Share on Facebook

Main News Page

ਸੱਪ ਦੇ ਡੰਗੇ
- ਨਿਰਮਲ ਸਿੰਘ ਕੰਧਾਲਵੀ

ਸੂਰਜ ਦੇਵਤਾ ਨੇ ਅੱਜ ਕਈ ਦਿਨਾਂ ਬਾਅਦ ਦਰਸ਼ਨ ਦਿਤੇ ਸਨ। ਸ਼ਾਇਦ ਇਸੇ ਕਰ ਕੇ ਹੀ ਸੱਥ ਵਿਚ ਅੱਜ ਵਧੇਰੇ ਰੌਣਕ ਸੀ। ਮਾਸਟਰ ਹਕੀਕਤ ਸਿੰਘ ਦੀ ਸਾਰੇ ਜਣੇ ਉਡੀਕ ‘ਚ ਬੈਠੇ ਸਨ ਕਿਉਂਕਿ ਉਸ ਨੇ ਹੀ ਆ ਕੇ ਤਾਜ਼ੀਆਂ ਤਾਜ਼ੀਆਂ ਖ਼ਬਰਾਂ ਦਾ ਗੱਫਾ ਵਰਤਾਉਣਾ ਸੀ। ਤਦੇ ਹੀ ਲੱਛਾ ਅਮਲੀ ਬੋਲ ਉੱਠਿਆ, “ਆ ਗਿਆ ਬਈ ਮਾਹਟਰ” ਸਭ ਨੇ ਉਧਰ ਨੂੰ ਅੱਖਾਂ ਚੁੱਕ ਲਈਆਂ ਜਿਧਰੋਂ ਮਾਸਟਰ ਆਪਣੇ ਤ੍ਰੇਤਾ ਯੁਗ ਵਾਲ਼ੇ ਮਾਡਲ ਦੇ ਸਕੂਟਰ ‘ਤੇ ਚੜ੍ਹਿਆ ਆ ਰਿਹਾ ਸੀ। ਮਾਸਟਰ ਸਕੂਟਰ ਖੜ੍ਹਾ ਕੇ ਇਕ ਖੁੰਢ ‘ਤੇ ਸਜ ਕੇ ਬਹਿ ਗਿਆ।

“ਲੈ ਬਈ ਮਾਹਟਰਾ ਸੁਣਾ ਕੋਈ ਨਵੀਂ ਤਾਜ਼ੀ” ਕੇਹਰੂ ਲੰਬੜ ਬੋਲਿਆ।

ਮਾਸਟਰ ਹਕੀਕਤ ਸਿੰਘ ਨੇ ਖੰਘੂਰਾ ਮਾਰ ਕੇ ਅਖ਼ਬਾਰ ਸਿੱਧੀ ਕੀਤੀ ਤੇ ਬੋਲਿਆ, “ਲਓ ਬਈ ਸੁਣੋ, ਬਿਲਕੁਲ ਤਾਜ਼ੀ ਖ਼ਬਰ। ਕੱਲ੍ਹ ਦਮਦਮਾ ਸਾਬ੍ਹ ਵਿਖੇ ਪੁਲਸੀਆਂ ਨੇ ਫੇਰ ਬੇਰੋਜ਼ਗਾਰ ਲਾਈਨਮੈਨਾਂ ‘ਤੇ ਡਾਂਗ ਵਰ੍ਹਾਈ। ‘ਕੱਲੇ ਲਾਈਨਮੈਨ ਹੀ ਨਈਂ ਕੁੱਟੇ, ਉਹਨਾਂ ਦੀਆਂ ਤੀਵੀਆਂ ਤੇ ਜੁਆਕ ਵੀ ਨਹੀਂ ਛੱਡੇ ਸੁੱਕੇ, ਸਭ ਨੂੰ ਤੂੜੀ ਵਾਂਗ ਲੱਦ ਕੇ ਲੈ ਗਏ ਠਾਣੇ”

 

