Share on Facebook

Main News Page

ਸਾਰੇ ਸੱਚ ਵਿਚੋਂ - ਫ਼ਿਲਮ "ਸਾਡਾ ਹੱਕ"
- ਅਜੀਤ ਰਾਹੀ, ਆਸਟ੍ਰੇਲੀਆ
+61 69640666

ਗ੍ਰਿਫ਼ਿਥ ਆਸਟ੍ਰੇਲੀਆ ਵਿਚ ਪੰਜਾਬੀਆਂ ਦੀ ਵਸੋਂ ਵਾਲ਼ਾ, ਆਕਾਰੋਂ ਭਾਵੇਂ ਛੋਟਾ ਪਰ ਗੁਣਾਂ ਕਰਕੇ ਸਾਰੇ ਆਸਟ੍ਰੇਲੀਆ ਵਿਚ ਮਸ਼ਹੂਰ ਸ਼ਹਿਰ ਹੈ। ਇਸ ਸ਼ਹਿਰ ਦੀ ਵੱਖਰੀ ਪਛਾਣ ਪਹਿਲਾਂ ਫ਼ਾਰਮਾਂ ਵਿਚ ਅਮੁੱਕ ਕੰਮ ਕਰਕੇ ਸੀ। ਹੁਣ ਪਿਛਲੇ ਸਤਾਰਾਂ ਸਾਲਾਂ ਤੋਂ ਏਥੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਖੇਡ ਮੇਲਾ ਹੁੰਦਾ ਆ ਰਿਹਾ ਹੈ। ਇਸ ਮੇਲੇ ਵਿਚ ਆਸਟ੍ਰੇਲੀਆ ਭਰ ਦੇ ਸਭ ਸ਼ਹਿਰਾਂ ਤੋਂ ਖੇਡ ਪ੍ਰੇਮੀ ਅਤੇ ਖਿਡਾਰੀ ਹਜ਼ਰਾਂ ਮੀਲਾਂ ਦਾ ਸਫ਼ਰ ਕਰਕੇ ਆ ਕੇ, ਇਸ ਮੇਲੇ ਦੀ ਰੌਣਕ ਵਧਾਉਂਦੇ ਹਨ।

ਜਦੋਂ ਮੈਂ 1979 ਵਿਚ ਏਥੇ ਆਇਆ ਸੀ, ਉਸ ਵੇਲੇ ਏਥੇ ਗਿਣਤੀ ਦੇ ਹੀ ਚਾਰ ਪੰਜ ਪੰਜਾਬੀ ਪਰਵਾਰ ਰਹਿੰਦੇ ਸਨ। ਫਿਰ ਜਦੋਂ ਪੰਜਾਬ ਵਿਚ ਸਰਕਾਰੀ ਅੱਤਵਾਦ ਦੀ ਭੱਠੀ ਨੇ ਹਜ਼ਾਰਾਂ ਘਰ ਸਵਾਹ ਤੇ ਲੱਖਾਂ ਨੌਜਵਾਨ ਸਿਵਿਆਂ ਦੀ ਰਾਖ ਬਣਾ ਦਿਤੇ ਤਾਂ ਬਚਦੇ ਖੁਚਦੇ ਕੁਝ ਨੌਜਵਾਨ, ਸਹਿਕਦੇ ਸਾਹਾਂ ਨਾਲ਼, ਗ਼ਲਤ ਮਲਤ ਨਾਵਾਂ ਨਾਲ਼ ਬਿਦੇਸ਼ਾਂ ਵਿਚ, ਆਸਟ੍ਰੇਲੀਆ ਸਮੇਤ ਸਿਆਸੀ ਪਨਾਹਗੀਰ ਬਣ ਕੇ ਆ ਗਏ। ਇਹਨਾਂ ਵਿਚੋਂ ਕਈ ਤਾਂ ਪੰਜਾਬ ਵਿਚਲੇ ਪੁਲਸੀ ਰੀਕਾਰਡ ਅਨੁਸਾਰ, ਪੁਲਸ ਮੁਕਾਬਲੇ ਵਿਚ ਮਾਰੇ ਗਏ ਵੀ ਲਿਖ ਦਿਤੇ ਗਏ ਸਨ।

