ਜੀ
ਹਾਂ, ਇਹ ਇੱਕ ਕੌੜੀ ਸਚਾਈ ਹੈ ਕਿ ਸਿੱਖਾਂ ਦੀ ਕਿਸ਼ਤੀ ਜਦੋਂ ਵੀ ਡੁੱਬੀ ਹੈ ਉਹ ਗੰਦੇ ਪਾਣੀ
(ਭਾਵ ਗੰਦੀ ਸਿਆਸਤ ਦੇ ਪਾਣੀ) ਵਿੱਚ ਡੁੱਬੀ ਹੈ। ਡੋਬਣ ਵਾਲੇ ਨੇ ਸਿੱਖੀ ਦੇ ਭੇਸ ਵਿੱਚ ਆ
ਕੇ ਹੀ ਡੋਬੀ ਹੈ। ਨਹੀਂ ਤਾਂ ਇਸ ਕਿਸ਼ਤੀ ਵੱਲ ਕਿਸੇ ਦੀ ਭੈੜੀ ਅੱਖ ਨਾਲ ਵੇਖਣ ਦੀ ਵੀ
ਜ਼ੁਰਤ ਨਹੀਂ ਸੀ। ਗੰਦੇ ਪਾਣੀ ਵਿੱਚ ਨਹਾਉਣ ਵਾਲਿਆਂ ਨੂੰ ਹਮੇਸ਼ਾਂ ਖੁਰਕ ਹੀ ਪੈਂਦੀ ਹੈ।
ਗੰਦਾ ਪਾਣੀ ਪੀਣ ਵਾਲਿਆਂ ਨੂੰ ਕਿਨੀਆਂ ਬਿਮਾਰੀਆਂ ਹੁੰਦੀਆਂ ਨੇ ਇਹ ਅੰਦਾਜ਼ਾ ਤੁਸੀਂ ਆਪ
ਲਗਾਅ ਸਕਦੇ ਹੋ। ਸਿਆਸੀ ਲੀਡਰ ਭਾਵੇਂ ਸਿੱਖ ਹੋਣ ਤੇ ਭਾਵੇਂ ਹਿੰਦੂ ਹੋਣ ਇਹਨਾਂ ਦੀ
ਖੁਰਾਕ ਹੀ ਗੰਦਾ ਪਾਣੀ ਹੈ। ਅਸੀ ਵਿਦੇਸ਼ਾਂ ਵਿਚ ਵਸਦੇ ਹਾਂ। ਐੇਥੇ ਦੀ ਲੀਡਰਸ਼ਿਪ ਸਮਾਜ
ਨੂੰ ਸਾਫ-ਸੁਥਰਾ ਮਹੌਲ ਦੇਣ ਵਾਸਤੇ ਕੰਮ ਕਰਦੀ ਹੈ ਅਤੇ ਹਿੰਦੂਸਤਾਨ ਦੀ ਲੀਡਰਸ਼ਿਪ ਸਮਾਜ
ਲਈ ਕਲੰਕ ਹੈ। ਭਾਵੇਂ ਉਹ ਵੇਲਾ ਸੰਨ 1947 ਦਾ ਸੀ, 1984 ਦਾ ਸੀ ਜਾਂ ਫਿਰ ਹੁਣ ਮੌਜੂਦਾ
ਸਮਾਂ ਹੈ। ਇਹ ਗੰਦਾ ਪਾਣੀ ਕੀ ਹੈ? ਕਿਵੇਂ ਸਿੱਖ ਦੀ ਕਿਸ਼ਤੀ ਡੋਬਣ ਲੱਗਾ?
