Share on Facebook

Main News Page

ਦਰ ਦਰ ’ਤੇ ਸਿਰ ਝੁਕਾਉਣ ਵਾਲੇ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਅਵਾਰਡ ਦਿੱਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਨੂੰ ਜਥੇਦਾਰ ਨੇ ਹੱਸ ਕੇ ਟਾਲ਼ਿਆ

* ਸਿੱਖੀ ’ਚ ਜਾਤ ਪਾਤ ਨੂੰ ਵਡਾਵਾ ਦੇਣ ਵਾਲੇ ਸੁਖਦੇਵ ਸਿੰਘ ਸੁੱਖਾ ਵੱਲੋਂ ਰੱਖੇ ਗਏ ਪ੍ਰੋਗਰਾਮ ਵਿੱਚ ਪੁਹੰਚ ਕੇ ਉਸ ਦਾ ਵਿਰੋਧ ਜਿਤਾਇਆ ਜਾਵੇਗਾ: ਗਿਆਨੀ ਗੁਰਬਚਨ ਸਿੰਘ

ਬਠਿੰਡਾ, 15 ਅਪ੍ਰੈਲ (ਕਿਰਪਾਲ ਸਿੰਘ): ਸਿੱਖੀ ’ਚ ਜਾਤ ਪਾਤ ਨੂੰ ਵਡਾਵਾ ਦੇਣ ਵਾਲੇ ਡੇਰਾ ਰੂੰਮੀ ਦੇ ਮੁਖੀ ਸੁਖਦੇਵ ਸਿੰਘ ਸੁੱਖਾ ਵੱਲੋਂ ਕੱਲ੍ਹ ਨੂੰ ਲੁਧਿਆਣਾ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਪੁਹੰਚ ਕੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਉਸ ਦਾ ਵਿਰੋਧ ਜਤਾਉਣ ਦਾ ਤਾਂ ਦਾਅਵਾ ਕੀਤਾ ਪਰ ਦਰ ਦਰ ’ਤੇ ਸਿਰ ਝੁਕਾਉਣ ਵਾਲੇ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਅਵਾਰਡ ਦਿੱਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਨੂੰ ਉਨ੍ਹਾਂ ਨੇ ਹੱਸ ਕੇ ਟਾਲ਼ ਦਿੱਤਾ। ਇਹ ਦੱਸਣਯੋਗ ਹੈ ਕਿ ਬੀਤੇ ਦਿਨ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਵਿੱਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਗੁਰਮਤਿ ਦੇ ਦੋ ਨੁਕਤਿਆਂ ’ਤੇ ਵਿਸ਼ੇਸ਼ ਤੌਰ ’ਤੇ ਜੋਰ ਦਿੰਦਿਆਂ ਪ੍ਰਭਾਵਸ਼ਾਲੀ ਵੀਚਾਰ ਪ੍ਰਗਟ ਕੀਤੇ।

ਉਰਦੂ ਦਾ ਇੱਕ ਸ਼ੇਅਰ : ‘ਜਿਸ ਦਰ ਪੇ ਝੁਕੇ ਨਾ ਸਰ; ਉਸੇ ਦਰ ਨਹੀਂ ਕਹਿਤੇ॥ ਜੋ ਹਰ ਦਰ ਪੇ ਝੁਕ ਜਾਏ; ਉਸੇ ਸਰ ਨਹੀਂ ਕਹਿਤੇ॥’ ਪੜ੍ਹਦੇ ਹੋਏ ਉਨ੍ਹਾਂ ਕਿਹਾ ਕਿ ਗੁਰੂ ਦਾ ਸਿੰਘ ਅਖਵਾਉਣ ਵਾਲੇ ਜਿਸ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹਰ ਕਬਰ, ਮੜ੍ਹੀ, ਮਜ਼ਾਰ, ਅਤੇ ਦੇਹਧਾਰੀ ਡੇਰੇਦਾਰ ਅੱਗੇ ਵੀ ਝੁਕ ਜਾਏ ਤਾਂ ਉਸ ਨੂੰ ਗੁਰੂ ਦਾ ਸਿੱਖ ਨਹੀਂ ਕਿਹਾ ਜਾ ਸਕਦਾ ਅਤੇ ਉਸ ਦਾ ਸਿਰ, ਸਿਰ ਨਹੀਂ ਬਲਕਿ ਭਾਰ ਹੈ; ਜਿਸ ਨੂੰ ਹਰ ਦਰ ’ਤੇ ਲਾਹ ਕੇ ਹੌਲਾ ਕੀਤਾ ਜਾਂਦਾ ਹੈ। ਦੂਸਰੀ ਗੱਲ ਉਨ੍ਹਾਂ ਕਹੀ ਕਿ ਸਿੱਖੀ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੈ ਇਸ ਲਈ ਜਿਹੜਾ ਵੀ ਵਿਅਕਤੀ ਸਮਾਜ ਵਿੱਚ ਖਾਸ ਕਰਕੇ ਗੁਰਦੁਆਰਿਆਂ ਵਿੱਚ ਜਾਤੀ ਅਧਾਰ ’ਤੇ ਕਿਸੇ ਨਾਲ ਵਿਤਕਰਾ ਕਰਦਾ ਹੈ ਉਹ ਸਿੱਖੀ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ।