ਚਰਨਾ ਫੌਜੀ ਬੋਲਿਆ, “ਬਈ ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਨਾਲ਼ੇ ਲੋਕੀਂ ਏਹਨਾਂ ਤੋਂ ਕੁੱਟ ਖਾਈ ਜਾਂਦੇ ਐ ਨਾਲ਼ੇ ਫੇਰ ਏਹਨਾਂ ਨੂੰ ਹੀ ਵੋਟਾਂ ਪਾ ਕੇ ਚੁਣ ਲੈਂਦੇ ਐ”

ਲੱਛਾ ਅਮਲੀ ਬੋਲਿਆ, “ਬਈ ਚਰਨਿਆ ਲੋਕਾਂ ਨੂੰ ਕੁੱਟ ਖਾਣ ਦਾ ਪੈ ਗਿਐ ਸੁਆਦ, ਆਹ ਦੇਖ ਲੈ ਆਪਾਂ ਛੋਲਿਆਂ ਦੇ ਦਾਣੇ ਜਿੰਨੇ ਮਾਵੇ ਤੇ ਦੋ ਚੂਲ਼ੀਆਂ ਭੁੱਕੀ ਦੇ ਪਾਣੀ ਤੋਂ ਅਗਾਂਹ ਨਹੀਂ ਵਧੇ ਪਰ ਸ਼ੇਰਾ ਏਥੇ ਏਦਾਂ ਦੇ ਅਮਲੀ ਵੀ ਹੈਗੇ ਆ ਜਿਹੜੇ ਨਸ਼ਾ ਪੂਰਾ ਕਰਨ ਲਈ ਸੱਪ ਦਾ ਡੰਗ ਮਰਵਾਉਂਦੇ ਐ। ਨਾਲ਼ੇ ਸਪੇਰਿਆਂ ਦੀਆਂ ਮਿੰਨਤਾਂ ਕਰਦੇ ਐ ਨਾਲ਼ੇ ਪੈਸੇ ਦਿੰਦੇ ਐ। ਜਿੱਦਾਂ ਉਹਨਾਂ ਨੂੰ ਸੱਪ ਦਾ ਡੰਗ ਮਰਵਾਏ ਬਿਨਾਂ ਚੈਨ ਨਹੀਂ ਆਉਂਦਾ ਏਦਾਂ ਹੀ ਭਾਈ ਜਿੰਨਾ ਚਿਰ ਇਹ ਲੋਕ ਡਾਂਗ ਫੇਰਨ ਵਾਲ਼ਿਆਂ ਨੂੰ ਵੋਟਾਂ ਨਹੀਂ ਪਾ ਲੈਂਦੇ ਏਹਨਾਂ ਨੂੰ ਚੈਨ ਨਹੀਂ ਆਉਂਦੀ”।

ਅਮਲੀ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗੇ।

“ਲੈ ਬਈ ਅਮਲੀ ਤਾਂ ਅੱਜ ਨੰਬਰ ਲੈ ਗਿਆ, ਟਿਕਾਣੇ ‘ਤੇ ਤੀਰ ਮਾਰਿਆ ਸ਼ੇਰ ਨੇ” ਕਾਮਰੇਡ ਸੁਲੱਖਣ ਨੇ ਅਮਲੀ ਦੀ ਪਿੱਠ ਠੋਕੀ ਤੇ ਅਗਾਂਹ ਬੋਲਿਆ, “ਲਉ ਬਈ ਅਮਲੀ ਦੀ ਗੱਲ ਦੀ ਪ੍ਰੋੜ੍ਹਤਾ ਲਈ ਤੁਹਾਨੂੰ ਇਕ ਸਾਖੀ ਸੁਣਾਉਨਾ ਮੈਂ। ਇਕ ਸੀ ਰਾਜਾ। ਇਕ ਸੀ ਉਹਦਾ ਲੜਕਾ।ਰਾਜਾ ਚਾਹੁੰਦਾ ਸੀ ਪਈ ਉਹਦੇ ਜਿਉਂਦੇ ਜੀਅ ਉਹਦਾ ਮੁੰਡਾ ਰਾਜ ਭਾਗ ਕਰਨ ਵਿਚ ਪੂਰਾ ਕਾਬਲ ਹੋ ਜਾਵੇ। ਰਾਜਾ ਹੁਣ ਬੁੱਢਾ ਹੋ ਚੁੱਕਾ ਸੀ। ਪੰਜਾਹ ਸਾਲ ਹੋ ਗਏ ਸਨ ਉਹਨੂੰ ਰਾਜ ਕਰਦਿਆਂ। ਆਪਣੇ ਦੁਸ਼ਮਣਾਂ ਦਾ ਕੀਰਤਨ ਸੋਹਿਲਾ ਪੜ੍ਹਨ ਲਈ ਉਸ ਨੇ ਚਾਣਕੀਆ ਨੀਤੀ ਦੇ ਚਾਰੇ ਢੰਗ, ਸਾਮ, ਦਾਮ, ਦੰਡ, ਭੇਦ, ਸਾਰੇ ਹੀ ਵਰਤੇ ਸਨ। ਉਸ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਖ਼ਤਮ ਕਰ ਦਿਤਾ ਸੀ ਜਿਹਨੀਂ ਉਸ ਨੂੰ ਰਾਜ-ਗੱਦੀ ‘ਤੇ ਬੈਠਣ ਵਿਚ ਸਹਾਇਤਾ ਕੀਤੀ ਸੀ ਤੇ ਹੁਣ ਉਹ ਅਜਿਹੇ ਹੀ ਗੁਣ ਆਪਣੇ ਪੁੱਤਰ ਵਿਚ ਪੈਦਾ ਕਰਨੇ ਚਾਹੁੰਦਾ ਸੀ।

ਜਿਵੇਂ ਕਹਿੰਦੇ ਹਨ ‘ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ’ ਰਾਜੇ ਦਾ ਪੁੱਤਰ ਤਾਂ ਆਪ ਹੀ ਬੜਾ ਤਿੱਖਾ ਸੀ ਪਰ ਫੇਰ ਵੀ ਰਾਜਾ ਨਹੀਂ ਸੀ ਚਾਹੁੰਦਾ ਕਿ ਉਸ ਵਿਚ ਕੋਈ ਊਣਤਾਈ ਰਹੇ। ਪੁੱਤਰ ਵੀ ਪੰਜਾਹ ਸਾਲ ਰਾਜ ਕਰਨ ਦੇ ਦਮਗਜੇ ਮਾਰਦਾ ਰਹਿੰਦਾ ਸੀ। ਆਪਣਾ ਅੰਤ ਸਮਾਂ ਨਜ਼ਦੀਕ ਆਇਆ ਦੇਖ ਕੇ ਰਾਜੇ ਨੇ ਸੋਚਿਆ ਕਿ ਇਕ ਵਾਰੀ ਪਰਜਾ ਦੀ ਪਰਖ਼ ਕਰ ਲਈ ਜਾਵੇ ਕਿ ਉਹ ਸ਼ਾਹੀ ਪਰਿਵਾਰ ਦੀ ਕਿਤਨੀ ਕੁ ਵਫ਼ਾਦਾਰ ਐ। ਉਹਨੇ ਦਰਬਾਰੀਆਂ ਦੀ ਮੀਟਿੰਗ ਬੁਲਾਈ ਤੇ ਸੋਚ ਵਿਚਾਰ ਤੋਂ ਬਾਅਦ ਵਫ਼ਾਦਾਰੀ ਪਰਖ਼ਣ ਦਾ ਇਕ ਤਰੀਕਾ ਲੱਭ ਲਿਆ।