ਏਥੇ ਦੇ ਖੇਤਾਂ ਵਿਚ ਕਾਮਿਆਂ ਦੀ ਮੰਗ ਕਰਕੇ ਨੌਜਵਾਨਾਂ ਲਈ ਗ੍ਰਿਫ਼ਿਥ, ਪੰਜਾਬ ਵਿਚਲੇ ਸਰਕਾਰੀ ਜ਼ੁਲਮ ਦੀਆਂ ਕਾਲ਼ੀਆਂ ਅਤੇ ਡਰਾਉਣੀਆਂ ਰਾਤਾਂ ਮਗਰੋਂ, ਇਕ ਆਸ ਦੀ ਕਿਰਨ ਬਣ ਕੇ ਸਹਾਰਾ ਬਣ ਗਿਆ। ਦਿਨ ਭਰ ਦੀ ਹੱਡ ਭੰਨਵੀ ਮੇਹਨਤ ਕਰਨ ਤੋਂ ਮਗਰੋਂ ਜਦੋਂ ਕਦੀ ਇਹ ਨੌਜਵਾਨ ਮੈਨੂੰ ਮਿਲ਼ਦੇ ਤਾਂ ਮੇਰੇ ਹਮਦਰਦੀ ਦੇ ਅਤੇ ਅਪਣੱਤ ਭਰੇ ਦੋ ਬੋਲ ਸੁਣਦੇ ਹੀ ਪਿਘਲ਼ ਜਾਂਦੇ ਅਤੇ ਹੌਕਿਆਂ ਦੀਆਂ ਫੂਕਾਂ ਨਾਲ਼ ਸੁਪਨਿਆਂ ਦੀ ਸਵਾਹ ਫਰੋਲਣ ਲੱਗ ਪੈਂਦੇ; ਇਸ ਲਈ ਗ੍ਰਿਫ਼ਿਥ ਛੋਟਾ ਪਰ ਪੰਜਾਬ ਵਿਚਲੇ ਸਰਕਾਰੀ ਅੱਤਵਾਦ ਦੇ ਜ਼ਖ਼ਮੀ ਕੀਤੇ ਹੋਇਆਂ ਦਾ ਵੱਡਾ ਸ਼ਹਿਰ ਬਣ ਗਿਆ।

11 - 12 ਅਪ੍ਰੈਲ ਨੂੰ ਦੋ ਦਿਨ ਇਸ ਸ਼ਹਿਰ ਵਿਚਲੇ ਸਿਨਮੇ ਵਿਚ ‘ਸਾਡਾ ਹੱਕ’ ਫਿਲਮ ਵਿਖਾਈ ਗਈ ਸੀ। ਦੋਵੇਂ ਦਿਨ ਹਾਲ ਭਰਿਆ ਹੋਇਆ ਸੀ। ਮੈਂ 12 ਅਪ੍ਰੈਲ ਨੂੰ ਆਪਣੇ ਪਰਵਾਰ ਸਮੇਤ ਇਸ ਨੂੰ ਵੇਖਣ ਲਈ ਗਿਆ ਸੀ। ਫਿਲਮ ਦੇ ਕਈ ਦ੍ਰਿਸ਼ਾਂ ‘ਤੇ, “ਬੋਲੇ ਸੋ ਨਿਹਾਲ -- ਸਤਿ ਸ੍ਰੀ ਅਕਾਲ” ਦੇ ਜੈਕਾਰੇ ਗੂੰਜਦੇ ਰਹੇ।

ਫ਼ਿਲਮ ਵੇਖਣ ਮਗਰੋਂ ਮੇਰਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਾ ਸੀ:-

ਫ਼ਿਲਮ ਦੀ ਵਿਧੀ, ਨਵੰਬਰ 1984 ਦੇ ਦਿੱਲੀ ਵਿਚਲੇ ਸਿੱਖ ਕਤਲਿਆਮ ਉਪਰ ਬਣੀ ਫਿਲਮ ‘ਅਮੂ’ ਨਾਲ਼ ਮਿਲਦੀ ਜੁਲਦੀ ਹੈ। ਉਸ ਵਿਚ ਕਾਂਗਰਸੀ ਗੁੰਡਿਆਂ ਦੀ ਧਾੜ ਸਿੱਖਾਂ ਨੂੰ ਜਿਉਂਦੇ ਸਾੜਨ ਵਾਲ਼ੇ ਘਿਨਾਉਣੇ ਦ੍ਰਿਸ਼ ਅਤੇ ਸਿੱਖ ਔਰਤਾਂ ਨਾਲ਼ ਬਲਾਤਕਾਰ ਹੁੰਦੇ ਦਿਖਾਏ ਗਏ ਹਨ ਪਰ ਜੋ ਮਨੁਖਤਾ ਨੂੰ ਸ਼ਰਮਸਾਰ ਕਰਨ ਵਾਲ਼ੇ ਕਾਂਗਰਸੀ ਗੁੰਡਿਆਂ ਨੇ ਕਾਰੇ ਕੀਤੇ ਸੀ ਉਹ ਫ਼ਿਲਮ ਉਸ ਦੀ ਕੇਵਲ ਝਲਕ ਮਾਤਰ ਈ ਹੈ।

‘ਸਾਡਾ ਹੱਕ’ ਉਸ ਨਾਲ਼ੋਂ ਵਧ ਹਿੰਮਤ, ਦਲੇਰੀ ਅਤੇ ਸਿੱਖੀ ਗੌਰਵ ਬਾਰੇ ਚਾਨਣਾ ਪਾਉਣ ਵਾਲ਼ੀ ਫ਼ਿਲਮ ਹੈ। ਇਹ ਚਾਨਣਾ ਨਵੀਂ ਪੀਹੜੀ ਲਈ ਇਤਿਹਾਸਕ ਚਾਨਣ ਮੁਨਾਰੇ ਦਾ ਕੰਮ ਕਰੇਗਾ ਪਰ ਇਹ ਸਚਾਈ ਅਤੇ ਚਾਨਣ ਪੰਜਾਬੀਆਂ ਦੇ ਕਾਲ਼ੇ ਦਿਨਾਂ ਦੀ ਸਿਰਫ਼ ਇਕ ਝਲਕ ਮਾਤਰ ਹੀ ਹੈ। ਇਸ ਵਿਚ ਦਰਸਾਏ ਗਏ ਦ੍ਰਿਸ਼ਾਂ ਤੋਂ ਕਿਤੇ ਵਧ ਪੰਜਾਬ ਦੀ ਜਵਾਨੀ ਅਤੇ ਅਣਖ ਦਾ ਘਾਣ ਹੋਇਆ ਸੀ।

ਪਤਾ ਲੱਗਾ ਹੈ ਕਿ ਸੈਂਸਰ ਨੇ ਇਸ ਵਿਚੋਂ ਕੁਝ ਸੀਨ ਕੱਟ ਦਿਤੇ ਹਨ। ਹੋ ਸਕਦਾ ਹੈ ਕਿ ਉਹ ਸੀਨ ਹੋਰ ਵੀ ਵਧ ਚਾਨਣ ਪਾਉਣ ਵਾਲ਼ੇ ਹੋਣ! ਪਰ ਸੈਂਸਰ ਨੇ ਏਨੀ ਵੀ ਪਾਸ ਕਰ ਦਿਤੀ, ਇਹ ਵੀ ਸੈਂਸਰ ਬੋਰਡ ਦੀ ਨਿਆਇਕ ਈਮਾਨਦਾਰੀ ਦੀ ਸੂਚਕ ਹੈ।

ਸ਼੍ਰੋਮਣੀ ਕਮੇਟੀ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿਤੀ ਸੀ ਪਰ ਪੰਜਾਬ ਸਰਕਾਰ ਨੇ .....।

ਫ਼ਿਲਮ ਵਿਚਲੇ ਪਾਤਰਾਂ ਦੇ ਨਾਂ ਭਾਵੇਂ ਕਲਪਤ ਹਨ ਪਰ ਮੇਰੇ ਵਰਗਿਆਂ ਲਈ ਇਹ ਬਦਲੇ ਹੋਏ ਨਾਵਾਂ ਵਾਲ਼ੇ, ਅਸਲੀ ਨਾਵਾਂ ਅਤੇ ਸੂਰਤਾਂ ਸਮੇਤ ਜਾਣੇ ਪਛਾਣੇ ਹਨ। ਇਸ ਫ਼ਿਲਮ ਵਿਚ ਦ੍ਰਿਸ਼ਟਾਉਣ ਤੋਂ ਬਹੁਤ ਕੁਝ ਬਾਹਰ ਰਹਿ ਗਿਆ ਹੈ ਜੋ ਵੇਖਿਆ ਅਤੇ ਬਿਆਨਿਆ ਨਹੀਂ ਸੀ ਜਾ ਸਕਦਾ।