ਗੁਰਮਤਿ ਦੇ ਅਧਾਰ ’ਤੇ ਕੀਤੇ ਇਸ ਵਖਿਆਨ ਲਈ ਗਿਆਨੀ ਗੁਰਬਚਨ ਸਿੰਘ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੱਲ੍ਹ ਤੋਂ ਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅਖੀਰ ਅੱਜ ਦੁਪਹਿਰ ਉਨ੍ਹਾਂ ਨਾਲ ਗੱਲ ਹੋ ਹੀ ਗਈ। ਕੱਲ੍ਹ ਦੀ ਪ੍ਰਭਾਵਸ਼ਾਲੀ ਕਥਾ ਕੀਤੇ ਜਾਣ ਲਈ ਉਨ੍ਹਾਂ ਦੀ ਸ਼ਲਾਘਾ ਕਰਨ ਪਿੱਛੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਸ ਸਿੱਖ ਦਾ ਸਿਰ ਹਰ ਕਬਰ, ਮੜ੍ਹੀ, ਮਜ਼ਾਰ, ਅਤੇ ਦੇਹਧਾਰੀ ਡੇਰਦਾਰ ਅੱਗੇ ਝੁਕ ਰਿਹਾ ਹੈ ਉਸ ਨੂੰ ਤਾਂ ਤੁਸੀਂ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਅਵਾਰਡ ਦਿੱਤਾ ਹੋਇਆ ਹੈ। ਤੁਹਾਡੇ ਵੱਲੋਂ ਕੀਤੀ ਗਈ ਕਥਾ ਅਨੁਸਾਰ ਤਾਂ ਉਸ ਨੂੰ ਸਿੱਖ ਕਹਿਣਾ ਵੀ ਜਾਇਜ਼ ਨਹੀਂ ਹੈ ਤਾਂ ਉਸ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਕਿਸ ਤਰ੍ਹਾਂ ਦੇ ਦਿੱਤਾ। ਇਹ ਸੁਣ ਕੇ ਉਹ ਕਾਫੀ ਸਮਾਂ ਉੱਚੀ ਉੱਚੀ ਹਸਦੇ ਰਹੇ। ਜਦ ਪੁੱਛਿਆ ਗਿਆ ਕਿ ਗੱਲ ਸਿਰਫ ਹੱਸਣ ਦੀ ਨਹੀਂ ਹੈ ਇਹ ਦੱਸਿਆ ਜਾਵੇ ਕਿ ਤੁਸੀਂ ਕਥਾ ਵਿੱਚ ਕੁਝ ਗਲਤ ਕਹਿ ਬੈਠੇ ਜਾਂ ਪੰਥ ਦਾ ਸਰਬਉਚ ਅਵਾਰਡ ਦੇਣ ਲਈ ਤੁਹਾਡੀ ਚੋਣ ਗਲਤ ਸੀ। ਉਨ੍ਹਾਂ ਕਿਹਾ ਚਲੋ ਸ਼ਾਇਦ ਹੁਣ ਹੀ ਗਲਤੀ ਸੁਧਰ ਜਾਵੇ। ਪਰ ਗਲਤੀ ਦਾ ਸੁਧਾਰ ਕੌਣ ਕਰੇਗਾ; ਅਵਾਰਡ ਦੇਣ ਵਾਲਾ ਜਾਂ ਲੈਣ ਵਾਲਾ? ਜਾਂ ਸ਼ਾਇਦ ਅੱਗੇ ਤੋਂ ਕਥਾ ਵਿੱਚ ਵਿੱਚ ਹੀ ਸੁਧਾਰ ਕਰ ਲਿਆ ਜਾਵੇਗਾ; ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਦੂਸਰੀ ਗੱਲ ਉਨ੍ਹਾਂ ਤੋਂ ਪੁੱਛੀ ਗਈ ਕਿ ਤੁਸੀਂ ਕਥਾ ਕਰਦਿਆਂ ਤਾਂ ਇਹ ਕਿਹਾ ਸੀ: ‘ਜੋ ਗੁਰਦੁਆਰਿਆਂ ਵਿੱਚ ਜਾਤੀ ਅਧਾਰ ’ਤੇ ਕਿਸੇ ਨਾਲ ਵਿਤਕਰਾ ਕਰਦਾ ਹੈ ਉਹ ਸਿੱਖੀ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ।’ ਪਰ ਕਲ੍ਹ ਨੂੰ ਤੁਸੀਂ ਸਿੱਖੀ ’ਚ ਜਾਤ ਪਾਤ ਨੂੰ ਵਡਾਵਾ ਦੇਣ ਵਾਲੇ ਡੇਰਾ ਰੂੰਮੀ ਦੇ ਮੁਖੀ ਸੁਖਦੇਵ ਸਿੰਘ ਸੁੱਖਾ ਵੱਲੋਂ ਲੁਧਿਆਣਾ ਵਿਖੇ 13000 ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣ ਲਈ ਰੱਖੇ ਗਏ ਪ੍ਰੋਗਰਾਮ ਵਿੱਚ ਪੁਹੰਚ ਰਹੇ ਹੋ। ਪਰ ਉਥੇ ਤਾਂ ਅੰਮ੍ਰਿਤਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਉਸ ਡੇਰੇਦਾਰ ਬਾਬੇ ਦੇ ਪੈਰਾਂ ਵਿੱਚ ਆਪਣਾ ਸਿਰ (ਜਿਸ ਨੂੰ ਤੁਸੀਂ ਭਾਰ ਕਹਿ ਚੁੱਕੇ ਹੋ) ਵੀ ਝੁਕਾਉਂਦੇ ਹਨ ਤੇ ਜਾਤੀ ਵਿਤਕਰਾ ਵੀ ਕਰਦੇ ਹਨ; ਜਿਸ ਦੀ ਮੀਡੀਏ ਵਿੱਚ ਵੀ ਕਾਫੀ ਚਰਚਾ ਹੋ ਰਹੀ ਹੈ। ਕੀ ਤੁਸੀਂ ਉਥੇ ਬਾਬਾ ਸੁਖਦੇਵ ਸਿੰਘ ਸੁੱਖਾ ਅਤੇ ਅੰਮ੍ਰਿਤਧਾਰੀ ਸਿੰਘਾਂ ਤੋਂ ਮੱਥਾ ਟਿਕਾਉਣ ਵਾਲੇ ਹੋਰ ਬਾਬਿਆਂ ਦੀ ਹਾਜ਼ਰੀ ਵਿੱਚ ਇਸੇ ਤਰ੍ਹਾਂ ਦੀ ਕਥਾ ਕਰੋਗੇ? ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜਿਹੜਾ ਵੀ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ ਉਸ ਦਾ ਗੁਰਮਿਤ ਅਨੁਸਾਰ ਖੰਡਨ ਕੀਤਾ ਜਾਵੇਗਾ।

