Share on Facebook

Main News Page

ਸਿੱਖ ਕੌਮ ਦੇ ਆਗੂਓ, ਕੌਮ ਜਵਾਬ ਮੰਗਦੀ ਹੈ

ਸਮੂਹ ਪੰਥ ਦਰਦੀਉ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਸਿੱਖ ਜਗਤ 'ਚ ਵਾਪਰ ਰਹੀਆਂ ਹਰ ਰੋਜ਼ ਦੀ ਘਟਨਾਵਾਂ, ਜਿਨ੍ਹਾਂ ਨਾਲ ਸਿੱਖਾਂ ਦਾ ਅਕਸ ਸਾਰੇ ਸੰਸਾਰ 'ਚ ਖਰਾਬ ਹੋ ਰਿਹਾ ਹੈ, ਉਨ੍ਹਾਂ ਲਈ ਪੰਜ ਤਖ਼ਤਾਂ 'ਤੇ ਬੈਠੇ ਮੁੱਖ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਭੁਮਿਕਾ ਨਾਕਾਬਿਲੇ ਬਰਦਾਸ਼ਤ ਹੈ। ਸਿੱਖੀ ਦਾ ਅਕਸ ਬਿਲਕੁਲ ਵਿਗੜ ਚੁੱਕਾ ਹੈ, ਹਰ ਪਾਸੇ ਕਰਮਕਾਂਡ, ਭੇਖੀਆਂ, ਅਖੌਤੀ ਸਾਧ-ਬਾਬਿਆਂ ਦਾ ਬੋਲਬਾਲਾ ਹੈ, ਜਿਸਦਾ ਮੁੱਖ ਕਾਰਣ ਸਿੱਖਾਂ ਦੀ ਅਗਿਆਨਤਾ ਦਾ ਲਾਭ ਉਠਾਇਆ ਜਾ ਰਿਹਾ ਹੈ।

ਇਸ ਲਈ ਸਿੱਖਾਂ ਨੂੰ ਆਪ ਹੰਭਲਾ ਮਾਰਨਾ ਪੈਣਾ ਹੈ, ਖਾਸ ਕਰਕੇ ਪੰਜਾਬ ਤੋਂ ਬਾਹਰ ਅਤੇ ਭਾਰਤ ਤੋਂ ਬਾਹਰ ਬੈਠੇ ਸਿੱਖਾਂ ਨੂੰ ਲੋੜ ਹੈ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬਵ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੋਣ ਤੋ ਬਚਾਉਣ ਲਈ, ਸਹੀ ਪ੍ਰਬੰਧ ਲਿਆਉਣ ਵਿੱਚ ਯਤਨਸ਼ੀਲ ਹੋਣ, ਤਾਂ ਹੀ ਸਿੱਖੀ ਦਾ ਕੁੱਝ ਭਲਾ ਹੋ ਸਕਦਾ ਹੈ। ਇਸ ਲਈ ਹਮਖਿਆਲੀ ਜਾਗਰੂਕ ਸਿੱਖ, ਧਿਰਾਂ, ਜਥੇਬੰਦੀਆਂ ਨੂੰ ਇੱਕਠੇ ਹੋ ਕੇ ਇੱਕ ਟੀਮ ਦੇ ਰੂਪ ਵਿਚ ਕੰਮ ਕਰਨਾ ਪਵੇਗਾ।

ਅਸੀਂ ਪਿਛਲੇ ਮਹੀਨੇ 20 ਮਾਰਚ 2013 ਦੀ ਨਿਊਜ਼ ਰਾਹੀਂ ਇਹ ਜਿਕਰ ਕੀਤਾ ਸੀ, ਕਿ ਇਹਨਾ ਨੂੰ ਬੜੇ ਸਤਿਕਾਰ ਨਾਲ ੨੫-੩੦ ਮੋਟੇ-ਮੋਟੇ ਜਿਹੇ ਸਵਾਲ ਪੁਛੇ ਜਾਣਗੇ ਅਤੇ ਇਹਨਾ ਸਵਾਲਾਂ ਦੇ ਜੁਵਾਬ ਲਈ ਇਨ੍ਹਾਂ ਨੂੰ "ਚਾਰ ਹਫਤਿਆਂ" ਦਾ ਸਮਾਂ ਦਿੱਤਾ ਜਾਵੇਗਾ। ਅਗਰ ਇਹ ਇਨ੍ਹਾਂ ਸਵਾਲਾਂ ਦੇ ਜੁਵਾਬ ਨਹੀਂ ਦੇਣਗੇ, ਤਾਂ ਅਗਲਾ ਪ੍ਰੋਗ੍ਰਾਮ ਉਲੀਕਿਆ ਜਾਵੇਗਾ। ਅਸੀਂ ਆਪਣੇ ਵੱਲੋ ਸਾਰੀਆਂ ਜਥੇਬੰਦੀਆਂ, ਗੁਰਦਵਾਰਾ ਕਮੇਟੀਆਂ, ਪੰਥਿਕ ਵੈਬਸਾਇਟਾਂ, ਪੰਥਿਕ ਟੀ.