ਬੰਗਾਲ ਵਿਚਲੀ ਨਕਸਲਬਾੜੀ ਲਹਿਰ ਨੂੰ ਅਣਮਨੁਖੀ ਅਤਿਆਚਾਰਾਂ ਨਾਲ਼ ਖ਼ਤਮ ਕਰਨ ਦਾ ਯਤਨ ਕਰਨ ਵਾਲ਼ੇ, ਪਰਖੇ ਹੋਏ ਦੋ ਬੁੱਚੜ (ਰੇ ਤੇ ਰਬੀਰੋ), ਗਵਰਨਰ ਸਿਧਾਂਤ ਸ਼ੰਕਰ ਰੇ ਅਤੇ ਡੀ.ਜੀ.ਪੀ. ਰਬੀਰੋ, ਪੰਜਾਬ ਲੈ ਆਂਦੇ ਗਏ। ਰਬੀਰੋ ਨੇ ਆਉਂਦੇ ਸਾਰ ਹੀ ਫੜ੍ਹ ਮਾਰੀ ਸੀ, ‘ਗੋਲ਼ੀ ਦਾ ਜਵਾਬ ਗੋਲ਼ੀ’ (ਬੁਲਲੲਟ ਡੋਰ ਬੁਲਲੲਟ) ਪਰ ਜਦੋਂ ਸਿੰਘਾਂ ਨੇ ਪੀ.ਏ.ਪੀ. ਜਲੰਧਰ ਵਿਚ ਉਸ ਦੀ ਦੌੜ ਲਵਾਈ ਅਤੇ ਮਗਰੋਂ ਰੋਮਾਨੀਆਂ ਵਿਚ ਵੀ ਉਸ ਉਪਰ ਹਮਲਾ ਕਰ ਦਿਤਾ, ਜਿਸ ਵਿਚ ਉਹ ਜ਼ਖ਼ਮੀ ਹੋ ਕੇ ਅਪਾਹਜ ਹੋ ਗਿਆ ਸੀ, ਤਾਂ ਕਹਿਣ ਲੱਗ ਪਿਆ ਸੀ ਕਿ ਪੰਜਾਬ ਸਮੱਸਿਆ ਸਿਆਸੀ ਹੈ, ਅਮਨ ਕਾਨੂੰਨ ਦੀ ਨਹੀਂ।

ਮਗਰੋਂ ਇਜ਼ਹਾਰ ਆਲਮ ਦੀ ਆਲਮ ਸੈਨਾ, ਗੋਬਿੰਦ ਰਾਮ ਦਾ ਟੱਟੀ ਅਤੇ ਪਿਸ਼ਾਬ ਘੋਲ਼ ਕੇ, ਜਿਸ ਬਾਰੇ ਉਹ ਕਿਹਾ ਕਰਦਾ ਸੀ, “ਇਹ ਗੋਬਿੰਦ ਰਾਮ ਦਾ ‘ਅੰਮ੍ਰਿਤ’ ਹੈ; ਇਸ ਨੂੰ ਪੀ ਕੇ ਗੋਬਿੰਦ ਸਿੰਘ ਦੇ ਅੰਮ੍ਰਿਤ ਨੂੰ ਭੁੱਲ ਜਾਓਗੇ।“ ਮਗਰੋਂ ਉਸ ਦੁਸ਼ਟ ਦੇ ਜਲੰਧਰ ਪੀ.ਏ.ਪੀ. ਅੰਦਰ, ਉਸ ਦੇ ਦਫ਼ਤਰ ਵਿਚ ਹੀ ਉਸ ਦੇ ਚੀਥੜੇ ਉਡਾ ਦਿਤੇ ਗਏ।

ਬਿਅੰਤ ਸੂੰਹ ਦੀ 10% ਵੋਟਾਂ ਨਾਲ਼ ਬਣੀ ਸਰਕਾਰ ਨੇ 90% ਪੰਜਾਬੀਆਂ ਦਾ, ਕੇ.ਪੀ.ਐਸ. ਗਿੱਲ ਨਾਲ਼ ਰਲ਼ ਕੇ ਉਹ ਘਾਣ ਕੀਤਾ ਜਿਸ ਨੂੰ ਇਤਿਹਾਸ ਕਦੀ ਵੀ ਨਹੀਂ ਭੁਲਾ ਸਕੇਗਾ। ਇਸ ਕਰਕੇ ਹੀ ਬਿਅੰਤ ਸੂੰਹ ਫੀਤਾ ਫੀਤਾ ਕਰਕੇ ਉਡਾ ਦਿਤਾ ਗਿਆ ਸੀ।

