Share on Facebook

Main News Page

ਹੁਣ ਗੁਰੂਦੁਆਰਿਆਂ ਵਿੱਚੋਂ ਗੁਰਮਤਿ ਦੇ ਦੀਵੇ ਬੁੱਝਣ ਲੱਗੇ ਅਤੇ ਘਿਉ ਦੇ ਕਰਮਕਾਂਡੀ ਦੀਵੇ ਜਗਣ ਲੱਗੇ
- ਪਾਲ ਸਿੰਘ  Host, Radio Khalsa FM www.KhalsaFM.com

ਜੀ ਹਾਂ, ਇਹ ਪੜ੍ਹਕੇ ਹਰ ਇੱਕ ਨੂੰ ਗੁੱਸਾ ਆਵੇਗਾ ਕਿ ਆਹ ਕੀ ਲਿਖੀ ਜਾਂਦੇ ਨੇ ਇਹ ਲੋਕ, ਪਰ ਇਹ ਇੱਕ ਕੌੜਾ ਸੱਚ ਲੋਕਾਂ ਦੀ ਕਚਿਹਰੀ ਵਿੱਚ ਰੱਖਣਾ ਚਾਹੁੰਦਾ ਹਾਂ ਜਿਸ ਨੂੰ ਪੜ੍ਹ ਕੇ ਹੀ ਫੈਸਲਾ ਲੈਣਾ ਬਣਦਾ ਹੈ ਪਰ ਜਿਹੜੇ ਵੀਰ, ਭੈਣ ਗੁਰਮਤਿ ਤੋਂ ਵਾਕਫ ਨਹੀਂ, ਉਹਨਾਂ ਨੂੰ ਇਹ ਲੇਖ ਜਿਆਦਾ ਚੋਟ ਕਰੇਗਾ। ਕਈ ਕਹਿਣਗੇ ਕਿ ਸ਼ਬਦਾਵਲੀ ਠੀਕ ਨਹੀਂ ਵਰਤੀ ਪਰ ਇਸ ਤੋਂ ਘੱਟ ਹੁਣ ਕੋਈ ਅਸਰ ਵੀ ਨਹੀਂ ਕਰਦਾ। ਕਹਿਣ ਸੁਣਨ ਨੂੰ ਅਸੀਂ ਸਾਰੇ ਹੀ ਸਿੱਖ ਹਾਂ। ਪਰ ਇਕੱਲੇ ਸਿੱਖ ਘਰਾਣੇ ਵਿਚ ਜਨਮ ਲੈਣ ਨਾਲ ਹੀ ਸਿੱਖ ਨਹੀਂ ਬਣਦਾ। ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਹੀ ਅਸਲੀ ਸਿੱਖ ਅਖਵਾ ਸਕਦਾ ਹੈ, ਪਰ ਉਹ ਕੋਈ ਵਿਰਲਾ ਹੀ ਹੈ ਜਿਸ ਨੇ ਗੁਰੂ ਤੋਂ ਸਿੱਖਿਆ ਲਈ ਹੈ। ਜਿਸ ਦਾ ਫੈਸਲਾ ਗੁਰਬਾਣੀ ਹੀ ਕਰਦੀ ਹੈ ਕਿ:

ਗੁਰ ਕੀ ਸਿਖ ਕੋ ਵਿਰਲਾ ਲੇਵੈ ॥ ਜਾਂ
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਜਾਂ
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥

ਉਹ ਕੋਈ ਵਿਰਲਾ ਹੀ ਹੈ ਜਿਸ ਨੇ ਗੁਰੂ ਦੇ ਹੁਕਮ ਦੀ ਪਾਲਣਾਂ ਕੀਤੀ ਹੈ। ਅਸੀਂ ਕੰਧਾਂ ਵਿੱਚ ਸਿਰ ਤਾਂ ਸਾਰੇ ਹੀ ਮਾਰਨਾ ਜਾਣਦੇ ਹਾਂ। ਗੁਰੂ ਕੀ ਕਹਿ ਰਿਹਾ ਹੈ ਅਸੀਂ ਜਾਨਣਾਂ ਵੀ ਨਹੀਂ ਚਾਹੁੰਦੇ। ਬੱਸ ਮੁੱਲ ਦੇ ਪਾਠਾਂ ਵਿੱਚ ਉਲਝ ਕੇ ਰਹਿ ਗਏ ਹਾਂ ਜਾਂ ਮੁੱਲ ਦੀਆਂ ਅਰਦਾਸਾਂ ਵਿੱਚ। ਮੁੱਲ ਦੇ ਸੰਪਟ ਪਾਠ, ਅਖੰਡ ਪਾਠ, ਸਹਿਜ ਪਾਠ, ਜਪ-ਤਪ ਸਮਾਗਮ, ਕੀਰਤਨ, ਰੰਗ-ਬਰੰਗੇ ਸਿਮਰਨ ਆਦਿ, ਇਹ ਸਾਰਾ ਕੁਝ ਕੰਧਾਂ ਵਿਚ ਸਿਰ ਮਾਰਨ ਤੋਂ ਵੱਧ ਕੁਝ ਵੀ ਨਹੀਂ ਹੈ। ਹਾਂ ਇਸ ਦਾ ਗੁਰਮਤਿ ਤੋਂ ਅਣਜਾਣ ਗੁਰੂਦੁਆਰਿਆਂ ਦੇ ਪ੍ਰਬੰਧਕਾਂ ਅਤੇ ਭਾਈ ਲਾਣੇ ਨੂੰ ਜ਼ਰੂਰ ਲਾਭ ਹੋਇਆ ਹੈ ਇੱਕ ਬ੍ਰਾਹਮਣ ਦੇ ਰੂਪ ਵਿੱਚ। ਇਹ ਲੋਕ (ਪ੍ਰਬੰਧਕ ਅਤੇ ਭਾਈ ਲਾਣਾ) ਕਦੀ ਵੀ ਗੁਰਦੁਆਰਿਆਂ ਤੋਂ ਸਹੀ ਸੋਚ ਲੋਕਾਂ ਤੱਕ ਨਹੀਂ ਜਾਣ ਦੇਣਗੇ ਸਗੋਂ ਗੁਰਮਤਿ ਤੋਂ ਉਲਟ ਸਾਰਾ ਕੂੜਾ-ਕਰਕਟ ਗੁਰਦੁਆਰਿਆਂ ਵਿੱਚ ਲਿਆ ਰਹੇ ਨੇ। ਗੁਰੂਦੁਆਰਿਆਂ ਦੇ ਪ੍ਰਬੰਧਕਾਂ ਨੇ ਗੁਰਮਤਿ ਦਾ ੳ, ਅ ਵੀ ਨਹੀਂ ਪੜ੍ਹਿਆ, ਸਿਰਫ ਇਹਨਾਂ ਦੇ ਚੌਧਰੀ-ਪੁਣੇ ਅਤੇ ਗੰਦੀ ਸਿਆਸਤ ਦੀ ਮਾਰ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਕੇ ਰੱਖ ਦਿਤਾ ਹੈ। ਗੁਰਦੁਆਰੇ ਦਾ ਪ੍ਰਬੰਧਕ ਆਪ ਗੁਰਮਤਿ ਤੋਂ ਕੋਹਾਂ ਦੂਰ ਹੈ ਅਤੇ ਭਾਈ ਜਮਾਤ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ, ਜਿਸ ਦੇ ਕਾਰਨ ਗੁਰੂ ਦੀ ਸੋਚ ਗੁਰਦੁਆਰਿਆਂ ਵਿਚੋਂ ਅੱਜ-ਕੱਲ ਬਿਲਕੁਲ ਗਾਇਬ ਹੋ ਗਈ ਹੈ।