ਸ਼ਹਿਰ ਦੇ ਚਾਰੇ ਪਾਸੇ ਇਕ ਬੜੀ ਡੂੰਘੀ ਖਾਈ ਸੀ ਜਿਸ ਵਿਚ ਹਮੇਸ਼ਾ ਪਾਣੀ ਭਰਿਆ ਰਹਿੰਦਾ ਸੀ ਤਾਂ ਕਿ ਕੋਈ ਦੁਸ਼ਮਣ ਅੰਦਰ ਨਾ ਆ ਸਕੇ। ਆਉਣ ਜਾਣ ਵਾਸਤੇ ਸਿਰਫ਼ ਇਕੋ ਪੁਲ ਸੀ ਜਿਸ ‘ਤੇ ਚੌਵੀ ਘੰਟੇ ਫੌਜਾਂ ਦਾ ਪਹਿਰਾ ਰਹਿੰਦਾ ਸੀ। ਰਾਜੇ ਨੇ ਪੁਲ ਉੱਪਰੋਂ ਲੰਘਣ ਵਾਲ਼ਿਆਂ ‘ਤੇ ਇਕ ਆਨਾ ਟੈਕਸ ਲਗਾ ਦਿੱਤਾ”।

ਤਦੇ ਵਿੱਚੇ ਹੀ ਠੇਕੇਦਾਰਾਂ ਦਾ ਦਸਵੀਂ ‘ਚ ਪੜ੍ਹਦਾ ਬਿੱਲੂ ਬੋਲ ਉੱਠਿਆ, ਲੈ ਤਾਂ ਕੀ ਹੋ ਗਿਆ, ਇਕ ਆਨੇ ਨਾਲ਼ ਕੀ ਫ਼ਰਕ ਪੈਂਦੈ, ਅਸੀਂ ਕੱਲ੍ਹ ਅਨੰਦਪੁਰ ਸਾਬ੍ਹ ਨੂੰ ਗਏ ਸੀ, ਕਾਰ ਦੇ ਪਟਰੌਲ਼ ਨਾਲੋਂ ਜਾਦਾ ਪੈਸੇ ਤਾਂ ਸਾਡੇ ਟੋਲ ਟੈਕਸ ‘ਤੇ ਈ ਲੱਗ ਗਏ ਸੀ”

“ਓਏ ਸਹੁਰੀ ਦਿਆ, ਅਸੀਂ ਰਾਜੇ ਦੇ ਵੇਲੇ ਦੀ ਗੱਲ ਕਰਦੇ ਆਂ, ਜਦੋਂ ਇਕ ਆਨਾ ਈ ਅੱਜ ਦੇ ਸੌ ਰੁਪਈਏ ਵਰਗਾ ਸੀ” ਕਾਮਰੇਡ ਸੁਲੱਖਣ ਨੇ ਬਿੱਲੂ ਦੀ ਸ਼ੱਕ ਦੂਰ ਕੀਤੀ ਤੇ ਉਹਨੇ ਸਾਖੀ ਅਗਾਂਹ ਤੋਰੀ।

