Share on Facebook

Main News Page

ਅਥ ਦੇਵੀ ਜੂ ਕੀ ਉਸਤਤ ਕਥਨੰ
- ਪ੍ਰੇਮ ਸਿੰਘ

ਗੁਰੂ ਜੀ ਦੇ ਸਾਜੇ ਨਿਵਾਜੇ ਖਾਲਸਾ ਜੀਓ ਆਪ ਜੀ ਦੀ ਦਰਗਾਹ ਵਿਚ ਦੇਵੀ ਜੀ ਕੀ ਉਸਤਤਿ ਨਾਮੀ ਦਸਮ ਗ੍ਰੰਥ ਵਿਚਲੀ ਰਚਨਾ ਹਾਜ਼ਰ ਕਰਨ ਜਾ ਰਿਹਾ ਹਾਂ, ਜਿਸ ਦਾ ਮਕਸਦ ਸਿਰਫ ਸੰਗਤਾਂ ਨੂੰ ਜਾਣੂ ਕਰਵਉਣਾ ਹੀ ਹੈ ਕਿ ਜਿਸ ਨੂੰ ਦਸਵੇਂ ਗੁਰੂ ਨਾਨਕ ਦੀ ਬਾਣੀ ਸਮਝ ਕੇ ਸੁਣ ਰਹੇ ਹਾਂ, ਕੀ ਇਹ ਗੁਰਬਾਣੀ ਹੈ ਜਾਂ ਕਿਸੇ ਹੋਰ ਦਾ ਲਿਖਿਆ ਸਾਹਿਤ ਹੈ? ਇਹ ਵੀ ਵਿਚਾਰਨਾ ਹੈ ਕਿ ਕੀ ਇਹ ਸਾਹਿਤ ਪਰਿਵਾਰ ਵਿਚ ਬੈਠ ਕੇ ਪੜ੍ਹਨ ਯੋਗ ਹੈ? ਜੋ ਵੀਰ ਭੈਣ ਦਸਮ ਗ੍ਰੰਥ ਨੂੰ ਗੁਰੂ ਜੀ ਦੀ ਬਾਣੀ ਸਮਝ ਕੇ ਸਤਿਕਾਰ ਕਰਨਾ ਚਹੁੰਦੇ ਹਨ ਜੀ ਸਦਕੇ ਕਰਨ, ਕਿਸੇ ਦੇ ਵਿਚਾਰਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਕੋਈ ਇਰਾਦਾ ਨਹੀਂ ਹੈ। ਖਾਲਸਾ ਪੰਥ ਵਲੋਂ ਨੀਯਤ ਨਿਤ ਨੇਮ ਦੀਆਂ ਬਾਣੀ ਵਾਰੇ ਕੋਈ ਕਿਤੂੰ ਪਰੰਤੂ ਨਹੀਂ ਹੈ, ਜੋ ਮਸਾਂ 50/60 ਪੰਨੇ ਹਨ। ਇਹ ਵੀ ਹਕੀਕਤ ਹੈ ਕਿ ਸੰਗਤਾਂ ਇਸ ਤੋਂ ਜਾਣੂ ਹੋਣਾ ਚਹੁੰਦੀਆਂ ਹਨ।ਪਰ ਫਿਰ ਵੀ ਜੇ ਕਿਸੇ ਵੀਰ ਭੈਣ ਨੂੰ ਚੰਗਾ ਨਾ ਲਗੇ ਤਾਂ ਸੇਵਕ ਨੂੰ ਮੁਆਫ ਕਰ ਦੇਣ ਜੀ।

ਕ੍ਰਿਸ਼ਨਾ ਅਵਤਾਰ ਦਾ ਪੰਨਾ ਨੰ:146 ਅਬ ਰਾਸ ਮੰਡਲ ਲਿਖਯਤੇ

"ਅਥ ਦੇਵੀ ਜੂ ਕੀ ਉਸਤਤ ਕਥਨੰ" (ਬੰਦ ਨੰ: 421 ਤੋਂ ਬੰਦ ਨੰ: 440 ਤਕ)

