Share on Facebook

Main News Page

ਪੱਪੂ ਗੁਰਬਚਨ ਸਿੰਘ ਲਈ ਵਿਦੇਸ਼ਾਂ ਵਿਚ ਖ਼ਤਰੇ ਦੀ ਘੰਟੀ

* ‘ਸਾਡਾ ਹੱਕ’ ਫਿਲਮ ਉੱਤੇ ਪਾਬੰਦੀ ਬਾਅਦ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਗੁਰਦੁਆਰਾ ਸਾਹਿਬ ਐਲਸਬਰਾਂਟੇ ਦਾ ਦੌਰਾ ਰੱਦ
* ਸੰਗਤ ਦੇ ਨੁਮਾਇੰਦਿਆਂ ਨੇ ਗੈਰ ਹਾਜ਼ਰ ਜਥੇਦਾਰ ਨੂੰ ਕੀਤੇ ਕਰੜੇ ਸਵਾਲ

ਐਲਸਬਰਾਂਟੇ/ਬਿਊਰੋ ਨਿਊਜ਼ :

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਥਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਇਕ ਪ੍ਰੋਗਰਾਮ ਲਈ ਆਉਣਾ ਸੀ ਪਰ ਅਚਾਨਕ ਉਨ੍ਹਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਦਸਿਆ ਜਾਂਦਾ ਹੈ ਕਿ "ਸਾਡਾ ਹੱਕ" ਫਿਲਮ ਉੱਤੇ ਪਾਬੰਦੀ ਬਾਅਦ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੇ ਇੱਥੇ ਦਾ ਅਪਣਾ ਦੌਰਾ ਬਿਨਾਂ ਦੱਸੇ ਹੀ ਰੱਦ ਕਰ ਦਿੱਤਾ। ਸਿੱਖ ਹਲਕਿਆਂ ਅਨੁਸਾਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਸਾਡਾ ਹੱਕ’ ਫਿਲਮ ਉੱਤੇ ਪਾਬੰਦੀ ਲਾਏ ਜਾਣ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ‘ਭੇਦ ਭਰੀ ਚੁੱਪ’ ਧਾਰਨ ਕਰ ਲੈਣ ਤੋਂ ਸਿੱਖਾਂ ਖ਼ਾਸ ਕਰ ਵਿਦੇਸ਼ਾਂ ਵਿਚਲੀਆਂ ਸੰਗਤਾਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਅਜਿਹੀ ਸਥਿੱਤੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨ ਲਈ ਵਿਦੇਸ਼ਾਂ ਵਿਚ ਖ਼ਤਰੇ ਦੀ ਘੰਟੀ ਹੈ।

ਪਰ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਸਮਾਰੋਹ ਵਿੱਚ ਤਿੰਨ ਬੁਲਾਰਿਆਂ ਨੇ ਸਾਫ਼ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਏ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਅੰਦਰੋਂ ਢਾਅ ਲਾਈ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਗੁਰਦੁਆਾਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਕਬਜ਼ੇ ਵਿਚ ਕੀਤਾ ਹੋਇਆ ਹੈ । ਐਸ.ਜੀ.ਪੀ.ਸੀ ਜਥੇਦਾਰ ਅਤੇ ਹੋਰਨਾਂ ਸਿੰਘ ਸਾਹਿਬਾਨ ਦੀ ਨਿਯੁਕਤੀ ਕਰਦੀ ਹੈ ਅਤੇ ਉਹ ਬੰਦੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ ਜੋ ਇਸ ਪਦ ਲਈ ਕਾਬਲ ਨਹੀਂ।

ਅਮਨਦੀਪ ਸਿੰਘ ਨੇ ‘ਸਾਡਾ ਹੱਕ’ ਫਿਲਮ ਦਾ ਹਵਾਲਾ ਦਿੰਦੇ ਕਿਹਾ ਕਿ ਜਦੋਂ ਫਿਲਮ ਤੇ ਬੈਨ ਲੱਗਣ ਤੋਂ ਬਾਅਦ ਐਸ.ਜੀ.ਪੀ.ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਯੂ-ਟਰਨ ਮਾਰੀ ਤਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਸ ਮਗਰ ਸਿਰ ਨੀਵਾਂ ਕਰੀ ਖੜਾ ਸੀ। ਜੇ ਜਥੇਦਾਰ ਨੇ ਆਪਣੀ ਗੱਲ ਕਹਿਣੀ ਹੀ ਸੀ ਤਾਂ ਅੱਗੇ ਆ ਕੇ ਸਪੱਸ਼ਟ ਸ਼ਬਦਾਂ ਵਿਚ ਕਿਉਂ ਨਹੀਂ ਕੀਤੀ।

