Share on Facebook

Main News Page

ਸਾਨੂੰ ਧੰਨਵਾਦ ਨਹੀਂ ਚਾਹੀਦਾ, ਧੰਨਵਾਦਾਂ ਨਾਲ ਕੰਮ ਨਹੀਂ ਬਣਦਾ, ਜੇ ਕਿਸੇ ਕੋਲ ਕੰਮ ਕਰਨ ਦਾ ਹੀਆ ਹੈ, ਤਾਂ ਅੱਗੇ ਆਵੇ

ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਫੋਕੀਆਂ ਫੜਾਂ ਮਾਰਨੀਆਂ, ਕੁਮੈਂਟ 'ਤੇ ਕੁਮੈਂਟ ਲਿਖ ਲਿਖ ਕੇ ਵੱਡੇ ਵੱਡੇ ਦਮਗੱਜੇ ਮਾਰਨੇ, ਮੀਲਾਂ ਲੰਬੇ ਲੇਖ ਲਿਖ ਕੇ ਜਾਗਰੂਕਤਾ ਦੀਆਂ ਗੱਲਾਂ ਕਰਨੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਗਿਫਟਾਂ ਨੂੰ ਵੱਧ ਮਾਨਤਾ ਦੇਣੀ, ਗੁਰੁ ਨੂੰ ਗੁਰੂ ਕਹਿਣ ਤੋਂ ਕੰਨੀ ਕਤਰਾਉਣਾ, ਵੈਬਸਾਈਟਾਂ 'ਤੇ ਜੂੰਡਿਓ ਜੂੰਡੀ ਹੋਈ ਜਾਣਾ, 70-80,000 ਤੋਂ ਵੱਧ ਦੇ ਫੇਸਬੁੱਕ ਦੇ ਅਣਦੇਖੇ ਮੈਂਬਰ ਹੋਣ ਦਾ ਮਾਣ ਕਰਨ, ਉਹ ਮੈਂਬਰ ਕੰਮ ਕਰਨ ਵੇਲ਼ੇ ਕਿੱਥੇ ਚਲੇ ਜਾਂਦੇ ਨੇ, ਉਹੀ 8-10 ਬੰਦੇ ਹਰ ਰੋਜ਼ ਕੋਈ ਨਾ ਕੋਈ ਨਵਾਂ ਪੰਗਾ ਖੜਾ ਕਰੀ ਰਖਦੇ ਨੇ। ਉਹੀ ਸਵਾਲ ਮੁੜ ਮੁੜ ਕੇ ਜਿਵੇਂ "ਕਿ ਮਾਸ ਖਾਣਾ ਸਿੱਖ ਲਈ ਜਾਇਜ਼ ਹੈ?" ਫਿਰ ਦੇਖੋ ਕਿਵੇਂ ਕੁਮੈਂਟ ਤੇ ਕੁਮੈਂਟ ਚੜਦਾ...

ਪਰ ਕੀ ਇਹ ਗੱਲਾਂ ਤੋਂ ਵੱਧ ਕੁੱਝ ਹੈ? ਜਦੋਂ ਕੰਮ ਕਰਨ ਦਾ ਮੌਕਾ ਆਵੇ ਉਦੋਂ ਦੂਰ ਤੱਕ ਕੋਈ ਨਾ ਦਿਖਣਾ, ਉਦਾਂ ਗੱਲਾਂ ਦਾ ਕੜਾਹ ਬਣਾਈ ਜਾਣਾ...

ਇਹ ਗੱਲਾਂ ਲਿਖਣ ਦਾ ਮਨ ਤਾਂ ਨਹੀਂ ਕਰਦਾ ਸੀ, ਪਰ ਮਜਬੂਰਨ ਲਿਖਣੀਆਂ ਪਈਆਂ। ਜਿਸ ਦਿਨ ਤੋਂ ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐਸ.ਏ. ਨੇ ਗੁਰਬਚਨ ਸਿੰਘ ਨੂੰ ਸਵਾਲਾਂ ਦਾ ਸਿਲਸਿਲਾ ਚਲਾਇਆ ਹੈ, ਕਾਫੀ ਸਵਾਲ ਪਾਠਕਾਂ ਵਲੋਂ ਆਏ ਹਨ, ਫੋਨ ਆਏ ਹਨ, ਕਿ ਬਹੁਤ ਵਧੀਆ ਕੰਮ ਕਰਕ ਰਹੇ ਹੋ, ਤੁਹਾਡਾ ਧੰਨਵਾਦ...