ਇਹ ਗੰਦਾ ਪਾਣੀ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਅਪਣੀ ਗੰਦਗੀ
ਇਸ ਕਿਸ਼ਤੀ ਵਿੱਚ ਲੱਦਣੀ ਚਾਹੁੰਦਾ ਸੀ । ਪਰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਇਕ ਐਸੀ
(ਗੁਰਬਾਣੀ ਰੂਪੀ) ਦਵਾਈ ਦਿੱਤੀ ਜਿਸ ਦੀ ਵਰਤੋਂ ਨਾਲ ਸਿੱਖ ਨੇ ਆਪਣੇ ਆਪ ਨੂੰ ਹਮੇਸ਼ਾਂ
ਬਚਾਈ ਰੱਖਿਆ ਹੈ। ਪਰ ਹੁਣ ਦਾ ਮਨੁੱਖ ਇਸ ਦਵਾਈ ਦੀ ਵਰਤੋਂ ਛੱਡ ਚੁੱਕਾ ਹੈ ਅਤੇ ਉਸ ਗੰਦੇ
ਪਾਣੀ ਵਿੱਚ ਗੋਤੇ ਖਾ ਰਿਹਾ ਹੈ। ਇਸ ਪਾਣੀ ਨਾਲ ਪਹਿਲਾਂ ਖੁਰਕ ਪਈ ਤੇ ਫਿਰ ਕੋਹੜ ਬਣ ਗਿਆ।
ਸੰਨ 1947 ਵਿਚ ਇਹ ਬਿਮਾਰੀ ਮਾਸਟਰ ਤਾਰਾ ਸਿੰਘ ਨੂੰ ਚੰਗੀ ਤਰਾਂ ਚੁੰਬੜੀ। ਜਿਸ ਦਾ ਇਲਾਜ
ਸਿੱਖ ਕੌਮ ਕੋਲੋਂ ਨਾ ਹੋਇਆ ਤੇ ਹੁਣ ਤੱਕ ਇਸ ਬਿਮਾਰੀ ਦੀ ਮਾਰ ਸਾਰੀ ਕੌਮ ਨੂੰ ਝੱਲਣੀ ਪੈ
ਰਹੀ ਹੈ। ਉਹ ਤੇ ਜਿਨ੍ਹਾਂ ਦਾ ਬੰਦਾ ਸੀ ਕੰਮ ਵੀ ਉਹਨਾ ਦਾ ਹੀ ਕਰਦਾ ਰਿਹਾ। ਉਸ ਬਿਮਾਰੀ
ਦੇ ਲੱਛਣ ਹੁਣ ਵਾਲੀ ਸਿੱਖ ਲੀਡਰਸ਼ਿਪ ਵਿਚੋਂ ਵੀ ਲੱਭਦੇ ਹਨ। ਇੱਕ ਗੱਲ ਪਾਠਕ ਸੱਜਣਾਂ ਨਾਲ
ਹੋਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਭਾਰਤੀ ਸਭਿਅਤਾ ਦਾ ਜਿਨ੍ਹਾਂ ਨੁਕਸਾਨ ਬਜ਼ੁਰਗ ਉਮਰ
ਵਾਲਿਆਂ ਕੀਤਾ ਉਨਾਂ ਨੁਕਸਾਨ ਨੌਜੁਆਨੀ ਨੇ ਨਹੀਂ ਕੀਤਾ । ਇਹ ਤੁਸੀਂ ਆਪ ਵੀ ਪੜ ਕੇ ਫੈਸਲਾ
ਕਰ ਸਕਦੇ ਹੋ।
ਹੁਣ ਲੋੜ ਹੈ ਇਨਾਂ ਮਚਲੇ, ਬੁੱਢੇ-ਠੀਠ, ਢੱਗਿਆਂ ਨੂੰ ਪਾਸੇ ਕਰਕੇ