ਇਸੇ ਤਰ੍ਹਾਂ ਸਟਾਕਟਨ ਗੁਰੂਘਰ ਦੇ ਸਕੱਤਰ ਭਾਈ ਕੁਲਜੀਤ ਸਿੰਘ ਨਿੱਝਰ ਵੀ ਮੈਮੋਰੰਡਮ ਲਿਖ ਕੇ ਲਿਆਏ ਸੀ। ਉਨ੍ਹਾਂ ਨੇ ਜਥੇਦਾਰ ਨੂੰ, ਸੁਆਲ ਕਰਦੇ ਕਿਹਾ ਕਿ ਜੇਲ੍ਹਾਂ ਵਿਚ ਬੈਠੇ ਸਿੰਘਾਂ ਦਾ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਵੀ ‘ਸਾਡਾ ਹੱਕ’ ਫਿਲਮ ਦੇ ਬੈਨ ਸਬੰਧੀ ਗੱਲ ਕੀਤੀ। ਉਨ੍ਹਾਂ ਨੇ ਆਪਣੇ ਮੈਮੋਰੰਡਮ ਵਿਚ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, 6ਵੇਂ ਪਾਤਸ਼ਾਹ ਤੋਂ ਸੇਧ ਲੈ ਕੇ ਗੁਰਸਿਧਾਂਤ ਤੇ ਚੱਲਣ ਨਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਸੇਧ ਲੈ ਕੇ ਪੰਥ ਦਾ ਘਾਣ ਕਰਨ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਅਕਾਲ ਤਖ਼ਤ ਸਾਹਿਬ ‘ਤੇ ਫਰਿਆਦ ਲੈ ਕੇ ਜਾਂਦੇ ਸਨ ਅਤੇ ਉਨ੍ਹਾਂ ਦੀ ਬਕਾਇਦਾ ਸੁਣਵਾਈ ਹੁੰਦੀ ਸੀ, ਪਰ ਅੱਜ ਕੱਲ੍ਹ ਦੇ ਜਥੇਦਾਰ ਕੀਤੀਆਂ ਅਪੀਲਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਰਹੇ ਹਨ। ਉਨ੍ਹਾਂ ਨੇ ਅਕਤੂਬਰ 2012 ਵਿਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਅਪੀਲ ਦਾ ਹਵਾਲਾ ਦਿੰਦੇ ਦਸਿਆ ਕਿ ਉਨ੍ਹਾਂ ਨੇ ਸੈਨਹੋਜ਼ੇ ਵਿਚ ਗੈਰ ਸਿੱਖ ਵੋਟਾਂ ਬਾਰੇ ਜਥੇਦਾਰ ਨੂੰ ਦਰਖਾਸਤ ਦਿੱਤੀ ਸੀ ਅਤੇ ਜਥੇਦਾਰ ਨੇ ਇਕ ਮਹੀਨੇ ਅੰਦਰ ਸੁਣਵਾਈ ਕਰਨ ਦਾ ਵਾਅਦਾ ਕੀਤਾ ਸੀ ਪਰ 6 ਮਹੀਨੇ ਲੰਘਣ ‘ਤੇ ਕੋਈ ਫੈਸਲਾ ਨਹੀਂ ਹੋਇਆ।

ਇਸੇ ਤਰ੍ਹਾਂ ਜਸਜੀਤ ਸਿਘ ਨੇ ਵੀ ਕਿਹਾ ਕਿ ਅਕਤੂਬਰ 2012 ਵਿਚ ਸਿੱਖ ਯੂਥ ਆਫ਼ ਅਮਰੀਕਾ ਨੇ ਵੀ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਕੇ ਨਜਾਇਜ਼ ਹਿਰਾਸਤ ਵਿਚ ਰੱਖੇ ਜਾਣ ਸਬੰਧੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਸੀ। ਅਕਾਲ ਤਖ਼ਤ ਨੇ ਵਾਅਦਾ ਕੀਤਾ ਸੀ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਕੇ ਸਰਕਾਰ ਤੋਂ ਪੁਛਿਆ ਜਾਵੇਗਾ ਪਰ ਅੱਜ ਤੱਕ ਜਥੇਦਾਰ ਸਾਹਿਬ ਨੇ ਕੋਈ ਮੀਟਿੰਗ ਨਹੀਂ ਸੱਦੀ।

ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਰੌਸ਼ਨ ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰਧਾਨਾਂ ਤੇ ਜਥੇਦਾਰ ਨੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਮੌਕੇ ਹਿੱਕ ਥਾਪੜ ਕੇ ਕਿਹਾ ਸੀ ਕਿ ਮੁਜਰਮਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ ਪਰ ਇਕ ਸਾਲ ਤੋਂ ਉਪਰ ਸਮਾਂ ਹੋ ਗਿਆ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਦਾ ਪਰਿਵਾਰ ਦਰ-ਦਰ ਠੋਕਰਾਂ ਖਾ ਰਿਹਾ ਹੈ ਪਰ ਇਨ੍ਹਾਂ ਨੇ ਉਨ੍ਹਾਂ ਦੀ ਬਾਂਹ ਵੀ ਨਹੀਂ ਫੜੀ।

ਇਸ ਸਾਰੇ ਘਟਨਾ ਕ੍ਰਮ ਤੋਂ ਬਾਅਦ ਇਕ ਗੱਲ ਜਾਹਿਰ ਹੈ ਕਿ ਆਉਂਦੇ ਸਮੇਂ ਵਿਚ ਰਾਜਨੀਤਿਕ ਲੀਡਰਾਂ ਵਾਂਗ ਜਥੇਦਾਰਾਂ 'ਤੇ ਵੀ ਕਈ ਗੁਰਦੁਆਰਿਆਂ ਵਿਚ ਬੋਲਣ ‘ਤੇ ਪਾਬੰਦੀ ਲੱਗ ਸਕਦੀ ਹੈ। ਸੰਗਤ ਸਾਹਮਣੇ ਉਨ੍ਹਾਂ ਦੀ ਕਾਰਗੁਜ਼ਾਰੀ ਸਾਫ਼ ਹੋ ਰਹੀ ਹੈ ਅਤੇ ਸੰਗਤ ਵਿਚ ਦਿਨੋ ਦਿਨ ਰੋਹ ਵੱਧ ਰਿਹਾ ਹੈ।

----------- X ------------ X ----------- X ----------- X ------------ X ----------- X ----------- X ------------ X -----------

ਪਾਠਕਾਂ ਦੀ ਸੱਥ
ਜਥੇਦਾਰ ਗਿਆਨੀ ਗੁਰਬਚਨ ਸਿੰਘ ਕਿ ਬਾਦਲ-ਬਚਨ ਸਿੰਘ ?

ਅੱਜ (21 ਅਪ੍ਰੈਲ 2013) ਐਤਵਾਰ ਨੂੰ ਗੁਰਦੁਆਰਾ ਸਾਹਿਬ ਐਲਸਬਰਾਂਟੇ ਦੀ ਇਮਾਰਤ ਦੇ ਵਿਸਥਾਰ (Expansion) ਲਈ ਉਦਘਾਟਨ ਸੀ ਅਤੇ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਸ ਦੇ ਉਦਘਾਟਨ ਲਈ ਬੁਲਾਇਆ ਸੀ। ਉਹ ਤਾਂ ਕਿਸੇ ਕਾਰਨ ਕਰਕੇ ਆਪਣਾ ਪ੍ਰੋਗਰਾਮ ਕੈਂਸਲ ਕਰ ਗਏ, ਪਰ ਮੈਂ ਜਦੋਂ ਦੀਵਾਨ ਹਾਲ ਵਿਚ ਬੈਠਾ ਸੀ ਤਾਂ ਮੇਰੇ ਤੋਂ ਥੋੜਾ ਦੂਰ ਇਕ ਇਸ਼ਤਿਹਾਰ ਪਿਆ ਸੀ (ਜੋ ਸੱਜੇ ਪਾਸੇ ਛਾਪਿਆ ਹੈ।