ਵੀ. ਚੈਨਲਾਂ ਅਤੇ ਸੋਸ਼ਲ ਨੈਟਵਰਕ (ਫੇਸਬੁੱਕ, ਟਵਿਟਰ ਇਤਿਆਦਿ) ਤੇ ਕੌਮ ਨੂੰ ਜਗਾਉਣ ਦਾ ਕੰਮ ਕਰ ਰਹੇ ਪੰਥ ਦਰਦੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਅਤੇ ਗੁਰੂ ਦੀ ਮੰਨਦੇ ਹਨ, ਨੂੰ ਬੇਨਤੀ ਕਰਦੇ ਹਾਂ, ਕਿ ਆਓ ਇੱਕਠੇ ਹੋਇਏ ਅਤੇ ਲੋਕ ਆਵਾਜ਼ ਬਣਾ ਦੇਈਏ।

ਕਿਰਪਾ ਕਰਕੇ ਆਪਣੀ ਜਥੇਬੰਦੀ ਦਾ ਨਾਮ, ਐਡਰੇਸ ਅਤੇ ਸੰਪਰਕ ਹੇਠ ਲਿਖੀ ਏ-ਮੇਲ 'ਤੇ ਭੇਜੋ ਜੀ, ਤਾਂ ਜਦੋ ਅਸੀਂ ਇਸ ਮੁੱਦੇ ਨੂੰ ਮੀਡੀਆ ਵਿਚ ਲੈ ਕੇ ਜਾਈਏ, ਤਾਂ ਕੌਮ ਨੂੰ ਪਤਾ ਲੱਗ ਸਕੇ, ਕਿ ਇਸ ਪ੍ਰੋਜੇਕਟ ਸੰਬੰਧੀ ਕੌਣ-ਕੌਣ ਕੰਮ ਕਰ ਰਿਹਾ ਹੈ।

ਬੇਨਤੀ ਕਰਤਾ

ਟਾਈਗਰ ਜਥਾ p_deep_singh@yahoo.com
ਖ਼ਾਲਸਾ ਨਿਊਜ਼ khalsanews@yahoo.com
ਸਿੰਘ ਸਭਾ ਯੂ.ਐਸ.ਏ. info@singhsabhausa.com


ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗੁਰਬਚਨ ਸਿੰਘ ਨੂੰ ਕੁੱਝ ਸਵਾਲ

  1. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ‘ਚ ਜਾਰੀ ਸਿੱਖੀ ਦੀ ਵੱਖਰੀ ਹੋਂਦ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਤੋਂ ਬਿਕਰਮ ਸੰਮਤ ‘ਚ ਕਿਉਂ ਤਬਦੀਲ ਕੀਤਾ ਗਿਆ? ਕੀ ਇਹ ਸੌਖਾ ਨਹੀਂ ਸੀ ਕਿ ਸਾਰੇ ਗੁਰਪੁਰਬ ਅਤੇ ਦਿਨ ਤਿਉਹਾਰ ਹਰ ਸਾਲ ਇੱਕ ਵਾਰੀ ਮਿਥੇ ਹੋਏ ਦਿਨਾਂ ‘ਤੇ ਆਉਂਦੇ, ਜਿਸ ਨਾਲ ਹਰ ਸਾਲ ਤਰੀਕਾਂ ਬਦਲਣ ਦਾ ਝੰਜਟ ਮੁਕਦਾ?