ਉਸਾਰੂ ਸੋਚ ਅਪਨਾਉਣ ਦਾ । ਜੇ ਇਸ ਦਾ ਇਲਾਜ ਹੁਣ ਨਾ ਹੋਇਆ ਤਾਂ ਕੋਹੜ ਬਣ ਜਾਣ ਤੇ ਇਲਾਜ
ਬਹੁਤ ਔਖਾ ਹੋ ਜਾਣਾ ਹੈ। ਜਿਸ ਦਾ ਇਲਾਜ ਫਿਰ ਮੋਟੀ ਸਰਿੰਜ ਵਾਲੇ ਟੀਕੇ ਨਾਲ ਕਰਨਾ ਪੈਣਾ
ਹੈ। ਹੋ ਸਕਦਾ ਓਨੀ ਚਮੜੀ ਵੀ ਲਹੁਣੀ ਪਵੇ। ਜਿਸ ਸ਼੍ਰੋਮਣੀ ਕਮੇਟੀ ਦੀ ਹੋਂਦ ਬੜੀ ਮੁਸ਼ਕਿਲ
ਨਾਲ ਬਣੀ। ਜਿਸ ਨੇ ਇਕ ਲਹਿਰ ਬਣ ਕੇ ਸਿੱਖੀ ਸਿਧਾਤਾਂ ਦੀ ਰਾਖੀ ਕੀਤੀ। ਸੰਨ 1947 ਤੋਂ
ਬਾਅਦ ਵਿੱਚ ਇਸ ਕਮੇਟੀ ਨਾਲ ਭਾਈਵਾਲ ਬਣ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ।
ਇਸ ਦਲ ਨੇ ਸਿਆਸਤ ਦਾ ਗੰਦਾ ਪਾਣੀ ਇਸ ਸ਼੍ਰੋਮਣੀ ਕਮੇਟੀ ਤੇ ਲਿਆ ਪਾਇਆ। ਜਿਸ ਦਾ ਅਸਰ ਇਸ
ਕਮੇਟੀ ਦੇ ਮੈਬਰਾਂ ਤੇ ਵੀ ਹੋ ਗਿਆ। ਸੰਨ 1984 ਵਿੱਚ ਇਸ ਕਮੇਟੀ ਅਤੇ ਇਸ ਦਲ ਦੇ ਲੀਡਰਾਂ
ਨੂੰ ਪਈ ਖੁਰਕ ਕੌਮ ਨੂੰ ਵਿਖਾਈ ਦਿਤੀ। ਜਿਸ ਯੋਧੇ ਨੇ ਅਪਣੇ ਅਧਿਕਾਰਾਂ ਲਈ ਸਰਕਾਰ ਦੀ
ਧੌਣ ਨੂੰ ਹੱਥ ਪਾਇਆ ਇਹ ਖੁਰਕ ਖਾਧੇ ਲ਼ੀਡਰਾਂ ਨੇ ਉਸ ਹੱਥ ਨੂੰ ਵੱਡਣ ਲਈ ਰੋਲ ਨਿਭਾਇਆ ।
ਜਦੋਂ ਕੋਈ ਜਾਗਦੀ ਜ਼ਮੀਰ ਵਾਲਾ ਲੀਡਰ ਉਠਿੱਆ ਤਾਂ ਇਸ ਬਿਮਾਰੀ ਵਾਲੇ ਲੀਡਰਾਂ ਨੇ ਉਸ ਨੂੰ
ਆਪਣੇ ਰਾਹ ਦਾ ਰੋੜਾ ਸਮਝ ਕੇ ਪਰ੍ਹਾਂ ਬਗਾਅ ਮਾਰਿਆ। ਇੱਕ ਰਾਤ ਵਿਚ ਹੀ ਵੱਖਰਾ ਸੰਤ ਸਮਾਜ
ਬਣਾ ਕੇ ਕੌਮ ਦੇ ਵ੍ਹੇੜੇ ਵਿੱਚ ਗੰਦ ਪਾਇਆ। ਅੱਜ ਉਸ ਗੰਦ ਨੂੰ ਸਾਫ ਕਰਨਾ ਕਿੱਨਾ ਔਖਾ ਹੈ
