ਚੰਡੀਗੜ੍ਹ 27 ਅਪ੍ਰੈਲ (ਅਬਰਾਵਾਂ) : ਫ਼ਿਲਮ 'ਸਾਡਾ ਹੱਕ' ਤੋਂ
ਪਾਬੰਦੀ ਹਟਾਉਂਦੇ ਫ਼ੈਸਲੇ ਨੇ ਸਾਡੇ ਮਨਾਂ ਦੀ ਰੀਝ ਪੂਰੀ ਕਰ ਦਿਤੀ ਹੈ ਅਤੇ ਸਾਨੂੰ ਇਨਸਾਫ਼
ਮਿਲਿਆ ਹੈ। ਇਹ ਗੱਲ ਅੱਜ ਇਥੇ ਪ੍ਰੈਸ ਕਲੱਬ ਚੰਡੀਗ੍ੜ੍ਹ ਵਿਖੇ ਫ਼ਿਲਮ ਦੇ ਨਿਰਮਾਤਾ
ਕੁਲਜਿੰਦਰ ਸਿੰਘ ਸਿੱਧੂ ਨੇ ਖ਼ੁਸ਼ੀ ਭਰੇ ਅੰਦਾਜ਼ ਵਿਚ ਕਹੀ।
ਉੁਨ੍ਹਾਂ ਦਸਿਆ ਕਿ ਪੰਜਾਬ
ਸਰਕਾਰ ਨੇ ਸਿਰਫ਼ ਇਕ ਪ੍ਰੋਮੋਸ਼ਨਲ ਗੀਤ 'ਬਾਗ਼ੀ' ਨੂੰ ਹਟਾਇਆ ਹੈ। ਹੁਣ ਇਹ ਫ਼ਿਲਮ 10 ਮਈ
ਨੂੰ ਲੱਗ ਰਹੀ ਹੈ ਕਿਉਂਕਿ 3 ਮਈ ਨੂੰ ਕਈ ਸਿਨੇਮਾ ਘਰ ਖ਼ਾਲੀ ਨਹੀਂ ਹਨ। ਕੁਲਜਿੰਦਰ ਸਿੰਘ
ਸਿੱਧੂ, ਸਹਿ ਨਿਰਮਾਤਾ ਦਿਨੇਸ਼ ਸੂਦ, ਨਿਰਮਾਤਾ ਨਿਧੀ ਸਿੱਧੂ, ਸੁਰਿੰਦਰ ਡੱਲਾ, ਯੁਗੇਸ਼
ਸੂਦ ਨੇ ਦਸਿਆ ਕਿ ਫ਼ਿਲਮ ਨੂੰ 'ਏ' ਦੀ ਜਗ੍ਹਾ 'ਯੂ' ਸਰਟੀਫ਼ਿਕੇਟ ਮਿਲਿਆ ਹੈ।
ਉੁਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਫ਼ੈਸਲਾ ਹੈ। ਕੁਲਜਿੰਦਰ ਸਿੰਘ
ਸਿੱਧੂ ਨੇ ਦਸਿਆ ਕਿ ਇਹ ਫ਼ਿਲਮ ਯੂ.ਕੇ. ਵਿਚ ਢਾਈ ਲੱਖ ਪੌਂਡ ਦੀ ਕਮਾਈ ਕਰ ਕੇ ਨੰਬਰ ਵਨ
'ਤੇ ਆਈ ਹੈ ਅਤੇ ਯੂ ਐਸ ਏ ਵਿਚ ਸਾਡਾ ਰਿਕਾਰਡ ਬਣਿਆ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਵਿਚ
ਜੱਟ ਐਂਡ ਜੂਲੀਅਟ ਨੇ ਸੱਭ ਤੋਂ ਵੱਧ ਬਿਜ਼ਨਸ ਕੀਤਾ ਸੀ ਅਤੇ ਅਸੀ ਦੂਜੇ ਸਥਾਨ ਉਤੇ ਰਹੇ
ਹਾਂ। ਉਨਾਂ ਕਿਹਾ ਜੇ ਫ਼ਿਲਮ 'ਤੇ ਪਾਬੰਦੀ ਨਾ ਲਗਦੀ ਤਾਂ ਅਸੀ 10 ਤੋਂ 15 ਕਰੋੜ ਰੁਪਏ ਦਾ
ਬਿਜ਼ਨਸ ਕਰ ਲੈਣਾ ਸੀ। ਉਨਾਂ ਕਿਹਾ ਕਿ ਮੀਡੀਆ ਨੇ ਸਾਡਾ ਬਹੁਤ ਸਾਥ ਦਿਤਾ ਅਤੇ 'ਰੋਜ਼ਾਨਾ
ਸਪੋਕਸਮੈਨ' ਦੀ ਭੂਮਿਕਾ ਸੱਚੀ ਰਹੀ ਅਤੇ ਜਿੱਤ ਸੱਚ ਦੀ ਹੀ ਹੋਈ।