  2. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਆਧਾਰਿਤ ਪ੍ਰਚਾਰ ਦੇ ਖੇਤਰ ਵਿੱਚ ਤੁਸੀਂ ਕੀ ਮੱਲਾਂ ਮਾਰੀਆਂ ਹਨ?
  3. ਸ਼੍ਰੋਮਣੀ ਕਮੇਟੀ ਅਧੀਨ ਕੋਈ ਭੀ ਇੱਕ ਗੁਰਦੁਆਰਾ ਦੱਸੋ, ਜਿੱਥੇ ਪੂਰਨ ਤੌਰ 'ਤੇ ਸਿੱਖ ਰਹਿਤ ਮਰਿਆਦਾ ਲਾਗੂ ਹੋਵੇ?
  4. ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਦੋ ਤੱਖਤਾਂ (ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ) ਦੇ ਮੁੱਖ ਸੇਵਾਦਾਰਾਂ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਿਠਾ ਕੇ ਕੌਮੀ ਫੈਸਲਿਆਂ ‘ਤੇ ਦਸਤਖ਼ਤ, ਕਿਸ ਨਿਯਮ ਅਧੀਨ ਕਰਵਾਉਂਦੇ ਹੋ?
  5. ਆਪ ਨੇ ਅੱਜ ਤੱਕ ਪਟਨਾ ਸਾਹਿਬ ਦੇ ਚਰਿਤ੍ਰਹੀਣ ਮੁੱਖ ਸੇਵਾਦਾਰ ਗਿਆਨੀ ਇੱਕਬਾਲ ਸਿੰਘ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜਿਸਦੀ ਘਰਵਾਲੀ ਉਸਦੇ ਇਖ਼ਲਾਕ ਸੰਬੰਧੀ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ ਇਹ ਵਿਥਿਆ ਬਿਆਨ ਕਰ ਰਹੀ ਹੈ। ਅਤੇ ਇਸੇ ਹੀ ਇਕਬਾਲ ਸਿੰਘ ਨੇ 2016 'ਚ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਣ ਬਾਰੇ ਘੋਸ਼ਿਤ ਕੀਤਾ ਹੈ, ਇਸ ਬਾਰੇ ਕੀ ਕਾਰਵਾਈ ਕੀਤੀ ਗਈ?
  6. ਨੀਲਧਾਰੀ ਸੰਪਰਦਾ ਦੇ ਮੁੱਖੀ ਸਤਨਾਮ ਸਿੰਘ ਪੀਪਲੀ ਵਾਲੇ ਨੂੰ “ਸੰਤ ਬਾਬਾ”, “ਰਾਜਾ ਜੋਗੀ” ਜਿਹਿਆਂ ਉਪਾਧੀਆਂ ਕਿਸ ਨਿਯਮ ਅਧੀਨ ਦਿੱਤੀਆਂ ਗਈਆਂ? ਕੀ ਨੀਲਧਾਰੀਆਂ ਨੇ ਆਪਣੇ ਮੁਖੀ ਕਿੱਲੇ ਵਾਲੇ ਨੂੰ ਮੰਨਣਾ ਛੱਡ ਦਿੱਤਾ ਹੈ? ਕੀ ਉਨ੍ਹਾਂ ਨੇ ਨੀਲੇ ਕਮਰਕੱਸੇ ਬੰਨਣੇ ਛੱਡ ਦਿੱਤੇ ਹਨ?
