ਬਠਿੰਡਾ, ੨੫ ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਲਹਿਰਾਖਾਨਾ 'ਚ
ਜਾਤੀ ਵਿਤਕਰੇ ਵਿਰੁੱਧ ਸੰਘਰਸ਼ ਕਰ ਰਹੇ ਪਿੰਡ ਦੇ ਪੰਚ ਸ: ਮਨਜੀਤ ਸਿੰਘ ਨੇ ਦੱਸਿਆ ਕਿ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੀਏ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ
ਗਿਆ ਹੈ ਕਿ ਗੁਰਦੁਆਰੇ 'ਚ ਜਾਤੀ ਵਿਤਕਰਾ ਕਰਨ ਵਾਲੀ ਕਮੇਟੀ ਨੂੰ ਸਪਸ਼ਟੀਕਰਣ ਦੇਣ ਲਈ ਮਿਤੀ
੨੭ ਅਪ੍ਰੈਲ ਨੂੰ ਸਵੇਰੇ ੧੦ ਵਜੇ ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਵਿਖੇ ਬੁਲਾਇਆ ਗਿਆ ਹੈ।
ਪੀ.ਏ. ਅਨੁਸਾਰ ਦੋਵਾਂ ਧਿਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ
ਹੈ। ਉਨ੍ਹਾਂ ਦੱਸਿਆ ਕਿ ਜੇ ਕਿਸੇ ਕਾਰਣ ਡਾਕ ਰਾਹੀਂ ਪੱਤਰ ਨਾ ਵੀ ਮਿਲਿਆ ਤਾਂ ਵੀ ਉਹ
ਆਪਣਾ ਪੱਖ ਰੱਖਣ ਲਈ ਸਮੇਂ ਸਿਰ ਪਹੁੰਚ ਜਾਣ। ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ
ਸੁਰਜੀਤ ਸਿੰਘ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤੇ ਉਨ੍ਹਾਂ ਦੱਸਿਆ ਕਿ ਆਪਣਾ ਪੱਖ
ਪੇਸ਼ ਕਰਣ ਲਈ ਸਮੁੱਚੀ ਕਮੇਟੀ ਅਕਾਲ ਤਖ਼ਤ ਸਾਹਿਬ 'ਤੇ ਸਮੇਂ ਸਿਰ ਪੇਸ਼ ਹੋਵੇਗੀ।