"ਗੁਰੂ ਨਾਨਕ ਬਾਬਾ ਜੀ ਨੇ ਸਮਾਜ
ਵਿਚ ਪ੍ਰਚਲਤ ਥੋਥੀਆਂ ਤੇ ਲੁੱਟ ਖਸੁੱਟ ਕਰਨ ਵਾਲੀਆਂ ਰੀਤੀਆਂ ਦਾ ਕਰੜਾ ਵਿਰੋਧ ਕੀਤਾ।
ਅਜਿਹੇ ਹਵਾਲਿਆਂ ਦੇ ਦਰਸ਼ਨ ਗੁਰਬਾਣੀ ਵਿਚੋਂ ਸਹਿਜੇ ਹੀ ਕੀਤੇ ਜਾ ਸਕਦੇ ਹਨ। ਹੋਰ
ਸੁਧਾਰਾਂ ਵਾਂਗ ਉਨ੍ਹਾਂ ਵਿਆਹ ਰੀਤੀ ਨੂੰ ਭੀ ਸੌਖਾ ਤੇ ਬਰਾਬਰਤਾ ਵਾਲਾ ਬਣਾਇਆ। ਭਾਵੇਂ
ਬਹੁਤੇ ਸਬੂਤ ਤਾਂ ਨਹੀਂ ਮਿਲਦੇ, ਪਰ ਗੁਰੂ ਰਾਮ ਦਾਸ ਸਾਹਿਬ ਵਲੋਂ ਲਾਵਾਂ ਦਾ ਉਚਾਰਨ
ਤੇ ਸਿੱਖ ਪੰਥ ਵਿਚ ਚਲਣ ਐਵੇਂ ਨਹੀਂ ਹੋਇਆ। ਗੁਰੂ ਸਾਹਿਬ ਜੀ ਨੇ ਉਹੀ ਕਾਰਜ ਕੀਤੇ
ਹਨ, ਜਿਨ੍ਹਾਂ ਦੀ ਲਿਖਤੀ ਜਾਂ ਜੁਬਾਨੀ ਗੁਰੂ ਨਾਨਕ ਸਾਹਿਬ ਆਗਿਆ ਕਰ ਗਏ ਸਨ। ਗੁਰੂ
ਨਾਨਕ ਸਾਹਿਬ ਜੀ ਦਾ ਵਿਆਹ (ਅੱਗ ਦੁਆਲੇ) ਕਰਾਉਣ ਲਈ ਜਦੋਂ ਬ੍ਰਾਹਮਣ ਆਣ ਢੁੱਕੇ,
ਪੂਰੀ ਤਿਆਰੀ ਹੋ ਗਈ, ਤਦੋਂ ਬਾਬਾ ਜੀ ਨੂੰ ਸੱਦਿਆ ਗਿਆ।
ਉਨ੍ਹਾਂ ਬ੍ਰਾਹਮਣੀ ਰੀਤ ਅਪਣਾਉਣ
ਤੋਂ ਸਾਫ਼ ਇਨਕਾਰ ਕਰ ਦਿਤਾ ਤੇ ਸੰਗੀ, ਸਾਥੀਆਂ ਸਮੇਤ ਇਕ ਕੰਧ ਨੇੜੇ ਮੰਜਾ ਡਾਹ ਕੇ
ਬੈਠ ਗਏ। ਬ੍ਰਾਹਮਣਾਂ ਵਲੋਂ ਚੁੱਕੇ ਹੋਏ ਸਾਜ਼ਸ਼ੀ ਟੋਲੇ ਨੇ ਗੁਰੂ ਜੀ ਉਤੇ ਕੰਧ
ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਚ ਗਏ। ਸਾਰਿਆਂ ਨੇ ਹਾਰ ਹੰਭ ਕੇ ਪੁੱਛਿਆ
ਕਿ ਤੁਸੀਂ ਦੱਸੋ, ਫਿਰ ਵਿਆਹ ਕਿਵੇਂ ਕਰੀਏ? ਗੁਰੂ ਜੀ ਨੇ ਇਕ ਚੌਕੀ (ਪੀੜ੍ਹਾ)
ਮੰਗਵਾਈ, ਕਾਗ਼ਜ਼ ’ਤੇ ‘ੴ’ ਮੰਗਲਾਚਰਨ ਲਿਖ ਕੇ ਉਤੇ ਰੱਖ ਦਿਤਾ। ਮਾਤਾ ਸੁਲੱਖਣੀ ਜੀ
