Share on Facebook

Main News Page

ਪ੍ਰੋਫੈਸਰ ਧ੍ਰੈਨਵਰ ਨੇ ਰੇਲ ਮੰਤਰੀ ਨੂੰ ਲਿਖਿਆ ਖੁਲ੍ਹਾ ਪੱਤਰ

* ਚੰਡੀਗੜ੍ਹ ’ਚ ਪੰਜਾਬੀ ਲਾਗੂ ਕਰਵਾ ਕੇ ਚੋਣਾਂ ਮੌਕੇ ਕੀਤੇ ਵਾਅਦੇ ’ਤੇ ਖ਼ਰਾ ਉਤਰਨ ਦੀ ਕੀਤੀ ਮੰਗ

ਬਠਿੰਡਾ, 16 ਅਪ੍ਰੈਲ (ਕਿਰਪਾਲ ਸਿੰਘ) : ਪੰਜਾਬੀ ਮਾਂ ਬੋਲੀ ਲਈ ਜਿੰਨਾ ਪਿਆਰ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਇਕ (ਗੈਰ ਪੰਜਾਬੀ) ਸਹਾਇਕ ਪ੍ਰੋਫੈਸਰ ਪੰਡਿਤਰਾਓ ਧ੍ਰੈੱਨਵਰ ਦੇ ਮਨ ਵਿੱਚ ਪਲ਼ ਰਿਹਾ ਹੈ ਇਨ੍ਹਾਂ ਸ਼ਾਇਦ ਪੰਜਾਬੀ ਭਾਸ਼ਾ ਦੇ ਨਾਮ ’ਤੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਵਾਲਿਆਂ ਦੇ ਦਿਲਾਂ ਵਿੱਚ ਵੀ ਨਾ ਹੋਵੇ। ਅੱਜ ਹੀ ਪ੍ਰੋ: ਪੰਡਿਤਰਾਓ ਧ੍ਰੈੱਨਵਰ ਨੇ 2009 ’ਚ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤੇ ਮੈਂਬਰ ਅਤੇ ਮੌਜੂਦਾ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਨੂੰ ਇੱਕ ਖੁਲ੍ਹਾ ਪੱਤਰ ਲਿਖਿਆ ਹੈ ਜਿਸ ਦੀ ਇੱਕ ਇੱਕ ਕਾਪੀ ਅਕਾਲ ਤਖ਼ਤ ਦੇ ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਪ੍ਰਸ਼ਾਸਕ ਚੰਡੀਗੜ੍ਹ, ਮੁੱਖ ਮੰਤਰੀ ਪੰਜਾਬ ਅਤੇ ਸਮੂਹ ਪੱਤਰਕਾਰਾਂ ਨੂੰ ਵੀ ਭੇਜੀ ਹੈ।

ਪ੍ਰੋ: ਪੰਡਿਤਰਾਓ ਧ੍ਰੈੱਨਵਰ ਨੇ ਸ਼੍ਰੀ ਬਾਂਸਲ ਨੂੰ ਚੇਤਾ ਕਰਵਾਇਆ ਹੈ ਕਿ ਉਨ੍ਹਾਂ ਨੇ 2009 ਦੀਆਂ ਚੋਣਾਂ ਵਿੱਚ ਚੰਡੀਗੜ੍ਹ ਦੇ ਵੋਟਰਾਂ ਨਾਲ ਜਨਤਕ ਤੌਰ ’ਤੇ ਵਾਅਦਾ ਕੀਤਾ ਸੀ ਕਿ ਪੰਜਾਬੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਦਫ਼ਤਰਾਂ ’ਚ ਸਰਕਾਰੀ ਭਾਸ਼ਾ ਦੇ ਤੌਰ ’ਤੇ ਲਾਗੂ ਕਰਵਾਇਆ ਜਾਵੇਗਾ। ਪਰ ਚਾਰ ਸਾਲ ਬੀਤ ਗਏ ਹਨ ਉਨ੍ਹਾਂ ਨੇ ਪੰਜਾਬੀ ਲਾਗੂ ਕਰਵਾਉਣ ਲਈ ਕੋਈ ਮੁੱਢਲਾ ਕਦਮ ਵੀ ਨਹੀਂ ਪੁੱਟਿਆ। ਪ੍ਰੋ: ਧ੍ਰੈੱਨਵਰ ਨੇ ਸ਼੍ਰੀ ਬਾਂਸਲ ਨੂੰ ਲਿਖੇ ਪਤੱਰ ਵਿੱਚ ਜ਼ਫ਼ਰਨਾਮੇ ਦੇ ਇੱਕ ਸ਼ੇਅਰ ‘ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ ॥ ਨ ਸ਼ਿਕਮੇ ਦਿਗ਼ਰ ਦਰ ਦਹਾਨਿ ਦਿਗਰ ॥55॥’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਸ਼ੇਅਰ ਵਿੱਚ ਲਿਖਦੇ ਹਨ: ‘ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ। (ਇਹੋ ਜਿਹਾ ਨਾ ਹੋਵੇ) ਕਿ ਢਿੱਡ ਵਿਚ ਹੋਰ ਹੋਵੇ ਅਤੇ ਮੂੰਹ ਵਿਚ ਕੁਝ ਹੋਰ।’ ਇਸ ਲਈ ਆਪਣੇ ਵਾਅਦੇ ’ਤੇ ਫੁੱਲ ਚੜ੍ਹਾਉਂਦੇ ਹੋਏ ਗੁਰੂ ਪੀਰਾਂ ਦੀ ਇਸ ਪਵਿੱਤਰ ਪੰਜਾਬੀ ਭਾਸ਼ਾ ਨੂੰ ਇਸ ਸ਼ਹਿਰ ਦੀ ਦਫ਼ਤਰੀ ਭਾਸ਼ਾ ਬਣਾ ਕੇ ਇਸ ਦੀ ਸੁੰਦਰਤਾ ਵਿੱਚ ਹੋਰ ਵਾਧਾ ਕੀਤਾ ਜਾਵੇ।