“ਲਓ ਬਈ ਸੱਜਣੋਂ, ਕੁਝ ਦਿਨ ਬੀਤੇ ਤਾਂ ਰਾਜੇ ਨੇ ਆਪਣੇ ਸੂਹੀਏ ਛੱਡੇ ਪਈ ਪਤਾ ਕਰੋ ਕਿ ਲੋਕ ਏਸ ਟੈਕਸ ਬਾਰੇ ਚੂੰ-ਚਰਾਂ ਤਾਂ ਨਹੀਂ ਕਰਦੇ। ਸੂਹੀਆਂ ਨੇ ਆ ਕੇ ਖ਼ਬਰ ਦਿਤੀ ਕਿ ਪਰਜਾ ਵਿਚ ਕੋਈ ਰੋਸ ਨਹੀਂ, ਸਭ ਖ਼ੁਸ਼ ਨੇ। ਦੋ ਕੁ ਮਹੀਨਿਆਂ ਬਾਅਦ ਰਾਜੇ ਨੇ ਟੈਕਸ ਦੋ ਆਨੇ ਕਰ ਦਿਤਾ। ਹੁਣ ਫੇਰ ਰਾਜੇ ਨੇ ਸੂਹੀਏ ਛੱਡੇ ਕਿ ਉਹ ਪਤਾ ਕਰਨ ਕਿ ਲੋਕ ਕੀ ਕਹਿੰਦੇ ਹਨ। ਸੂਹੀਏ ਫਿਰ ਉਹੀ ਖ਼ਬਰ ਲਿਆਏ ਕਿ ਲੋਕਾਂ ਵਿਚ ਕੋਈ ਰੋਸ ਨਹੀਂ। ਰਾਜਾ ਖ਼ੁਸ਼ ਸੀ ਕਿ ਇਹੋ ਜਿਹੀ ਪਰਜਾ ਦੇ ਹੁੰਦਿਆਂ ਉਹਦੇ ਪੁੱਤਰ ਦੀ ਗੱਦੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਪਰ ਰਾਜਾ ਅਜੇ ਪਰਜਾ ਦਾ ਹੋਰ ਇਮਤਿਹਾਨ ਲੈਣਾ ਚਾਹੁੰਦਾ ਸੀ। ਕੁਝ ਦੇਰ ਠਹਿਰ ਕੇ ਰਾਜੇ ਨੇ ਹੁਕਮ ਕਰ ਦਿਤਾ ਕਿ ਪੁਲ ਉੱਪਰੋਂ ਦੀ ਲੰਘਣ ਵਾਲ਼ਿਆਂ ਨੂੰ ਦੋ ਆਨੇ ਟੈਕਸ ਵੀ ਦੇਣਾ ਪਵੇਗਾ ਤੇ ਉਹਨਾਂ ਦੇ ਪੰਜ ਪੰਜ ਛਿੱਤਰ ਵੀ ਮਾਰੇ ਜਾਇਆ ਕਰਨਗੇ।

ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਲੋਕਾਂ ਦਾ ਇਕ ਡੈਪੂਟੇਸ਼ਨ ਰਾਜੇ ਨੂੰ ਮਿਲਣ ਲਈ ਉਹਦੇ ਮਹਿਲਾਂ ‘ਚ ਪਹੁੰਚਾ। ਹੁਣ ਰਾਜੇ ਨੇ ਸੋਚਿਆ ਕਿ ਲੋਕ ਜ਼ਰੂਰ ਹੀ ਸ਼ਿਕਾਇਤ ਲੈ ਕੇ ਆਏ ਹੋਣਗੇ ਤੇ ਉਹ ਜ਼ਰੂਰ ਹੀ ਗੁੱਸੇ ‘ਚ ਹੋਣਗੇ”।

ਵਿਚੇ ਹੀ ਲੱਛਾ ਅਮਲੀ ਬੋਲ ਉੱਠਿਆ,” ਬਈ ਕਾਮਰੇਟਾ, ਡੀਪੂ ਵਾਲ਼ੇ ਕਾਹਤੋਂ ਪਹੁੰਚ ਗਏ ਰਾਜੇ ਕੋਲ਼, ਸਸਤਾ ਆਟਾ ਦਾਲ਼ ਨੀ ਸੀ ਪਹੁੰਚੀ ਡੀਪੂ ‘ਤੇ”

ਸਾਰੇ ਉੱਚੀ ਉੱਚੀ ਹੱਸਣ ਲੱਗੇ ਤੇ ਅਮਲੀ ਵਾੜ ‘ਚ ਫ਼ਸੇ ਬਿੱਲੇ ਵਾਂਗ ਝਾਕਣ ਲੱਗਾ।

“ਓਏ ਅਮਲੀਆ ਇਹ ਅੰਗਰੇਜ਼ੀ ਦਾ ਲਫ਼ਜ਼ ਆ, ਇਹਦਾ ਮਤਲਬ ਹੁੰਦਾ ਵਫ਼ਦ” ਕਾਮਰੇਡ ਨੇ ਸਮਝਾਇਆ

“ਕਾਮਰੇਟਾ ਤੂੰ ਵੀ ਪੰਗੇ ਲੈਨੈ, ਅਖੇ ਵਫ਼ਦ।ਇਹਨੂੰ ਵਿਚਾਰੇ ਨੂੰ ਕੀ ਪਤਾ ਵਫ਼ਦ ਦਾ।ਤੂੰ ਸਿੱਧਾ ਕਹਿ ਪਈ ਰਾਜੇ ਨੂੰ ਪੰਜ ਸੱਤ ਬੰਦੇ ਗਏ ਮਿਲਣ,” ਕੇਹਰੂ ਲੰਬੜ ਨੇ ਟੋਕਿਆ।