ਦੇਵੀ ਦੀ ਉਸਤਤ ਕਵੀ ਨੇ ਕਿਸ ਕਾਰਜ ਵਾਸਤੇ ਲਿੱਖੀ ਹੈ, ਇਹ ਤਾਂ ਕਵੀ ਸਿਆਮ ਹੀ ਜਾਣੇ, ਪਰ ਜਿਸ ਕਦਰ ਸਿੱਖਾਂ ਨੇ ਇਸ ਨੂੰ ਅਪਨਾਇਆ ਹੈ, ਇਸ ਤੇ ਤਰਸ ਆਉਂਦਾ ਹੈ, ਕਿ ਕਿਵੇਂ ਸਾਡੇ ਗੁਰੂ ਘਰਾਂ ਵਿਚ ਤੇ ਖਾਸ ਕਰ ਕੇ ਸਾਧਾਂ ਦੇ ਡੇਰਿਆਂ ਵਿਚ ਦੇਵੀ ਦੀ ਉਸਤਤੀ ਗਾਈ ਜਾਂਦੀ ਹੈ। ਉਸ ਤੋਂ ਕੋਈ ਛੱਕ ਨਹੀਂ ਰਹਿ ਜਾਂਦੀ ਕਿ ਸਿੱਖ ਵੀ ਕੇਸਾਧਾਰੀ ਹਿੰਦੂ ਬਣਨ ਜਾ ਰਹੇ ਹਨ।"ਦੇਵੀ ਜੂ ਕੀ ਉਸਤਤ" ਨਾਮੀ ਰਚਨਾ ਪੜ੍ਹਨੀ ਤੇ ਸਮਝਣੀ ਕੋਈ ਬਹੁਤੀ ਔਖੀ ਰਚਨਾ ਨਹੀਂ ਹੈ।ਇਸ ਦੀ ਲੰਮੀ ਬਿਆਖਿਆ ਕਰਨ ਦੀ ਸੇਵਕ ਲੋੜ ਨਹੀਂ ਸਮਝਦਾ।ਬਸ ਏਨਾ ਕਹਿਣਾ ਹੀ ਕਾਫੀ ਹੋਵੇਗਾ, ਕਿ ਦੇਵੀ ਪੂਜਿਕ ਕਵੀ ਸਿਆਮ ਦੇਵੀ ਨੂੰ ਸਭ ਤੋਂ ਵਡਾ ਇਸ਼ਟ ਮੰਨਦਾ ਹੈ। ਉਸ ਦਾ ਰੱਬ, ਪਰਮਾਤਮਾ ਜਾਂ ਅਕਾਲਪੁਰਖ ਸਭ ਕੁਝ 700 ਨਾਵਾਂ ਵਾਲੀ (ਸਪਤਸਤੀ) ਦੇਵੀ ਹੀ ਹੈ। "ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ"

ਭੁਜੰਗ ਪ੍ਰਯਾਤ ਛੰਦ

ਤੂਹੀ ਅਸਤ੍ਰਣੀ ਸਸਤ੍ਰਣੀ ਆਪ ਰੂਪਾ। ਤੂਹੀ ਅੰਬਿਕਾ ਜੰਭ ਹੰਤੀ ਅਨੂਪਾ।
ਤੂਹੀ ਅੰਬਿਕਾ ਸੀਤਲਾ ਤੋਤਲਾ ਹੈ। ਪ੍ਰਥਵੀ ਭੂਮਿ ਅਕਾਸ ਤੈਹੀ ਕੀਆ ਹੈ। 421॥

ਭਾਵ:- ਤੂਹੀ ਅਸਤ੍ਰਾਂ ਸ਼ਸਤ੍ਰਾਂ ਵਾਲੀ ਹੈਂ ਅਤੇ ਤੂੰਹੀ ਭਿਆਨਕ ਰੂਪ ਵਾਲੀ ਹੈਂ।ਤੂੰਹੀ ਅੰਬਿਕਾ ਹੈਂ, ਜੰਭ (ਦੈਂਤ) ਨੂੰ ਮਾਰਨ ਵਾਲੀ ਹੈਂ ਅਤੇ ਅਨੂਪਮ ਹੈਂ। ਤੂੰ ਹੀ ਅੰਬਿਕਾ, ਸੀਤਲਾ ਅਤੇ ਤੋਤਲਾ ਹੈਂ। ਤੂੰ ਹੀ ਪ੍ਰਿਥਵੀ (ਪਤਾਲ), ਭੂਮੀ ਨੂੰ ਬਣਾਇਆ ਹੈ।421॥