ਮੈਨੂੰ ਹੈਰਾਨੀ ਹੋਈ ਕਿ ਉਹ ਕੌਣ ਹੈ ਜੋ ਸੰਗਤ ਵਿਚ ਇਸ਼ਤਿਹਾਰ ਵੰਡ ਕੇ ਗਿਆ ਹੈ। ਜਦੋਂ ਮੈਂ ਬਾਹਰ ਨਿਕਲਿਆ ਤਾਂ ਦੋ 16-17 ਸਾਲ ਦੀਆਂ ਦਸਤਾਰਾਂ ਸਜਾਈ ਬੱਚੀਆਂ ਇਹੋ ਇਸ਼ਤਿਹਾਰ ਸ਼ਰੇਆਮ ਵੰਡ ਰਹੀਆਂ ਸਨ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉਨ੍ਹਾਂ ਨੂੰ ਪੁੱਛ ਲਿਆ ਕਿ ਬੀਬਾ ਕੋਈ ਕਮੇਟੀ ਵਾਲਾ ਸ਼ਾਇਦ ਇਹ ਚੰਗਾ ਨਾ ਸਮਝੇ ਤਾਂ ਉਨ੍ਹਾਂ ਦਾ ਝੱਟ ਜਵਾਬ ਸੀ, ਕਿਉਂ ਅੰਕਲ? ਗੱਲ ਤਾਂ ਉਨ੍ਹਾਂ ਦੀ ਸੱਚੀ ਸੀ ਤੇ ਫਿਰ ਮੈਂ ਪੁੱਛ ਲਿਆ ਕਿ ਤੁਸੀਂ ਜਿਵੇਂ ਇਸ਼ਤਿਹਾਰ ਵਿਚ ਲਿਖਿਆ ਹੈ, ਇਉਂ ਕਿਉਂ ਮਹਿਸੂਸ ਕਰਦੇ ਹੋ?

"He (Jathedar) does what DGP wants, SGPC & Jathedar appreciated  movie ‘Sada Haq” when DGP banned it. They all followed him, we need Jathedar who represents us not Govt or Badal." ਫਿਰ ਉਹ ਪੰਜਾਬੀ ਵਿਚ ਬੋਲੀ, ਜਿਵੇਂ ਇਥੋਂ ਦੇ ਬੱਚੇ ਬੋਲਦੇ ਹਨ, ਉਨ੍ਹਾਂ ਨੂੰ "ਤੂੰ" ਅਤੇ ਤੁਸੀਂ ਦੇ ਫਰਕ ਦਾ ਬਹੁਤਾ ਪਤਾ ਨਹੀਂ। ਉਸ ਬੋਲੀ, "ਇਹ ਜਥੇਦਾਰ ਗੁਰੂ ਦੇ ਬਚਨ ਨਹੀਂ ਬੋਲਦਾ, ਸਗੋਂ ਬਾਦਲ ਦੇ ਬਚਨ ਬੋਲਦਾ ਹੈ। ਇਹਨਾਂ ਨੂੰ ਆਪਣਾ ਨਾਮ ਬਦਲ ਕੇ ਬਾਦਲ-ਬਚਨ ਸਿੰਘ ਰੱਖ ਲੈਣਾ ਚਾਹੀਦਾ ਹੈ।" ਕਹਿਣ ਨੂੰ ਮੇਰੇ ਕੋਲ ਕੁਝ ਨਹੀਂ ਸੀ, ਮੈਂ ਸਿਰਫ਼ ਇਹੀ ਕਿਹਾ ਕਿ ਥੋੜਾ ਧਿਆਨ ਨਾਲ ਬੱਚੇ!

ਇਕ ਗੱਲ ਸਪੱਸ਼ਟ ਹੈ ਕਿ ਇਥੇ ਬੱਚਿਆਂ ਨੂੰ ਸਕੂਲ ਤੋਂ ਹੀ ਸਿਖਾਇਆ ਜਾਂਦਾ ਹੈ ਕਿ Tell the Truth (ਸੱਚ ਬੋਲੋ) ਅਤੇ ਤੁਹਾਡੇ ਕੋਲ Freedom of Speech ਬੋਲਣ ਦੀ ਖੁੱਲ੍ਹ ਹੈ। ਇਹ ਕਿਸ ਮਾਹੌਲ ਵਿਚ ਪਲੇ ਹਨ, ਹੁਣ ਜਥੇਦਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਗਲੀ ਪਨੀਰੀ ਸਾਹਮਣੇ ਦੋਗਲਾਪਣ ਨਹੀਂ ਚੱਲਣਾ। ਹੁਣ ਤਾਂ 6ਵੇਂ ਪਾਤਸ਼ਾਹ ਦੇ ਤਖਤ ਤੇ ਗੁਰਸਿਧਾਂਤ ਦੀ ਪਾਲਣਾ ਹੀ ਕਰਨੀ ਪਵੇਗੀ, ਨਹੀਂ ਤਾਂ ਅਜਿਹੇ ਮੌਕਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

- ਜਸਜੀਤ ਸਿੰਘ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top