  7. "ਸੰਤ ਸਮਾਜ" ਜਿਸ ਦਾ ਨਾਮ ਹੀ ਗੈਰ ਸਿਧਾਂਤਕ ਹੈ ਤੇ ਗੁਰਮਤਿ ਦੇ ਉਲਟ ਹੈ, ਉਸ ਦੇ ਮੁਖੀ ਕੋਲੋਂ 500 ਵਰ੍ਹੇ ਪੁਰਾਣਾ ਇਤਿਹਾਸਿਕ ਗੁਰਦੁਆਰਾ “ਥੜ੍ਹਾ ਸਾਹਿਬ” ਢਾਹੁਣਾ, ਕਿਸ ਤਰ੍ਹਾਂ ਜਾਇਜ਼ ਹੈ?
  8. ਤੁਸੀਂ ਇਕ ਤਕਰੀਰ ਵਿੱਚ ਕਿਹਾ ਹੈ ਕਿ “ਦਸਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇੱਕ ਅੰਗ ਹੈ” ਅਤੇ “ਜੋ ਵਿਸ਼ਾ ਦਸਮ ਗ੍ਰੰਥ ਸਾਹਿਬ ਦਾ ਹੈ, ਉਹੀ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ”, “ਗੁਰੂ ਗ੍ਰੰਥ ਸਾਹਿਬ, ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ”। ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
  9. ਸਿੱਖੀ ਵਿੱਚ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਹੈ। ਤੁਸੀਂ ਇਕ ਤਕਰੀਰ ‘ਚ ਕਿਹਾ ਹੈ ਕਿ "ਇਸਤਰੀ ਅਖੰਡ ਪਾਠ ਨਹੀਂ ਕਰ ਸਕਦੀ।" ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
  10. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਰਾਮ ਰਹੀਮ ਸਿੰਘ ਦੇ ਖਿਲਾਫ ਜਾਰੀ ਹੁਕਮਨਾਮੇ ਨੂੰ ਤੁਸੀਂ ਅੱਜ ਤੱਕ ਲਾਗੂ ਕਿਉਂ ਨਹੀਂ ਕਰਵਾ ਸਕੇ? ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਹਾਲੇ ਤੱਕ ਉਸ ਸਾਧ ਨਾਲ ਹੈ, ਤੁਸੀਂ ਕੀ ਕਾਰਵਾਈ ਕੀਤੀ?
  11. ਸਾਧ ਦਲਜੀਤ ਸਿੰਘ ਸ਼ਿਕਾਗੋ ਵਾਲਾ ਜਿਸਦੇ ਉਪਰ ਵੀ ਅਨੈਤਿਕ ਸੰਬੰਧਾਂ ਦੇ ਇਲਜ਼ਾਮ, ਗਲਤ ਹੱਧਕੰਡਿਆਂ ਨਾਲ ਗੁਰਦੁਆਰੇ ਨੂੰ ਜ਼ਬਤ ਕਰਨਾ, ੳਤੇ ਅਦਾਲਤ ਵਲੋਂ ਉਸ ਨੂੰ ਜੇਲ ‘ਚ ਸੁੱਟਣਾ, ਅਤੇ ਫਿਰ ਵੀ ਤੁਹਾਡਾ ਉਸ ਨਾਲ ਸੰਬੰਧ ਜਾਰੀ ਰਹਿਣਾ, ਤੁਹਾਡੇ ਉਪਰ ਵੀ ਸਵਾਲੀਆ ਨਿਸ਼ਾਨ ਦਰਸਾਉਂਦਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
  12. ਬਲਾਤਕਾਰ ਦੇ ਸੰਗੀਨ ਦੋਸ਼, ਇੱਕ ਸਿੱਖ ਡਾਕਟਰ ਨੂੰ ਹਮੇਸ਼ਾਂ ਲਈ ਅੰਨਾ ਕਰਨ ਦੇ ਦੋਸ਼ ਨਾਲ ਲਬਰੇਜ਼ ਸਾਧ ਮਾਨ ਸਿੰਘ ਪਿਹੋਵੇ ਵਾਲੇ ਨਾਲ ਸਟੇਜਾਂ ਸਾਂਝੀਆਂ ਕਰਨੀਆਂ, ਉਸ ਤੋਂ ਸੋਨੇ ਦੇ ਖੰਡੇ ਸਨਮਾਨ ਦੇ ਤੌਰ ‘ਤੇ ਲੈਣੇ ,ਕੀ ਇਹ ਨਹੀਂ ਦਰਸਾਉਂਦਾ ਕੀ ਤੁਹਾਡਾ ਇਸ ਸਾਧ ਨਾਲ ਗਠਜੋੜ ਹੈ?
  13. ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ‘ਚ ਬਿਨਾ ਕਿਸੇ ਸਬੂਤ ‘ਤੇ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕੇ ਨਾਲ ਪੰਥ ਤੋਂ ਛੇਕਣ ਅਤੇ ਬੇਇਜ਼ਤ ਕਰਨਾ ਅਤੇ ਫਿਰ ਝੂਠ ਬੋਲਣਾ ਕੀ ਉਚਿਤ ਹੈ?
  14. ਕਾਨਪੁਰ ‘ਚ 16-17 ਫਰਵਰੀ 2013 ਨੂੰ ਪ੍ਰੋ. ਦਰਸ਼ਨ ਸਿੰਘ ਦਾ ਗੁਰਮਤਿ ਸਮਾਗਮ ਰੁਕਵਾਉਣ ਲਈ ਇਨਾਂ ਜ਼ੋਰ ਲਾਇਆ, ਇਥੋਂ ਤੱਕ ਕਿ ਤੁਸੀਂ ਥਾਨੇਦਾਰ ਨੂੰ ਕਿਹਾ ਕਿ “ਇਨ ਸਿੱਖੋਂ ਕੋ ਜੂਤੇ ਮਾਰੋ”। ਕੀ ਤੁਹਾਨੂੰ ਇਹ ਸ਼ੋਭਾ ਦਿੰਦਾ ਹੈ? ਹੁਣ ਤੱਕ ਜਾਰੀ ਹੁਕਮਨਾਮਿਆਂ ‘ਚ ਸਿਰਫ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਜਾਰੀ ਹੁਕਮਨਾਮਾ ਹੀ ਅਹਿਮਿਅਤ ਰਖਦਾ ਹੈ, ਬਾਕੀ ਦੇ ਹੁਕਮਨਾਮਿਆਂ ‘ਤੇ ਇਸ ਤਰ੍ਹਾਂ ਦਾ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ?
  15. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾਵਾਂ ਤੋਂ ਇਲਾਵਾ ਲਿਖਤਾਂ ਦਾ ਕੀਰਤਨ ਹੋਣਾ, ਤੁਸੀਂ ਇਸ ਬਾਰੇ ਕੀ ਕਾਰਵਾਈ ਕੀਤੀ?
  16. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਕਰਕੇ ਮਸਤੂਆਣਾ ਵਿਖੇ ਬਣੇ ਗੁਰਦੁਆਰੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ?
  17. ਪੰਜਾਬੀ ਫਿਲਮ “ਸਾਡਾ ਹੱਕ” ਜੋ ਕਿ ਭਾਰਤੀ ਸੈਂਸਰ ਬੋਰਡ, ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਿਤ ਹੈ ਨੂੰ ਪੰਜਾਬ ‘ਚ ਨਹੀਂ ਚਲਣ ਦਿੱਤਾ ਗਿਆ, ਤੁਸੀਂ ਇਸ ਬਾਰੇ ਕੁੱਝ ਨਹੀਂ ਕੀਤਾ, ਕਿਉਂ?