ਇਸ ਵੰਨਗੀ ਤੋਂ ਹੀ ਸਿਆਣੇ ਤਾਂ ਸਮਝ ਸਕਦੇ ਹਨ ਕਿ ਇਹ ਲਿੱਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ। ਪ੍ਰਿਥਵੀ ਨੂੰ ਦੇਵੀ ਨੇ ਨਹੀ ਬਣਾਇਆ ਸਗੋਂ ਕਰਤਾ ਪੁਰਖ ਨੇ ਬਣਾਇਆ ਸੀ ਤੇ ਦੇਵੀ ਨੂੰ ਬਣਾਉਣ ਵਾਲਾ ਵੀ ਉਹੀ ਸਿਰਜਣਹਾਰ ਹੈ। ਪਰ ਪੂਰੀ ਤੱਸਲੀ ਕਰਨ ਲਈ ਬਾਕੀ ਰਚਨਾ ਵੀ ਪੜ੍ਹ ਲੈਣੀ ਚਾਹੀਦੀ ਹੈ।

ਤ੍ਹਹੀ ਮੁੰਡ ਮਰਦੀ ਕਪਰਦੀ ਭਵਾਨੀ। ਤੂਹੀ ਕਾਲਕਾ ਜਾਲਪਾ ਰਾਜਧਾਨੀ।
ਮਹਾ ਜੋਗ ਮਾਇਆ ਤੁਹੀ ਈਸਵਰੀ ਹੈ। ਤੂਹੀ ਤੇਜ ਅਕਾਸ ਥੰਭੇ ਮਹੀ ਹੈ।
422॥

ਤੁਹੀ ਰਿਸਟਣੀ ਪੁਸਟਣੀ ਜੋਗ ਮਾਇਆ। ਤੁਹੀ ਮੋਹ ਸੋ ਚਉਦਹੂੰ ਲੋਕ ਛਾਇਆ।
ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ। ਤੁਹੀ ਚਉਦਹੂੰ ਲੋਕ ਕੀ ਜੋਤਿ ਜਾਨੀ ।
423॥

ਤੁਹੀ ਰਿਸਟਣੀ ਪੁਸਟਣੀ ਸਸਤ੍ਰਣੀ ਹੈ ।ਤੁਹੀ ਕਸਟਣੀ ਹਰਤਣੀ ਅਸਤ੍ਰਣੀ ਹੈ।
ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ। ਤੁਹੀ ਅੰਬਿਕਾ ਜੰਭਹਾ ਰਾਜਧਾਨੀ।
424॥

ਮਹਾ ਜੋਗ ਮਾਇਆ ਮਹਾ ਰਾਜਧਾਨੀ। ਭਵੀ ਭਾਵਨੀ ਭੂਤ ਭਬਿਅੰ ਭਵਾਨੀ।
ਚਰੀ ਆਚਰਣੀ ਖੇਚਰਣੀ ਭੂਪਣੀ ਹੈ। ਮਹਾ ਬਾਹਣੀ ਆਪਨੀ ਰੂਪਣੀ ਹੈ।
425॥

ਮਹਾ ਭੈਰਵੀ ਭੂਤਨੇਸਵਰੀ ਭਵਾਨੀ। ਭਵੀ ਭਾਵਨੀ ਭਬਿਯੰ ਕਾਲੀ ਕਿਰਪਾਨੀ।
ਜਯਾ ਅਜਯਾ ਹਿੰਗੁਲਾ ਪਿੰਗਲਾ ਹੈ। ਸਿਵਾ ਸੀਤਲਾ ਮੰਗਲਾ ਤੋਤਲਾ ਹੈ।
426॥

ਤੁਹੀ ਅਛਰਾ ਪਛਰਾ ਬੁਧਿ ਬ੍ਰਿਧਿਆ। ਤੁਹੀ ਭੈਰਵੀ ਭੂਪਣੀ ਸੁਧ ਸਿਧਿਆ।
ਮਹਾ ਬਾਹਣੀ ਅਸਤ੍ਰਣੀ ਸਸਤ੍ਰ ਧਾਰੀ। ਤੁਹੀ ਤੀਰ ਤਰਵਾਰ ਕਾਤੀ ਕਟਾਰੀ।
427॥