ਤੀਸਰਾ ਸਵਾਲ ਉਨ੍ਹਾਂ ਨੂੰ ਹੋਰ ਪੁੱਛਿਆ ਗਿਆ ਕਿ ਇੱਕ ਪਾਸੇ ਤਾਂ ਤੁਸੀ ਜਾਤੀ ਵਿਤਕਰਾ ਕਰ ਰਹੇ ਇਨ੍ਹਾਂ ਡੇਰੇਦਾਰਾਂ ਤੋਂ ਸਪਸ਼ਟੀਕਰਣ ਲੈਣ ਲਈ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਤਲਬ ਕੀਤਾ ਹੋਇਆ ਹੈ, ਦੂਸਰੇ ਪਾਸੇ ਤੁਸੀਂ ਉਨ੍ਹਾਂ ਦੇ ਸੱਦੇ ’ਤੇ ਉਨ੍ਹਾਂ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਹੋ। ਇਸ ਲਈ ਤੁਸੀਂ ਰਸਮੀ ਤੌਰ ’ਤੇ ਉਨ੍ਹਾਂ ਨੂੰ ਸਨਮਾਨਤ ਵੀ ਕਰੋਗੇ ਤੇ ਉਨ੍ਹਾਂ ਤੋਂ ਸਨਮਾਨ ਹਾਸਲ ਵੀ ਕਰੋਗੇ। ਇਸ ਸਥਿਤੀ ਵਿੱਚ ਤੁਹਾਡੇ ਕੋਲੋਂ ਪੀੜਤ ਗਰੀਬ ਦਲਿਤ ਸਿੰਘਾਂ ਨੂੰ ਇਨਸਾਫ਼ ਦੇਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ? ਇਸ ਦੇ ਜਵਾਬ ’ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਪਸ਼ਟੀਕਰਨ ਦੇਣ ਲਈ ਲਹਿਰਾਖਾਨਾ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੂੰ ਸੱਦਿਆ ਗਿਆ ਹੈ, ਜਦੋਂ ਕਿ ਪ੍ਰੋਗਰਾਮ ਬਾਬਾ ਸੁਖਦੇਵ ਸਿੰਘ ਸੁੱਖੇ ਵੱਲੋਂ ਰੱਖਿਆ ਗਿਆ ਹੈ; ਜਿੱਥੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਇਆ ਜਾਣਾ ਹੈ, ਇਸ ਲਈ ਮੇਰਾ ਉਥੇ ਪਹੁੰਚਣਾਂ ਲਾਜ਼ਮੀ ਹੈ।

