Share on Facebook

Main News Page

ਬੇ-ਲਗਾਮ ਭਾਈਆਂ ਦਾ ਟੋਲਾ
- ਪਾਲ ਸਿੰਘ  Host, Radio Khalsa FM www.KhalsaFM.com

ਜੀ ਹਾਂ, ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ, ਜਿਹੜਾ ਆਪ ਸਿੱਖ ਸੰਗਤਾਂ ਦੀ ਕਚਿਹਰੀ ਵਿਚ ਰੱਖਣ ਦਾ ਯਤਨ ਕਰ ਰਿਹਾ ਹਾਂ । ਪਰ ਆਪ ਸਾਰਿਆਂ ਨੂੰ ਵੀ ਇਸ ਮਸਲੇ ਤੇ ਗੰਭੀਰਤਾ ਨਾਲ ਵਿਚਾਰਨ ਲਈ ਬੇਨਤੀ ਕਰਾਂਗਾ । ਸਿੱਖ ਧਰਮ ਵਿੱਚ ਇਸ ਵਿਸ਼ੇ ‘ਤੇ ਕੰਮ ਕਰਨ ਵਾਲਿਆਂ ਨੂੰ ਗੁਰੂ ਸਾਹਿਬਾਂ ਵਲੋਂ ਅਤੇ ਸਿੱਖ ਸੰਗਤਾਂ ਵਲੋਂ ਕਿਨ੍ਹਾ ਮਾਣ ਤੇ ਸਤਿਕਾਰ ਦਿੱਤਾ ਗਿਆ ਸੀ, ਕਿਨ੍ਹੀ ਵੱਡੀ ਜਿਮੇਦਾਰੀ ਅਤੇ ਬੇਦਾਗ ਜੀਵਨ ਸੀ ਇਸ ਪਦ ‘ਤੇ ਕੰਮ ਕਰਨ ਵਾਲਿਆਂ ਦਾ, ਪਰ ਅੱਜ ਦੇ ਸਮੇਂ ਵਿੱਚ ਇਸ ਪਦ ‘ਤੇ ਕੰਮ ਕਰਨ ਵਾਲਿਆਂ ਦਾ ਕੈਸਾ ਜੀਵਨ ਹੈ, ਕੀ ਹਸ਼ਰ ਹੈ, ਸਿੱਖ ਕੌਮ ਕੋਲ ਕਿਨਾ ਸਤਿਕਾਰ ਹੈ, ਕੌਣ ਜਿਮੇਦਾਰ ਹੈ, ਅਤੇ ਕੀ ਕਾਰਨ ਹਨ ਇਸ ਦੲ ਅਕਸ ਖਰਾਬ ਹੋਣ ਦੇ। ਆਓ ਵੀਚਾਰ ਕਰੀਏ ।

ਇਸ ਪਦ ‘ਤੇ ਕੰਮ ਕਰਨ ਲਈ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਜਿਮੇਦਾਰੀ ਦਿਤੀ ਗਈ, ਜਿਸ ਕਰਕੇ ਅੱਜ ਵੀ ਇਸ ਪਦ ਤੇ ਕੰਮ ਕਰਨ ਵਾਲੇ ਨੂੰ ਬਾਬਾ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਜਾਂ ਭਾਈ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। “ਭਾਈ” ਸ਼ਬਦ ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨਾ ਜੀ ਦੇ ਨਾਮ ਨਾਲ ਲਗਾਇਆ । ਜਿਸਦਾ ਅਰਥ ਹੈ “ਭਰਾ” ਜਾਂ ਜ਼ਿੰਦਗੀ ਦੇ ਸਫਰ ਵਿਚ ਭਾਈਵਾਲ (ਸਾਥੀ) ਬਣਕੇ ਜੀਵਨ ਬਤੀਤ ਕਰਨ ਵਾਲਾ । ਉਸ ਵਿੱਚ ਭਾਈ ਮਰਦਾਨਾ ਜੀ ਬਿਲਕੁਲ ਪੂਰੇ ਉਤਰੇ । ਇਹਨਾਂ ਲਫਜਾਂ ਦੀ ਚੋਣ ਵੀ ਗੁਰੂ ਸਾਹਿਬਾਂ ਨੇ ਆਪ ਕੀਤੀ । ਪਰ ਅੱਜ ਕਿਸੇ ਸਿੱਖ ਨੂੰ ਭਾਈ ਕਹਿ ਕੇ ਅਵਾਜ਼ ਮਾਰ ਬੈਠੀਏ ਨਾਂ ਕਿਤੇ, ਤੇ ਜਿਹੜਾ ਸਤਿਕਾਰ ਫਿਰ ਅੱਗਿਓਂ ਮਿਲਦਾ ਹੈ ਉਹ ਨੀ ਹੁਣ ਮੈਂ ਲਿਖਣਾ ।

ਓਸ ਜਮਾਨੇ ਵਿਚ ਜਦੋਂ ਕੋਈ ਵੀ ਮਨੁੱਖ ਆਪਣੇ ਕੋਲ ਕੋਈ ਛੋਟਾ-ਮੋਟਾ ਗ੍ਰੰਥ ਰੱਖਦਾ ਸੀ ਤਾਂ ਉਸ ਨੂੰ ਗ੍ਰੰਥੀ ਕਿਹਾ ਜਾਂਦਾ ਸੀ । ਜਿਸ ਕਰਕੇ ਬਾਬਾ ਬੁੱਢਾ ਜੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਉਣ ਕਰਕੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ । ਜਿਸ ਨੂੰ ਅੱਜ ਗ੍ਰੰਥੀ ਸਿੰਘ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ । ਗ੍ਰੰਥੀ ਸਿੰਘ ਦੀ ਇਹ ਜਿਮੇਦਾਰੀ ਸੀ ਕਿ ਉਸ ਨੇ ਆਪ ਪੜਨਾ ਅਤੇ ਦੂਜਿਆਂ ਨੂੰ ਪੜਨਾ ਸਿਖਾਉਣਾ । ਓਦੋਂ ਸਾਰੇ ਸਿੱਖ ਬਾਣੀ ਆਪ ਪੜਨੀ ਸਿਖਦੇ ਸਨ । ਪਰ ਅੱਜ ਇਹ ਇਕ ਵੱਖਰੀ ਸ਼੍ਰੇਣੀ ਬਣ ਕੇ ਹੀ ਰਹਿ ਗਈ ਹੈ । ਪੜਨ-ਪੜ੍ਹਾਉਣ ਵਾਲੀ ਕਹਾਣੀ ਹੁਣ ਤਕਰੀਬਨ ਬੰਦ ਹੀ ਹੈ ਕਿਉਂਕਿ ਬਹੁਤੇ ਭਾਈ ਖੁਦ ਨਹੀਂ ਪੜੇ ਉਹ ਦੂਜਿਆਂ ਨੂੰ ਕੀ ਪੜ੍ਹਾਉਣਗੇ । ਜਿਹੜਾ ਬੰਦਾ ਕਿਤੇ ਕਾਮਯਾਬ ਨਹੀਂ ਹੋਇਆ ਉਹ ਭਾਈ ਬਣ ਗਿਆ, ਤੇ ਨਾ ਹੀ ਸਾਡੀ ਕਿਸੇ ਸਿੱਖ ਸੰਸਥਾ ਨੇ ਇਹ ਕੋਈ ਪ੍ਰਨਾਲੀ ਤਿਆਰ ਕੀਤੀ ਜਿਸ ਨਾਲ ਇਸ ਦੀ ਸਹੀ ਪਹਿਚਾਣ ਕੀਤੀ ਜਾਵੇ । ਹੁਣ ਤਾਂ ਭਾਈਆਂ ਦੀਆਂ ਬਹੁਤ ਸ਼੍ਰੇਣੀਆਂ ਬਣ ਗੀਆਂ ਹਨ, ਜਿਵੇਂ ਗ੍ਰੰਥੀ, ਰਾਗੀ, ਕਥਾਵਾਚਕ, ਢਾਡੀ , ਕਵੀਸ਼ਰ, ਅਖੰਡ ਪਾਠੀ, ਸਹਿਜ ਪਾਠੀ, ਕੋਈ ਸੋਧੀ (ਇਹ ਅਜੇ ਇਕੱਲੇ ਦਮਦਮੀ ਟਕਸਾਲ ਵਿੱਚ ਹੀ ਮਿਲਦੇ ਹਨ) ਕੋਈ ਬਾਬਾ, ਫਿਰ ਮਹਾਂਪੁਰਖ ਬਾਬਾ, ਸੰਤ, 108 ਸੰਤ, 1008 ਸੰਤ, ਫਿਰ ਬ੍ਰਹਮ ਗਿਆਨੀ ਬਾਬਾ । ਫਿਰ ਅੱਗੇ ਤੇ ਪਤਾ ਨਹੀਂ ਕਿੱਥੇ ਤੱਕ ਜਾਣਾ, ਜਿਨਾ ਵੱਡਾ ਢਿੱਡ ਓਨਾ ਈ ਵੱਡਾ ਬਾਬਾ । ਚਲੋ ਆਪੇ ਸਿੱਖ ਕੌਮ ਜੂਝਜਦੀ ਫਿਰੇਗੀ ਇਨ੍ਹਾਂ ਨਾਲ । ਦੁਸ਼ਮਣ ਹੁਣ ਤਿਰਸ਼ੂਲ ਲੈ ਕੇ ਨਹੀ ਆਵੇਗਾ, ਖੰਡਾ ਲਾ ਕੇ ਆ ਚੁੱਕਾ ਹੈ । ਕੌਣ ਹੈ? ਜੋ ਇਸ ਦੀ ਪਹਿਚਾਣ ਕਰਵਾਏਗਾ । ਸਾਡੇ ਜਥੇਦਾਰ ਵੀ ਲੰਬੀਆਂ ਤਾਣ ਕੇ ਸੌਂ ਗਏ । ਉਹ ਤਾਂ ਦੁਸ਼ਮਣ ਨੇ ਪਹਿਲਾਂ ਬਣਾਏ ਹੀ ਅੰਨੇ, ਬੋਲੇ, ਗੁੰਗੇ ਤੇ ਠੀਠ-ਮਚਲੇ ਹਨ । ਕੋਈ ਬਾਬਾ, 11 ਚਮਟਿਆਂ ਵਾਲੇ ਨਾਲ ਬਿਠਾਉਦਾ ਹੈ, ਕੋਈ 21 ਬਿਠਾਉਂਦਾ ਹੈ । ਸਭ ਭੇਡ-ਚਾਲਾਂ ਚੱਲੀਆਂ ਜਾਂਦੀਆਂ ਨੇ । ਨਾ ਕੋਈ ਪੁੱਛਣ ਵਾਲਾ ਹੈ ਇਨ੍ਹਾ ਨੂੰ ਕਿ ਕਿਹੜਾ ਰਾਗ ਨਿਕਲਿਆ ਹੈ ਅੱਜ ਤੱਕ ਇ੍ਹਨਾ ਚਿਮਟਿਆਂ ਵਿੱਚੋਂ ।