ਤੁਹੀ ਰਾਹਸੀ ਸਾਤਕ ਤਾਮਸੀ ਹੈ। ਤੁਹੀ ਬਾਲਕਾ ਬ੍ਰਿਧਣੀ ਅਉ ਜੁਆ ਹੈ।
ਤੁਹੀ ਦਾਨਵੀ ਸੇਵਣੀ ਜਛਣੀ ਹੈ। ਤੁਹੀ ਕਿੰਨ੍ਹਣੀ ਮਛਣੀ ਕਛਣੀ ਹੈ।
428॥

ਤੁਹੀ ਦੇਵਤੇ ਸੇਸਣੀ ਦਾਨੁ ਵੇਸਾ। ਸਰਹਿ ਬ੍ਰਿਸਟਣੀ ਹੈ ਤੁਹੀ ਅਸਤ੍ਰ ਭੇਸਾ।
ਤੁਹੀ ਰਾਜ ਰਾਜਸਵਰੀ ਜੋਗ ਮਾਯਾ। ਮਹਾ ਮੋਹ ਸੋ ਚਉਦਹੂੰ ਲੋਕ ਛਾਯਾ।
429॥

ਭਾਵ :- ਤੂੰਹੀ ਮਾਹਾ ਮੋਹ ਨਾਲ ਚੌਦਾਂ ਲੋਕਾਂ ਨੂੰ ਢਕਿਆ ਹੋਇਆ ਹੈ।
429॥

ਤੁਹੀ ਬ੍ਰਹਮੀ ਬੈਸਨਵੀ ਸ੍ਰੀ ਭਵਾਨੀ। ਤੁਹੀ ਬਾਸਵੀ ਈਸਵਰੀ ਕਾਰਤਿਕਿਆਨੀ।
ਤੁਹੀ ਅੰਬਿਕਾ ਦੁਸਟਹਾ ਮੁੰਡਮਾਲੀ। ਤੁਹੀ ਕਸਟ ਹੰਤੀ ਕ੍ਰਿਪਾ ਕੈ ਕ੍ਰਿਪਾਨੀ।
430॥

ਤੁਹੀ ਬਰਾਹਣੀ ਹ੍ਵੈ ਹਿਰਨਾਛ ਮਾਰਿਯੋ। ਹਰੰਨਾਕਸੰ ਸਿੰਘਣੀ ਹ੍ਵੈ ਪਛਾਰਿਯੋ।
ਤੁਹੀ ਬਾਵਨੀ ਹ੍ਵੈ ਤਿਨੋ ਲੋਗ ਮਾਪੇ। ਤੁਮੀ ਦੇਵ ਦਾਨੋ ਕੀਏ ਜਛ ਥਾਪੇ।
431॥

ਤੁਮੀ ਰਾਮ ਹ੍ਵੈ ਕੇ ਦਸਗ੍ਰੀਵ ਖੰਡਿਯੌ। ਤੁਮੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਬਿਹੰਡਿਯੌ।
ਤੁਮੀ ਜਾਲਪਾ ਹੈ ਬਿੜਾਲਾਛ ਘਾਯੋ। ਤੁਮੀ ਸੁੰਭ ਨੈਸੁੰਭ ਦਾਨੋ ਖਪਾਯੌ।
432॥


ਦੋਹਰਾ
ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ।
ਆਪ ਹਾਥ ਦੈ ਰਾਖ ਮੁਹਿ ਮਨ ਕ੍ਰਮ ਬਚਨ ਬਿਚਾਰਿ।
433॥

ਕੀ ਗੁਰੂ ਗੋਬਿੰਦ ਜੀ ਇਸੇ ਦੇਵੀ ਦੇ ਦਾਸ ਬਣ ਕੇ ਕ੍ਰਿਪਾ ਦੀ ਖੈਰ ਮੰਗਦੇ ਹਨ?

