Share on Facebook

Main News Page

ਸ਼ਹੀਦੀ ਯਾਦਗਾਰ ਨੂੰ ਲੈ ਕੇ ਦਮਦਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਵਿੱਚ ਖੂਨ ਖਰਾਬਾ ਹੁੰਦਾ ਹੁੰਦਾ ਟੱਲਿਆ

ਅੰਮ੍ਰਿਤਸਰ 28 ਅਪ੍ਰੈਲ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸਥਾਪਤ ਕੀਤੀ ਗਈ ਵਿਵਾਦਤ ਸ਼ਹੀਦਾਂ ਦੀ ਯਾਦਗਾਰ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਦਮਦਮੀ ਟਕਸਾਲ ਦੇ ਸਿੰਘ ਉਸ ਵੇਲੇ ਆਹਮੋ ਸਾਹਮਣੇ ਹੋ ਗਏ, ਜਦੋਂ ਇਤਿਹਾਸ ਦਰਸਾਉਦੇ ਲਗਾਏ ਬੋਰਡ ਨੂੰ ਰਾਤ ਦੇ ਹਨੇਰੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮਨੈਜਰ ਗੁਰਿੰਦਰ ਸਿੰਘ ਮੱਥਰੇਵਾਲ ਦੀ ਅਗਵਾਈ ਹੇਠ ਕਾਰਖਾਨੇ ਦੇ ਮਿਸਤਰੀਆਂ ਨੇ ਵੱਢਣ ਦੀ ਕੋਸ਼ਿਸ਼ ਕੀਤੀ, ਤਾਂ ਦਮਦਮੀ ਟਕਸਾਲ ਨੇ ਅਜਿਹਾ ਕਰਨ ਤੋਂ ਰੋਕਿਆ, ਤਾਂ ਦੋਹਾਂ ਵਿੱਚਕਾਰ ਹੋਏ ਤੱਤਕਾਰ ਨੂੰ ਲੈ ਕੇ ਕਿਰਪਾਨਾਂ ਸੂਤੀਆ ਗਈਆ ਤੇ ਨੇਜੇ ਸਿੱਧੇ ਕਰ ਦਿੱਤੇ ਗਏ, ਪਰ ਕੁਝ ਸਿਆਣੇ ਵਿਅਕਤੀਆ ਦੀ ਦਖਲ ਅੰਦਾਜੀ ਨਾਲ ਖੂਨ ਖਰਾਬਾ ਹੋਣੋ ਟੱਲ ਗਿਆ, ਪਰ ਦੋਹਾਂ ਵਿਚਕਾਰ ਤਣਾ ਹਾਲੇ ਵੀ ਬਰਕਰਾਰ ਹੈ। ਦੂਸਰੇ ਪਾਸੇ ਪ੍ਰਧਾਨ ਸ਼੍ਰੋਮਣੀ ਕਮੇਟੀ ਸ੍ਰੀ ਮੱਕੜ ਨੇ ਇਸ ਘਟਨਾ ਕਰਮ ਦੀ ਜਾਣਕਾਰੀ ਹੋਣ ਤੋ ਇਨਕਾਰ ਕਰ ਦਿੱਤਾ।

ਬੀਤੇ ਕਲ ਜਦੋਂ ਯਾਦਗਾਰ ਦੇ ਉਦਘਾਟਨ ਤੋਂ ਬਾਅਦ ਯਾਦਗਾਰ ਦੀ ਕਾਰ ਸੇਵਾ ਕਰਾਉਣ ਵਾਲੇ ਦਮਦਮੀ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਇੱਕ ਧਾਰਮਿਕ ਸਮਾਗਮ ਦੌਰਾਨ ਯਾਦਗਾਰ ਦੀਆ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਸੌਂਪਣ ਤੋਂ ਕੁੱਝ ਸਮੇਂ ਬਾਅਦ ਪਰਕਰਮਾ ਵਿੱਚ ਲਗਾਏ ਭਿੰਡਰਾਂਵਾਲਿਆ ਤੇ ਹੋਰ ਵਿਅਕਤੀਆਂ ਬੋਰਡਾਂ ਤੋ ਪਰਦਾ ਹਟਾਇਆ, ਤਾਂ ਬੋਰਡਾਂ ਨੂੰ ਲੈ ਕੇ ਸੰਗਤਾਂ ਵਿੱਚ ਚਰਚਾ ਛਿੜ ਗਈ। ਕੁਝ ਲੋਕ ਬੋਰਡ ਲਗਾਉਣ ਦੇ ਹੱਕ ਵਿੱਚ ਸਨ, ਤੇ ਕੁਝ ਲੋਕ ਇਹਨਾਂ ਬੋਰਡਾਂ ਨੂੰ ਕਿਸੇ ਨਵੀ ਮੁਸੀਬਤ ਦਾ ਕਾਰਨ ਦੱਸ ਰਹੇ ਸਨ।

ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਵਿਵਾਦਤ ਐਡੀਸ਼ਨਲ ਮਨੈਜਰ ਗੁਰਿੰਦਰ ਸਿੰਘ ਮੱਥਰੇਵਾਲ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਟਾਸਕ ਫੋਰਸ ਤੇ ਕਾਰਖਾਨੇ ਦੇ ਮੁਲਾਜ਼ਮ ਤੇਸੀਆਂ ਹਥੌੜੀਆਂ ਤੇ ਆਰੀਆਂ ਨਾਲ ਲੈਸ ਹੋ ਕੋ ਆਏ, ਤੇ ਉਹਨਾਂ ਨੂੰ ਗੁਰਿੰਦਰ ਸਿੰਘ ਨੇ ਆਦੇਸ਼ ਦਿੱਤਾ ਕਿ ਇਹ ਬੋਰਡ ਥੱਲੇ ਤੋਂ ਵੱਢ ਦਿੱਤਾ ਜਾਵੇ, ਪਰ ਉਸੇ ਸਮੇਂ ਹੀ ਟਕਸਾਲ ਦੇ ਸਿੰਘ ਤੇ ਹੋਰ ਸੰਗਤ ਮੌਕੇ 'ਤੇ ਪੁੱਜ ਗਈ, ਤਾਂ ਉਹਨਾਂ ਨੇ ਅਜਿਹਾ ਕਰਨ ਤੋ ਰੋਕਿਆ ਤੇ ਕਿਹਾ ਕਿ ਸਵੇਰੇ ਬਾਬਾ ਹਰਨਾਮ ਸਿੰਘ ਧੁੰਮਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਬੈਠ ਕੇ ਬੋਰਡਾਂ ਬਾਰੇ ਫੈਸਲਾ ਕਰ ਲੈਣਗੇ, ਪਰ ਦੋਹ੍ਾਂ ਵਿਚਕਾਰ ਉਸ ਵੇਲੇ ਤੱਤਕਾਰ ਵੱਧ ਗਿਆ, ਜਦੋਂ ਗੁਰਿੰਦਰ ਸਿੰਘ ਆਪਣੇ ਮੁਲਾਜਮਾਂ ਨੂੰ ਬੋਰਡ ਵੱਢਣ ਲਈ ਦਬਾ ਪਾ ਰਿਹਾ ਸੀ। ਦਮਦਮੀ ਟਕਸਾਲ ਨਾਲ ਸਬੰਧਿਤ ਮੈਂਬਰ ਸ਼੍ਰੋਮਣੀ ਕਮੇਟੀ ਚਰਨਜੀਤ ਸਿੰਘ ਨੇ ਵੀ ਗੁਰਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਅੜੀ ਤੇ ਅੜੇ ਰਹੇ। ਟਕਸਾਲ ਦੇ ਸਿੰਘਾਂ ਨੇ ਮਾਮਲਾ ਹੋਰ ਵਿਗੜਦਾ ਵੇਖ ਕੇ ਕਿਰਪਾਨਾਂ ਸੂਤ ਲਈਆਂ ਲਲਕਾਰਾ ਮਾਰ ਦਿੱਤਾ, ਕਿ ਹੁਣ ਬੱਚ ਕੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਵੇਗਾ, ਤਾਂ ਗੁਰਿੰਦਰ ਸਿੰਘ ਤੇ ਉਸ ਦੀ ਆਈ ਫੌਜ ਇੰਜ ਖਿੰਡ ਪੁੰਡ ਗਈ, ਜਿਸ ਤਰਾਂ ਮੋਤੀ ਚੂਰ ਦਾ ਲੱਡੂ ਭੁਰ ਜਾਂਦਾ ਹੈ। ਗੁਰਿੰਦਰ ਸਿੰਘ ਨੂੰ ਵੀ ਆਪਣੀ ਜਾਨ ਉਥੋਂ ਭੱਜ ਕੇ ਬਚਾਉਣੀ ਪਈ। ਸਵੇਰ ਤੱਕ ਸ਼੍ਰੋਮਣੀ ਕਮੇਟੀ ਮੁਲਾਜਮ ਤੇ ਦਮਦਮੀ ਟਕਸਾਲ ਦੇ ਸਿੰਘ ਡੱਟੇ ਰਹੇ ਤੇ ਦੋਹਾਂ ਧਿਰਾਂ ਵੱਲੋਂ ਅਗਨੀਦੋਜ਼ਕ ਹਥਿਆਰਾਂ ਦੇ ਤੋੜੇ ਵੀ ਭਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਯਾਦਗਾਰ ਗੁਰੂਦੁਆਰੇ ਦੇ ਰੂਪ ਵਿੱਚ ਉਸਾਰੀ ਗਈ, ਜਾਂ ਫਿਰ ਕੋਈ ਠਾਠ ਬਣਾਈ ਗਈ ਹੈ, ਕਿਉਂਕਿ ਗੁਰੂਦੁਆਰੇ ਉਪਰ ਨਿਸ਼ਾਨ ਸਾਹਿਬ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ, ਪਰ ਗੁਰੂਦੁਆਰੇ ਰੂਪੀ ਯਾਦਗਾਰ ਵਿੱਚ ਕੋਈ ਨਿਸ਼ਾਨ ਸਾਹਿਬ ਨਹੀਂ ਲਗਾਇਆ ਗਿਆ, ਜਿਸ ਕਾਰਨ ਸੰਗਤਾਂ ਭੰਬਲਭੂਸੇ ਵਿੱਚ ਹਨ। ਨਿਸ਼ਾਨ ਸਾਹਿਬ ਨਾ ਲਗਾਏ ਜਾਣ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ, ਤਾਂ ਉਹਨਾਂ ਕਿਹਾ ਕਿ ਉਹ ਇਸ ਵੇਲੇ ਪੰਜਾਬ ਤੋ ਬਾਹਰ ਇੰਦੌਰ ਹਨ ਅਤੇ ਵਾਪਸ ਆ ਕੇ ਹੀ ਸਾਰਾ ਜਾਇਜ਼ਾ ਲੈਣਗੇ।

ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਕਿ ਭਾਈ ਅਮਰੀਕ ਸਿੰਘ ਦੇ ਭਰਾ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਭਾਈ ਅਮਰੀਕ ਸਿੰਘ ਦੀ ਪਤਨੀ ਤੇ ਉਸਦੇ ਲੜਕੇ ਨੇ ਵੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਉਸ ਵੇਲੇ ਖਰੀਆਂ ਖਰੀਆਂ ਸੁਣਾਈਆਂ ਜਦੋਂ ਬੀਤੇ ਕਲ ਯਾਦਗਾਰ ਦਾ ਉਦਘਾਟਨ ਕੀਤਾ ਗਿਆ, ਤਾਂ ਅਰਦਾਸੀਏ ਸਿੰਘ ਨੇ ਭਾਈ ਅਮਰੀਕ ਸਿੰਘ ਦਾ ਅਰਦਾਸ ਵਿੱਚ ਨਾ ਲੈਣਾ ਵੀ ਮੁਨਾਸਿਬ ਸਮਝਿਆ ਅਤੇ ਸ਼ਹੀਦਾਂ ਦੀ ਲਗਾਈ ਗਈ ਸਿੱਲ ਉਪਰ ਵੀ ਭਾਈ ਅਮਰੀਕ ਸਿੰਘ ਦਾ ਨਾਮ ਦੂਸਰੀ ਕਤਾਰ ਵਿੱਚ ਲਿਖਿਆ ਗਿਆ ਹੈ। ਭਾਈ ਮਨਜੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਅਰਦਾਸ ਵਿੱਚ ਭਾਈ ਅਮਰੀਕ ਸਿੰਘ ਦਾ ਨਾਮ ਨਹੀਂ ਲਿਆ ਤਾਂ ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ, ਪਰ ਉਹਨਾਂ ਨੇ ਹਦਾਇਤ ਕਰ ਦਿੱਤੀ ਹੈ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

