Share on Facebook

Main News Page

ਕੈਨੇਡਾ 'ਚ ਸਿੱਖਾਂ ਦੀ ਅਹਿਮੀਅਤ ਦਾ ਪ੍ਰਤੀਕ ਬਣਿਆ ਵਿਸਾਖੀ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ

ਸਰੀ, 21 ਅਪ੍ਰੈਲ: ਵਿਸਾਖੀ ਮੌਕੇ ਸਰੀ ਵਿਖੇ ਸਜਾਇਆ ਜਾਂਦਾ ਨਗਰ ਕੀਰਤਨ ਕੈਨੇਡਾ ਵਿਚ ਸਿੱਖਾਂ ਦੀ ਅਹਿਮੀਅਤ ਦਾ ਪ੍ਰਤੀਕ ਬਣ ਗਿਆ ਹੈ। ਇਸ ਵਾਰ ਨਗਰ ਕੀਰਤਨ ਵਿਚ ਡੇਢ ਲੱਖ ਤੋਂ ਵੱਧ ਸਿੱਖਾਂ ਨੇ ਸ਼ਮੂਲੀਅਤ ਕੀਤੀ ਅਤੇ ਮਈ 'ਚ ਹੋਣ ਵਾਲੀਆਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਅਤੇ ਵਿਰੋਧੀ ਧਿਰ ਦੇ ਆਗੂ ਥਾਮਸ ਮਲਕੇਅਰ ਸਣੇ ਹਰ ਛੋਟੇ-ਵੱਡੇ ਸਿਆਸਤਦਾਨ ਨੇ ਇਸ ਵਿਚ ਸ਼ਿਰਕਤ ਕਰ ਕੇ ਸਿੱਖਾਂ ਨੂੰ ਵਧਾਈਆਂ ਦਿਤੀਆਂ।

ਦਿਲਚਸਪ ਗੱਲ ਇਹ ਹੈ ਕਿ ਕੈਨੇਡਾ 'ਚ ਵਸਦੇ ਪੰਜਾਬੀਆਂ ਦੀ ਦੂਜੀ ਅਤੇ ਤੀਜੀ ਪੀੜ੍ਹੀ ਨੇ ਵੀ ਵੱਧ-ਚੜ੍ਹ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। 19 ਸਾਲ ਦੀ ਸ਼ੈਰਨ ਬੈਂਸ ਨੇ ਕਿਹਾ, ''ਮੈਂ ਸਮਝਦੀ ਹਾਂ ਕਿ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਨਾਲੋਂ ਅਸੀਂ ਧਾਰਮਕ ਸਮਾਗਮਾਂ ਵਿਚ ਵਧੇਰੇ ਯੋਗਦਾਨ ਪਾਉਣ ਲੱਗ ਪਏ ਹਾਂ। ਸਾਡੇ ਮਾਪਿਆਂ ਨੇ ਹਮੇਸ਼ਾ ਸਾਨੂੰ ਸਿੱਖ ਧਰਮ ਬਾਰੇ ਸਿਖਿਆ ਦਿਤੀ ਅਤੇ ਮੈਂ ਨਹੀਂ ਸਮਝਦੀ ਕਿ ਅਸੀਂ ਕਦੇ ਵੀ ਅਪਣੇ ਧਰਮ ਤੋਂ ਦੂਰ ਹੋ ਸਕਾਂਗੇ।'' ਡੈਲਟਾ ਦੇ ਵਸਨੀਕ ਹਰਮਨ ਔਜਲਾ ਨੇ ਕਿਹਾ ਕਿ ਉਹ ਅਪਣੀ 9 ਸਾਲ ਦੀ ਬੱਚੀ ਨੂੰ ਸਿੱਖੀ ਦੀ ਆਨ-ਬਾਨ ਦਿਖਾਉਣ ਲਈ ਹੀ ਨਗਰ ਕੀਰਤਨ ਵਿਚ ਲੈ ਕੇ ਆਇਆ ਹੈ। ਉਨ੍ਹਾਂ ਕਿਹਾ, ''ਮੈਂ ਚਾਹੁੰਦਾ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਪਣੇ ਧਰਮ ਬਾਰੇ ਸੱਭ ਕੁੱਝ ਜਾਣਦੀਆਂ ਹੋਣ। ਅਸੀਂ ਅਪਣੀਆਂ ਜੜਾਂ ਤੋਂ ਟੁੱਟ ਕੇ ਕਦੇ ਵੀ ਸੁਖੀ ਨਹੀਂ ਵਸ ਸਕਦੇ।''

ਨਗਰ ਕੀਰਤਨ ਦੇ ਪ੍ਰਬੰਧਕਾਂ ਵਿਚੋਂ ਇਕ ਮੋਨਿੰਦਰ ਸਿੰਘ ਨੇ ਕਿਹਾ, ''ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਦਾ ਇਥੇ ਪੁਜਣਾ ਦਰਸਾਉਂਦਾ ਹੈ ਕਿ ਉਹ ਅਪਣੇ ਧਰਮ ਵਿਚ ਅਥਾਹ ਵਿਸ਼ਵਾਸ ਰਖਦੇ ਹਨ। ਨਗਰ ਕੀਰਤਨ ਦਾ ਜ਼ਿਆਦਾਤਰ ਕੰਮ-ਕਾਜ ਨੌਜਵਾਨਾਂ ਦੇ ਹੱਥਾਂ ਵਿਚ ਦਿਤਾ ਗਿਆ ਤਾਂ ਜੋ ਉਹ ਅਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਸਕਣ।''


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top