ਖਾਲਸਾ ਜੀ ਇਹ ਸਾਡਾ ਗੁਣ ਵੀ ਹੈ ਤੇ ਭੁਲਖਾ ਵੀ ਕਿ ਅਸੀਂ ਹਰ ਉਸ ਵਿਆਕਤੀ ਜਾਂ ਉਹ ਲਿੱਖਤ ਜਿਸ ਨਾਲ ਕਰਤਾ (ਅਕਾਲ ਪੁਰਖ) ਵਾਲੇ ਵਿਸ਼ੇਸਣ ਲਗੇ ਹੋਣ ਅਸੀਂ ਉਸ ਨੂੰ ਗੁਰੂ ਸਾਹਿਬਾਂ ਦੀ ਰਚਨਾ ਮੰਨ ਲੈਂਦੇ ਹਾਂ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਗੁਰੂ ਸਾਹਿਬਾਂ ਤੌਂ ਪਹਿਲਾਂ ਹਰ ਕੋਈ ਆਪਣਾ ਆਪਣਾ ਇਸ਼ਟ ਬਣਾਈ ਬੈਠਾ ਸੀ। ਪੂਰਨ ਸੱਚ ਤੇ ਇਕ ਅਕਾਲ ਪੁਰਖ ਦਾ ਗਿਆਨ ਸਿਰਫ ਗੁਰੂ ਸਾਹਿਬਾਂ ਨੇ ਹੀ ਦਿੱਤਾ ਸੀ। ਗੁਰੂ ਜੀ ਦਾ ਫੁਰਮਾਨ ਹੈ ਕਿ:- "ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ"॥1॥ ਪੰ: 1245। ਪੜ੍ਹਨਾ ਤੇ ਵਿਚਾਰਨਾ ਹਰ ਸਿੱਖ ਲਈ ਜਰੂਰੀ ਹੈ।

ਚੌਪਈ

ਮੈ ਨ ਗਨੇਸਹਿ ਪ੍ਰਿਥਮ ਮਨਾਊ। ਕਿਸਨ ਬਿਸਨ ਕਬਹੂੰ ਨ ਧਿਆਊ।
ਕਾਨਿ ਸੁਨੇ ਪਹਿਚਾਨ ਨ ਤਿਨ ਸੋ। ਲਿਵ ਲਾਗੀ ਮੋਰੀ ਪਗ ਇਨ ਸੋ।
434॥

ਮੈ ਪਹਿਲਾਂ ਗਣੇਸ਼ ਨੂੰ ਨਹੀਂ ਮਨਾਉਂਦਾ ਅਤੇ ਕ੍ਰਿਸ਼ਨ ਤੇ ਵਿਸ਼ਨੂ ਨੂੰ ਵੀ ਨਹੀਂ ਧਿਆਂਉਂਦਾ। (ਮੈਂ ਉਨ੍ਹਾਂ ਵਾਰੇ) ਕੰਨਾਂ ਨਾਲ ਸੁਣਿਆ ਹੈ, (ਪਰ) ਉਨ੍ਹਾਂ ਨਾਲ (ਕੋਈ) ਪਛਾਣ ਨਹੀਂ ਹੈ। ਕਿਡੀ ਹਾਸੋ ਹੋਣੀ ਗਲ ਹੈ ਕਿ ਸਿਆਮ ਕਵੀ, ਕ੍ਰਿਸ਼ਨ ਦੀ 2492 ਬੰਦਾਂ ਵਿਚ ਲੰਮੀ ਚੌੜੀ ਲੀਲਾ ਬੜੇ ਵੇਰਵੇ ਸਹਿਤ ਲਿੱਖ ਰਿਹਾ ਤੇ ਕਹਿ ਰਿਹਾ ਕਿ ਸਿਰਫ ਕੰਨਾਂ ਨਾਲ ਸੁਣਿਆ ਹੀ ਹੈ, ਕੋਈ ਪਛਾਣ ਨਹੀ ਹੈ। ਮੇਰੀ ਲਿਵ ਤਾਂ ਇਨ੍ਹਾਂ (ਦੇਵੀ) ਦੇ ਚਰਨਾਂ ਨਾਲ ਹੀ ਲਗੀ ਹੋਈ ਹੈ।434॥