ਨੂੰ ਲਿਆਂਦਾ ਗਿਆ। ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਤੇ ਸੁਲੱਖਣੀ ਜੀ ਪਿੱਛੇ
ਪਿੱਛੇ ਪੱਲਾ ਫੜ ਕੇ ਤੁਰਦੇ ਰਹੇ। ਚਾਰ ਚੱਕਰ ਲਾਏ, ਸਾਰਿਆਂ ਧਿਆਨ ਪੂਰਵਕ ਵੇਖਿਆ ਤੇ
ਵਿਆਹ ਸੰਪੂਰਨ ਹੋ ਗਿਆ। ਇਸ ਦੀ ਗਵਾਹੀ ਸੂਰਜ ਪ੍ਰਕਾਸ਼ ਵਿਚ ਭਾਈ ਸੰਤੋਖ ਸਿੰਘ ਜੀ
ਇਉਂ ਭਰਦੇ ਹਨ :
ਅਸ ਲਿਖ ਚੌਕੀ ਪਰ ਧਰਿਓ, ਲੀਨ
ਪ੍ਰਕਰਮਾ ਚਾਰ।
ਆਗਹਿ ਆਗਹਿ ਸਤਿਗੁਰੂ, ਮੂਲੇ ਪਾਛ ਕੁਆਰ।
ਭਾਵ ਕਿ ਮੂਲਾ ਜੀ ਦੀ ਬੇਟੀ (ਕੁਆਰ-ਬੇਟੀ)
ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਚਲਦਿਆਂ, ਚਾਰ ਪ੍ਰਕਰਮਾਂ ਕੀਤੀਆਂ ਤੇ ਵਿਆਹ
ਸੰਪੂਰਨ ਹੋ ਗਿਆ। ਬ੍ਰਾਹਮਣ ਦੀ ਛੁੱਟੀ ਕਰ ਦਿਤੀ। ਜੋ ਬ੍ਰਾਹਮਣ ਵਰਗ ਇਨਸਾਨ ਦੇ ਜਨਮ
ਤੋਂ ਭੀ ਪਹਿਲਾਂ ਉਸ ਦਾ ਗੁਰੂ ਸੀ। ਜਨਮ ਤੋਂ ਲੈ ਕੇ, ਮਰਨ ਤਕ ਭੀ ਗੁਰੂ ਸੀ ਅਤੇ
ਮਰਨ ਤੋਂ ਬਾਅਦ ਭੀ ਸੌ ਸਾਲ ਤਕ ਗੁਰੂ ਸੀ। ਬਾਬਾ ਜੀ ਨੇ ਉਸ ਪੁਜਾਰੀ ਟੋਲੇ ਦੀ ਛੁੱਟੀ
ਕਰ ਦਿਤੀ। ਜੋ ਬ੍ਰਾਹਮਣ ਅਜਿਹੇ ਕਰਮਕਾਂਡਾਂ ਦਾ ਖੱਟਿਆ ਖਾ ਰਿਹਾ ਸੀ, ਉਸ ਦੀ ਚੌਧਰ
ਤੇ ਰੋਜੀ ਦੋਵੇਂ ਹੱਥੋਂ ਨਿਕਲ ਰਹੀਆਂ ਸਨ। ਇਸੇ ਕਾਰਨ ਇਹ ਖ਼ਤਰਨਾਕ ਸ਼ੈ (ਬ੍ਰਾਹਮਣ+ਪੁਜਾਰੀ)
ਸਿੱਖ ਪੰਥ ਨਾਲ ਦੁਸ਼ਮਣੀ ਪਾਲਦੀ ਆ ਰਹੀ ਹੈ। ਅੱਗੇ ਜਾ ਕੇ ਇਸ ਬ੍ਰਾਹਮਣ ਪੁਜਾਰੀ ਨੇ
ਦਾੜ੍ਹੀ ਕੇਸ ਰੱਖ ਕੇ ਅਨੰਦ ਕਾਰਜ ਕਰਵਾਉਣ ਸ਼ੁਰੂ ਕਰ ਦਿਤੇ।"