ਇਹ ਵੀ ਤੁਹਾਡੇ ਸਾਹਮਣੇ ਹੈ। ਜਿਹੜੇ ਛਾਤੀਆਂ ਤਾਣ ਕੇ ਸਰਕਾਰ ਨਾਲ ਲੜੇ, ਇਹਨਾਂ ਖੁਰਕ
ਖਾਧੇ ਲੀਡਰਾਂ ਉਹਨਾਂ ਨੂੰ ਮਰਵਾਇਆ ਹੀ ਨਹੀਂ ਸਗੋਂ ਉਹਨਾਂ ਜੋਧਿਆਂ ਨੂੰ ਮਾਰਨ ਵਾਲਿਆਂ
ਨੂੰ ੳੱਚੇ ਔਧਿਆਂ ਤੇ ਬਿਠਾਇਆ।
ਅੱਜ ਜਿਹੜੀ ਫਿਲਮ (ਸਾਡਾ ਹੱਕ) ਤੇ ਪਬੰਦੀ ਲੱਗੀ ਹੈ ਇਸ ਦਾ ਖਤਰਾ
ਪੰਜਾਬ ਦੇ ਮਹੌਲ ਨੂੰ ਨਹੀਂ ਸਗੋਂ ਇਹਨਾਂ ਲੀਡਰਾਂ ਦੇ ਭਵਿਖ ਨੂੰ ਹੈ। ਖਾੜਕੂ ਲਹਿਰ ਵੀ
ਇਹਨਾਂ ਦੀ ਹੀ ਇਕ ਸਿਆਸਤ ਦਾ ਢੰਗ ਸੀ ਜਿਸ ਵਿੱਚ ਇਹ ਲੋਕ ਪੂਰੀ ਤਰਾਂ ਕਾਮਯਾਬ ਹੋਏ।
ਪੰਜਾਬ ਦੇ ਪੜੇ-ਲਿਖੇ ਨੌਜੁਆਨ ਅਤੇ ਮਨੂੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਨੂੰ ਆਪਣੇ
ਰਸਤੇ ਵਿੱਚੋਂ ਸਾਫ ਕਰਨਾ ਇਹਨਾ ਦਾ ਮੇਨ ਕੰਮ ਸੀ ਉਹ ਅੱਜ ਤੱਕ ਪੂਰਾ ਕਰ ਚੁੱਕੇ ਨੇ। ਬਸ
ਇਹ ਸਾਰੇ ਕੰਮ ਇਹਨਾਂ ਕਿਸ ਲਈ ਕੀਤੇ, ਕਿਉਂ ਕੀਤੇ, ਕੋਈ ਹੈ ਅੱਜ ਪੰਜਾਬ ਦਾ ਲੀਡਰ ਜਿਹੜਾ
ਦੱਸੇ ਕਿ ਇਹ ਕੌਣ ਨੇ, ਕੌਂਣ ਰਾਜ ਕਰ ਰਿਹਾ ਹੈ। ਅੱਜ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ
ਦਰਬਾਰ ਸਾਹਿਬ ਤੇ ਅਟੈਕ ਕਰਕੇ ਸਿੱਖਾਂ ਦਾ ਵਜੂਦ (ਇਤਹਾਸਿਕ ਸਾਹਿਤ) ਲੈ ਗਈ ਤਾਂ ਜੋ ਆਉਣ
ਵਾਲੇ ਸਮੇਂ ਵਿਚ ਸਿੱਖਾਂ ਨੂੰ ਬਰਬਾਦ ਕਰਨ ਲਈ ਪਹਿਲਾਂ ਇਤਹਾਸ ਨੂੰ ਕਾਬੂ ਕਰੋ ਫਿਰ ਸਿੱਖ
ਆਪਣੇ ਆਪ ਕਾਬੂ ਵਿੱਚ ਆ ਜਾਵੇਗਾ। ਚਲੋ ਉਹਨਾਂ ਤੇ ਇਤਰਾਜ ਤਾਂ ਸਿੱਖ ਕੌਮ ਕਰਦੀ ਹੀ ਰਹੇਗੀ।