ਪਰ ਅਸੀਂ ਸਮਝ ਲੈਂਦੇ ਹਾਂ ਕਿ ਗੁਰੂ ਜੀ ਕਹਿੰਦੇ ਹਨ ਕਿ ਮੈ ਕ੍ਰਿਸ਼ਨ ਬਿਸ਼ਨ ਆਦਿ ਦੇਵੀ ਦੇਵਤਿਆ ਨੂੰ ਨਹੀਂ ਧਿਆਉਂਦਾ ਤੇ ਮੇਰੀ ਤਾਂ ਕੇਵਲ ਇਕ ਅਕਾਲਪੁਰਖ ਦੇ ਚਰਨਾਂ ਨਾਲ ਹੀ ਲਿਵ ਲਗੀ ਹੋਈ ਹੈ। ਅਜਿਹਾ ਭੁਲੇਖਾ ਗੁਰਸਿੱਖ ਨੂੰ ਨਹੀਂ ਲਗਣਾ ਚਾਹੀਦਾ, ਕਿਉਂਕਿ ਸਾਡੇ ਗੁਰੂ ਜੀ ੴ ਤੋਂ ਸਿਵਾ ਕਿਸੇ ਹੋਰ ਦੀ ਉਪਾਸਨਾ ਕਰਦੇ ਹੀ ਨਹੀਂ ਹਨ। ਪਰ ਇਥੇ ਸਾਰਾ ਕਿੱਸਾ ਹੀ ਦੇਵੀ ਦੀ ਉਸਤੱਤ ਦਾ ਹੈ, ਤੇ ਉਸੇ ਦੀ ਉਪਾਸ਼ਨਾ ਕੀਤੀ ਗਈ ਹੈ। ਇਹ ਲਿੱਖਤ ਕਵੀ ਸਿਆਮ ਦੀ ਹੈ, ਜੋ ਦੇਵੀ ਭਗਤ ਹੈ ਤੇ ਰੱਜ ਕੇ ਨਸ਼ੇ ਕਰਦਾ ਹੈ।

ਮਹਾਕਾਲ ਰਖਵਾਰ ਹਮਾਰੋ। ਮਹਾ ਲੋਹ ਮੈ ਕਿੰਕਰ ਥਾਰੋ।ਅਪਨਾ ਜਾਨਿ ਕਰੋ ਰਖਵਾਰ। ਬਾਹ ਗਹੇ ਕੀ ਲਾਜ ਬਿਚਾਰ।435॥
ਅਪਨਾ ਜਾਨਿ ਮੁਝੈ ਪ੍ਰਤਿਪਰੀਐ। ਚੁਨਿ ਚੁਨਿ ਸਤ੍ਰ ਹਮਾਰੇ ਮਰੀਐ॥ ਦੇਗ ਤੇਗ ਜਗ ਮੈ ਦੋਊ ਚਲੈ। ਰਾਖੁ ਆਪਿ ਮੁਹਿ ਅਉਰ ਨ ਦਲੈ।436 ॥

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ। ਤੁਮ ਸਾਹਿਬ ਮੈ ਦਾਸ ਤਿਹਾਰਾ।ਜਾਨਿ ਆਪਨਾ ਮੁਝੈ ਨਿਵਾਜ। ਆਪਿ ਕਰੋ ਹਮਰੇ ਸਭ ਕਾਜ।437॥
ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪੁ ਗਰੀਬ ਨਿਵਾਜਾ।ਦਾਸ ਜਾਨਿ ਕਰਿ ਕ੍ਰਿਪਾ ਕਰਹੁ ਮੁਹਿ। ਹਾਰਿ ਪਰਾ ਮੈ ਆਨਿ ਦਵਾਰ ਤੁਹਿ ।438 ॥

ਅਪੁਨਾ ਜਾਨਿ ਕਰੋ ਪ੍ਰਤਿਪਾਰਾ। ਤੁਮ ਸਾਹਿਬ ਮੈ ਕਿੰਕਰ ਥਾਰਾ।ਦਾਸ ਜਾਨਿ ਕੈ ਹਾਥਿ ਉਬਾਰੋ। ਹਮਰੇ ਸਭ ਬੈਰੀਅਨ ਸੰਘਾਰੋ।439॥
ਪ੍ਰਥਮਿ ਧਰੋ ਭਗਵਤ ਕੋ ਧਯਾਨਾ। ਬਹੁਰਿ ਕਰੋ ਕਵਿਤਾ ਬਿਧਿ ਨਾਨਾ।ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਭੂਲ ਹੋਇ ਕਬਿ ਲੇਹੁ ਸੁਧਾਰੋ।॥440॥
(ਇਤਿ ਸ੍ਰੀ ਦੇਵੀ ਉਸਤਤਿ ਸਮਾਪਤੰ।)

