Share on Facebook

Main News Page

ਸ. ਮਨਜੀਤ ਸਿੰਘ ਜੀ. ਕੇ. ਨੇ ਰਾਗੀਆਂ ਤੇ ਕਥਾਵਾਚਕਾਂ ਨੂੰ ਇਤਿਹਾਸਕ ਗੁਰਦਆਰਿਆਂ ਵਿਚ ਅਖੌਤੀ ਦਸਮ ਬਾਣੀ ਦਾ ਕੀਰਤਨ ਕਰਨ ਦੀ ਖੁਲ੍ਹ ਦੇ ਕੇ ਇਸਤਰੀਆਂ ਦਾ ਅਪਮਾਨ ਕੀਤਾ
- ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ

• ਇਸਤਰੀ ਅਕਾਲੀ ਦਲ ਦੀ ਬੀਬੀਆਂ ਰਾਹੀਂ ਸਮਾਜਕ ਬੁਰਾਈਆਂ ਨੂੰ ਦੂਰ ਕਰਵਾਉਣ ਤੋਂ ਪਹਿਲਾਂ ਸਮਾਜਕ ਬੁਰਾਈਆਂ ਦੀ ਜੜ੍ਹ ਅਖੌਤੀ ਦਸਮ ਗ੍ਰੰਥ ਦੇ ਕੀਰਤਨ ਤੇ ਕਥਾ ਵਾਲੇ ਫੈਸਲੇ ’ਤੇ ਰੋਕ ਲਾਉਣੀ ਪਵੇਗੀ

(ਫਰੀਦਾਬਾਦ : 15 ਅਪ੍ਰੈਲ 2013 ਜਸਪ੍ਰੀਤ ਕੌਰ)
ਅਕਾਲ ਤਖ਼ਤ ਦੀ ਦੁਹਾਈ ਪਾ ਕੇ ਵੋਟਾਂ ਜਿੱਤਣ ਵਾਲਿਓ ! ਅਕਾਲ ਤਖ਼ਤ ਦੀ ਮਰਿਆਦਾ ਵੀ ਦਸਮ ਗ੍ਰੰਥ ਦਾ ਕੀਰਤਨ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੀ ਫਿਰ ਤੁਸੀਂ ਕਿਸ ਅਧਾਰ ’ਤੇ ਇਸ ਅਸ਼ਲੀਲ ਪੋਥੇ ਨੂੰ ਗੁਰਦੁਆਰਿਆਂ ਵਿਚ ਦਾਖਲ ਕਰ ਕੇ ਸਿੱਖਾਂ ਦਾ ਦੂਜਾ ਗੁਰੂ ਥਾਪਣ ਲਗੇ ਹੋ ? ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਮੌਕੇ ਕੀਤਾ ।

ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਸਿੱਖ ਸਪੋਕਸਮੈਨ ਨਾਂ ਦੀ ਇਕ ਪਤ੍ਰਕਾ ਵਿਚ ਛਪੀ ਖਬਰ “ਦਿਲੀ ਦੇ ਗੁਰਦੁਆਰਿਆਂ ’ਚ ਦਸਮ ਦਾ ਕੀਰਤਨ ਹੋਵੇਗਾ : ਮਨਜੀਤ ਸਿੰਘ ਜੀ.ਕੇ. ਅਤੇ ਰੋਜਾਨਾ ਸਪੋਕਸਮੈਨ ਦੇ 5 ਅਪ੍ਰੈਲ ਵਿਚ ਛਪੀ ਇਕ ਹੋਰ ਖਬਰ “ਹੁਣ ਦਿੱਲੀ ’ਚ ਸਿੱਖੀ ਪ੍ਰਚਾਰ ਦੀ ਮੁਹਿੰਮ ਇਸਤਰੀ ਅਕਾਲੀ ਦਲ ਦੇ ਹਵਾਲੇ” ‘ਤੇ ਪ੍ਰਤੀਕਰਮ ਕਰਦਿਆਂ ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਜੀ.ਕੇ. ਵੱਲੋਂ ਇਕ ਪਾਸੇ ਤਾਂ ਗ੍ਰੰਥੀ, ਕੀਰਤਨੀ ਜੱਥੇ ਅਤੇ ਕਥਾਵਾਚਕਾਂ ਨੂੰ ਇਤਿਹਾਸਕ ਗੁਰਦੁਆਰਿਆਂ ਵਿਚ ਦਸਮ ਗ੍ਰੰਥ ਦਾ ਕੀਰਤਨ ਕਰਣ ਦੀ ਖੁਲ੍ਹ ਦੇ ਦਿੱਤੀ ਗਈ ਪਰ ਦੂਜੇ ਪਾਸੇ ਦਿੱਲੀ ਵਿਖੇ ਇਸਤਰੀ ਅਕਾਲੀ ਦਲ ਨੂੰ ਸਿੱਖੀ ਪ੍ਰਚਾਰ ਦੀ ਮੁਹਿੰਮ ਸੌਂਪ ਦਿੱਤੀ ਗਈ ਜੋ ਕਿ ਦਿੱਲੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਹਾਸੋਹੀਣੀ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਜੀ.ਕੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਰਾਹੀਂ ਸਮਾਜਕ ਬੁਰਾਈਆਂ ਨੂੰ ਦੂਰ ਕਰਵਾਉਣਾ ਚਾਹੁੰਦੇ ਹਨ ਪਰ ਜਿਸ ਅਖੌਤੀ ਦਸਮ ਗ੍ਰੰਥ ਬਾਣੀ ਦਾ ਉਹ ਕੀਰਤਨ ਗੁਰਦੁਆਰਿਆਂ ਵਿਚ ਕਰਵਾਉਣ ਦੇ ਇਛੁੱਕ ਹਨ ਉਹ ਤਾਂ ਸਮਾਜਕ ਬੁਰਾਈਆਂ ਦਾ ਜਨਮਦਾਤਾ ਹੈ। ਉਸ ਵਿਚ ਸਿੱਖੀ ਪ੍ਰਚਾਰ ਦੀਆਂ ਨਹੀਂ ਸਗੋਂ ਸਿਖੀ ਵਿਰੋਧੀ ਗੱਲਾਂ ਹਨ ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ ਅਨੁਸਾਰ ਇਸਤਰੀਆਂ ਉਪਰ ਕਦੇ ਵਿਸ਼ਵਾਸ਼ ਨਾ ਕਰੋ, ਕਦੇ ਅਪਣੇ ਮਨ ਦਾ ਭੇਦ ਇਸ ਨੂੰ ਨਾ ਦਿਓ, ਇਸਤਰੀ ਨੂੰ ਬਣਾ ਕੇ ਰੱਬ ਵੀ ਬੜਾ ਪਛਤਾਯਾ। ਉਸਤਰੇ ਅਤੇ ਰੋਮਨਾਸ਼ਨੀ ਨਾਲ ਕੇਸ ਹਟਾ ਦਿਓ। ਪੋਸਤ, ਭਾਂਗ, ਅਫੀਮ, ਸ਼ਰਾਬ ਦੇ ਨਸ਼ੇ ਕਰੋ ,ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ ਮਰੋਗੇ । ਭੰਗ ਸ਼ਰਾਬ ਪੀਣ ਵਾਲਾ ਡਰਪੋਕ ਮਹਾਂਕਾਲ /ਸਰਬਕਾਲ /ਸ਼੍ਰੀ ਅਸਿਕੇਤ ਤੁਹਾਡਾ ਪਿਤਾ ਹੈ ਅਤੇ ਦੇਵੀ ਕਾਲਕਾ ਤੁਹਾਡੀ ਮਾਤਾ ਹੈ।

ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਜੀ.ਕੇ. ਇਸਤਰੀ ਅਕਾਲੀ ਦਲ ਦੇ ਮੁੱਖ ਏਜੰਡੇ ਵਿਚ ਦਿੱਲੀ ਵਿਖੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਔਰਤਾਂ ਨੂੰ ਸਮਰਥ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਪਿਆਰਾ ਗ੍ਰੰਥ ਤਾਂ ਅਪਣੀਆਂ ਹੀ ਸਕੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਦੀ ਸਿੱਖਿਆ ਦਿੰਦਾ ਹੈ।