ਹੁਣ ਅਮਲੀ ਨੇ ਵਾਰ ਕਰ ਦਿੱਤਾ, “ਓਏ ਲੰਬੜਾ, ਹੁਣ ਇਹ ਚਾਰ ਜਮਾਤਾਂ ਪੜ੍ਹਕੇ ਬਣ ਗਿਐ ਕਾਮਰੇਟ। ਇਹਨੂੰ ਉਹ ਦਿਨ ਭੁੱਲ ‘ਗੇ ਜਿੱਦਣ ਇਕ ਹੱਥ ਨਾ’ ਕੱਛੇ ਦਾ ਨਾਲ਼ਾ ਫੜਿਆ ਹੁੰਦਾ ਸੀ ਤੇ ਦੂਏ ਨਾ’ ਨਲ਼ੀ ਪੂੰਝਦਾ ਹੁੰਦਾ ਸੀ, ਹੁਣ ਗਰੇਜੀਆਂ ਬੋਲ ਕੇ ਸਾਡੇ ‘ਤੇ ਰੋਅਬ ਪਾਉਂਦੈ”।

“ਅੱਛਾ ਬਈ, ਹੁਣ ਕੋਈ ਨਾ ਬੋਲਿਉ, ਸਾਖੀ ਪੂਰੀ ਕਰ ਲੈਣ ਦਿਓ” ਕਾਮਰੇਡ ਖ਼ਸਿਆਨਾ ਜਿਹਾ ਹੱਸਿਆ ਤੇ ੳੇੁਹਨੇ ਸਭ ਦੀ ਮਿੰਨਤ ਕੀਤੀ।

“ਲਓ ਜੀ ਰਾਜੇ ਨੇ ਸੋਚਿਆ ਪਈ ਇਹ ਪੰਜ ਸੱਤ ਬੰਦੇ ਜ਼ਰੂਰ ਸ਼ਿਕਾਇਤ ਕਰਨ ਆਏ ਹੋਣਗੇ। ਉਹਨੇ ਸਾਰਿਆਂ ਨੂੰ ਅੰਦਰ ਬੁਲਾ ਲਿਆ ਤੇ ਕਹਿਣ ਲੱਗਾ, “ਹਾਂ ਬਈ ਆਪਣੀ ਸ਼ਿਕਾਇਤ ਦੱਸੋ”

“ਸ਼ਿਕਾਇਤ ਕੋਈ ਨਹੀਂ ਮਹਾਰਾਜ” ਉਹ ਸਾਰੇ ਹੀ ਬੋਲੇ

“ਫਿਰ ਆਉਣ ਦਾ ਕਾਰਨ?” ਰਾਜੇ ਨੇ ਪੁੱਛਿਆ

“ਬਸ ਇਕ ਛੋਟੀ ਜਿਹੀ ਸਲਾਹ ਦੇਣ ਆਏ ਆਂ ਮਹਾਰਾਜ” ਉਹਨਾਂ ਦਾ ਆਗੂ ਬੋਲਿਆ

“ਹਾਂ ਹਾਂ ਦੱਸੋ ਨਿਸ਼ੰਗ ਹੋ ਕੇ”