ਖਾਲਸਾ ਜੀ! ਜੇ ਅਜੇ ਵੀ ਆਪ ਇਹ ਸਮਝਦੇ ਹੋ ਕਿ ਇਹ ਲਿੱਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਅਤੇ ਗੁਰੂ ਸਾਹਿਬ ਦੇਵੀ ਕੋਲੋੰ ਆਪਣੇ, ਆਪਣੀ ਜਾਨ ਦੇ ਬਚਾ ਅਤੇ ਆਪਣੇ ਦੁਸ਼ਮਣਾਂ ਨੂੰ ਸੰਘਾਰਨ ਦੀ ਮੰਗ ਮੰਗਦੇ ਹਨ ਅਤੇ ਦੇਗ ਤੇਗ ਦੋਏ ਜਗ ਵਿਚ ਚਲਣ ਦੀ ਮੰਗ ਮੰਗਦੇ ਹਨ, ਤਾਂ ਗੁਰੂ ਘਰ ਦਾ ਲੰਗਰ ਪਹਿਲਾਂ ਨੌਂ ਗੁਰੂ ਸਾਹਿਬਾਂ ਦੇ ਸਮੇਂ ਕਿਸ ਦੀ ਕ੍ਰਿਪਾ ਨਾਲ ਚਲਦਾ ਰਿਹਾ ਸੀ?

ਜੇ ਦੇਵੀ ਦੇਵਤੇ ਜਿਨ੍ਹਾਂ ਦੀ ਗਿਣਤੀ ਬੱਤੀ ਕ੍ਰੋੜ ਦੱਸੀ ਜਾਂਦੀ ਹੈ ਨੂੰ ਧਿਆਉਣਾ ਤੇ ਖੁਸ਼ ਕਰਨਾ ਹੈ ਤਾਂ ਏਕਅੰਕਾਰ ਦਾ ਸਿਧਾਂਤ ਕਿਥੇ ਜਾਵੇਗਾ? ਨੌੰ ਗੁਰੂ ਸਾਹਿਬਾਂ ਦੀ ਬਾਣੀ ਏਕਅੰਕਾਰ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੀ ਹੈ। ਇਹ ਕਿਵੇਂ ਹੋ ਸਕਦਾ ਹੈ, ਕਿ ਗੁਰੂ ਨਾਨਕ ਦੀ ਦਸਵੀ ਜੋਤਿ ਮੁੜ ਦੇਵੀ ਦੇਵਤਿਆਂ ਦਾ ਪ੍ਰਚਾਰ ਕਰਨ ਤੇ ਆਪਣੇ ਸਿੱਖਾਂ ਨੂੰ ਦੇਵੀ ਦੇ ਗੁਣ ਗਾਉਂਣ ਦਾ ਉਪਦੇਸ ਦੇਵੇ?

ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ:- ਜੈਸਾ ਸੇਵੇ ਤੈਸਾ ਹੋਇ। (ਅੰਗ 223) ਅਤੇ