ਅੱਜ ਜਿਨ੍ਹੀਆਂ ਵੀ ਇਹ ਸ਼੍ਰੇਣੀਆਂ ਬਣੀਆਂ ਨੇ ਸਭ ਆਪੋ-ਆਪਣੀ ਰੋਟੀ ਦੀ ਖਾਤਰ ਬਣੀਆਂ ਨੇ । ਹਾਂ ਕੁਝ ਨੌਜੁਆਨ ਗਬਰੂ (ਇਸ ਰੋਟੀ ਵਾਲੇ ਮਸਲੇ ਦਾ ਤਿਆਗ ਕਰਕੇ) ਉੱਠੇ ਹਨ ਹੁਣ ਜਿਨ੍ਹਾਂ ਕੌਮ ਨੂੰ ਆਪਣੇ ਪੁਰਖਿਆਂ ਦੇ ਜੀਵਨ ਅਤੇ ਕਾਰਨਾਮਿਆਂ ਦਾ ਵਾਸਤਾ ਪਾ ਕੇ ਗੁਰਬਾਣੀ ਦੇ ਗਿਆਨ ਨਾਲ ਝੰਜੋੜਨ ਦਾ ਜਤਨ ਕੀਤਾ ਹੈ ਪਰ ਕਸਾਈ ਹੱਥ ਵਿੱਚ ਛੁਰੀ ਲੈ ਕੇ ਉਨਾਂਾ ਦੇ ਪਿੱਛੇ ਪਿਆ ਹੋਇਆ ਹੈ ਪਤਾ ਨਹੀ ਕਦੋਂ ਬਲੀ ਲੈ ਲਏ । ਸਿਰ ਝੁੱਕਦਾ ਹੈ ਸਾਡਾ ਓਹਨਾ ਵੀਰਾਂ ਅੱਗੇ । ਨਾਲੇ ਸਿੱਖ ਨੂੰ (ਕਰਮ-ਕਾਂਡੀ ) ਚਿੱਕੜ ਵਿੱਚ ਪਏ ਨੂੰ ਸਦੀਆਂ ਹੋ ਗਈਆਂ ਹਨ । ਐਨੀਂ ਛੇਤੀ ਇਹ ਸਾਫ ਨਹੀ ਹੋਣਾ । ਤਕਰੀਬਨ 25 ਸਾਲ ਤੋਂ ਮੈ ਸਿੱਖ ਕੌਮ ਦੇ ਗ੍ਰੰਥੀ , ਕੀਰਤਨੀਏ ਸਿੰਘਾਂ ਨਾਲ ਵਿਚਰਦਾ ਆ ਰਿਹਾ ਹਾਂ । ਸਭ ਆਪੋ-ਆਪਣਾ ਝੰਡਾ ੳੱਚਾ ਚੁੱਕਣ ਤੱਕ ਸੀਮਤ ਹਨ । ਵੱਡੇ ਵੱਡੇ ਕੀਰਤਨੀ ਜਥੇ, ਨਾਮੀ ਕਥਾਵਾਚਕ, ਢਾਡੀ, ਕਵੀਸ਼ਰ, ਸੰਤ ਬਾਬੇ, ਜਿਨ੍ਹਾਂ ਨਾਲ ਵਿਚਰਨ ਦਾ ਮੌਕਾ ਵੀ ਮਿਲਿਆ, ਬਸ ਆਪਣੀ ਪੈਸਿਆਂ ਵਾਲੀ ਢੇਰੀ ਦਾ ਹੀ ਫਿਕਰ ਪਾਲੀ ਬੈਠੇ ਨੇ । ਉਹ ਕਿਵੇਂ ਵੱਡੀ ਕਰਨੀ ਹੈ ।

ਕੋਈ ਸਟੇਜ ਤੇ ਮਨ-ਘੜਤ ਕਹਾਣੀ ਸੁਣਾਵੇ ਜਾਂ ਆਪਣੇ ਕੋਲੌਂ ਬਣਾ ਕੇ ਧਾਰਨਾ ਸੁਣਾਵੇ, ਸਿੱਖਾਂ ਨੂੰ ਸਭ ਪਰਵਾਣ । ਹੁਣ ਗੁਰਦੁਆਰਿਆਂ ਵਿਚ ਚਲੀਸੇ, ਚੌਪੈਹਿਰੇ, ਜਪ ਤਪ, ਯੋਗਾ, ਸਰਬ ਰੋਗ ਕਾ ਅਉਖਧ ਨਾਮ ਅਦਿ ਸਮਾਗਮ ਹੋ ਰਹੇ ਨੇ । ਕੌਣ ਕਰਵਾ ਰਿਹਾ ਹੈ ? ਸਭ ਭਾਈਆਂ ਦੀ ਕਰਾਂਮਾਤ ਹੈ । ਮੈਂ 25 ਸਾਲਾਂ ਵਿਚ ਹਜਾਰਾਂ ਕੀਰਤਨੀ ਜਥਿਆਂ ਦਾ ਕੀਰਤਨ ਸੁਣਿਆਂ ਪਰ ਐਸਾ ਕੀਰਤਨੀ ਜਥਾ ਕੋਈ ਨਹੀਂ ਮਿਲਿਆ ਜਿਸ ਨੂੰ ਇਹ ਪਤਾ ਹੋਵੇ ਕਿ ਕੀਰਤਨ ਅਸਲੀ ਹੋਣਾਂ ਕਿਹੜੀ ਪੰਗਤੀ ਤੋ ਚਾਹੀਦਾ ਹੈ । ਕਿਉਂਕਿ ਐਸੀ ਸਿਖਲਾਈ ਕਿਤਓਂ ਹੋਈ ਨਹੀਂ । ਇਹ ਲੋਕ ਸਿਰਫ ਸੰਗੀਤਕ ਕਲਾਬਾਜੀਆਂ ਵਿਚ ਖੁਬ ਕੇ ਰਹਿ ਗਏ ਹਨ । ਗੁਰਬਾਣੀ ਦਾ ਉਚਾਰਨ ਕਿਵੇਂ ਕਰਨਾ ਹੈ । ਂਗੁਰਬਾਣੀ ਵਿਚ “ਰਹਾਉ” ਦਾ ਕੀ ਮਤਲਬ ਹੈ, ਕੀਰਤਨ ਲਈ ਅਸਥਾਈ ਕਿਸ ਪੰਗਤੀ ਨੂੰ ਬਣਾਉਣਾ ਹੈ, ਪਾਉੜੀ ਦਾ ਕੀਰਤਨ ਕਿਸ ਪੰਗਤੀ ਤੋਂ ਹੋਣਾ ਹੈ , ਵਾਰ ਦਾ ਕੀਰਤਨ ਕਿਸ ਪੰਗਤੀ ਤੋਂ ਹੋਣਾ ਹੈ । ਕੋਈ ਇਕ ਮਾਪਦੰਡ ਅੱਜ ਤੱਕ ਕੌਮ ਕੋਲੋਂ ਨਹੀ ਬਣਿਆ । ਅੱਜ 95% ਢਾਡੀ , ਕਵੀਸ਼ਰ ਗੁਰਬਾਣੀ ਪੜਨੀ ਹੀ ਨਹੀਂ ਜਾਣਦੇ । ਕੀ ਪ੍ਰਚਾਰ ਕਰਨਗੇ ਸਿੱਖੀ ਦਾ । ਬਸ ਕਿਲ-ਕਿਲ, ਝੂਠ ਨੂੰ ਮਸਾਲੇ ਲਾ-ਲਾ ਕੇ ਸੁਣਾਈ ਜਾਂਦੇ ਨੇ ਸਭ ਪਰਵਾਣ ਹੈ । ਬਾਕੀ ਸੰਤ ਬਾਬਿਆਂ ਨੇ ਜਿਹੜੀਆਂ ਕਮਾਲਾਂ ਕੀਤੀਆਂ ਨੇ ਇਸ ਮੈਦਾਨ ਵਿੱਚ ਆ ਕੇ, ਉਹ ਤਾਂ ਮੈਨੂੰ ਲੱਗਦਾ ਰੱਬ ਵੀ ਹੱਥ ਜੋੜ ਕੇ ਨਮਸ਼ਕਾਰ ਕਰੇਗਾ ਕਿ ਐਨੇ ਗਪੌੜੀ ਵੀ ਮੇਰੇ ਕੋਲੋਂ ਭੇਜ ਹੋਗੇ ਸੰਸਾਰ ਤੇ । ਕਥਾਕਾਰਾਂ ਨੇ ਵੀ ਖੂਬ ਕਹਾਣੀਆਂ ਸੁਣਾਈਆਂ ਸਿੱਖਾਂ ਨੂੰ ਸਿਰਫ ਬੇਹੋਸ਼ ਕਰਨ ਲਈ ।

ਕੌਣ ਇਸ ਦੀ ਰੋਕ-ਥਾਂਮ ਲਈ ਜਿਮੇਵਾਰ ਹੈ ? ਜੇ ਜਥੇਦਾਰ ਸੌਂ ਗਏ ਤਾਂ ਕੀ ਹੋਇਆ, ਸਿੱਖ ਨਹੀ ਸੌਂ ਸਕਦੇ । ਬਸ ਸਾਰਾ ਕੁਝ ਹੁਣ ਸੁਤਿਆਂ ਦੇ ਹੀ ਹੋ ਰਿਹਾ ਹੈ । ਹੁਣ ਤਾਂ ਅਰਦਾਸ ਦੇ ਬੋਲ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ’ ਵੀ ਬਦਲ ਲੈਣੇ ਚਾਹੀਦੇ ਹਨ ਕਿ ‘ਸਿੱਖਾਂ ਦਾ ਮਨ ਖੋਟਾ ਮਤ ਪੁੱਠੀ’ । ਅੱਜ ਸਿੱਖਾਂ ਦੀ ਕਹਿੰਦੀ-ਕਹਾਂਉਦੀ ਸੁਪਰੀਮ ਪਾਵਰ ਸ਼੍ਰੋਮਣੀ ਕਮੇਟੀ ਤਕਰੀਬਨ 90 ਸਾਲ ਦੀ ਉਮਰ ਹੰਡਾਅ ਚੁੱਕੀ ਹੈ । ਕੀ ਦੇਣ ਹੈ ਸਿੱਖ ਪੰਥ ਨੂੰ ਅੱਜ ਦੇ ਸਮੇਂ ਵਿੱਚ ਇਹਨਾਂ ਦੀ । ਸਗੋਂ ਕਲੰਕ ਸਿੱਧ ਹੋਈ ਹੈ । ਇਸ ਕਮੇਟੀ ਵਿਚ ਭਰਤੀ ਕੀਤੇ ਸਾਰੇ ਮੁਲਾਜਮਾਂ ਦੀ ਕਿਸੇ ਅਜੰਸੀ ਕੋਲੋਂ ਜੇ ਜਾਂਚ ਕਰਵਾਈ ਜਾਵੇ (ਬਲੱਡ ਟੈਸਟ ਰਾਹੀ) ਤਾਂ ਕੌਮ ਨੂੰ ਅੱਜ ਖੂਨ ਦੇ ਅੱਥਰੂ ਰੋਣੇ ਪੈਣਗੇ । ਇਸ ਕਮੇਟੀ ਦਾ ਬਹੁਤਾ ਭਾਈ ਲਾਣਾ ਸ਼ਰਾਬ ਪੀਂਦਾ ਹੈ । ਕਿਨ੍ਹੇ ਪ੍ਰਚਾਰਕ ਹਨ ਇਹਨਾਂ ਦੇ ਕਾਗਜਾਂ ਵਿੱਚ ਅਤੇ ਕਿਨੇ ਹਨ ਜੋ ਆਪਣੀ ਡਿਊਟੀ ਕਰ ਰਹੇ ਹਨ । ਸਭ ਭਾਈ-ਭਤੀਜੇ ਇਕੱਠੇ ਹੋ ਕਿ ਸਿੱਖ ਕੌਮ ਦਾ ਸਰਮਾਇਆ ਲੁੱਟ ਰਹੇ ਨੇ । ਜੇ ਕਿਤੇ ਪੰਜਾਬ ਦੇ ਕਿਸੇ ਪਿੰਡ ਵਿਚ ਜਾ ਕੇ ਕਿਸੇ ਭਾਈ ਨੂੰ ਸਿੱਖ ਰਹਿਤ ਮਰਯਾਦਾ ਸਬੰਧੀ ਕੁਝ ਪੁਛ ਬੈਠੋ ਤਾਂ ਅਖੀਰ ਵਿਚ ਏਹੋ ਕਹਿਣਾ ਪੈਂਦਾ ਹੈ ਕਿ ਕਿੱਥੇ ਵੱਡ-ਖਾਣੇ ਭਾਈ ਨਾਲ ਪੰਗਾ ਲੈ ਬੈਠੇ । ਇਹ ਹਾਲਾਤ ਹਨ ਪਿੰਡਾਂ ਦੇ ਭਾਈਆਂ ਦੇ ਜੋ ਧਾਗੇ-ਤਵੀਤ, ਆਟੇ ਦੇ ਪੇੜੇ ਜਾਂ ਪਾਣੀ ਕਰਕੇ ਦਿੰਦੇ ਹਨ ਲੋਕਾਂ ਨੂੰ ।

ਅੱਜ ਤੱਕ ਸਿਖਾਂ ਵਿਚ ਵਿਦਵਾਨ ਪੜੇ-ਲਿਖੇ ਸੱਜਨ ਦੀ ਕੋਈ ਕੀਮਤ ਨਹੀਂ ।