Share on Facebook

Main News Page

ਸ਼੍ਰੋਮਣੀ ਕਮੇਟੀ ਪੰਜਾਬ ਪੁਲਿਸ ਦੀ ਝਾਲਰ ਵਾਲੀ ਪੱਗ ਦਾ ਮਸਲਾ ਹੱਲ ਕਰਾਉਣ ਲਈ ਅੱਗੇ ਆਈ

ਪਟਿਆਲਾ (ਕੁਲਵੰਤ ਸਿੰਘ) : ਰੋਜ਼ਾਨਾ ਸਪੋਕਸਮੈਨ ਵਲੋਂ ਪੁਲਿਸ ਮੁਲਾਜ਼ਮਾਂ ਦੀ ਸਿੱਖ ਮਰਿਆਦਾ ਦੇ ਉਲਟ ਝਾਲਰ ਵਾਲੀ ਪੱਗ ਬਾਰੇ ਪ੍ਰਕਾਸ਼ਤ ਰੀਪੋਰਟ ਦੀ ਜ਼ੋਰਦਾਰ ਢੰਗ ਨਾਲ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਜਿਥੇ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਪੁਲਿਸ ਮੁਲਾਜ਼ਮਾਂ ਨੂੰ ਇਹ ਮਸਲਾ ਜਲਦ ਹੱਲ ਕਰਾਉਣ ਦਾ ਭਰੋਸਾ ਦਵਾਇਆ ਹੈ, ਉਥੇ ਦੂਜੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਨੇ ਵੀ ਪੁਲਿਸ ਮੁਲਾਜ਼ਮਾਂ ਨੂੰ ਅਜਿਹੀ ਪੱਗ ਬੰਨ੍ਹਣ ਲਈ ਮਜਬੂਰ ਕਰਨ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਜਲਦ ਹੀ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਅਕਾਲ ਤਖ਼ਤ ਸਾਹਿਬ ਦੇ 'ਜਥੇਦਾਰ' ਕੋਲ ਇਹ ਮਸਲਾ ਉਠਾਉਣਗੇ ਤਾਕਿ ਸਿੱਖ ਪੁਲਿਸ ਮੁਲਾਜ਼ਮਾਂ ਨੂੰ ਰਾਹਤ ਦਿਵਾਈ ਜਾ ਸਕੇ। ਭਾਵੇਂ ਪੁਲਿਸ ਮੁਲਾਜ਼ਮਾਂ ਦੀ ਝਾਲਰ ਵਾਲੀ ਪੱਗ ਬਾਰੇ ਸਪੋਕਸਮੈਨ ਵਲੋਂ ਪਹਿਲਾਂ ਹੀ ਵਿਸਥਾਰ ਨਾਲ ਦਸਿਆ ਜਾ ਚੁੱÎਕਾ ਹੈ ਪਰ ਇਸ ਸਬੰਧ ਵਿਚ ਸਾਹਮਣੇ ਆ ਰਹੇ ਕਈ ਹੋਰ ਤੱਥਾਂ ਨੇ ਸਿੱਖ ਚਿੰਤਕਾਂ ਨੂੰ ਹੋਰ ਡੂੰਘੀ ਚਿੰਤਾ ਵਿਚ ਪਾ ਦਿਤਾ ਹੈ। ਜਾਣਕਾਰੀ ਅਨੁਸਾਰ 6 ਦਸੰਬਰ  2000 ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਨੇ ਇਕ ਮਤਾ ਨੰਬਰ 8 ਰਾਹੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਸਿਪਾਹੀ ਅਤੇ ਹੌਲਦਾਰ ਕਰਮਚਾਰੀਆਂ ਨੂੰ ਅੰਗਰੇਜ਼ੀ ਹਕੂਮਤ ਸਮੇਂ ਤੋਂ ਝਾਲਰ ਪੱਲੂ ਵਾਲੀ ਪਗੜੀ ਬੰਨ੍ਹਣ ਲਈ ਦਿਤੀ ਜਾਂਦੀ ਹੈ ਕਿਉਂਕਿ ਇਹ ਪਗੜੀ ਹਰ ਰੋਜ਼ ਨਹੀਂ ਬੰਨ੍ਹੀ ਜਾ ਸਕਦੀ, ਇਸ ਲਈ ਇਹ ਟੋਪੀ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਠੀਕ ਨਹੀਂ। ਇਸ ਲਈ ਪਗੜੀ ਦੀ ਜਗ੍ਹਾ 'ਤੇ ਚੰਡੀਗੜ੍ਹ ਪੁਲਿਸ ਦੀ ਤਰ੍ਹਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਹਰ ਰੋਜ਼ ਬੰਨ੍ਹੀ ਜਾਣ ਵਾਲੀ ਪਗੜੀ ਦੀ ਪ੍ਰਵਾਨਗੀ ਦਿਤੀ ਜਾਵੇ ਤਾਕਿ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਸਿੱਖੀ ਸਰੂਪ ਵਾਲੀ ਦਸਤਾਰ ਬੰਨ੍ਹ ਸਕਣ।