ਪ੍ਰਧਾਨ ਜੀ. ਕੇ.ਜਿਸ ਅਸਲੀਲ ਬਚਿੱਤਰ ਨਾਟਕ / ਅਖੌਤੀ ਦਸਮ ਗ੍ਰੰਥ ਨੂੰ ਦਸਮ ਬਾਣੀ ਆਖਦੇ ਹਨ ਅਸਲ ਵਿਚ ਉਹ ਸਾਕਤ ਮਤੀਏ ਕਵੀ ਰਾਮ ਸਿਆਮ ਦੀਆਂ ਰਚਨਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਕਵੀ ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ ਹੈ, ਸਿੱਖਾਂ ਨੂੰ ਹਿੰਦੂ ਅਤੇ ਲਵ ਕੁਸ਼ ਦੀ ਔਲਾਦ ਦਸਣ ਵਿਚ ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ ਵਰਗੀਆਂ ਸੰਸਥਾਵਾਂ ਮੋਹਰੀ ਰੋਲ ਅਦਾ ਕਰਦੀਆਂ ਹਨ ਜਿੰਨ੍ਹਾਂ ਦੀਆਂ ਸਟੇਜਾਂ ’ਤੇ ਜਾ ਕੇ ਸਾਡੇ ਆਗੂ ਉਨ੍ਹਾਂ ਦੀਆਂ ਹਿੰਮਤਾਂ ਵਧਾਉਂਦੇ ਹਨ। ਕਵੀ ਸਿੱਖ ਇਤਿਹਾਸ ਦੀਆਂ ਮਹਤਵਪੂਰਨ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਭੁੱਲ ਗਿਆ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ, ਪੱਗਾਂ ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ ਚੁਸਣ ਵਾਲਾ ਲਿਖਦਾ ਹੈ, ਇਸ ਗ੍ਰੰਥ ਦੇ ਇਸ਼ਟ ਸਰਬਕਾਲ/ਮਹਾਕਾਲ ਅਤੇ ਦੇਵੀ ਕਾਲਕਾ (ਸ਼ਿਵਾ, ਭਗੌਤੀ) ਹਨ। ਜੋ ਮਦਿਰਾ ਮਾਂਸ ਦਾ ਸੇਵਨ ਕਰਦੇ ਹਨ । ਇਸ ਗ੍ਰੰਥ ਦੀ ਵੱਡ-ਆਕਾਰੀ ਰਚਨਾ ਚਰਿਤਰੋ-ਪਖਿਆਨ ਧੀਆਂ-ਭੈਣਾਂ ਦਾ ਅਪਮਾਨ ਕਰਦੀ ਹੈ ਉਸ ਵਿਚ ਇੰਨ੍ਹੀ ਅਸ਼ਲੀਲਤਾ ਭਰੀ ਹੈ ਕਿ ਇਸਨੂੰ ਕੱਲੇ ਬਹਿ ਕੇ ਵੀ ਨਹੀਂ ਪੜਿਆ ਜਾ ਸਕਦਾ ।

ਪਰ ਸ਼ਾਬਾਸ਼ੇ, ਉਨ੍ਹਾਂ ਨੂੰ ਜੋ ਇਨ੍ਹੇ ਨਿਰਲੱਜ ਅਤੇ ਬੇਸ਼ਰਮ ਹਨ ਕਿ ਉਹ ਇਸ ਗ੍ਰੰਥ ਦਾ ਕੀਰਤਨ ਹੁਣ ਗੁਰਦੁਆਰਿਆਂ ਵਿਚ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਣਗੇ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਜੀ.ਕੇ. ਜੇਕਰ ਬੀਬੀਆਂ ‘ਤੇ ਵਿਸ਼ਵਾਸ ਕਰ ਕੇ ਘਰ ਘਰ ਸਿੱਖੀ ਪ੍ਰਚਾਰ ਦੀ ਮੁਹਿੰਮ ਸੌਂਪਣ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਇਸਤਰੀ ਉਪਰ ਵਿਸ਼ਵਾਸ਼ ਨਾ ਕਰਨ ਵਾਲੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਮੋਹ ਛੱਡਣਾ ਪਵੇਗਾ।

ਜੇਕਰ ਉਨ੍ਹਾਂ ਦੀ ਸਚਮੁਚ ਇੱਛਾ ਹੈ ਕਿ ਨਵੀਂ ਪਨੀਰੀ ਨੂੰ ਸਿੱਖੀ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਹੀ ਸਿੱਖੀ ਪ੍ਰਚਾਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ, ਨਾ ਕਿ ਅਸ਼ਲੀਲਤਾ ਭਰਪੂਰ ਪੋਥੇ ਅਖੌਤੀ ਦਸਮ ਗ੍ਰੰਥ ਦਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top