ਤੂ ਕਹੀਅਤ ਹੀ ਆਦਿ ਭਵਾਨੀ। ਮੁਕਤੀ ਕੀ ਵਰੀਆ ਕਹਾ ਛੁਪਾਨੀ॥ (ਅੰਗ 874) ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਜੀ ਕੋਲ ਆਉਣ ਤੋਂ ਪਹਿਲਾਂ ਦੇਵੀ ਭਗਤ ਸਨ ਤੇ ਕਈ ਵਾਰ ਦੇਵੀ ਦੇ ਦਰਸਨਾਂ ਨੂੰ ਗਏ, ਪਰ ਦੇਵੀ ਪਾਸੋਂ ਤਿੱਰਪਤੀ ਨਾ ਹੋਈ। ਗੁਰੂ ਨਾਨਮ ਸਾਹਿਬ ਦੀ ਹਜ਼ੂਰੀ ਵਿਚ ਰਹਿ ਕੇ ਤੇ ਸੇਵਾ ਕਰ ਕੇ ਦੂਜੇ ਗੁਰੂ ਨਾਨਕ ਬਣੇ। ਤੀਸਰੇ ਪਾਤਿਸ਼ਾਹ ਗੁਰੂ ਅਮਰ ਦਾਸ ਜੀ ਦੇਵੀ ਦੇ ਉਪਾਸ਼ਕ ਸਨ ਤੇ ਹਰ ਸਾਲ ਗੰਗਾ ਇਸ਼ਨਾਨ (ਦਰਸ਼ਨ) ਕਰਨ ਜਾਇਆ ਕਰਦੇ ਸਨ, ਪਰ ਉਥੋਂ ਕੁਝ ਪਰਾਪਤ ਨਾ ਹੋਇਆ ਤਾਂ ਉਨ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ। ਜੇ ਉਨ੍ਹਾਂ ਦੀ ਸੰਤੁਸ਼ਟੀ ਦੇਵੀ ਅਰਾਧਨਾ ਕਰਨ ਨਾਲ ਹੋਈ ਹੁੰਦੀ ਤਾਂ ਉਨ੍ਹਾਂ ਨੂੰ ਸਿੱਖੀ ਧਾਰਨ ਦੀ ਕੀ ਲੋੜ ਸੀ ਤੇ ਵਿਰਧ ਉਮਰ ਵਿਚ 12 ਸਾਲ ਦੇ ਲੰਮੇ ਅਰਸੇ ਤਕ ਅਤਿ ਦੀ ਘਾਲਣਾ ਕਿਉਂ ਘਾਲਦੇ।? ਪੂਰੇ ਗੁਰੂ ਨੇ ਸੇਵਕ ਨੂੰ ਵੀ ਪੂਰਾ ਗੁਰੂ ਬਣਾ ਦਿਤਾ ਪਰ ਦੇਵੀ ਉਨ੍ਹਾਂ ਨੂੰ ਕੁਝ ਨਾ ਦੇ ਸਕੀ।

ਖਾਲਸਾ ਜੀਓ! ਗੁਰੂ ਸਾਹਿਬਾਨਾਂ ਨੇ 239 ਸਾਲਾਂ ਵਿਚ ਬੇ-ਮਿਸਾਲ ਕੁਰਬਾਨੀਆਂ ਕਰ ਕੇ ਸਾਨੂੰ ਦੇਵੀ ਦੇਵਤਿਆਂ ਦੇ ਚੁੰਗਲ ਵਿਚੋਂ ਕਢਿਆ ਸੀ। ਗੁਰੂ ਜੀਆਂ ਦੀਆਂ ਕੁਬਾਨੀਆਂ ਨੂੰ ਤੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ ਪਿੱਠ ਦੇ ਕੇ ਅਕ੍ਰਿਤਘਣ ਨਾ ਬਣੀਏ। ਦਸਮ ਗ੍ਰੰਥ ਵਿਚਲੀਆਂ ਸਾਰੀ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿੱਖਤ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀਆਂ ਵਲੋਂ ਗੁਰੂ ਜੀ ਦੀ ਬੇਅਦਬੀ ਕਰਨ ਲਈ ਬ੍ਰਹਮਣਵਾਦ ਵਲੋਂ ਕਰੋੜਾਂ ਦਾ ਖਰਚ ਕਰ ਕੇ ਸਾਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪੂਰੇ ਗੁਰੂ ਦਾ ਉਪਦੇਸ਼ ਹੈ ਕਿ:-ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ਪੰ: 1322॥ ਅਤੇ ਗੁਰੂ ਦਾ ਹੁਕਮ ਹੈ, "ਗੁਰੂ ਮਾਨਿਓ ਗ੍ਰੰਥ" ਹੁਣ ਆਪ ਜੀ ਨੇ ਫੈਸਲਾ ਕਰਨਾ ਹੈ, ਕਿ ਏਕਅੰਕਾਰ ਦੇ ਲੜ ਲਗਣਾ ਹੈ ਜਾਂ ਦੇਵੀ ਤੋਂ ਆਪਣੇ ਜੀਵਨ ਦੀ ਭੀਖ ਮੰਗਣੀ ਹੈ? ਦੋ ਬੇੜੀਆਂ 'ਚ ਸਵਾਰ ਨਹੀਂ ਹੋਇਆ ਜਾ ਸਕਦਾ।

ਭੁੱਲ ਚੁੱਕ ਦੀ ਮੁਆਫੀ ਦਾ ਜਾਚਕ,
ਸੰਗਤਾਂ ਦਾ ਚਰਨ ਸੇਵਕ
ਪ੍ਰੇਮ ਸਿੰਘ mrkalsi@hotmail.com


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top