਰੋਸਾਏ ਅੱਜ ਦੇ ਅਕਾਲੀਆ ਨੇ ਗੋਆ ਵਿੱਚ ਕਿਹੜੇ ਕਿਹੜੇ ਹੋਰ ਚੰਦ ਚਾੜੇ ਹੋਣਗੇ ਉਹਨਾਂ ਦੀ ਪਰਤਾਂ ਤਾਂ ਬਾਅਦ ਵਿੱਚ ਸਮੇਂ ਤੇ ਹੀ ਖੁੱਲਣਗੀਆ ਕਿ ਉਹਨਾਂ ਨੇ ਲਾਲ ਪਰੀ ਦੀ ਨਾਲ ਸਿਰਫ ਆਪਣੇ ਗਲੇ ਹੀ ਸਾਫ ਨਹੀਂ ਕੀਤੇ ਸਗੋਂ ਕਈ ਹੋਰ ਚੰਦ ਚਾੜ ਕੇ ਉਹ ਅਨੰਦਤ ਵੀ ਹੁੰਦੇ ਰਹੇ ਹਨ।

ਭਾਰਤ ਜਿਸ ਨੂੰ ਜਿਥੇ ਦੁਨੀਆ ਭਰ ਵਿੱਚ ਸਭ ਤੋ ਵੱਡੇ ਲੋਕਤੰਤਰ ਵਾਲਾ ਦੇਸ ਮੰਨਿਆ ਜਾਂਦਾ ਹੈ ਉਥੇ ਦੇਸ਼ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਾ ਹੋਣ ਕਾਰਨ 80 ਫੀਸਦੀ ਲੋਕ ਗਰੀਬੀ ਵਿੱਚ ਜੀਵਨ ਬਸਰ ਕਰ ਰਹੇ ਹਨ।ਦੇਸ ਦੀ ਵਸੋਂ ਦਾ ਤੀਜਾ ਹਿਸਾ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਿਰਵਾ ਹੈ। ਸਾਰੇ ਲੋਕਾਂ ਨੂੰ ਮੁਢਲੀ ਸਿਖਿਆ ਤੇ ਸਿਹਤ ਸੇਵਾਵਾਂ ਉਪਲਬਧ ਨਹੀਂ ਹਨ। ਅਰਬਾਂ ਰੁਪਏ ਦੇ ਖਰਚ ਵਾਲੇ ਸਰਵ ਸਿਖਿਆ ਅਭਿਆਨ ਰਾਹੀਂ ਵੀ ਸੌ ਫ਼ੀਸਦੀ ਸਾਖਰਕਤਾ ਦਾ ਟੀਚਾ ਵੀ ਹਾਸਲ ਨਹੀਂ ਹੋ ਸਕਿਆ ਹੈ। ਸਿਹਤ ਸਹੂਲਤਾਂ ਦੀ ਘਾਟ ਹੋਣ ਕਰਕੇ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਕੁਪੋਸ਼ਣ ਵਿਰੁਧ ਸਾਡੀ ਕੇਂਦਰ ਸਰਕਾਰ ਨੇ ਇਸ਼ਤਿਹਾਰੀ ਮੁਹਿੰਮ ਵਿਢੀ ਹੋਈ ਹੈ। ਸਰਕਾਰ ਜਿੰਨੇ ਪੈਸੇ ਕੁਪੋਸ਼ਣ ਵਿਰੋਧੀ ਇਸ਼ਤਿਹਾਰਬਾਜ਼ੀ ‘ਤੇ ਲਾਈ ਜਾ ਰਹੀ ਹੈ, ਏਨੇ ਪੈਸਿਆਂ ਨਾਲ ਬਹੁਤ ਹਦ ਤਕ ਬਚਿਆਂ ਵਾਸਤੇ ਭੋਜਨ ਅਤੇ ਦਵਾਈ-ਬੂਟੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।ਅਬਾਦੀ ਦੇ ਵਾਧੇ ਨੂੰ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨਿਯਮਿਤ ਨਹੀਂ ਕੀਤਾ ਜਾ ਸਕਿਆਂ। ਅੰਤਾਂ ਦੇ ਪ੍ਰਦੂਸ਼ਣ ਨੇ ਸਾਡੇ ਦੇਸ਼ ਨੂੰ ਮਨੁੱਖਾਂ ਤਾਂ ਕੀ ਪਸ਼ੂਆਂ-ਪੰਛੀਆਂ ਦੇ ਰਹਿਣ ਵਾਲਾ ਸਥਾਨ ਵੀ ਨਹੀਂ ਰਹਿਣ ਦਿੱਤਾ।

ਟੂਰਿਸਟ ਥਾਵਾਂ ‘ਤੇ, ਜਿਥੇ ਰਹਿਣ ਲਈ ਮਹਿੰਗੇ ਹੋਟਲ ਹਨ ਅਤੇ ਖਾਣ ਲਈ ਭੋਜਨ ਅੰਤਾਂ ਦਾ ਮਹਿੰਗਾ ਹੈ, ਉਥੇ ਇਹ ਚਿੰਤਨ ਕੈਂਪ ਆਯੋਜਿਤ ਕੀਤੇ ਜਾਣੇ ਕੋਈ ਸਾਰਥਕ ਪੱਖ ਪੇਸ਼ ਨਹੀਂ ਕਰਦੇ ਸਿਆਸੀ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ, ਚਿੰਤਨ ਕੀਤਾ ਜਾਣਾ ਚਾਹੀਦਾ ਹੈ, ਪਾਰਟੀਆਂ ਦੁਆਰਾ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕਣ ਵਾਸਤੇ ਅੰਤਾਂ ਦੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਚਰਚਾ ਵਿੱਚੋਂ ਹੀ ਸਿਧਾਂਤ ਉਗਮਦੇ ਹਨ ਅਤੇ ਇਹੀ ਸਿਧਾਂਤ ਸੁਚਜੀਆਂ ਨੀਤੀਆਂ ਘੜਦੇ ਹਨ ਤੇ ਵਧੀਆ ਨੀਤੀਆਂ ‘ਤੇ ਅਮਲ ਕਰਨ ਸਦਕਾ ਲੋਕਾਂ ਦੇ ਜੀਵਨ ਪਧਰ ਵਿਚ ਸਾਰਥਕ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ ਪਰ ਮੀਟਿੰਗਾਂ ਕਰਨ ਸਮੇਂ ਸਾਨੂੰ ਘਟੋ-ਘਟ ਇਹ ਤਾਂ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਕੰਮ ਸਭਿਆਚਾਰ ਨੂੰ ਢਾਹ ਤਾਂ ਨਹੀਂ ਲਾ ਰਹੇ, ਪੈਸੇ ਨੂੰ ਬੇਦਰਦੀ ਨਾਲ ਤਾਂ ਨਹੀਂ ਵਹਾ ਰਹੇ, ਅਸੀਂ ਇਹ ਵਿਖਾਵਾ ਤਾਂ ਨਹੀਂ ਕਰ ਰਹੇ ਕਿ ਜਨਤਾ ਅਤੇ ਪਬਲਿਕ ਵਿਚ ਕੋਈ ਫ਼ਰਕ ਹੈ। ਸਿਆਸਤ ਸੇਵਾ ਵਾਸਤੇ ਹੋਣੀ ਚਾਹੀਦੀ ਹੈ। ਇਸ ਦੀ ਸੋਚਣੀ ਵਿਚ ਜਨਤਕ ਦੁਖ-ਤਕਲੀਫ਼ਾਂ ਤੋਂ ਨਿਜਾਤ ਦੁਆਉਣ ਵਾਲੀ ਨੀਤੀ ਹੋਣੀ ਚਾਹੀਦੀ ਹੈ। ਸਰਕਾਰ ਅਤੇ ਅਫ਼ਸਰਸ਼ਾਹੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਹੋਣੀ ਚਾਹੀਦੀ ਹੈ। ਸਿਆਸਤ ਦਾ ਬੁਨਿਆਦੀ ਫ਼ਰਜ਼ ਜਨਤਕ ਹਿੱਤਾਂ ਦੀ ਪਾਲਣਾ ਹੋਣਾ ਚਾਹੀਦਾ ਹੈ। ਜਾਪਦਾ ਹੈ ਕਿ ਸਿਆਸੀ ਪਾਰਟੀਆਂ ਨੇ ਇਹ ਗਲਾਂ ਭੁਲਾ ਦਿਤੀਆਂ ਹਨ। ਇਸ ਲਈ ਹੁਣ ਸਾਨੂੰ ਇਹ ਚਿੰਤਨ ਕੈਂਪ ਲਗਾਉਣ ਦੀ ਬਜਾਏ ਇਹਨਾਂ ਕੈਪਾਂ ਕੇ ਖਰਚ ਕੀਤੇ ਜਾਂਦੇ ਬੋਲੇੜੋ ਧੰਨ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਸਾਡਾ ਦ੍ਰਿਸ਼ਟੀਕੋਣ ਵਿਕਾਸ ਮੁੱਖੀ ਹੈ ਜਾਂ ਵਿਨਾਸ਼ ਮੁੱਖੀ।

ਅਕਾਲੀਆ ਦੇ ਇਸ ਚਿੰਤਨ ਕੈਂਪ ਬਾਰੇ ਜੋ ਹੁਣ ਤੱਕ ਜੋ ਰੀਪੋਰਟ ਮਿਲੀ ਹੈ ਉਸ ਵਿੱਚ ਕੋਈ ਸਾਰਥਕ ਗੱਲਬਾਤ ਸਾਹਮਣੇ ਨਹੀਂ ਆਈ ਸਗੋਂ ਉਹਨਾਂ ਸਕੀਮਾਂ ਦੀਆਂ ਸਲਾਈਡਾ ਹੀ ਵਿਖਾਈਆ ਗਈਆ ਹਨ ਜਿਹਨਾਂ ਬਾਰੇ ਪਹਿਲਾਂ ਹੀ ਅਖਬਾਰਾਂ ਵਿੱਚ ਬਹੁਤ ਕੁਝ ਛੱਪ ਚੁੱਕਾ ਹੈ। ਚਾਹੀਦਾ ਇਹ ਸੀ ਕਿ ਜੇਕਰ ਪਵਿੱਤਰ ਸਰੋਵਰਾਂ ਦੇ ਮਿੱਠੇ ਜਲ ਨੂੰ ਤਿਆਗ ਕੇ ਅਕਾਲੀਆ ਨੇ ਖਾਰੇ ਸਮੁੰਦਰ ਦਾ ਮਜਾ ਲੈ ਹੀ ਲਿਆ ਹੀ ਸੀ ਤਾਂ ਫਿਰ ਉਹਨਾਂ ਨੂੰ ਇਸ ਚਿੰਤਨ ਸ਼ਿਵਰ ਵਿੱਚ ਪੰਜਾਬ ਦੀਆਂ ਪਿਛਲੇ ਲੰਮੇ ਸਮੇਂ ਤੋ ਲਟਕਦੀਆਂ ਆ ਰਹੀਆ ਮੰਗਾਂ ਬਾਰੇ ਵੀ ਚਿੰਤਨ ਕਰਨਾ ਚਾਹੀਦਾ ਸੀ ਜਿਹਨਾਂ ਵਿੱਚ ਚੰਡੀਗੜ ਪੰਜਾਬ ਨੂੰ ਦੇਣਾ ਕੇ ਪੰਜਾਬ ਤੋ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿੱਚ ਸ਼ਾਮਲ ਕਰਨਾ ਵੀ ਆਉਦਾ ਹੈ। ਵੱਖਰੀਆ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਦੀ ਮੰਗ ਬਾਰੇ ਵੀ ਚਿੰਤਨ ਕਰਨਾ ਚਾਹੀਦਾ ਸੀ ਪਰ ਅਜਿਹਾ ਹੋ ਹੀ ਨਹੀਂ ਸਕਿਆ। ਕੁਲ ਮਿਲਾ ਕੇ ਅਕਾਲੀਆ ਦਾ ਇਹ ਚਿੰਤਨ ਸ਼ਿਵਰ ਚਿੰਤਾ ਮੁਕਤ ਕਰਨ ਦਾ ਵਿਸ਼ਾ ਬਣਨ ਦੀ ਬਜਾਏ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜਿਹੜਾ ਅਕਾਲੀ ਦਲ ਲਈ ਇੱਕ ਦਿਨ ਘਾਤਕ ਸਿੱਧ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top