ਬਸ ਸਿੱਖਾਂ ਨੂੰ ਗੁਰਦੁਆਰਿਆਂ ਦੇ ਸ਼ਰਧਾਲੂ (ਭਾਵ: ਸ਼ਰਧਾ-ਉਲੂ) ਬਣਾਇਆ ਜਾ ਰਿਹਾ ਹੈ। ਅਖੰਡ ਪਾਠਾਂ ਦੇ ਨਾਲ ਜਪੁਜੀ ਸਾਹਿਬ, ਨਾਰੀਅਲ, ਜੋਤਾਂ, ਕੁੰਭ ਆਦਿ ਨਾਲ ਲੋਕਾਂ ਦਾ ਸੋਚ ਮੰਡਲ ਬਦਲਿਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਰਾਮਾਤੀ ਕਹਾਣੀਆਂ ਨਾਲ ਜੋੜ ਕੇ ਸਿੱਖ ਸੰਗਤਾਂ ਵਿੱਚ ਸੁਣਾਇਆ ਜਾ ਰਿਹਾ ਹੈ। ਏਹੋ ਇੱਕ ਕਾਰਨ ਸੀ ਕਿ ਸਿੱਖ ਕੌਮ ਵਿੱਚੋਂ ਸਭ ਤੋਂ ਵੱਧ ਕਾਮਰੇਡ ਬਣੇ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਇਹਨਾਂ ਕਹਾਣੀਆਂ ਨਾਲ ਸਹਿਮਤ ਨਹੀਂ ਅਤੇ ਨਾਂ ਹੀ ਕੋਈ ਮਾਣਤਾ ਦਿੰਦਾ ਹੈ। ਬੁਧੂ ਪੁਣਾਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਅਜੇ ਵੀ ਭਾਰੂ ਹੈ ਕਿਉਂਕਿ ਪ੍ਰਚਾਰਕ ਸ਼੍ਰੇਣੀ ਪੂਰੀ ਤਰਾਂ ਪ੍ਰਬੰਧਕਾਂ ਨੇ ਆਪਣੀ ਜੁੱਤੀ ਹੇਠਾਂ ਰੱਖੀ ਹੋਈ ਹੈ ਪਰ ਜੇ ਗਲਤੀ ਨਾਲ ਕੋਈ ਗੁਰਮਤਿ ਦੀ ਗੱਲ ਸਟੇਜ ਤੋਂ ਕਰਨ ਦਾ ਹੌਂਸਲਾ ਕਰਦਾ ਹੈ ਤਾਂ ਉਸ ਪ੍ਰਚਾਰਕ ਦਾ ਬੋਰੀ ਬਿਸਤਰਾ ਗੋਲ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਪ੍ਰਬੰਧਕ ਵੀਰਾਂ ਨੂੰ ਹੋਰ ਵੀ ਭਿਆਨਕ ਬਿਮਾਰੀਆਂ ਹਨ। ਆਓ ਜਰਾ ਇਹਨਾਂ ਦੀਆਂ ਬਿਮਾਰੀਆਂ ਵੱਲ ਧਿਆਨ ਦੇਈਏ :-

  1. ਇੱਕ ਮਹਾਂ ਰੋਗ ਤਾਂ ਸਾਰੇ ਸੰਸਾਰ ਦੇ ਪ੍ਰਬੰਧਕਾਂ ਨੂੰ ਹੀ ਹੋ ਗਿਆ ਲਗਦਾ ਹੈ ਕਿ ਪ੍ਰਬੰਧਕ ਨੇ ਕੁਝ ਨਹੀ ਸਿੱਖਣਾ, ਸਿਰਫ ਪ੍ਰਬੰਧ ਜਾਂ ਕਹਿ ਲਵੋ ਆਪਣਾਂ ਹੁਕਮ, ਚਲਾਉਣਾ ਹੈ ਜਾਂ ਗੋਲਕ ਗਿਣਨ ਲੱਗਿਆਂ ਹੀ ਅਉਣਾ ਹੈ।