ਇਸ ਤੋਂ ਇਲਾਵਾ 2002 ਤੋਂ ਲੈ ਕੇ 2007 ਦੌਰਾਨ ਪੰਜਾਬ ਵਿਚ ਰਹੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦ ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾਂ ਲਈ ਇਕ ਸੰਗਤ ਦਰਸ਼ਨ ਰਖਿਆ ਸੀ ਤਾਂ ਉਸ ਸਮੇਂ ਵੀ ਪੁਲਿਸ ਮੁਲਾਜ਼ਮਾਂ ਦਾ ਇਕ ਵਫ਼ਦ ਝਾਲਰ ਵਾਲੀ ਇਸ ਪਗੜੀ ਨੂੰ ਬਦਲਾਉਣ ਲਈ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਸੀ। ਸੂਤਰਾਂ ਅਨੁਸਾਰ ਇਸ ਬਾਰੇ ਪੰਜਾਬ ਦੇ ਸਾਬਕਾ ਡੀ ਜੀ ਪੀ ਸ੍ਰੀ ਬੀਰਬਲ ਨਾਥ ਨੇ ਤਾਂ ਅਪਣੇ ਕਾਰਜਕਾਲ ਦੌਰਾਨ ਪੁਲਿਸ ਥਾਣਿਆਂ ਵਿਚ ਆਮ ਪੱਗ ਬੰਨ੍ਹੇ ਜਾਣ ਲਈ ਕਪੜਾ ਵੀ ਭੇਜ ਦਿਤਾ ਸੀ ਪਰ ਇਸ ਤੋਂ ਬਾਅਦ ਗੱਲ ਅਚਾਨਕ ਠੱਪ ਹੋ ਗਈ। ਸੂਤਰ ਪੰਜਾਬ ਪੁਲਿਸ ਦੀ ਝਾਲਰ ਪਗੜੀ ਨੂੰ ਨਾ ਬਦਲੇ ਜਾਣ ਪਿੱਛੇ ਪੁਲਿਸ ਐਕਟ ਵਿਚ ਸੋਧ ਨਾ ਕੀਤਾ ਜਾਣਾ ਦਸਦੇ ਹਨ। ਸ੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਮਸਲਾ ਗੰਭੀਰ ਹੈ ਤੇ ਇਸ 'ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਪਹਿਲਾਂ ਵੀ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਆਈ ਸੀ ਪਰ ਜਦ ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਇਸ ਵਿਚ ਕੁੱਝ ਤਕਨੀਕੀ ਖ਼ਾਮੀਆਂ ਦੱਸੀਆਂ ਸਨ। ਸ. ਮੱਕੜ ਅਨੁਸਾਰ ਉਨ੍ਹਾਂ ਸਪੋਕਸਮੈਨ ਵਿਚ ਛਪੀ ਹੋਈ ਖ਼ਬਰ ਪੜ੍ਹੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਝਾਲਰ ਵਾਲੀ ਪੱਗ ਬਦਲੇ ਜਾਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਬਾਰੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਝਾਲਰ ਵਾਲੀ ਪੱਗ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਕਰਨਗੇ।

ਦੂਜੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ  ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਅਕਾਲੀ ਅਨੁਸਾਰ ਝਾਲਰ ਵਾਲੀ ਪੱਗ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤੀਆਂ ਨੂੰ ਗ਼ੁਲਾਮ ਵਿਖਾਉਣ ਦਾ ਇਕ ਡਰੈਸ ਕੋਡ ਹੋਇਆ ਕਰਦੀ ਸੀ ਜਿਸ ਦੀ ਅੱਜ ਆਜ਼ਾਦ ਭਾਰਤ ਵਿਚ ਕੋਈ ਲੋੜ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਜੇ ਭਾਰਤੀ ਫ਼ੌਜ ਅਤੇ ਹੋਰ ਪੈਰਾਮਿਲਟਰੀ ਫ਼ੋਰਸਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿਚ ਸਿੱਖ ਮੁਲਾਜ਼ਮਾਂ ਨੂੰ ਸਾਧਾਰਣ ਪਗੜੀ ਬੰਨ੍ਹਣ ਦੀ ਇਜਾਜ਼ਤ ਦਿਤੀ ਜਾ ਸ ਕਦੀ ਹੈ ਤਾਂ ਪੰਜਾਬ ਪਿਲਸ ਮੁਲਾਜ਼ਮਾਂ ਨੂੰ ਕਿਉਂ ਨਹੀਂ? ਬੁੱਢਾ ਦਲ ਮੁਖੀ ਨੇ ਕਿਹਾ ਕਿ ਸਾਨੂੰ ਉਦੋਂ ਤਕ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੱਕਣ ਦਾ ਕੋਈ ਹੱਕ ਨਹੀਂ ਜਦ ਤਕ ਅਸੀਂ ਅਪਣੇ ਸੂਬੇ ਦੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਦਿੰਦੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇਸ ਮਸਲੇ 'ਤੇ ਭਰਾਤਰੀ ਸੋਚ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top