ਸਾਨੂੰ ਧੰਨਵਾਦ ਨਹੀਂ ਚਾਹੀਦਾ, ਧੰਨਵਾਦਾਂ ਨਾਲ ਕੰਮ ਨਹੀਂ ਬਣਦਾ, ਜੇ ਕਿਸੇ ਕੋਲ ਕੰਮ ਕਰਨ ਦਾ ਹੀਆ ਹੈ ਤਾਂ ਅੱਗੇ ਆਵੇ, ਇਹ ਲਿਖਣ ਨਾਲ ਸਾਨੂੰ ਕੋਈ ਸ਼ਰਮ ਨਹੀਂ, ਕਿ ਸਿਵਾਏ 3-4 ਜਥੇਬੰਦੀਆਂ ਤੋਂ, ਕਿਸੇ ਜਥੇਬੰਦੀ, ਸੰਸਥਾ ਦਾ ਨਾਮ ਨਹੀਂ ਆਇਆ। ਇੰਦਰਜੀਤ ਸਿੰਘ ਕਾਨਪੁਰ ਨੂੰ ਪਾਣੀ ਪੀ-ਪੀ ਕੇ ਕੋਸਣ ਵਾਲੇ, ਕੰਮ ਕਰਨ ਵੇਲੇ ਘੁਰਨਿਆਂ ‘ਚ ਲੁੱਕ ਜਾਂਦੇ ਨੇ। ਜੀ, ਇੰਦਰਜੀਤ ਸਿੰਘ, ਗੜਵਈ ਹੈ, ਉਸਨੂੰ ਬੋਲਣ ਦੀ ਅਕਲ ਨਹੀਂ, ਕੁੱਤਾ ਤੱਕ ਕਹਿਣ ਵਾਲੇ… ਅਤੇ ਹੋਰ ਵੀ ਕਈ ਕੁੱਝ, ਉਦੋਂ ਕਿੱਥੇ ਚਲੇ ਜਾਂਦੇ ਨੇ, ਜਦੋਂ ਉਸੇ ਅਖੌਤੀ ਜਥੇਦਾਰ ਦੇ ਵਿੱਰੁਧ ਖੜੇ ਹੋਣ ਦੀ ਗੱਲ ਆਉਂਦੀ ਹੈ? ਪ੍ਰੋ. ਦਰਸ਼ਨ ਸਿੰਘ ਨੂੰ ਕੋਸਣ ਵਾਲੇ ਅਖੌਤੀ ਜਾਗਰੂਕ, ਕਿੱਥੇ ਚਲੇ ਜਾਂਦੇ ਹਨ? ਜੇ ਕੋਈ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਸਾਹਮਣੇ ਅੱਜ ਦੇ ਸਮੇਂ ਧੌਣ ਚੁੱਕ ਕੇ, ਸੀਨਾ ਤਾਣ ਕੇ ਕੋਈ ਖੜਾ ਹੋਇਆ ਹੈ, ਤਾਂ ਪ੍ਰੋ. ਦਰਸ਼ਨ ਸਿੰਘ। ਅਖੌਤੀ ਜਥੇਦਾਰ ਗੁਰਬਚਨ ਸਿੰਘ ਦੀ ਧਮਕੀਆਂ ਅਤੇ ਸਾਰੇ ਵਸੀਲਿਆਂ ਦੇ ਖਿਲਾਫ ਜੇ ਕਿਸੇ ਨੇ ਬਿਨਾਂ ਡਰ ਤੋਂ ਗੁਰਮਤਿ ਸਮਾਗਮ ਕਰਵਾਇਆ ਅਤੇ ਹੁਣ ਵੀ ਉਨ੍ਹਾਂ ਖਿਲਾਫ ਹੌਂਸਲੇ ਨਾਲ ਖੜਾ ਹੈ, ਤਾਂ ਉਹ ਵੀਰ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਅਕਾਲੀ ਜਥਾ ਕਾਨਪੁਰ ਦੇ ਵੀਰ ਹੀ ਹਨ। ਤੇ ਨਾਮ ਵੀ ਇਨ੍ਹਾਂ ਦੇ ਹੀ ਪਹਿਲਾਂ ਆਏ ਹਨ।

ਇਹ ਕੰਮ ਸਾਡੇ ਇੱਕਲਿਆਂ ਦਾ ਨਹੀਂ, ਸਾਰਿਆਂ ਦਾ ਹੈ। ਸਾਡੀ ਲੜਾਈ ਵਿਗੜੇ ਹੋਏ ਸਿਸਟਮ ਦੇ ਖਿਲਾਫ ਹੈ। ਜੇ ਸਵਾਲ ਪੁੱਛਣ ‘ਤੇ ਹੀ ਇਨ੍ਹਾਂ ਡਰ ਲੱਗਦਾ ਹੈ ਤਾਂ, ਐਸੀ ਜਾਗਰੂਕਤਾ ਕਿਸੇ ਕੰਮ ਦੀ ਨਹੀਂ।

ਕੋਈ ਇਹ ਨਾ ਸਮਝੇ ਕਿ ਅਸੀਂ ਕਿਸੇ ਦੇ ਤਰਲੇ ਕਰ ਰਹੇ ਹਾਂ, ਕੰਮ ਕਰਨ ਵਾਲੇ ਦੋ ਚਾਰ ਹੀ ਹੋਣ ਤਾਂ ਵੀ ਕੰਮ ਚਲਦਾ ਹੈ। ਅਸੀਂ ਸਾਰਿਆਂ ਨੂੰ ਨਾਲ ਲੈਕੇ ਇਸ ਕੰਮ ਨੂੰ ਕਰਨਾ ਚਾਹੁੰਦੇ ਸੀ। ਅਸੀਂ ਇਨ੍ਹਾਂ ਦੋ ਚਾਰ ਜਥੇਬੰਦੀਆਂ ਨਾਲ ਹੀ ਆਪਣਾ ਕੰਮ ਜਾਰੀ ਰੱਖਾਂਗੇ, ਅਤੇ ਇਸੇ ਤਰ੍ਹਾਂ ਚਲਦੇ ਰਹਾਂਗੇ।

ਗੁਰੂ ਸੁਮੱਤ ਬਖਸ਼ੇ।

ਸੰਪਾਦਕ

ਟਾਈਗਰ ਜਥਾ ਯੂਕੇ
ਖ਼ਾਲਸਾ ਨਿਊਜ਼
ਸਿੰਘ ਸਭਾ ਯੂ.ਐਸ.ਏ.


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top