Share on Facebook

Main News Page

ਮੱਕੜ ਦੱਸਣ, ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਦੀ ਪ੍ਰਤੀਨਿਧ ਜਾਂ ਪੰਥ ਦੀ ?
- ਰਜਿੰਦਰ ਸਿੰਘ ਪੁਰੇਵਾਲ,

ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਜਣਾ ਇਸ ਲਈ ਕੀਤੀ ਗਈ ਸੀ ਕਿ ਇਹ ਪੰਥ ਦੇ ਹਿੱਤਾਂ ਦੀ ਰੱਖਿਆ ਕਰੇਗੀ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵਾਸਤੇ ਕਾਰਜ ਕਰੇਗੀ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤਦਾਨਾਂ ਦੀ ਪਿਛਲੱਗ ਨਾ ਹੁੰਦੀ ਤੇ ਉਸ ਦਾ ਨਿਸ਼ਾਨਾ ਸਿਰਫ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨਾ ਹੁੰਦਾ ਤਾਂ ਜਿੱਥੇ ਸਿੱਖੀ ਪੂਰੇ ਵਿਸ਼ਵ ਪੱਧਰ 'ਤੇ ਪਸਰਨੀ ਸੀ, ਉੱਥੇ ਅੱਜ ਪੰਜਾਬ ਵਿੱਚ ਸਿੱਖ ਕੌਮ ਦੀ ਅਜਿਹੀ ਮਾੜੀ ਦਸ਼ਾ ਨਹੀਂ ਸੀ ਹੋਣੀ। ਨਸ਼ੇ ਤੇ ਡੇਰਾਵਾਦ ਸ਼੍ਰੋਮਣੀ ਕਮੇਟੀ ਦੀਆਂ ਕਮਜ਼ੋਰੀਆਂ ਦਾ ਨਤੀਜਾ ਹਨ। ਅਕਾਲ ਤਖ਼ਤ ਦੇ ਸਿਧਾਂਤ ਦਾ ਢਹਿ ਢੇਰੀ ਹੋਣ ਦਾ ਕਾਰਨ ਸ਼੍ਰੋਮਣੀ ਕਮੇਟੀ ਹੈ, ਜੋ ਕਿ ਆਪਣੇ ਸਿਆਸੀ ਅਕਾਵਾਂ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੰਥ ਦੇ ਪ੍ਰਤੀਨਿਧ ਦੀ ਥਾਂ ਨਿੱਘਰੀ ਸਿਆਸਤ ਅਨੁਸਾਰ ਚਲਾ ਰਹੇ ਹਨ। ਇਸ ਗੱਲ 'ਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਕਮੇਟੀ ਅਕਾਲੀ ਸਿਆਸਤ ਦਾ ਮੋਹਰਾ ਬਣ ਕੇ ਰਹਿ ਗਈ ਹੈ, ਜਿਸ ਦਾ ਧਰਮ ਤੇ ਪੰਥ ਦੀ ਚੜ੍ਹਦੀ ਕਲਾ ਨਾਲ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਦਾ ਨਿਸ਼ਾਨਾ ਸਿਰਫ ਸੱਤਾ ਹਾਸਲ ਕਰਨਾ ਹੈ। ਚਾਹੇ ਸਿਧਾਂਤਾਂ ਨੂੰ ਕਿਉਂ ਨਾ ਤਿਲਾਂਜਲੀ ਦੇ ਦਿੱਤੀ ਜਾਵੇ। ਅਜੋਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਦਸ਼ਾ ਪੁਰਾਣੇ ਪ੍ਰਧਾਨਾਂ ਤੋਂ ਬਹੁਤ ਨਿੱਘਰੀ ਹੋਈ ਹੈ ਤੇ ਉਹ ਬਾਦਲ ਪਰਿਵਾਰ ਦੀ ਕੱਠਪੁਤਲੀ ਵਜੋਂ ਹੀ ਨਜ਼ਰ ਆ ਰਹੇ ਹਨ। ਪੰਥਕ ਜਥੇਬੰਦੀਆਂ ਤੇ ਸਿੱਖ ਵਿਦਵਾਨ ਸ਼੍ਰੋਮਣੀ ਕਮੇਟੀ ਦੇ ਨਿਘਾਰ ਉੱਪਰ ਪਹਿਲਾਂ ਹੀ ਕਈ ਸੁਆਲ ਖੜੇ ਕਰ ਚੁੱਕੇ ਹਨ।


ਪਰ ਅਜੋਕਾ ਮਸਲਾ 'ਸਾਡਾ ਹੱਕ' ਫਿਲਮ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਇਹ ਫਿਲਮ ਦੇਖੀ ਹੈ, ਉਹ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ ਕਿ ਇਸ ਫ਼ਿਲਮ ਨਾਲ ਸਿੱਖੀ ਦਾ ਅਕਸ ਹੋਰ ਚਮਕੇਗਾ ਤੇ ਸਿੱਖ ਇਸ ਰਾਹੀਂ ਇਹ ਸੁਨੇਹਾ ਦੇਣ 'ਚ ਸਫਲ ਹੋਣਗੇ ਕਿ ਕੇਂਦਰ ਸਰਕਾਰ ਨੇ ਸਿੱਖਾਂ ਤੇ ਪੰਜਾਬ ਨਾਲ ਧੱਕਾ ਕੀਤਾ ਹੈ। ਸਿੱਖਾਂ ਨੇ ਹਥਿਆਰ ਕਿਸੇ ਨੂੰ ਮਾਰਨ ਲਈ ਨਹੀਂ ਚੁੱਕੇ, ਇਹ ਕੇਂਦਰ ਸਰਕਾਰ ਦੇ ਜ਼ੁਲਮਾਂ ਦਾ ਨਤੀਜਾ ਸਨ, ਜਦੋਂ ਕਿ ਉਸ ਨੇ ਸਿੱਖਾਂ ਦੇ ਹੱਕਾਂ ਦੀ ਅਵਾਜ਼ ਸੁਣਨੀ ਹੀ ਬੰਦ ਕਰ ਦਿੱਤੀ ਸੀ ਤੇ ਔਰਗਜ਼ੇਬ ਵਾਂਗ ਸਿੱਖਾਂ ਉੱਪਰ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਸਨ ਤਾਂ ਸਿੱਖਾਂ ਨੂੰ ਮਜ਼ਬੂਰਨ ਹਥਿਆਰਬੰਦ ਜੰਗ ਦਾ ਰਸਤਾ ਅਪਨਾਉਣਾ ਪਿਆ। ਇਹ ਫਿਲਮ ਇਹ ਸੁਨੇਹਾ ਦੇਣ 'ਚ ਸਫਲ ਹੋਈ ਹੈ ਕਿ ਪੰਜਾਬ ਸੰਤਾਪ ਦੀ ਜੜ੍ਹ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਸਟੇਟ ਦਾ ਜ਼ੁਲਮ ਸੀ, ਜਿਸ ਤਹਿਤ ਪੰਜਾਬ ਨੂੰ ਲਾਵਾਰਸ ਲਾਸ਼ਾਂ ਬਣਾਇਆ ਤੇ ਪੰਜਾਬ ਦੇ ਅਧਿਕਾਰ ਕੁਚਲੇ। ਭਾਵੇਂ ਸੈਂਸਰ ਬੋਰਡ ਨੇ ਇਸ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਇਸ ਹੱਕ ਨੂੰ ਨਜ਼ਰਅੰਦਾਜ਼ ਨਾ ਕਰਦਿਆਂ ਇਸ ਫਿਲਮ ਦੀ ਪ੍ਰਸ਼ੰਸਾ ਵੀ ਕੀਤੀ ਤੇ ਸੈਂਸਰ ਬੋਰਡ ਵੱਲੋਂ ਇਸ ਨੂੰ ਰੋਕੇ ਜਾਣ ਉੱਪਰ ਦ੍ਰਿੜ੍ਹ ਸਟੈਂਡ ਲਿਆ। ਸ਼੍ਰੋਮਣੀ ਕਮੇਟੀ ਦੇ ਇਸ ਪੰਥਕ ਸਟੈਂਡ ਕਾਰਨ ਸੈਂਸਰ ਬੋਰਡ ਨੂੰ ਇਸ ਫ਼ਿਲਮ 'ਤੇ ਰੋਕ ਚੁੱਕਣੀ ਪਈ। ਸਮੁੱਚੇ ਸਿੱਖ ਭਾਈਚਾਰੇ 'ਚ ਸ਼੍ਰੋਮਣੀ ਕਮੇਟੀ ਦੀ ਪ੍ਰਸ਼ੰਸਾ ਹੋਈ ਸੀ। ਪਰ ਅਚਨਚੇਤੇ ਸ਼ਿਵ ਸੈਨਾ ਨੇ ਹੋਰ ਫਿਰਕੂ ਜਥੇਬੰਦੀਆਂ ਨੂੰ ਲੈ ਕੇ ਇਸ ਫਿਲਮ ਵਿਰੁੱਧ ਹੋ ਹੱਲਾ ਮਚਾਉਣਾ ਸ਼ੁਰੂ ਕਰ ਦਿੱਤਾ, ਪਰ ਸ਼ਿਵ ਸੈਨਾ ਦਾ ਪੰਜਾਬ 'ਚ ਕੋਈ ਆਧਾਰ ਨਹੀਂ, ਇਸ ਨੂੰ ਪੰਜਾਬ ਦੀਆਂ ਖੁਫੀਆ ਏਜੰਸੀਆਂ, ਸਿਆਸਤਦਾਨ ਤੇ ਪੁਲੀਸ ਅਧਿਕਾਰੀ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਸ਼ਾਸ਼ਨ ਨੇ ਕਦੇ ਵੀ ਸ਼ਿਵ ਸੈਨਾ ਦੇ ਬਿਆਨਾਂ ਵੱਲ ਵੀ ਧਿਆਨ ਨਹੀਂ ਦਿੱਤਾ, ਕਿਉਂਕਿ ਉਹ ਜਾਣਦੇ ਹਨ ਕਿ ਇਹ ਕਾਸੇ ਜੋਗੇ ਨਹੀਂ ਹਨ। ਜਦੋਂ ਪੰਜਾਬ ਵਿਰੋਧੀ ਤਾਕਤਾਂ ਨੇ ਸਿੱਖਾਂ ਵਿਰੁੱਧ ਹੋ ਹੱਲਾ ਮਚਾਉਣਾ ਹੋਵੇ ਤਾਂ ਉਹ ਸ਼ਿਵ ਸੈਨਾ ਵਰਗੀਆਂ ਸ਼ਕਤੀਆਂ ਨੂੰ ਹੀ ਵਰਤਦੇ ਹਨ ਤੇ 'ਸਾਡਾ ਹੱਕ' ਫਿਲਮ ਨਾਲ ਇਹੀ ਕੁਝ ਕੀਤਾ ਗਿਆ ਹੈ।


ਪੰਥਕ ਜਥੇਬੰਦੀਆਂ ਤੇ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਰੋਕ ਪਿੱਛੇ ਆਰ ਐਸ ਐਸ ਤੇ ਭਾਜਪਾ ਦਾ ਹੱਥ ਹੈ। ਇਸੇ ਕਰਕੇ ਅਕਾਲੀ ਸਰਕਾਰ ਨੇ ਪਾਬੰਦੀ ਲਗਾਈ ਹੈ। ਹੈਰਾਨੀ ਦੀ ਗੱਲ ਹੈ ਕਿ ਬਾਦਲ ਸਾਹਿਬ ਹਮੇਸ਼ਾ ਜੂਨ '84 ਦੌਰਾਨ ਦਰਬਾਰ ਸਾਹਿਬ 'ਤੇ ਹੋਏ ਹਮਲੇ ਤੇ ਪੰਜਾਬ ਨਾਲ ਕੀਤੇ ਧੱਕੇ ਵਿਰੁੱਧ ਕਾਂਗਰਸ ਨੂੰ ਭੰਡਦੇ ਰਹੇ, ਉਹ ਅੱਜ ਉਹ ਉਸੇ ਸੋਚ ਨਾਲ ਖੜ ਗਏ, ਜਿਸ ਨਾਲ ਪੰਜਾਬ ਨੂੰ ਸੰਤਾਪ ਸਹਿਣਾ ਪਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਆਮ ਹਿੰਦੂ ਜਾਂ ਹਿੰਦੂ ਧਾਰਮਿਕ ਜਥੇਬੰਦੀ ਨੇ ਇਸ ਫਿਲਮ ਦਾ ਵਿਰੋਧ ਨਹੀਂ ਕੀਤਾ, ਪਰ ਪੰਜਾਬ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਕਿ ਇਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਹੋ ਜਾਵੇਗਾ। ਜਦੋਂ ਬਾਦਲ ਕੋਲੋਂ ਇਹ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਇਸ ਫਿਲਮ ਦੇ ਹੱਕ 'ਚ ਹਨ ਤਾਂ ਬਾਦਲ ਦਾ ਕਹਿਣਾ ਸੀ ਕਿ ਮੱਕੜ ਨੂੰ ਕਿਸੇ ਗੱਲ ਦਾ ਗਿਆਨ ਨਹੀਂ ਤੇ ਉਸ ਨੇ ਇਹ ਫਿਲਮ ਦੇਖੀ ਵੀ ਨਹੀਂ। ਹਾਲਾਂ ਕਿ ਮੱਕੜ ਦਾ ਇਹ ਕਹਿਣਾ ਸੀ ਕਿ ਉਸ ਨੇ ਰਜਿੰਦਰ ਸਿੰਘ ਮਹਿਤਾ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਇਹ ਫਿਲਮ ਦੇਖੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਪੰਥਕ ਹਿੱਤਾਂ ਲਈ ਹੀ ਸਟੈਂਡ ਲਿਆ ਸੀ।

ਪਰ ਇਕਦਮ ਦੂਸਰੇ ਦਿਨ ਮੱਕੜ ਸਾਹਿਬ ਦਾ ਬਿਆਨ ਆ ਗਿਆ ਕਿ ਫਿਲਮ ਜ਼ਰੂਰੀ ਨਹੀਂ, ਪੰਜਾਬ ਦੀ ਸ਼ਾਂਤੀ ਜ਼ਰੂਰੀ ਹੈ। ਭਲਾ ਪੁੱਛੋ ਕਿ ਇਕ ਫਿਲਮ ਨਾਲ ਪੰਜਾਬ ਦੀ ਸ਼ਾਂਤੀ ਦਾ ਕੀ ਵਿਗੜ ਚਲਿਆ ਹੈ? ਇਹੋ ਜਿਹੀਆਂ ਫਿਲਮਾਂ ਮਾਚਿਸ, ਹਵਾਏ ਵੀ ਆਈਆਂ, ਉਸ ਵਿਰੁੱਧ ਵੀ ਫਿਰਕੂਆਂ ਨੇ ਹੋ ਹੱਲਾ ਮਚਾਇਆ। ਫਿਲਮਾਂ ਵੱਧ ਚੜ੍ਹ ਕੇ ਚਲੀਆਂ, ਪਰ ਪੰਜਾਬ 'ਚ ਸ਼ਾਂਤੀ ਰਹੀ। ਇਕ ਫਿਲਮ ਸੰਨੀ ਦਿਓਲ ਦੀ ਆਈ 'ਜੋ ਬੋਲੇ ਸੋ ਨਿਹਾਲ'। ਸਿੱਖਾਂ ਨੇ ਰੋਸ ਪ੍ਰਗਟਾਇਆ ਕਿ ਇਹ ਫਿਲਮ ਸਿੱਖਾਂ ਦੇ ਹਿੱਤ 'ਚ ਨਹੀਂ, ਇਸ ਵਿੱਚ ਸਿਖਾਂ ਦਾ ਮਜਾਕ ਉਡਾਇਆ ਗਿਆ ਹੈ। ਕਈ ਤਰ੍ਹਾਂ ਦੇ ਇਸ ਫਿਲਮ ਬਾਰੇ ਵਿਰੋਧ ਦੱਸੇ ਗਏ, ਪਰ ਫਿਲਮ ਪੰਜਾਬ ਵਿੱਚ ਨਹੀਂ ਰੋਕੀ ਗਈ। ਕਿੱਥੇ ਹੈ ਪੰਜਾਬ ਤੇ ਭਾਰਤ 'ਚ ਜਮਹੂਰੀਅਤ। ਸਿੱਖ ਮੰਗ ਕਰਨ ਤਾਂ ਸੁਣੀ ਨਹੀਂ ਜਾਂਦੀ ਤੇ ਜੇਕਰ ਫਿਰਕੂ ਮੰਗ ਕਰਨ ਤਾਂ ਸਿੱਖਾਂ ਦੇ ਹੱਕਾਂ 'ਤੇ ਛਾਪਾ ਮਾਰਿਆ ਜਾਂਦਾ ਹੈ। ਜੇਕਰ ਮੱਕੜ ਸਾਹਿਬ ਇਨ੍ਹਾਂ ਅਧਿਕਾਰਾਂ ਬਾਰੇ ਚੁੱਪ ਕਰ ਜਾਣ ਤਾਂ ਇਹੋ ਜਿਹੀ ਸਰਕਾਰੀ ਪ੍ਰਤੀਨਿਧੀਆਂ ਵਾਲੇ ਬੋਲੀ ਬੋਲਣ ਤਾਂ ਉਨ੍ਹਾਂ ਕੋਲ ਪੁੱਛਣਾ ਬਣਦਾ ਹੈ ਕਿ ਉਹ ਪੰਜਾਬ ਸਰਕਾਰ ਦੇ ਪ੍ਰਤੀਨਿਧ ਹਨ ਜਾਂ ਪੰਥ ਦੇ? ਪੰਥ ਤਾਂ ਪੰਜਾਬ ਦੀਆਂ ਸੜਕਾਂ 'ਤੇ ਕੇਸਰੀ ਝੰਡੇ ਚੁੱਕੀ ਫਿਰਦਾ ਹੈ। ਬਾਦਲ ਦੇ ਪੁੱਤਲੇ ਫੂਕੀ ਜਾਂਦਾ ਹੈ ਕਿ 'ਸਾਡੇ ਹੱਕ' 'ਤੇ ਪਾਬੰਦੀ ਚੁੱਕੋ।

ਪਰ ਮੱਕੜ ਸਾਹਿਬ ਪੰਥ ਦੇ ਵਿਰੋਧ 'ਚ ਭੁਗਤੀ ਜਾਂਦੇ ਨੇ ਕਿ ਪੰਜਾਬ ਵਿੱਚ ਸ਼ਾਂਤੀ ਜ਼ਰੂਰੀ, ਫਿਲਮ ਨਹੀਂ। ਪੁੱਛਣਾ ਬਣਦਾ ਹੈ ਕਿ ਮੱਕੜ ਕਿਹੋ ਜਿਹੀ ਕਬਰਾਂ ਵਰਗੀ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਨ। ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤਾਂ ਉਨ੍ਹਾਂ ਨੇ ਇਹ ਕਿਉਂ ਕਿਹਾ ਕਿ ਇਸ ਨਾਲ ਸਿੱਖਾਂ ਦਾ ਅਕਸ ਵਧੀਆ ਨਿਖਰੇਗਾ। ਇਹ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੀ ਹੈ। ਅਚਨਚੇਤੇ ਇਹ ਪੰਜਾਬ ਦੀ ਸ਼ਾਂਤੀ ਲਈ ਖਤਰਾ ਕਿਵੇਂ ਬਣ ਗਈ? ਮੱਕੜ ਸਾਹਿਬ ਕੋਲ ਇਸ ਗੱਲ ਦਾ ਜਵਾਬ ਨਹੀਂ, ਕਿਉਂਕਿ ਉਨ੍ਹਾਂ ਦੀ ਜਵਾਬਤਲਬੀ ਤਾਂ ਬਾਦਲ ਸਾਹਿਬ ਕੋਲ ਹੋ ਚੁੱਕੀ ਹੈ ਕਿ ਉਹ ਫਿਲਮ ਦੇ ਹੱਕ 'ਚ ਕਿਉਂ ਭੁਗਤੇ? ਮੱਕੜ ਸਾਹਿਬ ਦੀ ਜ਼ੁਬਾਨ ਨੂੰ ਤਾਲਾ ਲੱਗ ਚੁੱਕਾ ਹੈ। ਤਾਲਾ ਕਿਸ ਨੇ ਲਗਾਇਆ ਹੈ, ਇਸ ਬਾਰੇ ਸਭ ਨੂੰ ਜਾਣਕਾਰੀ ਹੈ। ਆਖਿਰ ਉਨ੍ਹਾਂ ਵਿੱਚ 18ਵੀਂ ਸਦੀ ਦੇ ਮਹਾਂਨਾਇਕ ਨਵਾਬ ਕਪੂਰ ਸਿੰਘ ਵਰਗੀ ਸੋਚ ਕਿੱਥੇ ਕਿ ਉਹ ਪੰਥਕ ਹਿੱਤਾਂ ਲਈ ਨਵਾਬੀ ਠੁਕਰਾ ਦੇਣ ਤੇ ਕਹਿ ਦੇਣ ਕਿ ਮੈਂ ਪੰਥ ਦੇ ਹਿੱਤਾਂ ਦੀ ਰੱਖਿਆ ਲਈ ਹਾਂ, ਨਾ ਕਿ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਚੱਲਣ ਲਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹਾਂ। ਸ਼੍ਰੋਮਣੀ ਕਮੇਟੀ ਦੇ ਅਜਿਹੇ ਕਾਰਨਾਮੇ ਸਿੱਖ ਹਲਕਿਆਂ ਦੇ ਸ਼੍ਰੋਮਣੀ ਕਮੇਟੀ ਪ੍ਰਤੀ ਵਿਸ਼ਵਾਸ ਨੂੰ ਢਾਅ ਲਾ ਰਹੇ ਹਨ ਜਿਸ ਨਾਲ ਸਿੱਖ ਭਾਈਚਾਰੇ ਵਿੱਚ ਵੱਡੀ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਰਿਹਾ ਹੈ। ਜਦੋਂ ਅਣਖ ਹੀ ਮਰ ਜਾਏ ਤਾਂ ਸੁਆਲ ਹੀ ਕੋਈ ਬਾਕੀ ਨਹੀਂ ਰਹਿ ਜਾਂਦਾ। ਅਣਖ ਤੇ ਸਿਧਾਂਤ ਨਾਲ ਜੀਵਤ ਰਹਿੰਦੀ ਹੈ। ਸਾਡੇ ਹੱਕ ਤਾਂ ਸਿਧਾਂਤ 'ਤੇ ਪਹਿਰਾ ਦੇਣ ਨਾਲ ਹੀ ਜਿਉਂਦੇ ਰਹਿ ਸਕਦੇ ਹਨ। ਅਸੀਂ ਫੈਸਲੇ ਕਰਨਾ ਹੈ ਕਿ ਅਸੀਂ ਗੁਲਾਮੀ ਕਬੂਲ ਕਰਨੀ ਹੈ ਜਾਂ ਅਜ਼ਾਦੀ ਦੇ ਵਾਰਸ ਬਣਨਾ ਹੈ।