ਬੀਤੇ ਕਲ ਹੀ ਜਦੋਂ ਇਹਨਾਂ ਬੋਰਡਾਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕਿਹਾ ਸੀ ਕਿ ਇਥੇ ਕਿਸੇ ਦਾ ਨਾਮ ਨਹੀਂ ਲਿਖਿਆ ਜਾਵੇਗਾ ਅਤੇ ਇਹ ਸਿਰਫ ਯਾਦਗਾਰ ਗੁਰੂਦੁਆਰੇ ਦੇ ਰੂਪ ਵਿੱਚ ਹੋਵੇਗੀ ਤਾਂ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਲਗਾਏ ਗਏ ਬੋਰਡਾਂ ਦੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਉਦਘਾਟਨੀ ਸਮਾਰੋਹ ਸਮੇਂ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਭਾਸ਼ਨ ਵਿੱਚ ਜੋ ਬੋਲਿਆ ਸੀ ਉਹੀ ਹੀ ਬੋਰਡ ਤੇ ਲਿਖਿਆ ਗਿਆ ਸੀ। ਭਾਸ਼ਨ ਬਾਰੇ ਵੀ ਚਰਚਾ ਹੈ ਕਿ ਜਥੇਦਾਰ ਦਾ ਭਾਸ਼ਨ ਵੀ ਕਿਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਲਿਖਿਆ ਸੀ ਜਿਹੜਾ ਅੱਜ ਕਲ ਪ੍ਰਧਾਨ ਦੇ ਘੱਟ ਤੇ ਜਥੇਦਾਰ ਦੇ ਵਧੇਰੇ ਨੇੜੇ ਹੈ।

ਯਾਦਗਾਰ ਦੀ ਸੰਪੂਰਨਤਾ ਦੀ ਅਰਦਾਸ ਕਰਨ ਉਪਰੰਤ ਵੀ ਸ਼ਹੀਦੀ ਯਾਦਗਾਰੀ ਦੀ ਉਸਾਰੀ ਲਈ ਮਾਇਆ ਇਕੱਠੀ ਕਰਨ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਜਦੋਂ ਇੱਕ ਵਿਅਕਤੀ ਨੇ ਰਸੀਦ ਨੰਬਰ 19856 ਮਿਤੀ 28 ਅਪ੍ਰੈਲ 2013 ਰਾਸ਼ੀ 50 ਰੁਪਏ ਦੀ ਕੱਟਵਾਈ, ਤਾਂ ਸਾਬਤ ਹੋ ਗਿਆ ਕਿ ਦਮਦਮੀ ਟਕਸਾਲ ਵੱਲੋਂ ਉਗਰਾਹੀ ਹਾਲੇ ਵੀ ਜਾਰੀ ਹੈ।

ਬੀਤੇ ਰਾਤ ਦੀ ਵਾਪਰੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਪੁੱਛੇ ਜਾਣ ‘ਤੇ ਉਹਨਾਂ ਨੇ ਪੂਰੀ ਤਰ੍ਹਾਂ ਅਗਿਆਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਾਉਣਗੇ, ਕਿ ਇਸ ਘਟਨਾ ਲਈ ਕਿਹੜਾ ਅਧਿਕਾਰੀ ਜਾਂ ਮੁਲਾਜ਼ਮ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਪੁੱਛਣ ਲਈ ਫੋਨ ਕੀਤਾ ਤਾਂ ਉਹਨਾਂ ਪੀ.ਏ ਪ੍ਰਣਾਮ ਸਿੰਘ ਨੇ ਕਿਹਾ ਕਿ ਉਹ ਵਾਪਸ ਕਾਲ ਕਰਕੇ ਬਾਬਾ ਜੀ ਨਾਲ ਗੱਲ ਕਰਵਾ ਦੇਣਗੇ, ਪਰ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਹੋ ਸਕੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top