ਇਸ ਤੋਂ ਪਹਿਲਾਂ ਵੀ ਪ੍ਰੋ: ਧ੍ਰੈੱਨਵਰ ਕਾਫੀ ਸਮੇਂ ਤੋਂ ਪੰਜਾਬੀ ਭਾਸ਼ਾ ਵਿੱਚ ਲਿਖੇ ਤੇ ਗਾਏ ਗੀਤਾਂ ’ਚ ਲੱਚਰਤਾ ਅਤੇ ਨਸ਼ਿਆਂ ਨੂੰ ਉਤਸ਼ਾਹਤ ਕਰ ਰਹੇ ਗਾਇਕਾਂ ਵਿਰੁੱਧ ਲਗਾਤਰ ਅਵਾਜ਼ ਉਠਾਉਂਦੇ ਆ ਰਹੇ ਹਨ। ਇੱਕ ਵਾਰ ਉਨ੍ਹਾਂ ਵਿਰੁੱਧ ਆਵਾਜ਼ ਹੋਰ ਬੁਲੰਦ ਕਰਨ ਲਈ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਸਥਾਨ ’ਤੇ ਪਹੁੰਚ ਕੇ ਅਰਦਾਸ ਕਰਕੇ ਇੱਕ ਦਿਨ ਲਈ ਭੁੱਖ ਹੜਤਾਲ ’ਤੇ ਵੀ ਬੈਠੇ ਸਨ। ਇਸ ਤੋਂ ਇਲਾਵਾ ਆਪਣੇ ਵਾਧੂ ਸਮੇਂ ਵਿੱਚ ਉਹ ਆਪਣਾ ਸਾਈਕਲ ਚੁਕਦੇ ਹਨ ਤੇ ਝੁੱਗੀ ਝੋਪੜੀਆਂ ਵਿੱਚ ਪਹੁੰਚ ਕੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਸ਼ੁਰੂ ਕਰਦੇ ਹਨ। ਪਿਛਲੇ 10 ਕੁ ਸਾਲ ਤੋਂ ਰੁਜ਼ਗਾਰ ਦੀ ਭਾਲ ਵਿੱਚ ਕਰਨਾਟਕਾ ਤੋਂ ਚੰਡੀਗੜ੍ਹ ਪਹੁੰਚੇ ਕੰਨੜ ਮੂਲ ਦੇ ਪ੍ਰੋ: ਧ੍ਰੈੱਨਵਰ ਨੇ ਪੰਜਾਬੀ ਸਿੱਖ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਹੈ ਜਿਸ ਤੋਂ ਉਹ ਇੰਨੇ ਪ੍ਰਭਾਵਤ ਹੋਏ ਹਨ ਕਿ ਜਦੋਂ ਵੀ ਉਹ ਪੰਜਾਬੀ ਵਿੱਚ ਲਿਖੇ ਕਿਸੇ ਗਾਣੇ ਦੀ ਅਸ਼ਲੀਲਤਾ ਤੇ ਨਸ਼ਿਆਂ ਦੀ ਪ੍ਰੇਰਣਾ ਵੇਖਦੇ ਹਨ ਤਾਂ ਉਨ੍ਹਾਂ ਦਾ ਮਨ ਤੜਫ਼ ਉਠਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਜੀ ਨੇ ਗੁਰਮੁਖੀ ਅੱਖ਼ਰ ’ਤੇ ਪੰਜਾਬੀ ਭਾਸ਼ਾ ਗੁਰਬਾਣੀ ਲਿਖਣ ਲਈ ਬਣਾਈ ਸੀ ਪਰ ਇਸ ਭਾਸ਼ਾ ਵਿੱਚ ਅਸ਼ਲੀਲ ਤੇ ਨਸ਼ਿਆਂ ਨੂੰ ਉਤਸ਼ਾਹਤ ਕੀਤੇ ਜਾਣ ਵਾਲੇ ਗਾਣੇ ਗਾ ਕੇ ਇਸ ਪਵਿਤਰ ਬੋਲੀ ਦਾ ਅਨਾਦਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਹਿਣਯੋਗ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top