Share on Facebook

Main News Page

ਸਾਕਾ ਨੀਲਾ ਤਾਰਾ ਯਾਦਗਾਰ 'ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਨਾਂ ਤੇ ਫੋਟੋ ਕਾਰਨ ਵਿਵਾਦ

* ਸ਼੍ਰੋਮਣੀ ਕਮੇਟੀ ਕਸੂਤੀ ਫਸੀ
* ਅਕਾਲੀ ਦਲ ਵੱਲੋਂ ਕਮੇਟੀ ਦੀ ਜੁਆਬ-ਤਲਬੀ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਨਾਂ "ਗੁਰਦੁਆਰਾ ਯਾਦਗਾਰ ਸ਼ਹੀਦਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ" ਰੱਖਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸ਼੍ਰੋਮਣੀ ਕਮੇਟੀ ਕੋਲੋਂ ਜੁਆਬ ਤਲਬੀ ਕੀਤੀ ਜਾ ਰਹੀ ਹੈ।

ਸ਼ਹੀਦੀ ਯਾਦਗਾਰ ਦੀ ਉਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੀ, ਜਿਸ ਨੇ ਕੱਲ੍ਹ ਸਮਾਗਮ ਦੌਰਾਨ ਯਾਦਗਾਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ। ਟਕਸਾਲ ਵੱਲੋਂ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਨਾਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਰੱਖਿਆ ਗਿਆ ਹੈ। ਯਾਦਗਾਰ ਦੇ ਮੁੱਖ ਦੁਆਰ ਉਪਰ ਇਹ ਨਾਂ ਉਕਰਿਆ ਹੋਇਆ ਹੈ।

ਇਸ ਤੋਂ ਇਲਾਵਾ ਯਾਦਗਾਰ ਨੂੰ ਜਾਣ ਵਾਲੇ ਰਸਤੇ (ਪੌੜੀਆਂ) ਦੇ ਦੋਵੇਂ ਪਾਸੇ ਲਾਏ ਪੱਥਰਾਂ ਉਪਰ ਸੰਤ ਭਿੰਡਰਾਂਵਾਲਿਆਂ ਸਮੇਤ ਭਾਈ ਅਮਰੀਕ ਸਿੰਘ, ਸੁਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਦਾ ਨਾਂ ਹੈ, ਜਦੋਂ ਕਿ ਬਾਕੀ ਸ਼ਹੀਦਾਂ ਨੂੰ ਸਮੂਹ ਸ਼ਹੀਦਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਤਰ੍ਹਾਂ ਗੁਰਦੁਆਰਾ ਝੰਡਾ ਬੁੰਗਾ ਨੇੜੇ ਯਾਦਗਾਰ ਦੇ ਇਤਿਹਾਸ ਬਾਰੇ ਪੱਥਰ ਲਾਇਆ ਗਿਆ ਹੈ, ਜਿਸ ਉਪਰ ਸ੍ਰੀ ਹਰਿਮੰਦਰ ਸਾਹਿਬ ’ਤੇ ਮੁਗ਼ਲ ਕਾਲ ਤੋਂ ਲੈ ਕੇ ਹੁਣ ਤਕ ਹੋਏ ਹਮਲਿਆਂ ਦੇ ਵੇਰਵੇ ਦਰਜ ਹਨ। ਇਸ ਵਿੱਚ ਸਾਕਾ ਨੀਲਾ ਤਾਰਾ 1984 ਦਾ ਜ਼ਿਕਰ ਕਰਦਿਆਂ ਮੁੜ ਸੰਤ ਭਿੰਡਰਾਂਵਾਲੇ ਦਾ ਜ਼ਿਕਰ ਹੈ। ਇਸ ਤਰ੍ਹਾਂ ਗੋਲਕ ਉਪਰ ਅਤੇ ਕੁਝ ਹੋਰ ਥਾਵਾਂ ’ਤੇ ਵੀ ਸੰਤ ਭਿੰਡਰਾਂਵਾਲਿਆਂ ਦਾ ਨਾਂ ਲਿਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਣਜਾਣ ਦੱਸਿਆ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਮੁਡ਼ ਦੁਹਰਾਇਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਹ ਸਮਾਗਮ ਦੀ ਸਮਾਪਤੀ ਮਗਰੋਂ ਆਪਣੇ ਦਫਤਰ ਰਵਾਨਾ ਹੋ ਗਏ ਸਨ ਤਾਂ ਉਸ ਵੇਲੇ ਮੁੱਖ ਦੁਆਰ ’ਤੇ ਉਕਰੇ ਇਨ੍ਹਾਂ ਸ਼ਬਦਾਂ ਤੋਂ ਪਰਦਾ ਹਟਾਇਆ ਗਿਆ। ਇਸ ਤਰ੍ਹਾਂ ਇਤਿਹਾਸ ਦਰਸਾਉਣ ਵਾਲੇ ਪੱਥਰ ਵੀ ਬਾਅਦ ਵਿੱਚ ਸਥਾਪਤ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਕੋਲੋਂ ਜੁਆਬ ਤਲਬੀ ਕੀਤੀ ਜਾ ਰਹੀ ਹੈ ਕਿ ਇਹ ਸਭ ਕੁਝ ਕਿਵੇਂ ਵਾਪਰਿਆ।