  18. ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ‘ਚ ਪੰਜਾਬੀ ਫਿਲਮ “ਸਾਡਾ ਹੱਕ” ਨਾ ਚੱਲਣ ਦੇਣਾ, ਫਿਰ ਝੂਠ ਬੋਲਣਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਨਹੀਂ ਦੇਖੀ, ਜਦਕਿ ਸ. ਅਵਤਾਰ ਸਿੰਘ ਮੱਕੜ ਦੀ ਵੀਡੀਓ ਰਿਕਾਰਡਿੰਗ ਦਸਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਫਿਲਮ ਦੇਖੀ, ਤੇ ਫਿਰ ਝੂਠ ਬੋਲਿਆ। ਤੁਸੀਂ ਕੀ ਕਾਰਵਾਈ ਕੀਤੀ?
  19. ਦਮਦਮੀ ਟਕਸਾਲ ਵਲੋਂ ਗੁਰਬਾਣੀ ਨਾਲ ਛੇੜਛਾੜ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਜਪ ਦੀ ਬਾਣੀ ਦੇ ਸਿਰਲੇਖ ਤੋਂ “” ਹਟਾ ਦਿੱਤੀਆਂ, ਤੁਸੀਂ ਕੀ ਕਾਰਵਾਈ ਕੀਤੀ?
  20. ਹਿੰਦੀ ‘ਚ ਛਪੀ “ਸਿੱਖ ਇਤਿਹਾਸ” ‘ਚ ਗੁਰੂ ਸਾਹਿਬ ਦੀ ਘੋਰ ਨਿੰਦਾ ਅਤੇ ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਤੁਸੀਂ ਸ਼੍ਰੋਮਣੀ ਕਮੇਟੀ ਵਿਰੁੱਧ ਕੀ ਕਾਰਵਾਈ ਕੀਤੀ?
  21. ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ “ਫਖਰ-ਏ-ਕੌਮ” ਕਿਸ ਕੁਰਬਾਨੀ, ਕਿਸ ਮਾਅਰਕੇ ਲਈ, ਕਿਸ ਯੋਗਦਾਨ ਲਈ ਦਿੱਤਾ ਗਿਆ?
  22. ਅਵਤਾਰ ਸਿੰਘ ਮੱਕੜ ਨੂੰ “ਅਕਾਲੀ ਫੂਲਾ ਸਿੰਘ” ਅਵਾਰਡ (ਜਦਕਿ ਅਸਲ ਅਕਾਲੀ ਫੂਲਾ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਮੋਰਾਂ ਦਾ ਨਾਚ ਵੇਖਣ 'ਤੇ ਕਿੱਕਰ ਨਾਲ ਬੰਨ੍ਹ ਕੇ ਕੋੜ੍ਹੇ ਲਾਉਣ ਦਾ ਫੈਸਲਾ) ਅਤੇ ਅਵਤਾਰ ਸਿੰਘ ਮੱਕੜ (ਅਵਾਰਡ ਮੁਤਾਬਿਕ ਅੱਜ ਦੇ ਫੂਲਾ ਸਿੰਘ), ਪ੍ਰਕਾਸ਼ ਸਿੰਘ ਬਾਦਲ (ਅੱਜ ਦਾ ਰਣਜੀਤ ਸਿੰਘ) ਨੂੰ ਕਟਰੀਨਾ ਕੈਫ਼ ਦਾ ਨਾਚ ਵੇਖਣ 'ਤੇ "ਫਖਰ-ਏ-ਕੌਮ"! ਇਸ ਸੰਬੰਧੀ ਆਪ ਜੀ ਦਾ ਕੀ ਸਪਸ਼ਟੀਕਰਣ ਹੈ?