ਗੁਰੂ ਨਾਨਕ ਸਾਹਿਬ ਨੇ ਸਾਫ ਆਖਿਆ ਹੈ ''ਜੇ ਜੀਵੇ ਪਤਿ ਲੱਥੀ ਜਾਇ, ਸਭ ਹਰਾਮੁ ਜੇਤਾ ਕਿਛੁ ਖਾਇ''। ਗੁਰੂ ਸਾਹਿਬ ਦੇ ਇਸ ਪਾਵਨ ਸ਼ਬਦ ਦੇ ਅਰਥ ਇਹੀ ਹਨ ਕਿ ਗੁਲਾਮੀ ਵਰਗੇ ਜੀਵਨ ਵਿੱਚ ਖਾਣਾ ਪੀਣਾ ਸਭ ਹਰਾਮ ਹੈ। ਇਹ ਸੇਧ ਗੁਰਬਾਣੀ ਮਨੁੱਖ ਨੂੰ ਦਿੰਦੀ ਹੈ। ਸੂਫੀ ਫਕੀਰ ਬਾਬਾ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਨ੍ਹਾਂ ਨੇ ਵੀ ਇਹ ਆਖਿਆ ਸੀ 'ਹੇ ਰੱਬਾ ਜੇਕਰ ਮੈਨੂੰ ਗੁਲਾਮੀ ਭਰਿਆ ਜੀਵਨ ਦੇਣਾ ਹੈ ਤਾਂ ਮੇਰੀ ਜ਼ਿੰਦ ਕੱਢ ਲੈ'। ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਹਨ ਜੋ ਆਪਣੇ ਸਿਧਾਂਤ ਤੇ ਅਣਖ ਨੂੰ ਕਾਇਮ ਰੱਖਦੀਆਂ ਹਨ। ਹੁਣ ਸੰਗਤ ਨੇ ਫੈਸਲਾ ਕਰਨਾ ਹੈ ਕਿ ਅਸੀਂ ਗੁਰਬਾਣੀ ਨੂੰ ਸਿਰਫ ਨਾਮ ਜਪਣ ਤੱਕ ਸੀਮਤ ਰੱਖਣਾ ਹੈ ਜਾਂ ਨਾਮ ਜਪਣ ਦੇ ਨਾਲ-ਨਾਲ ਆਪਣੇ ਜੀਵਨ ਦਾ ਆਧਾਰ ਵੀ ਬਣਾਉਣਾ ਹੈ, ਜੋ ਸਾਨੂੰ ਡੇਰਾਵਾਦ, ਨਸ਼ਿਆਂ, ਅੰਧ-ਵਿਸ਼ਵਾਸਾਂ ਦੇ ਭਵਸਾਗਰ ਤੋਂ ਪਾਰ ਲੰਘਾ ਕੇ ਹਲੇਮੀ ਰਾਜ ਦੇ ਦਰਸ਼ਨਾਂ ਵੱਲ ਲੈ ਜਾਂਦਾ ਹੈ।

ਆਓ ਅਸੀਂ ਗੁਰਬਾਣੀ ਦੇ ਸਿਧਾਂਤਾਂ 'ਤੇ ਪਹਿਰਾ ਦੇਈਏ ਤੇ ਆਪਣੀ ਅਣਖ ਜਾਗ੍ਰਿਤ ਕਰਦਿਆਂ ਹੋਇਆ ਇਹ ਸੁਨੇਹਾ ਦੇਈਏ ਕਿ ਅਸੀਂ ਸਰਬੱਤ ਦੇ ਭਲੇ ਦੇ ਵਾਰਸ ਹਾਂ, ਪਰ ਕੇਂਦਰ ਸਰਕਾਰ ਨੇ ਸਿੱਖਾਂ ਤੇ ਪੰਜਾਬ ਨਾਲ ਧੱਕਾ ਕੀਤਾ ਹੈ ਤੇ ਸਾਡੇ ਹੱਕ ਖੋਹੇ ਹਨ। ਇਸੇ ਲਈ ਅਸੀਂ ਆਪਣੇ ਹੱਕਾਂ ਲਈ ਜੂਝ ਰਹੇ ਹਾਂ। ਜਦੋਂ ਗੁਰੂ 'ਤੇ ਭਰੋਸਾ ਰੱਖਾਂਗੇ ਤਾਂ ਇਕ ਦਿਨ ਅਜਿਹਾ ਜ਼ਰੂਰ ਆਵੇਗਾ, ਜਦੋਂ ਅਸੀਂ ਅਜ਼ਾਦ ਮਨੁੱਖ ਦੇ ਤੌਰ 'ਤੇ ਪ੍ਰਗਟ ਹੋਵਾਂਗੇ ਤੇ ਫਿਰਕਾਪ੍ਰਸਤੀ ਆਪ ਹੀ ਮੜ੍ਹੀਆਂ ਦੇ ਰਾਹੇ ਪੈ ਜਾਵੇਗੀ।

ਸ੍ਰੋਤ : http://www.deshpunjabonline.com/index.php?p&a=home&nid=3629


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top