ਪਰ ਜਥੇਦਾਰ ਜੀ ਨੂੰ ਕੌਣ ਸਮਝਾਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤਾਂ ਡੇਰੇਦਾਰਾਂ ਨੇ ਇੱਕ ਮੋਹਰੇ ਦੇ ਤੌਰ ’ਤੇ ਅੱਗੇ ਲਾਏ ਹਨ। ਬੁਰਿਆਈ ਦੀ ਅਸਲ ਜੜ ਤਾਂ ਸੁਖਦੇਵ ਸਿੰਘ ਸੁੱਖਾ ਸਮੇਤ ਨਾਨਕਸਰ ਸੰਪ੍ਰਦਾਇ ਦੀਆਂ ਠਾਠਾਂ ਦੇ ਸਮੁੱਚੇ ਡੇਰੇਦਾਰ ਹਨ। ਜਾਤੀ ਵਿਤਕਰਾ ਸਿਰਫ ਪਿੰਡ ਲਹਿਰਾਖਾਨਾ ਦੇ ਇੱਕ ਗੁਰਦੁਆਰੇ ’ਚ ਹੀ ਨਹੀਂ ਬਲਕਿ ਨਾਨਕਸਰ ਦੀਆਂ ਸਮੁੱਚੀਆਂ ਠਾਠਾਂ ਤੇ ਡੇਰਿਆਂ ਵਿੱਚ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਠਾਠਾਂ ਤੇ ਡੇਰਿਆਂ ਦੇ ਮੁੱਖੀਆਂ ਦਾ ਹੀ ਉਥੇ ਇਕੱਠ ਹੋਵੇਗਾ ਜਿਨ੍ਹਾਂ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹਦੇ ਹੋਏ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਾਰੇ ਹੀ ਬੁਲਾਰੇ ਉਨ੍ਹਾਂ ਨੂੰ ਸੰਤ ਮਹਾਂਪੁਰਖ਼ ਬ੍ਰਹਮਗਿਆਨੀ ਦੇ ਲਕਬਾਂ ਨਾਲ ਸੰਬੋਧਤ ਕਰਦੇ ਹੋਏ ਉਨ੍ਹਾਂ ਦੀ ਧੰਨ ਧੰਨ ਦੇ ਜੈਕਾਰੇ ਛੱਡਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top