Share on Facebook

Main News Page

ਸ਼ਰੀਰ ਦੀ ਮੌਤ ਕੋਈ ਮੌਤ ਨਹੀਂ, ਪਰ ਜ਼ਮੀਰ ਦਾ ਮਰਨਾ, ਮੌਤ ਹੈ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

14 ਅਪ੍ਰੈਲ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਦੁਆਰਾ ਹਿਡਨ ਫਾਲਸ, ਪਲੀਮਥ (Michigan), ਅਮਰੀਕਾ ਵਿਖੇ ਸਵੇਰ ਦੇ ਦੀਵਾਨ 'ਚ ਖ਼ਾਲਸਾ ਸੰਪੂਰਨਤਾ ਦਿਹਾੜੇ 'ਤੇ

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥ ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥ ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥ ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥ ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥ {ਪੰਨਾ 447} ਸ਼ਬਦ ਦਾ ਗਾਇਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਮਰਨ ਬਾਰੇ ਜਾਨਣਾ ਪਵੇਗਾ। ਸ਼ਰੀਰ ਦੀ ਮੌਤ ਕੋਈ ਮੌਤ ਨਹੀਂ, ਇਹ ਮੌਤ ਤਾਂ ਸਾਰਿਆਂ ਦੀ ਹੋਣੀ ਹੈ, ਜੋ ਨਿਸ਼ਚਿਤ ਹੀ ਹੈ, ਪਰ ਜ਼ਮੀਰ ਦਾ ਮਰਨਾ, ਮੌਤ ਹੈ। ਸਿੱਖ ਨੂੰ ਸ਼ਰੀਰ ਕਰਕੇ ਭਾਂਵੇਂ ਪਹਿਲਾਂ ਵੀ ਮਾਰਿਆ ਜਾਂਦਾ ਰਿਹਾ ਹੈ, ਪਰ ਸਿੱਖ ਨੇ ਜ਼ਮੀਰ ਜ਼ਿੰਦਾ ਰੱਖਕੇ, ਇਤਹਾਸ ਬਣਾਇਆ ਹੈ। ਉਨ੍ਹਾ ਕਿਹਾ ਕਿ ਸ਼ਰੀਰ ਕਰਕੇ ਭਾਈ ਦਇਆ ਸਿੰਘ ਜੀ ਸਾਡੇ ਵਿੱਚ ਨਹੀਂ, ਪਰ ਸਿਧਾਂਤ ਅਤੇ ਕਰਣੀ ਕਰਕੇ ਅੱਜ ਵੀ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦਾ ਨਾਮ ਲੈਂਦੇ ਹਾਂ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਆਰੇ ਕਿਹਾ।

ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਦੇ ਝੂਠ ਅਗੇ ਨਹੀਂ ਝੁਕਾਂਗਾ, ਕਿਉਂਕਿ ਗੁਰੂ ਮੇਰੇ ਸੰਗ ਹੈ, ਸ਼ਰੀਰਕ ਮੌਤ ਨਾਲ ਮੇਰੀ ਜ਼ਮੀਰ ਨੇ ਨਹੀਂ ਮਰ ਜਾਣਾ। ਉਨ੍ਹਾਂ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰੋ. ਭੁੱਲਰ ਜੋ ਕਿ 18-20 ਸਾਲ ਕੈਦ ਕੱਟ ਚੁੱਕਾ ਹੈ, ਪਰ ਉਸ ਨੂੰ ਸਰਕਾਰ ਹੁਣ ਫਾਂਸੀ ਦੇਣਾ ਚਾਹੁੰਦੀ ਹੈ, ਕਿ ਇੱਕ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਨਾਲ ਸਿੱਖ, ਸਿੱਖੀ ਖਤਮ ਹੋ ਜਾਵੇਗੀ? ਸਿੱਖ ਸ਼ਰੀਰ ਨਹੀਂ, ਜਾਗਦੀ ਜ਼ਮੀਰ ਦਾ ਨਾਮ ਹੈ।

ਕੀਰਤਨ ਉਪਰੰਤ ਗੁਰਦੁਆਰਾ ਕਮੇਟੀ ਅਤੇ ਸੰਗਤ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ।

ਇੱਕ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ, ਕਿ ਕਿਵੇਂ ਸੱਚਾਈ 'ਤੇ ਪ੍ਰੋ. ਦਰਸ਼ਨ ਸਿੰਘ ਪਹਿਰਾ ਦਿੰਦੇ ਹਨ। ਅਰਦਾਸ ਉਪਰੰਤ ਗ੍ਰੰਥੀ ਸਿੰਘ ਨੇ ਹੁਕਮਨਾਮਾ ਲੈਣ ਤੋਂ ਪਹਿਲਾਂ ਬੰਦਨਾ ਕੀਤੀ "ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ..."। ਪ੍ਰੋ. ਸਾਹਿਬ ਨੇ ਸਟੇਜ ਸਕੱਤਰ ਨੂੰ ਆਖਿਆ ਕਿ ਮੈਂ ਦੋ ਮਿੰਟ ਹੋਰ ਲੈਣੇ ਨੇ। ਪ੍ਰੋ. ਦਰਸ਼ਨ ਸਿੰਘ ਨੇ ਬੜੀ ਨਿਮਰਤਾ ਨਾਲ ਗ੍ਰੰਥੀ ਸਿੰਘ ਅਤੇ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ, ਸਿੱਖੀ ਦੇ ਦੁਸ਼ਮਨਾਂ ਨੇ ਬੜੀ ਚਾਲਾਕੀ ਨਾਲ ਕਈ ਐਸੀਆਂ ਰਚਨਾਵਾਂ ਸਿੱਖੀ 'ਚ ਘੁਸੇੜ ਦਿੱਤੀਆਂ ਹਨ, ਜਿਸ ਨਾਲ ਗੁਰੂ ਦਾ ਵੀ ਅਕਸ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਗ੍ਰੰਥੀ ਸਿੰਘ ਨੂੰ ਅੰਦਰ ਬੈਠ ਕੇ ਵੀ ਸਮਝਾ ਸਕਦਾ ਸੀ, ਪਰ ਅੱਜ ਸੰਗਤ ਨੂੰ ਵੀ ਜਾਗਰੂਕ ਕਰਨਾ, ਉਨ੍ਹਾਂ ਦਾ ਫਰਜ਼ ਹੈ।

ਉਨ੍ਹਾਂ ਕਿਹਾ ਕਿ ਇਹ ਰਚਨਾ "ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ..." ਭਾਈ ਗੁਰਦਾਸ ਤੋਂ ਕਰੀਬ ਸੌ ਸਾਲ ਬਾਅਦ ਦੂਜੇ ਭਾਈ ਗੁਰਦਾਸ ਸਿੰਘ ਨੇ ਲਿਖੀ ਹੈ, ਅਤੇ ਸਾਜਿਸ਼ ਨਾਲ ਭਾਈ ਗੁਰਦਾਸ ਦੀਆਂ 40 ਵਾਰਾਂ ਤੋਂ ਬਾਅਦ, ਇਸ ਅਖੌਤੀ ਵਾਰ ਨੂੰ 41ਵੀਂ ਵਾਰ ਬਣਾਕੇ ਵਿੱਚ ਘੁਸੇੜ ਦਿੱਤਾ ਗਿਆ, ਕਿ ਜਿਸ ਨਾਲ ਗੁਰੂ ਸਾਹਿਬ ਨੂੰ ਕਾਲਕਾ (ਦੁਰਗਾ) ਦਾ ਪੁਜਾਰੀ ਸਾਬਿਤ ਕੀਤਾ ਜਾਵੇ। ਕਾਲਕਾ ਜੋ ਸ਼ਰਾਬ ਪੀਂਦੀ ਹੈ, ਖੂਨ ਪੀਂਦੀ ਹੈ, ਖੋਪੜੀਆਂ ਦੀ ਮਾਲ਼ਾ ਗੱਲ਼ ਵਿੱਚ ਪਾਉਂਦੀ ਹੈ, ਉਸ ਨੂੰ ਗੁਰੂ ਸਾਹਿਬ ਵਲੋਂ ਪੂਜਣਾ, ਗੁਰੂ ਸਾਹਿਬ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਅੰਦਰ ਕੀਰਤਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋ ਸਕਦਾ ਹੈ, ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਜੀ ਦੀਆਂ ਰਚਨਾਵਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਇਹ ਅਖੌਤੀ ਰਚਨਾ ਭਾਈ ਗੁਰਦਾਸ ਦੀ ਨਹੀਂ।

ਸਮਾਗਮ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ "ਗੁਰੂ ਨਾਨਕ ਹੈਲਥ ਕਲੀਨਿਕ" ਦਾ ਉਟਘਾਟਨ ਕੀਤਾ। ਇਹ ਕਲੀਨਿਕ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਦੀ ਮੈਡੀਕਲ ਇੰਸ਼ੋਰੈਂਸ ਨਹੀਂ ਹੈ। ਇਸ ਸੇਵਾ ਲਾਭ ਕੋਈ ਵੀ ਲੋੜ੍ਹਵੰਦ ਸਿੱਖ, ਗੈਰ ਸਿੱਖ ਉਠਾ ਸਕਦਾ ਹੈ। ਪ੍ਰੋ. ਦਰਸ਼ਨ ਸਿੰਘ ਨੇ ਇਸ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ, ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਸੰਸਾਰ 'ਚ ਸਿੱਖੀ ਦਾ ਨਾਮ ਰੌਸ਼ਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਣਾ ਪੈਸਾ ਦੁਨੀਆ ਲਈ ਸਕੂਲ, ਕਾਲੇਜ, ਹਸਪਤਾਲ ਆਦਿ ਖੋਲਕੇ ਸਫਲਾ ਕਰਨਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top