  23. ਗੁਰੂ ਗ੍ਰੰਥ ਸਾਹਿਬ ਜੀ 'ਤੇ ਟਿੱਪਣੀ, ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਖਸੀਅਤ 'ਤੇ ਟਿੱਪਣੀ, ਨਸ਼ੇ ਨੂੰ ਜਾਇਜ਼ ਦੱਸਣ ਵਾਲਾ ਅਖੌਤੀ ਨਿਹੰਗ ਧਰਮ ਸਿੰਘ 'ਤੇ ਤਲਬ ਕਰਨ ਦਾ ਬਿਆਨ ਲਾ ਕੇ, ਮਗਰੋਂ ਵਾਪਿਸ ਲੈਣ ਵਿੱਚ ਕੀ ਮਜਬੂਰੀ ਸੀ?
  24. ਅਵਤਾਰ ਸਿੰਘ ਮੱਕੜ ਦੀ ਗੱਡੀ ਬਹੁਤ ਤੇਲ ਖਾ ਰਹੀ ਹੈ, ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਤਿੰਨ ਕਰੋੜ ਤੋਂ ਜ਼ਿਆਦਾ ਦਾ ਸਾਲਾਨਾ ਤੇਲ ਦੀ ਖਪਤ ਇਕੱਲਾ ਉਨ੍ਹਾਂ ਦੀ ਗੱਡੀ ਹੀ ਪੀ ਗਈ, ਇਸ ਬਾਰੇ ਕੀ ਕਹਿਣਾ ਚਾਹੋਗੇ?
  25. ਗੁਰਬਚਨ ਸਿੰਘ ਜੀ, ਤੁਸੀਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਮੌਕੇ, ਹਿੱਕ ਥਾਪੜ ਕੇ ਕਿਹਾ ਸੀ ਕਿ ਮੁਜਰਮਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ, ਪਰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿੳਾਂ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਸ਼ਹੀਦ ਭਾਂਈ ਜਸਪਾਲ ਸਿੰਘ ਦਾ ਪਰਿਵਾਰ ਦਰ ਦਰ ਠੋਕਰਾਂ ਖਾ ਰਿਹਾ ਹੈ, ਪਰ ਉਨ੍ਹਾਂ ਦੀ ਬਾਂਹ ਕਿਉਂ ਨਹੀਂ ਫੜੀ?
  26. 16 ਅਪ੍ਰੈਲ 2012 ਨੂੰ ਤੁਸੀਂ ਕਿਹਾ ਸੀ ਕਿ “ਮੈਂ ਰਹਾਂ ਜਾ ਨਾ ਰਹਾਂ, ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ”। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਦਾ ਮੁਕਟ ਪਹਿਨ ਕੇ ਹਵਨ ਕਰਨਾ, ਅਪ੍ਰੈਲ 2013 ‘ਚ ਹਨੂਮਾਨ ਦੀ ਪੂਜਾ ਕਰਨੀ, ਹਰਸਿਮਰਤ ਕੌਰ ਬਾਦਲ ਵਲੋਂ ਸ਼ਿਵਲਿੰਗ ਦੀ ਪੂਜਾ ਕਰਨੀ, ਸੁਖਬੀਰ ਬਾਦਲ ਵਲੋਂ ਮੁਸਲਮਾਨ ਦਰਗਾਹ ‘ਤੇ ਨਤਮਸਤਕ ਹੋਣਾ… ਆਦਿ ਬਾਰੇ ਤੁਸੀਂ ਕੀ ਕਾਰਵਾਈ ਕੀਤੀ?