ਅਜੀਤ ਸਿੰਘ ਸੰਧੂ ਸਿੰਘਾਂ ਨੂੰ ਦੋ ਜੀਪਾਂ ਵਿਚਕਾਰ ਲੱਤਾਂ ਬੰਨ੍ਹ ਕੇ ਵਿਚਕਾਰੋਂ ਪਾੜ ਦਿੰਦਾ ਸੀ। ਉਸ ਨੇ ਹੀ ਜਸਵੰਤ ਸਿੰਘ ਖਾਲੜਾ ਨੂੰ ਅਣਮਨੁਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਫਿਲਮ ਵਿਚ ਉਸ ਨੂੰ ਰੰਧਾਵਾ ਦੇ ਨਾਂ ਹੇਠ ਪੇਸ਼ ਕੀਤਾ ਗਿਆ ਹੈ।

ਸਵਰਨਾ ਘੋਟਣਾ ਠਾਣੇਦਾਰ ਤੋਂ ਐਸ.ਐਸ.ਪੀ. ਝੂਠੇ ਮੁਕਾਬਲੇ ਬਣਾਉਣ ਕਰਕੇ ਹੀ ਬਣਿਆਂ ਸੀ।

ਅਤਿਆਚਾਰਾਂ ਅਤੇ ਜ਼ੁਲਮਾਂ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਮੈਂ ਤਾਂ ਏਥੇ ਇਹਨਾਂ ਦਾ ਸਿਰਫ ਇਸ਼ਾਰੇ ਮਾਤਰ ਹੀ ਜ਼ਿਕਰ ਕੀਤਾ ਹੈ ਤਾਂ ਕਿ ਨਵੀਂ ਪੀਹੜੀ ਆਪਣੇ ਇਤਿਹਾਸ ਦੀ ਖੋਜ ਵੱਲ ਤੁਰਨ ਦਾ ਉਪ੍ਰਾਲਾ ਕਰੇ।

ਇਸ ਫ਼ਿਲਮ ਵਿਚ ਜੋ ਜ਼ੁਲਮ ਦਿਖਾਇਆ ਗਿਆ ਹੈ ਉਹ ਤਾਂ ਕੇਵਲ ਇਸ਼ਾਰੇ ਮਾਤਰ ਹੀ ਹੈ। ਸਰਕਾਰ ਏਨੇ ਨੂੰ ਹੀ ਨਹੀਂ ਸਹਾਰ ਸਕੀ, ਜੇਕਰ ਪੂਰੀ ਅਸਲੀਅਤ ਦਿਖਾਈ ਜਾਂਦੀ ਤਾਂ .....।

ਇਸ ਫ਼ਿਲਮ ਦੇ ਦ੍ਰਿਸ਼ਾਂ, ਵਿਚਾਰਾਂ ਅਤੇ ਡਾਇਲਾਗਾਂ ਦੀ ਜਿੰਨੀ ਵੀ ਉਪਮਾ ਕੀਤੀ ਜਾਵੇ, ਥੋਹੜੀ ਹੈ।

ਮੈਂ ਫ਼ਿਲਮ ਦੇ ਨਿਰਮਾਤਾਵਾਂ ਨੂੰ ਇਸ ਦੀ ਵਧਾਈ ਦਿੰਦਾ ਹੋਇਆ ਕਹਿਣਾ ਚਾਹੁੰਦਾ ਹਾਂ ਕਿ ਐ ਨੌਜਵਾਨੋ, ਇਹ ਆਰੰਭ ਹੈ; ਅੰਤ ਨਹੀਂ। ਤੁਹਾਡੀ ਚੜ੍ਹਦੀਕਲਾ ਲਈ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ਼ ਹਨ।

ਅੰਤ ਵਿਚ ਉਸਤਾਦ ਦਾਮਨ ਦੀ ਇਕ ਕਵਿਤਾ ਦੀਆਂ ਦੋ ਸਤਰਾਂ ਨਾਲ਼ ਇਸ ਕਥਨ ਨੂੰ ਬੰਦ ਕਰਦਾ ਹਾਂ:

ਬੰਦਾ ਕਰੇ ਤਾਂ ਕੀਹ ਨਹੀਂ ਕਰ ਸਕਦਾ
ਮੰਨਿਆਂ ਵਕਤ ਵੀ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਤੁਸੀਂ ਤੁਰ ਪਏ ਹੋ; ਹੁਣ ਰੁਕਿਉ ਨਾ। ਸਿਆਲਾਂ ਦਾ ਝੰਗ ਤੁਹਾਡੀ ਉਡੀਕ ਕਰ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top