ਪਰ ਹੁਣ ਇਹ ਅਕਾਲੀ ਕੀ ਕਰ ਰਹੇ ਨੇ। ਕੌਣ ਦੱਸੇਗਾ ਕਿ ਇਹ ਲੋਕ ਕੌਣ
ਹਨ ਕਿਨ੍ਹਾਂ ਲਈ ਕੰਮ ਕਰ ਰਹੇ ਨੇ। ਸਿੱਖ ਇਤਹਾਸ ਨੂੰ ਖਰਾਬ ਕਰ ਰਹੇ ਨੇ। ਜਥੇਦਾਰ ਤਾਂ
ਹੁਣ ਇਹਨਾਂ ਦੀ ਕੜਿਕੀ ਵਿਚ ਫਸੇ ਚੂਹੇ ਹਨ, ਜਦੋਂ ਕੋਈ ਇਤਹਾਸਿਕ ਕਿਤਾਬ ਟੁੱਕਣੀ ਹੁੰਦੀ
ਹੈ ਓਦੋਂ ਇਹਨਾਂ ਨੂੰ ਛੱਡ ਦਿੰਦੇ ਨੇ ਇਹ ਸਾਰਾ ਕੁਝ ਕ੍ਹਿਨਾਂ ਲਈ ਕਰ ਰਹੇ ਨੇ। ਇਹ
ਚਿੱਟੀਆਂ ਤੇ ਨੀਲੀਆਂ ਮੱਖੀਆਂ ਪੰਜਾਬ ਦਾ ਖਿੜਿਆ ਫੁੱਲ਼ ਚੰਗੀ ਤਰਾਂ ਸੁਆਹ ਕਰਕੇ ਹੀ ਸਾਹ
ਲੈਣਗੀਆਂ। ਸ਼ਹਿਦ ਦੀ ਮੱਖੀ ਤੇ ਇਕੱਲਾ ਸ਼ਹਿਦ ਹੀ ਚੂਸਦੀ ਹੈ, ਪਰ ਇਹ ਮੱਖੀਆਂ ਏਨੀਆਂ
ਖਤਰਨਾਕ ਹਨ, ਕਿ ਸ਼ਹਿਦ ਵੀ ਚੂਸਦੀਆਂ ਨੇ ਫਿਰ ਉਸ ਖਿੜੇ ਫੁੱਲ ਨੂੰ ਸਾੜਨ ਲਈ ਉਸ ਵਿੱਚ
ਜ਼ਹਿਰੀਲਾ ਰਸਾਇਣ ਪਾ ਜਾਦੀਆਂ ਹਨ। ਹੁਣ ਇਹਨਾਂ ਮੱਖੀਆਂ ਦੀ ਰੋਕ-ਥਾਮ ਲਈ ਸਿੱਖ ਕੌਮ ਨੂੰ
ਇਕ ਸਪਰੇਅ ਤਿਆਰ ਕਰਨੀ ਪਵੇਗੀ, ਨਹੀਂ ਤਾਂ ਗੰਦੇ ਪਾਣੀ ਵਿਚ ਗੰਦੇ ਹੀ ਰਹਾਂਗੇ। ਗੁਰੂਆਂ
ਵਲੋਂ ਦਿੱਤੀ (ਗੁਰਬਾਣੀ ਰੂਪੀ) ਦਵਾਈ ਦੀ ਵਰਤੋਂ ਕਰੀਏ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ
ਹੋਵੇਗੀ, ਸਿੱਖ ਕੌਮ ਵੀ ਤਾਂ ਹੀ ਜਿਉਂਦੀ ਰਹੇਗੀ ਨਹੀਂ ਤਾਂ ਅਉਣ ਵਾਲੀ ਪੀੜੀ ਨੂੰ ਇਹ
ਕਹਿਣਾਂ ਪਏਗਾ ਕਿ (ਸਿੱਖ ਦੀ ਕਿਸ਼ਤੀ ਓੁਥੇ ਡੁੱਬੀ ਜਿਥੇ ਪਾਣੀ ਬਹੁਤ ਗੰਦਾ ਸੀ - ਸਾਨੂੰ
ਆਪਣਿਆਂ ਮਰਵਾਇਆ ਗੈਰਾਂ ਦਾ ਹੌਂਸਲਾ ਕਿੱਥੇ ਪੈਂਦਾ ਸੀ)