  2. ਦੂਜੀ ਇਹ ਹੈ ਕਿ ਆਪਣੇ ਇਲਾਕੇ ਦੇ ਨਿੱਜੀ ਜਾਣ ਪਛਾਣ ਵਾਲੇ ਪ੍ਰਚਾਰਕ, ਕੀਰਤਨੀ ਜੱਥੇ, ਢਾਢੀ ਅਤੇ ਗ੍ਰੰਥੀ ਹੀ ਬਲਾਉਣੇ ਹਨ ਭਾਂਵੇ ਉਹ ਸਟੇਜ ਤੇ ਚਿੜੀ-ਕਾਂ ਦੀ ਹੀ ਕਹਾਣੀ ਕਿਉਂ ਨਾ ਸੁਨਾਉਣ । ਭਾਂਵੇ ਕੁੱਤਿਆਂ ਨੂੰ ਵੀ ਅੰਮ੍ਰਿਤ ਛਕਾਉਣ। ਇਹਨਾਂ ਨੂੰ ਕੀ, ਬੱਸ ਗੋਲਕ ਭਰਨੀ ਚਾਹੀਦੀ ਹੈ।
  3. ਤੀਜੀ ਇਹ ਹੈ ਕਿ ਸੱਦਿਆ ਹੋਇਆ ਪ੍ਰਚਾਰਕ ਇਹਨਾਂ ਪ੍ਰਬੰਧਕਾਂ ਦੀ ਸਟੇਜ ਤੇ ਪੂਰੀ ਠੁੱਕ ਬੰਨ੍ਹੇ ਕਿ ਜੇ ਸਿੱਖ ਕੌਮ ਨੂੰ ਥੰਮ ਕੇ ਖੜੇ ਹਨ ਤਾਂ ਇਹੋ ਪ੍ਰਬੰਧਕ ਹਨ, ਨਹੀਂ ਸਿੱਖਾਂ ਦਾ ਅਕਸ ਤਾਂ ਬੜੇ ਚਿਰ ਦਾ ਥੱਲੇ ਡਿਗ ਜਾਣਾ ਸੀ । ਫੂਕ ਨਾਲ ਭਾਂਵੇ ਪਾਟ ਹੀ ਜਾਂਣ ਪਰ ਫੂਕ ਛਕਣੋਂ ਡਰਦੇ ਜਾਂ ਝਿਜਕਦੇ ਨਹੀਂ।
  4. ਇੱਕ ਸੰਹੁ ਇਹਨਾਂ ਨੇਂ ਖਾਧੀ ਹੋਈ ਹੈ ਉਹ ਇਹ ਹੈ ਕਿ ਪੜ੍ਹਿਆ-ਲਿਖਿਆ ਗੁਰਮਤਿ ਦਾ ਗਿਆਤਾ ਅੰਮ੍ਰਿਤਧਾਰੀ ਕੋਈ ਨੌਜੁਆਨ ਬੰਦਾ ਵੀ ਕਮੇਟੀ ਵਿਚ ਨਹੀ ਲੈਣਾਂ, ਜਿਹੜਾ ਅੱਜ ਦੇ ਮੀਡੀਏ ਜਾਂ ਟੈਕਨੌਲੋਜੀ ਦਾ ਗਿਆਨ ਰੱਖਦਾ ਹੋਵੇ ਕਿਉਂਕੇ ਉਹ ਇਹਨਾਂ ਲਈ ਭਵਿੱਖ ਵਿੱਚ ਖ਼ਤਰਾ ਬਣ ਸਕਦਾ ਹੈ। ਬੱਸ ਜਿਹੜੇ ਮੈਂਬਰ ਲੈਣੇ ਹਨ ਉਹ ਬੁੱਢੇ, ਸਿਆਸੀ, ਗੂੰਗੇ ਅਤੇ ਆਪਣੇ ਧੜੇ ਦੇ ਹੋਣ। ਕਹਿਣ ਦਾ ਮਤਲਬ ਚੱਲੇ ਕਾਰਤੂਸ, ਸਿਰਫ ਲੋਏ ਦਾ ਭਾਰ ਹੀ ਵਧਾਉਣਾ ਹੈ ਬਸ।
  5. ਨਾਲੇ ਫਿਰ ਗੁਰੂਦੁਆਰੇ ਦਾ ਭਾਈ ਉਹ ਰੱਖਣਾ ਜਿਹੜਾ ਕਦੀ ਸਕੂਲ ਦੇ ਪਿਛੋਂ ਦੀ ਵੀ ਨਾ ਲੰਘਿਆ ਹੋਵੇ ਅਤੇ ਪੂਰਾ ਚਾਪਲੂਸ ਹੋਵੇ।
  6. ਗੁਰਦੁਆਰੇ ਦੇ ਪ੍ਰਬੰਧਕਾਂ ਦੀ ਚੋਣ ਉਹਨਾਂ ਲੋਕਾਂ ਵਿੱਚੋਂ ਕੀਤੀ ਜਾਂਦੀ ਹੈ ਜਿਹੜੇ ਜਾਂ ਤਾਂ ਹਰ ਰੋਜ਼ ਡੋਲੂ ਡੋਲੂ ਸ਼ਰਾਬ ਪੀਂਦੇ ਹੋਣ, ਜਾਂ ਆਪਣੀ ਤੀਵੀਂ ਨੂੰ ਕੁੱਟ ਮਾਰਕੇ ਘਰੋਂ ਕੱਢਣ ਵਾਲੇ ‘ਸੂਰਮੇ’ ਅਤੇ ਅਤਿ ਦੇ ਵਿਭਚਾਰੀ ਹੋਣ, ਗੁਰਦੁਆਰੇ ਦੇ ਲੰਗਰ ਵਿੱਚੋ ਸੰਗਤਾਂ ਦੀਆਂ ਲਿਆਂਦੀਆਂ ਰਸਦਾਂ ਬਸਤਾਂ ਗਰੌਸਰੀ ਸਟੋਰਾਂ ਨੂੰ ਚੰਗੇ ਭਾਅ ਤੇ ਵੇਚੱਣ ਅਤੇ ਵੱਟੇ ਨੋਟਾਂ ਨੂੰ ‘ਸਾਂਭਣ’ ਦੇ ਮਾਹਰ ਹੋਣ ਜਾਂ ਫਿਰ ਸਰਕਾਰੀ ਪੈਸਾ ਲੈਣ ਲਈ ਸਿਆਸੀ ਆਗੂਆਂ ਦੀਆਂ ਜੁੱਤੀਆਂ ਚਟੱਣ ਦੇ ਮਾਹਰ ਹੋਣ।

ਜਿਸ ਕੌਮ ਕੋਲ ਇਸ ਤਰਾਂ ਦੇ ਪ੍ਰਬੰਧਕ ਹੋਣਗੇ ਉਸ ਕੌਮ ਦਾ ਬੇੜਾ ਪਾਰ ਕਿਵੇਂ ਲੱਗੇਗਾ? ਜਿਸ ਮੈਂਬਰ ਦੇ ਘਰੋਂ ਅੱਜ ਕੋਈ ਸਿੱਖੀ ਦਾ ਦੀਵਾ ਜਗਦਾ ਨਹੀਂ ਦਿਸਦਾ, ਲਾਹਨਤ ਹੈ ਉਸ ਦੀ ਮਂੈਬਰੀ ‘ਤੇ, ਜਿਹੜਾ ਇੱਕ ਵੀ ਜੀਅ ਪਰਵਾਰ ਦਾ ਸਿੱਖ ਨਹੀਂ ਸਜਾਅ ਸਕਿਆ। ਪਰ ਕਿੱਥੇ ਰੋਣ ਰੋਈਏ ਇਸ ਸਿੱਖੀ ਮੰਜਲ ਦਾ। ਅੱਜ ਬਾਦਲ ਪਰਵਾਰ ਸਾਰੀ ਸ਼੍ਰੋਮਣੀ ਕਮੇਟੀ (ਹੁਣ ਸਿਰਫ ਸ਼ਰਾਬ ਪੀਣੀ ਕਮੇਟੀ) ‘ਤੇ ਆਪਣਾ ਕਬਜਾ ਕਰੀ ਬੈਠਾ ਹੈ, ਦਮਦਮੀ ਟਕਸਾਲ, ਕਹਿੰਦੇ ਕਹਾਂਉਦੇ ਸੰਤ ਬਾਬੇ ਮਹਾਂਪੁਰਖ ਬ੍ਰਹਮਗਿਆਨੀ, ਨਿਹੰਗ ਸਿੰਘ ਜਥੇਬੰਦੀਆਂ, ਸਭ ਚੰਗੀ ਤਰਾਂ ਖੱਸੀ ਹੋ ਚੁੱਕੇ ਹਨ। ਸਭ ਪਾਣੀ ਭਰਦੇ ਨੇ ਬਾਦਲ ਪਿਉ ਪੁੱਤਾਂ ਦਾ। ਬਾਕੀ ਪ੍ਰਾਈਵੇਟ ਗੁਰਦੁਆਰਿਆਂ ਵਿੱਚ ਇੱਕੀ-ਦੁੱਕੀ ਕਾਬਜ਼ ਹੈ। ਹੁਣ ਤਾਂ ਸਿੱਖ ਨੂੰ ਕੋਈ ਨਹੀਂ ਬਚਾਅ ਸਕਦਾ।

ਪਿਆਰਿਓ! ਅੱਜ ਦੁਨੀਆਂ ਵਿੱਚ ਕੋਈ ਵੀ ਸਕੂਲ ਐਸਾ ਨਹੀਂ ਹੈ, ਜਿਥੇ ਪੜ੍ਹਾਈ-ਲਿਖਾਈ ਵਿਚੋਂ ਸਾਰੇ ਵਿਦਿਆਰਥੀ ਫੇਲ ਹੋਣ। ਜੇ ਹੈ ਤਾਂ ਬੱਸ ਸਾਡੇ ਗੁਰਦੁਆਰੇ। ਕਿਉਂਕਿ ਗੁਰਦੁਆਰੇ ਨੂੰ ਸਕੂਲ ਦੇ ਰੂਪ ਵਿਚ ਵਰਤਿਆ ਹੀ ਨਹੀਂ ਗਿਆ। ਇਹ ਗੁਰਦੁਆਰੇ ਸਿੱਖੀ ਦੇ ਸਕੂਲ ਸਨ। ਪਰ ਨਿਕੰਮੇ ਪ੍ਰਬੰਧਕੀ ਢਾਂਚੇ ਨੇ ਇਸ ਨੂੰ ਬਰਬਾਦ ਕਰਕੇ ਰੱਖ ਦਿਤਾ ਅਤੇ ਉਹਨਾਂ ਨਾਲਾਇਕ ਪ੍ਰਬੰਧਕਾਂ ਨੇਂ ਹੀ ਸਿੱਖੀ ਦੇ ਸਕੂਲ, ਗੁਰਦੁਆਰੇ, ਨੂੰ ਬਰਬਾਦ ਕਰਕੇ ਉਲਟਾ ਪੰਥਕ ਨਾਂਵਾਂ ਤੇ ਸਕੂਲਾਂ ਦੇ ਧੰਦੇ ਖੋਲਕੇ ਸਰਕਾਰਾਂ ਅਤੇ ਭੋਲੇ ਭਾਲੇ ਸ਼ਰਧਾਲੂਆਂ (ਸ਼ਰਧਾ-ਊਲੂਆਂ) ਤੋਂ ਪੈਸੇ ਬਟੋਰਨ ਦਾ ਨਵਾਂ ਧੰਦਾ ਖੋਲ ਲਿਆ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਖੱਸੀ ਕਰਨ ਦਾ ਪ੍ਰਭੰਧ ਕਰ ਦਿੱਤਾ ਹੈ ਤਾਂ ਕਿ ਇਹਨਾਂ ਨੂੰ ਕੋਈ ਸਵਾਲ ਪੁਛੱਣ ਵਾਲਾ ਹੀ ਪੈਦਾ ਨਾਂ ਹੋ ਸਕੇ।

ਓ ਸਿੱਖੋ! ਹੁਣ ਤਾਂ ਕੁਝ ਸਿੱਖੋ, ਨਹੀਂ ਤਾਂ ਵੱਖਰੀਆਂ ਵੱਖਰੀਆਂ ਮਰਿਯਾਦਾਵਾਂ ਤੁਹਾਨੂੰ ਤਬਾਅ ਕਰਕੇ ਹੀ ਸਾਹ ਲੈਣਗੀਆਂ। ਇਹਨਾਂ ਗੁਰਦੁਆਰਿਆਂ ਤੋਂ ਸਕੂਲਾਂ ਦਾ ਕੰਮ ਲੈਣਾਂ ਸਿੱਖ ਲਵੋ। ਨਹੀਂ ਤਾਂ ਮਨਾਈਆਂ ਹੋਈਆਂ ਵਿਸਾਖੀਆਂ, ਗੁਰਪੁਰਬ, ਸਭ ਹਵਾ ਵਿੱਚ ਉੱਡ-ਪੁੱਡ ਜਾਣਗੀਆਂ। ਸਾਰੀ ਕੌਮ ਅਜੇ ਵੀ ਸਰੀਰਾਂ ਨੂੰ ਖਵਾਉਣ ਵਾਲੇ ਲੰਗਰਾਂ ਵਿੱਚ ਹੀ ਫਸੀ ਪਈ ਹੈ। ਆਤਮਾ ਵਾਲੇ ਲੰਗਰ ਭਾਵ ਸ਼ਬਦ ਵੀਚਾਰ ਦੀ ਗੱਲ ਸਿੱਖ ਸਟੇਜਾਂ ‘ਤੇ ਨਹੀਂ ਹੋ ਰਹੀ। ਅਖੀਰ ਵਿਚ ਏਹੋ ਕਹਾਂਗਾ ਕਿ ਸਿੱਖ ਸਿਰਫ ਗੁਰੂ ਦੀ ਸਿੱਖਿਆ ਨਾਲ ਹੀ ਬਣਨਾ ਹੈ, ਉਹ ਸੋਚ ਗੁਰਦੁਆਰਿਆਂ ਵਿਚ ਲਾਗੂ ਕੀਤੀ ਜਾਵੇ। ਨਹੀਂ ਤਾਂ ਅੱਜ ਗੁਰਦੁਆਰੇ ਸਿੱਖੀ ਦਾ ਦੀਵਾ ਬੁਝਾਉਣ ਲਈ ਵਰਤੇ ਜਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top