“ਮਹਾਰਾਜ ਜੀ, ਛਿੱਤਰ ਮਾਰਨ ਵਾਲ਼ੇ ਕਰਮਚਾਰੀਆਂ ਦੀ ਗਿਣਤੀ ਵਧਾ ਦਿਓ ਜੀ, ਲੋਕਾਂ ਨੂੰ ਲੰਮੀਆਂ ਕਤਾਰਾਂ ‘ਚ ਖੜ੍ਹਨਾ ਪੈਂਦੇ ਤੇ ਉਹਨਾਂ ਦਾ ਸਮਾਂ ਬਹੁਤ ਬਰਬਾਦ ਹੋ ਜਾਂਦੈ ਜੀ। ਛਿੱਤਰ ਮਾਰਨ ਵਾਲ਼ੇ ਬੰਦੇ ਜ਼ਿਆਦਾ ਹੋਣਗੇ ਤਾਂ ਲੋਕ ਜਲਦੀ ਛਿੱਤਰ ਖਾ ਕੇ ਆਪਣੇ ਆਪਣੇ ਕੰਮ ਧੰਦਿਆਂ ‘ਤੇ ਜਾ ਸਕਣਗੇ ਮਹਾਰਾਜ, ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਜੀ”।

“ਮੈਂ ਅੱਜ ਹੀ ਹੁਕਮ ਕਰ ਦਿੰਨੈਂ, ਚਿੰਤਾ ਨਾ ਕਰੋ ਤੁਸੀਂ” ਰਾਜੇ ਨੇ ਤਸੱਲੀ ਦਿਤੀ।

ਉਹਨਾਂ ਦੇ ਜਾਣ ਤੋਂ ਬਾਅਦ ਰਾਜਾ ਆਪਣੇ ਪੁੱਤਰ ਨੂੰ ਕਹਿਣ ਲੱਗਾ, “ਪੁੱਤਰਾ ਹੁਣ ਪੰਜਾਹ ਸਾਲ ਤਾਂ ਕੀ ਭਾਵੇਂ ਸੌ ਸਾਲ ਰਾਜ ਕਰੀ ਜਾਵੀਂ। ਹੁਣ ਮੈਂ ਚੈਨ ਨਾਲ਼ ਰੁਖ਼ਸਤ ਹੋ ਸਕਾਂਗਾ”

“ਕਿਉਂ ਆ ਗਈ ਨਾ ਸਮਝ ਲੋਕ ਵੋਟਾਂ ਫੇਰ ਕਿਉਂ ਪਾ ਦਿੰਦੇ ਐ”, ਅਮਲੀ ਨੇ ਉੱਚੀ ਸਾਰੀ ਸਭ ਨੂੰ ਸੁਣਾ ਕੇ ਕਿਹਾ।

ਸਾਰੇ ਹੀ ਕਾਮਰੇਡ ਦੀ ਸਾਖੀ ‘ਤੇ ਅਸ਼ ਅਸ਼ ਕਰ ਉੱਠੇ ਤੇ ਬਾਕੀ ਦੀਆਂ ਖ਼ਬਰਾਂ ਲੌਢੇ ਵੇਲੇ ਸੁਣਨ ਲਈ ਕਹਿ ਕੇ ਆਪਣੇ ਆਪਣੇ ਕੰਮਾਂ ਧੰਦਿਆਂ ‘ਤੇ ਜਾ ਲੱਗੇ।


ਟਿੱਪਣੀ:

ਪੰਜਾਬ ਦੇ ਲੋਕਾਂ ਨੇ ਹੀ ਸ਼ਰਾਬ ਅਤੇ ਪੈਸੇ ਖ਼ਾਤਿਰ ਇਨ੍ਹਾਂ ਅਖੌਤੀ ਅਕਾਲੀਆਂ ਨੂੰ ਵੋਟਾਂ ਪਾਈਆਂ ਸਨ, ਹੁਣ ਭੁਗਤਣਾ ਤਾਂ ਪੈਣਾ ਹੀ ਹੈ। ਬਾਰ ਬਾਰ ਰੌਲ਼ਾ ਪਾਉਣ ਦੇ ਬਾਵਜੂਦ, ਫਿਰ ਬਾਦਲਾਂ ਦੇ ਹੱਥ ਪੰਜਾਬ ਦੀ ਬਾਗਡੋਰ ਫੜਾ ਦਿੱਤੀ, ਹੁਣ ਖਾਓ ਛਿੱਤਰ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top