ਮਿਲੇ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਲਾਪਰਵਾਹੀ ਵਰਤਣ ਲਈ ਕਟਹਿਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਆਪਣੀ ਸਥਿਤੀ ਸਾਫ਼ ਕਰਨ ਲਈ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ, ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਕਿਉਂ ਰੱਖਿਆ ਗਿਆ।

ਇਸ ਬਾਰੇ ਭਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਿਚਾਲੇ ਮੀਟਿੰਗ ਹੋਣ ਦੀ ਸੰਭਾਵਨਾ ਹੈ ਅਤੇ ਇਹ ਮਾਮਲਾ ਦੋਵਾਂ ਧਿਰਾਂ ਵਿਚਾਲੇ ਮਤਭੇਦ ਦਾ ਸਬੱਬ ਬਣ ਸਕਦਾ ਹੈ। ਸ਼੍ਰੋਮਣੀ ਕਮੇਟੀ ਇਸ ਵੇਲੇ ਕਸੂਤੀ ਸਥਿਤੀ ਵਿੱਚ ਹੈ, ਜੇ ਉਹ ਇਸ ਨਾਂ ਨੂੰ ਜਾਰੀ ਰੱਖਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਜਮਾਤ ਭਾਜਪਾ ਸਮੇਤ ਹੋਰ ਧਿਰਾਂ ਦਾ ਵਿਰੋਧ ਸਹਿਣਾ ਪਵੇਗਾ ਅਤੇ ਜੇ ਉਸ ਵੱਲੋਂ ਇਸ ਨਾਂ ਨੂੰ ਬਦਲਣ ਦਾ ਯਤਨ ਕੀਤਾ ਜਾਂਦਾ ਹੈ, ਤਾਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਦਾ ਵਿਰੋਧ ਝੱਲਣਾ ਪਵੇਗਾ।

ਇਸ ਮਾਮਲੇ ਨੂੰ ਲੈ ਕੇ ਭਾਜਪਾ ਦੀ ਮਹਿਲਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਵਿਰੋਧ ਪ੍ਰਗਟਾਇਆ ਜਾ ਚੁੱਕਾ ਹੈ ਅਤੇ ਅੱਜ ਸੀ.ਪੀ.ਆਈ. ਦੇ ਆਗੂ ਜੋਗਿੰਦਰ ਦਿਆਲ ਨੇ ਵੀ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਯਾਦਗਾਰ ਆਮ ਸ਼ਰਧਾਲੂਆਂ ਨੂੰ ਜੋ ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਸਨ, ਨੂੰ ਸਮਰਪਿਤ ਕੀਤੀ ਜਾਣੀ ਸੀ ਪਰ ਇਹ ਯਾਦਗਾਰ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਸ੍ਰੀ ਬਾਦਲ ਨੇ ਸਮੂਹ ਧਿਰਾਂ ਨੂੰ ਹਨੇਰੇ ਵਿੱਚ ਰੱਖਿਆ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਜੇ ਦਮਦਮੀ ਟਕਸਾਲ ਵੱਲੋਂ ਯਾਦਗਾਰ ਦਾ ਇਹ ਨਾਂ ਰੱਖਿਆ ਜਾਣਾ ਸੀ ਤਾਂ ਉਸ ਨੂੰ ਪਹਿਲਾਂ ਹੀ ਸਪੱਸ਼ਟ ਕਰ ਦੇਣਾ ਚਾਹੀਦਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top