Share on Facebook

Main News Page

`ਖਰੜਾ` ਸ਼ਬਦ ਦੇ ਅਰਥ ਜਾਨਣ ਤੋਂ ਬਿਨਾਂ ਹੀ ਸਿੱਖਾਂ ਲਈ ਮਹਾਨ ਦਸਤਾਵੇਜ਼ ਸਿੱਖ ਰਹਿਤ ਮਰਿਆਦਾ ਨੂੰ `ਖਰੜਾ` ਕਹਿ ਕੇ ਭੰਡਿਆ ਜਾ ਰਿਹਾ ਹੈ
- ਗਿਆਨੀ ਹਰਿਭਜਨ ਸਿੰਘ

* ਇਸ ਦੁਨੀਆਂ ਵਿੱਚ ਅਖੌਤੀ ਬਹੁਤ ਹਨ ਜਦੋਂ ਕਿ ਅਸਲ ਬਹੁਤ ਘੱਟ ਹਨ

ਬਠਿੰਡਾ, 26 ਅਪ੍ਰੈਲ (ਕਿਰਪਾਲ ਸਿੰਘ): ਜੇ ਹੋਰਨਾਂ ਧਰਮਾਂ ਦੀ ਗੱਲ ਨਾ ਵੀ ਕਰੀਏ ਤੇ ਕੇਵਲ ਆਪਣੇ ਸਿੱਖ  ਧਰਮ ਵਿੱਚ ਹੀ ਨਿਗ੍ਹਾ ਮਾਰੀਏ ਤਾਂ ਇਸ ਦੁਨੀਆਂ ਵਿੱਚ ਅਖੌਤੀ ਬਹੁਤ ਹਨ ਜਿਵੇਂ ਕਿ ਅਖੌਤੀ ਸਿੱਖ, ਅਖੌਤੀ ਸੰਤ, ਅਖੌਤੀ ਅਕਾਲੀ ਆਦਿ; ਜਦੋਂ ਕਿ ਅਸਲੀ ਸਿੱਖ, ਅਸਲੀ ਸੰਤ, ਅਸਲੀ ਅਕਾਲੀ ਬਹੁਤ ਹੀ ਘੱਟ ਹਨ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਬਠਿੰਡਾ ਸਰਕਲ ਵਲੋਂ ਇੱਥੇ ਕਰਵਾਏ ਜਾ ਰਹੇ ਸਲਾਨਾ ਪ੍ਰੋਗਰਾਮ ਦੌਰਾਨ ਭਾਈ ਜੀਤ ਸਿੰਘ ਦੇ ਘਰ ਅੱਜ ਸਵੇਰ ਦੇ ਦੀਵਾਨ ਵਿੱਚ ਵਾਈਸ ਪ੍ਰਿੰਸੀਪਲ ਗਿਆਨੀ ਹਰਿਭਜਨ ਸਿੰਘ ਨੇ ਕਹੇ। ਉਨ੍ਹਾਂ ਕਿਹਾ ਅਸਲੀ ਸਿੱਖ ਉਹ ਹੈ ਜੋ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ:
`ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥`  (ਸੋਰਠਿ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 601)
ਗੁਰੂ ਦਾ ਭਾਣਾ ਹੈ- 
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥'  {ਗਉੜੀ ਕੀ ਵਾਰ:1 (ਮ: 4) ਗੁਰੂ ਗ੍ਰੰਥ ਸਾਹਿਬ -ਪੰਨਾ 306} 

 

ਪਰ ਇੱਥੇ ਗੁਰਬਾਣੀ ਪੜ੍ਹਨ ਗਾਉਣ ਅਤੇ ਹਰਿ ਨਾਮੁ ਧਿਆਉਣ ਦੀ ਥਾਂ ਲੱਚਰ ਗੀਤ ਗਾਉਣ ਤੇ ਸੁਣਨ ਵਾਲੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ। ਇੱਥੋਂ ਤੱਕ ਕਿ ਲੱਚਰ ਗਾਇਕੀ ਗਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਹੱਤਵਪੂਰਨ ਅਹੁੱਦੇਦਾਰ ਵੀ ਹਨ। 

 

ਗੁਰੂ ਦਾ ਉਪਦੇਸ਼ ਹੈ ਜਿਹੜਾ ਮਨੁੱਖ ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ)  ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ:- ` ਹਰਿ ਹਰਿ ਹਰਿ ਹਰਿ ਮਨਿ ਆਰਾਧੇ, ਰਸਨਾ ਹਰਿ ਜਸੁ ਗਾਵੈ ॥ ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ, ਬਾਸੁਦੇਵ ਰੰਗੁ ਲਾਵੈ ॥1॥ ' (ਸਾਰੰਗ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 1218)  

 

ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦੀ ਪਹਿਲੀ ਹੀ ਤੁਕ ਹੈ: 
`ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ` - ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ` ਤੀਰਥ ਨਾਇ ਨ ਉਤਰਸਿ ਮੈਲੁ ॥ `  (ਰਾਮਕਲੀ ਮ: 5 ਗੁਰੂ ਗ੍ਰੰਥ ਸਾਹਿਬ - ਪੰਨਾ 890)। - (ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ।

 

ਗੁਰਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਮਨਾਹੀ ਹੈ:- 
`ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥ ` (ਸੋਰਠਿ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 637) - ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰਦੇ ਹਨ ਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ  ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ  ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ?

 

ਪਰ ਇਸ ਦੇ ਬਾਵਯੂਦ ਜੇ ਪਹਿਰਾਵੇ ਵਜੋਂ ਪੂਰਨ ਸਿੱਖ ਦਿੱਸਣ ਵਾਲੇ; ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਰੇ ਹੋਏ, ਤੀਰਥਾਂ `ਤੇ ਨਹਾ ਕੇ ਪਵਿਤਰ ਹੋਏ ਸਮਝਣ ਵਾਲੇ, ਦੇਵੀ ਦੇਵਤਿਆਂ ਨੂੰ ਪੂਜਣ ਵਾਲੇ ਉਨ੍ਹਾਂ ਦੇ ਜਗਰਾਤੇ ਕਰਵਾਉਣ ਵਾਲੇ, ਹਰ ਮੜੀ ਕਬਰ `ਤੇ ਸਿਰ ਝੁਕਾਉਣ ਵਾਲੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਤਾਂ ਉਹ ਗੁਰੂ ਦੇ ਅਸਲੀ ਸਿੱਖ ਨਹੀਂ ਬਲਕਿ ਉਨ੍ਹਾਂ ਨੂੰ ਅਖੌਤੀ ਸਿੱਖ ਹੀ ਕਿਹਾ ਜਾ ਸਕਦਾ ਹੈ। 

 

ਜਪੁਜੀ ਸਾਹਿਬ ਦੀ 25ਵੀਂ ਪਉੜੀ ਵਿੱਚ ਮੁਬਾਰਕ ਬਚਨ ਹਨ: `ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥` ਭਾਵ ਅਕਾਲ ਪੁਰਖ਼ ਵੱਲੋਂ ਮਿਲੇ ਹਰ ਦੁੱਖ ਭੁੱਖ ਤੇ ਪਈਆਂ ਹੋਰਾਂ ਮਾਰਾਂ ਨੂੰ ਉਸ ਦੀ ਦਾਤ ਸਮਝ ਕੇ ਭਾਣੇ ਵਿੱਚ ਰਾਜੀ ਰਹਿਣਾ ਹੈ। ਪਰ ਸਿੱਖ ਅਖਵਾਉਣ ਵਾਲੇ ਕੋਠੀਆਂ ਕਾਰਾਂ `ਤੇ ਤਾਂ ਲਿਖਾ ਲੈਂਦੇ ਹਨ ਇਹ ਵੀ `ਏਹਿ ਭਿ ਦਾਤਿ ਤੇਰੀ ਦਾਤਾਰ ॥` ਪਰ ਜੇ ਅਕਾਲ ਪੁਰਖ਼ ਵੱਲੋਂ ਮਿਲੇ ਹਰ ਦੁੱਖ ਭੁੱਖ ਤੇ ਪਈਆਂ ਹੋਰਾਂ ਮਾਰਾਂ ਜਿਨ੍ਹਾਂ ਨੂੰ ਇਸ ਪਾਵਨ ਬਚਨ ਵਿੱਚ `ਦਾਤਿ` ਕਿਹਾ ਗਿਆ, ਆ ਪੈਣ ਤਾਂ ਭਾਣੇ ਵਿੱਚ ਰਾਜੀ ਰਹਿਣ ਦੀ ਥਾਂ ਅਕਾਲ ਪੁਰਖ਼ ਨਾਲ ਹੀ ਗਿਲੇ ਸ਼ਿਕਵੇ ਕਰਨ ਲੱਗ ਪੈਣ ਤਾਂ ਉਨ੍ਹਾਂ ਨੂੰ ਅਖੌਤੀ ਸਿੱਖ ਹੀ ਕਿਹਾ ਜਾ ਸਕਦਾ ਹੈ।