ਕਿੳਂਕਿ ਇਨ੍ਹਾ ਨੇ ਆਪਣੀ ਕੋਮ ਦੇ ਭਵਿਖ ਬਾਰੇ, ਕੌਮ ਦੀ ਡੱਕੋ-ਡੋਲੇ ਖਾਂਧੀ ਕਿਸ਼ਤੀ ਦੀ ਚਿੰਤਾ ਸਮਾਜ ਦੇ ਸਾਹਮਣੇ ਰੱਖਣੀ ਹੁੰਦੀ ਹੈ, ਉਸ ਨੂੰ ਬੜੇ ਸਿਸਟੇਮੈਟਿਕ ਤਰੀਕੇ ਨਾਲ ਤਬਾਹ ਕੀਤਾ ਗਿਆ ਹੈ । ਅੱਜ ਮੌਜੂਦਾ ਸਿੱਖ ਦੇ ਹਾਲਾਤ ਮੈਨੂੰ ਇਸ ਤਰਾਂ ਲੱਗਦੇ ਹਨ ਜਿਸ ਤਰਾਂ ਇਕ ਬਿੱਲੀ ਦੇ ਬਲੂੰਗੜੇ ਨੂੰ ਫੜਕੇ ਕਿਸੇ ਬੋਰੀ ਵਿਚ ਪਾ ਕੇ ਕੋਈ 10-15 ਮਿੰਟ ਇਧਰ-ਓਧਰ ਹਿਲਾਉਣ ਤੋਂ ਬਾਅਦ ਬੋਰੀ ਖੋਲ ਦੇਵੇ ਤਾਂ ਬਾਹਰ ਨਿਕਲ ਕੇ ਬਲੂੰਗੜਾ ਅੱਖਾਂ ਫੇਰ-ਫੇਰ ਕੇ ਇਧਰ-ਓਧਰ ਡੌਰਭੌਰਾ ਹੋਇਆ ਦੇਖਦਾ ਹੈ । ਬੱਸ ਸਿੱਖ ਦੇ ਹਾਲਾਤ ਇਹ ਹਨ ਹੁਣ । ਜਦੋਂ ਇਹ ਹੁਣ ਦੌੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਸ ਏਧਰ-ਓਧਰ ਕੰਧਾਂ ਵਿਚ ਹੀ ਵੱਜਦਾ ਫਿਰਦਾ ਹੈ ।

ਅੰਤ ਵਿਚ ਕੌਮ ਦੇ ਖੜਪੈਂਚ ਲੀਡਰਾਂ ਨੂੰ, ਚੌਧਰ ਦੇ ਭੁਖੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਤੇ ਲੋਟੂ ਭਾਈਆਂ ਨੂੰ ਖਬਰਦਾਰ ਕਰਦਾ ਹੋਇਆ ਏਹੋ ਆਖਾਂਗਾ ਕਿ ਆਪਣੇ ਕੰਮ ਪ੍ਰਤੀ ਵਫਾਦਾਰੀ ਨਿਭਾਓ । ਨਹੀਂ ਤਾਂ ਸਿੱਖ ਕੌਮ ਦੇ ਸਿਰ ਤੇ ਗੁਰੂ ਸਾਹਿਬਾਂ ਵਲੋਂ ਤਾਣੀ ਹੋਈ ਸਿੱਖੀ-ਚਾਦਰ ਅੱਜ ਚੰਗੀ ਤਰਾਂ ਪਾਟ ਚੁੱਕੀ ਹੈ । ਅੱਜ ਜੇ ਇਸ ਨੂੰ ਸਿਉਣ ਦਾ ਯਤਨ ਨਾ ਕੀਤਾ ਤਾਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਨੂੰ ਫਿਰ ਤਪਦੀਆਂ ਧੁੱਪਾਂ ਵਿਚ ਬੈਠਣਾ ਪਏਗਾ । ਇਸ ਵਿੱਚ ਸਾਡੀ ਸਾਰੀ ਕੌਮ ਦੀ ਲਾਪਰਵਾਹੀ ਮੰਨੀ ਜਾਏਗੀ ।

ਭੁੱਲ-ਚੁੱਕ ਲਈ ਖਿਮਾ ਦਾ ਜਾਚਕ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top