  27. ਅਕਤੂਬਰ 2012 ਵਿੱਚ ਸਿੱਖ ਯੂਥ ਆਫ਼ ਅਮਰੀਕਾ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਕੇ ਨਾਜਾਇਜ਼ ਹਿਰਾਸਤ ਵਿੱਚ ਰਖੇ ਜਾਣ ਸਬੰਧੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਸੀ। ਵਾਅਦਾ ਕੀਤਾ ਗਿਆ ਸੀ ਕਿ ਪੰਜ ਸਿੰਘ ਸਾਹਿਬਾਨ ਮਿਟਿੰਗ ਕਰੇਗੀ, ਸਰਕਾਰ ਤੋਂ ਪੁੱਛਿਆ ਜਾਵੇਗਾ, ਪਰ ਅੱਜ ਤੱਕ ਜਥੇਦਾਰ ਸਾਹਿਬ ਨੇ ਕੋਈ ਮੀਟਿੰਗ ਕਿਉਂ ਨਹੀਂ ਸੱਦੀ?
  28. ਅਕਤੂਬਰ 2012 ਵਿੱਚ ਇੱਕ ਅਪੀਲ ਕੀਤੀ ਗਈ ਸੀ ਕਿ ਸੈਨਹੋਜ਼ੇ, ਅਮਰੀਕਾ ਵਿੱਚ ਗੈਰ ਸਿੱਖ ਵੋਟਾਂ ਬਾਰੇ ਜਥੇਦਾਰ ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ ਤੁਸੀਂ ਇੱਕ ਮਹੀਨੇ ਅੰਦਰ ਸੁਣਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ 6 ਮਹੀਨੇ ਲੰਘਣ 'ਤੇ ਵੀ ਕੋਈ ਫੈਸਲਾ ਕਿਉਂ ਨਹੀਂ ਹੋਇਆ?
  29. ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਚ ਬਕਰਿਆਂ ਦੀ ਬਲੀ ਦੇਣੀ, ਅਤੇ ਬਕਰੇ ਦੇ ਖੂਨ ਦੇ ਟਿੱਕੇ ਪਹਿਲਾਂ ਸ਼ਸਤਰਾਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਾਉਣੇ ਅਤੇ ਭੰਗ ਦਾ ਪ੍ਰਸ਼ਾਦ “ਸੁਖ ਨਿਧਾਨ” ਕਹਿਕੇ ਵਰਤਾਉਣਾ, ਕੀ ਇਹ ਗੁਰਮਤਿ ਅਨੁਕੂਲ ਹੈ?
  30. ਪੰਥਕ ਰਵਾਇਤਾਂ ਅਨੁਸਾਰ ਕਿਸੇ ਸ਼ਖਸ ਦੀ ਪੇਸ਼ੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੰਗਤ ਸਾਹਮਣੇ ਹੁੰਦੀ ਸੀ, ਹੁਣ ਕੀ ਕਾਰਣ ਹੈ ਕਿ ਤੁਸੀਂ ਗੁਰੂ ਦਾ ਤਖ਼ਤ ਛੱਡ ਕੇ ਉਹ ਕਾਰਵਾਈਆਂ ਗੁਪਤ ਤਰੀਕਿਆਂ ਨਾਲ, ਬਿਨਾ ਗੁਰੂ ਦੀ ਹਜ਼ੂਰੀ ਤੋਂ ਬੰਦ ਕਮਰੇ ‘ਚ ਕਰਦੇ ਹੋ, ਇਸ ਪਿੱਛੇ ਕੀ ਰਾਜ਼ ਹੈ?

ਜੇ ਕਿਸੇ ਕੋਲ਼ ਇਨ੍ਹਾਂ 30 ਸਵਾਲਾਂ ਤੋਂ ਇਲਾਵਾ ਕੋਈ ਹੋਰ ਸਵਾਲ ਹੈ, ਤਾਂ 30 ਅਪ੍ਰੈਲ 2013 ਤੱਕ ਭੇਜ ਦਿੱਤੇ ਜਾਣ, ਤਾਂਕਿ ਅਸੀਂ ਇਨ੍ਹਾਂ ਨੂੰ ਅਖਬਾਰਾਂ 'ਚ ਛਪਵਾ ਸਕੀਏ ਅਤੇ ਅਗਲਾ ਪ੍ਰੋਗ੍ਰਾਮ ਉਲੀਕ ਸਕੀਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top