 
ਗੁਰਬਾਣੀ ਅਨੁਸਾਰ `ਸੰਤ` ਸ਼ਬਦ ਅਕਾਲਪੁਰਖ਼ ਅਤੇ ਗੁਰੂ ਲਈ ਹੀ ਆਇਆ ਹੈ: `ਭਾਗੁ ਹੋਆ ਗੁਰਿ, ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥` (ਮਾਝ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 97)।
`ਮੇਰੈ ਮਨਿ, ਗੁਪਤ ਹੀਰੁ ਹਰਿ ਰਾਖਾ ॥ ਦੀਨ ਦਇਆਲਿ ਮਿਲਾਇਓ ਗੁਰੁ ਸਾਧੂ, ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥` (ਜੈਤਸਰੀ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 696)

 

ਗੁਰਬਾਣੀ ਅਨੁਸਾਰ ਉਹ ਵੀ  ਪੂਰਨ ਸੰਤ ਉਹ ਹਨ ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ; ਉਹ ਬੰਦੇ ਧੰਨ ਹਨ,  ਮੁਬਾਰਿਕ ਹਨ:-  `ਜਿਨਾ  ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥1॥` {ਗਉੜੀ ਕੀ ਵਾਰ:2 (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 319) 

 

ਪਰ ਜਿਹੜੇ ਵਿਖਾਵੇ ਦੇ ਧਾਰਮਕ ਲਿਬਾਸਧਾਰੀ, ਗੁਰਬਾਣੀ ਦੇ ਮੁਬਾਰਕ ਬਚਨ: `ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥` (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 349) ਦੇ ਸਿਧਾਂਤ ਨੂੰ ਸਮਝ ਕੇ ਹਰ ਮਨੁੱਖ ਵਿੱਚ ਉਸ ਅਕਾਲ ਪੁਰਖ ਦੀ ਇੱਕ ਜੋਤ ਨਹੀਂ ਵੇਖ ਸਕਦੇ ਤੇ ਉਸ ਦੀ ਜਾਤ ਪੁੱਛ ਕੇ ਉਸ ਨਾਲ ਵਿਤਕਰਾ ਕਰਦੇ ਹਨ ਉਹ ਕਿਸ ਤਰ੍ਹਾਂ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ। ਜੇ ਫਿਰ ਵੀ ਉਹ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਅਖੌਤੀ ਸੰਤ ਹੀ ਆਖਿਆ ਜਾ ਸਕਦਾ ਹੈ।  

 
ਗਿਆਨੀ ਹਰਿਭਜਨ ਸਿੰਘ ਨੇ ਕਿਹਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਅਕਾਲੀ ਉਹ ਹੈ ਜਿਸ ਦਾ ਸਬੰਧ ਅਕਾਲ ਨਾਲ ਹੈ, ਅਕਾਲ ਦਾ ਉਪਾਸ਼ਕ ਹੈ। ਭਾਈ ਸਾਹਿਬ ਜੀ `ਅਕਾਲੀ` ਦੇ ਹੋਰ ਗੁਣ ਦੱਸਦੇ ਹੋਏ ਲਿਖਦੇ ਹਨ:-
"ਕਮਲ ਜਯੋਂ ਮਾਯਾ ਜਲ ਵਿੱਚ ਅਲੇਪ ਹੈ ਸਦਾ; ਸਭ ਦਾ ਸਨੇਹੀ, ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ; ਭਾਣੇ ਵਿੱਚ ਵਿਪਤਾ ਨੂੰ ਮੰਨੇ ਖ਼ੁਸ਼ਹਾਲੀ ਹੈ।
ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ; ਧਰਮ ਦੇ ਜੰਗ ਲਈ ਚੜ੍ਹੇ ਮੁੱਖ ਲਾਲੀ ਹੈ।
ਪੂਜੇ ਨਾ ਅਕਾਲ ਬਿਨਾ ਹੋਰ ਦੇਵੀ ਦੇਵ; ਸਿੱਖ ਦਸ਼ਮੇਸ਼ ਦਾ ਸੋ ਕਹੀਏ `ਅਕਾਲੀ` ਹੈ।"
 

ਭਾਵ ਜੋ ਮਾਇਆ ਵਿੱਚ ਇਸ ਤਰ੍ਹਾਂ ਅਲੇਪ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ, ਜੋ ਸਭ ਨੂੰ ਪਿਆਰ ਕਰਨ ਵਾਲਾ ਹੈ। `ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥14॥` (ਰਾਮਕਲੀ ਅਨੰਦ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 919) ਅਨੁਸਾਰ ਉਸ ਦੀ ਜਗਤ ਨਾਲੋਂ ਚਾਲ ਨਿਰਾਲੀ ਹੈ ਭਾਵ ਉਸ ਦੀ ਜੀਵਨ ਜੁਗਤ ਨਿਰਾਲੀ ਹੈ, ਕਮਾਈ ਕਰਕੇ ਖਾਵੇ ਤੇ ਮੰਗ ਕੇ ਖਾਣ ਨੂੰ ਹਰਾਮ ਜਾਣੇ, ਹਜਾਰਾਂ ਸਿੰਘ ਸ਼ਹੀਦ ਹੋਣ ਤੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲ਼ਾਂ ਵਿੱਚ ਹਾਰ ਪਵਾਉਣ ਵਾਲੀਆਂ ਮਾਵਾਂ ਵਾਂਗ ਵਾਹਿਗੁਰੂ ਦਾ ਸ਼ੁਕਰ ਕਰਨ ਵਾਲਾ ਹੋਵੇ, ਬਿਨਾਂ ਕਿਸੇ ਸਵਾਰਥ ਤੋਂ ਗੁਰਦੁਆਰਿਆਂ ਦੀ ਸੇਵਾ ਲਈ ਭਾਈ ਲਛਮਣ ਸਿੰਘ ਵਾਂਗ ਸ਼ਹੀਦੀਆਂ ਪਾਉਣ ਵਾਲਾ ਅਤੇ ਇੱਕ ਅਕਾਲ ਪੁਰਖ਼ ਤੋਂ ਬਿਨਾਂ ਹੋਰ ਕਿਸੇ ਵੀ ਦੇਵੀ ਦੇਵਤੇ ਨੂੰ ਨਾ ਪੂਜਣ ਵਾਲਾ ਦਸ਼ਮੇਸ਼ ਦਾ ਕੋਈ ਸਿੱਖ ਹੀ ਅਕਾਲੀ ਕਿਹਾ ਜਾ ਸਕਦਾ ਹੈ। ਕਿਸੇ ਸਮੇਂ ਅਕਾਲੀ ਸ਼ਬਦ ਮਹਾਨ ਸਖ਼ਸ਼ੀਅਤਾਂ ਲਈ ਵਰਤਿਆ ਜਾਂਦਾ ਸੀ ਜਿਵੇਂ ਕਿ `ਅਕਾਲੀ ਫੂਲਾ ਸਿੰਘ, ਅਕਾਲੀ ਕੌਰ ਸਿੰਘ` ਪਰ ਅੱਜ ਕੱਲ੍ਹ ਮਾਇਆ ਇਕੱਤਰ ਕਰਨ ਲਈ ਭ੍ਰਿਸ਼ਟਚਾਰ ਵਿੱਚ ਲਿਪਤ, ਗੁਰਦੁਆਰਿਆਂ `ਤੇ ਕਬਜ਼ੇ ਕਰਨ ਲਈ ਭ੍ਰਿਸ਼ਟ ਢੰਗ ਆਪਨਾਉਣ ਵਾਲੇ ਤੇ ਦੇਵੀ ਦੇਵਤਿਆਂ ਅੱਗੇ ਟੱਲ ਖੜਕਾ ਕੇ ਜਗਰਾਤੇ ਕਰਨ ਵਾਲੇ ਜਿਹੜੇ ਅਕਾਲੀ ਸ਼ਬਦ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਲਈ ਅਖੌਤੀ `ਅਕਾਲੀ` ਸ਼ਬਦ ਵਰਤਣਾ ਹੀ ਜਿਆਦਾ ਬਿਹਤਰ ਹੋਵੇਗਾ। 


 
ਗਿਆਨੀ ਹਰਿਭਜਨ ਸਿੰਘ ਨੇ ਕਿਹਾ ਮੇਰਾ ਕਹਿਣ ਤੋਂ ਇਹ ਭਾਵ ਨਹੀਂ ਹੈ ਕਿ ਅੱਜ ਕੱਲ ਕੋਈ ਵੀ ਸੱਚਾ  ਸਿੱਖ ਜਾਂ ਸੱਚਾ ਅਕਾਲੀ ਨਹੀਂ ਹੈ ਸਗੋਂ ਇਹ ਦੱਸਣਾ ਹੈ ਕਿ ਬਹੁਤਾਤ ਅਖੌਤੀ ਸਿੱਖਾਂ, ਅਖੌਤੀ ਸੰਤਾਂ ਅਤੇ ਅਖੌਤੀ ਅਕਾਲੀਆਂ ਦੀ ਹੀ ਹੈ; ਬੇਸ਼ੱਕ `ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥12॥` (ਸਲੋਕ ਵਾਰਾਂ ਤੇ ਵਧੀਕ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 1411) ਮੁਤਾਬਿਕ ਵਿਰਲੇ ਅੱਜ ਵੀ ਗੁਰੂ ਦੇ ਪੂਰਨ ਸਿੱਖ ਅਤੇ ਅਕਾਲੀ ਹੈਨ।

 

ਗਿਆਨੀ ਹਰਿਭਜਨ ਸਿੰਘ ਨੇ ਕਿਹਾ ਸਿੱਖ ਰਹਿਤ ਮਰਿਆਦਾ ਸਿੱਖਾਂ ਲਈ ਮਹਾਨ ਦਸਤਾਵੇਜ਼ ਹੈ ਜੋ ਸਿੱਖ ਦੇ ਜੀਵਨ ਜਾਚ ਲਈ ਇਕ ਸੰਵਿਧਾਨ ਹੈ ਜਿਸ `ਤੇ ਹਰ ਸਿੱਖ ਨੂੰ ਚੱਲਣਾ ਲਾਜ਼ਮੀ ਹੈ। ਭਾਈ ਕਾਹਨ ਸਿੰਘ ਨਾਭਾ ਨੇ `ਖਰੜਾ` ਸ਼ਬਦ ਦੇ ਅਰਥ ਕਰਨ ਸਮੇਂ ਲਿਖਿਆ ਹੈ, "ਕਿਸਾਨ ਵਲੋਂ ਗਾਹ ਪਾ ਕੇ ਦਾਣੇ ਕੱਢਣ ਪਿਛੋਂ ਜਿਸ ਵਿੱਚ ਦਾਣੇ ਪਾ ਕੇ ਘਰ ਲਿਆਂਦੇ ਜਾਂਦੇ ਹਨ ਉਸ ਨੂੰ `ਖਰੜਾ` ਕਹਿੰਦੇ ਹਨਭਾਵ ਕੀਮਤੀ ਚੀਜ ਸੰਭਾਲਣ ਵਾਲੀ ਵਸਤੂ ਨੂੰ `ਖਰੜਾ` ਕਿਹਾ ਜਾਂਦਾ ਹੈ। ਪਰ ਸਿੱਖ ਰਹਿਤ ਮਰਿਆਦਾ ਮੰਨਣ ਤੋਂ ਇਨਕਾਰੀ ਅਖੌਤੀ ਸੰਤ `ਖਰੜਾ` ਸ਼ਬਦ ਦੇ ਅਰਥ ਜਾਨਣ ਤੋਂ ਬਿਨਾਂ ਹੀ ਸਿੱਖਾਂ ਲਈ ਮਹਾਨ ਦਸਤਾਵੇਜ਼ ਸਿੱਖ ਰਹਿਤ ਮਰਿਆਦਾ ਨੂੰ `ਖਰੜਾ` ਕਹਿ ਕੇ ਭੰਡਦੇ ਹਨ। ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਪੰਜਾਂ ਵਿੱਚ ਬੈਠ ਕੇ ਫੈਸਲੇ ਕਰਦੇ ਹਨ ਜਿਨ੍ਹਾਂ ਸਬੰਧੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਹੁਕਮ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੈ।  

 

ਗਿਆਨੀ ਹਰਿਭਜਨ ਸਿੰਘ ਨੇ ਕਿਹਾ ਜਿਹੜੇ ਖ਼ੁਦ ਹੀ ਸਿੱਖ ਰਹਿਤ ਮਰਿਆਦਾ ਮੰਨਣ ਤੋਂ ਇਨਕਾਰੀ ਹੋਣ ਕਰਕੇ ਸਿੱਖ ਕਹਾਉਣ ਦੇ ਹੱਕਦਾਰ ਹੀ ਨਹੀਂ ਉਹ ਸਿੱਖ ਪੰਥ ਦੇ ਫੈਸਲੇ ਕਰਨ ਲਈ ਕਿਵੇਂ ਕੋਈ ਅਧਿਕਾਰ ਰੱਖ ਸਕਦੇ ਹਨ?

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top