Share on Facebook

Main News Page

“ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
- ਗਗਨ ਦੀਪ ਸਿੰਘ “ਧੂਰੀ”

ਦ੍ਰਿਸ਼:- ਸਵੇਰ ਦੇ ਸੱਤ ਕੁ ਵੱਜੇ ਹਨ ਤੇ ਗੁਰਿੰਦਰ ਕੌਰ ਨੇ ਅੱਜ ਸੰਗਰਾਦ ਦੇ ਦਿਹਾੜੇ ਤੇ ਲਾਗੇ ਪਿੰਡ ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਜਾਣਾ ਹੁੰਦਾ ਹੈ, ਜਿੱਥੇ ਅੱਜ ਬੜਾ ਭਾਰੀ ਸੰਤਾਂ ਦਾ ਦੀਵਾਨ ਲੱਗਣਾ ਹੈ ਤੇ 51 ਅਖੰਡ ਪਾਠਾਂ ਦੀਆਂ ਲੜੀਆਂ ਦਾ ਭੋਗ ਵੀ ਪੈਣਾ ਹੈ।

ਗੁਰਿੰਦਰ ਕੌਰ:- ਅੱਛਾ ਜੀ! ਫਿਰ ਮੈਂ ਜਾ ਰਹੀ ਹਾਂ।

ਜਗਰੂਪ ਸਿੰਘ:- ਕਿੱਥੇ?

ਗੁਰਿੰਦਰ ਕੌਰ:- ਤੁਸੀਂ ਅਣਜਾਣ ਕਿਉਂ ਬਣੇ ਰਹਿੰਦੇ ਹੋ? ਹੋਰ ਕਿੱਥੇ, ਗੁਰਦੁਆਰੇ।ਅੱਜ ਬੜਾ ਭਾਰੀ ਦੀਵਾਨ ਲੱਗਣਾ ਜੇ ਤੇ 51 ਅਖੰਡ ਪਾਠਾਂ ਦਾ ਭੋਗ ਵੀ ਪੈਣਾ ਹੈ। ਦੂਰੋਂ-2 ਸੰਤਾਂ ਨੇ ਵੀ ਆਉਣਾ ਹੈ।ਉਹਨਾਂ ਦੇ ਚਿਹਰੇ ਦੀ ਰੂਹਾਨੀ ਝਲਕ ਨਾਲ ਤਾਂ ਮੇਰਾ ਜੀਵਨ ਸਫਲਾ ਹੋ ਜਾਵੇਗਾ। ਨਾਲੇ ਮੇਰਾ ਤਾਂ ਇੱਕ ਵੱਡੇ ਸੰਤ ਜੀ ਨਾਲ ਮਿਲਣਾ(Appointment) ਵੀ ਤੈਅ ਹੋ ਗਿਆ ਹੈ। ਆਹ ਦਿਓ,ਜ਼ਰਾ 5100 ਰੁਪਏ ਪਰਚੀ ਕਟਾਉਣੀ ਜੇ।

ਜਗਰੂਪ ਸਿੰਘ:- ਭਾਗਵਾਨੇ! ਤੈਨੂੰ ਕਿੰਨ੍ਹੀ ਵਾਰ ਕਿਹਾ ਹੈ ਐਸੇ ਮਨਮਤਿ ਦੇ ਸਥਾਨਾਂ ਤੇ ਨਾ ਜਾਇਆ ਕਰ।ਜਿੱਥੇ ਇੰਨ੍ਹੇ ਕਰਮ ਕਾਂਡ ਹੁੰਦੇ ਹੋਣ।ਇੱਕ ਤਾਂ ਇਹ “MH One” ਵਾਲਿਆਂ ਨੇ ਬੁੱਧੀ ਭ੍ਰਿਸ਼ਟ ਕੀਤੀ ਪਈ ਹੈ।ਰੋਜ਼ ਕੋਈ ਨਾ ਕੋਈ ਸੰਤ ਭੇੜ ਦਿੰਦੇ ਨੇ। ਇਹ ਅਖੌਤੀ ਸੰਤ ਸਮਾਗਮ ਹੀ ਲੋਕਾਂ ਦੀ ਨੀਂਦ ਦੇ ਵੈਰੀ ਬਣੇ ਹੋਏ ਨੇ। ਨਾਲੇ ਤੈਨੂੰ ਪਤਾ ਹੈ ਕਿ ਜਿਸ ਪਾਖੰਡੀ ਬਾਬੇ ਨੂੰ ਤੂੰ ਮਿਲਣ ਜਾ ਰਹੀ ਹੈਂ, ਉਸ 'ਤੇ ਬਲਾਤਕਾਰ ਦਾ ਦੋਸ਼ ਵੀ ਲੱਗਿਆ ਹੋਇਆ ਹੈ। ਉਹਨਾਂ ਨੇ ਤਾਂ ਆਪਣੀ ਕਮਾਈ ਦਾ ਇੱਕ ਸਾਧਨ ਬਣਾਇਆ ਹੋਇਆ ਹੈ, ਲੁੱਟ-ਖੋਹ ਮਚਾ ਰੱਖੀ ਹੈ। ਤੂੰ ਆਪਣਾ ਘਰ ਬੈਠ,ਕਿਤੇ ਜਾਣ ਦੀ ਲੋੜ ਨਹੀਂ। ਤੂੰ ਇੱਥੇ ਹੀ ਮੇਰੇ ਨਾਲ ਬੈਠ ਕੇ ਥੋੜੀ ਮੋਟੀ ਗੁਰਬਾਣੀ ਦੀ ਵਿਚਾਰ ਕਰ ਲਿਆ ਕਰ। ਤਾਹੀਓਂ ਤੈਨੂੰ ਕੁਝ ਗਿਆਨ ਆਵੇਗਾ,ਇਹਨਾਂ ਮਗਰ ਨਾ ਲੱਗ। ਇਹ ਤਾਂ ਚਾਹੁੰਦੇ ਹੀ ਹਨ ਕਿ ਜੇਕਰ ਕਿਤੇ ਇਹ ਲੋਕ ਗੁਰਬਾਣੀ ਦੀ ਵਿਚਾਰ ਕਰਨ ਲੱਗ ਪੈਣ ਤਾਂ ਸਾਡਾ ਧੰਧਾ ਤਾਂ ਬੰਦ ਹੀ ਹੋ ਜਾਵੇਗਾ।

ਗੁਰਿੰਦਰ ਕੌਰ:- ਤੁਸੀਂ ਤਾਂ ਪੂਰੇ ਨਾਸਤਿਕ ਹੋ ਗਏ ਹੋ। ਰੱਬ ਸਰੂਪ ਸੰਤਾਂ ਤੇ ਸ਼ੱਕ ਕਰਦੇ ਹੋ। ਤੁਹਾਡੇ ਨਾਲ ਬਹਿਸ ਕੌਣ ਕਰੇ। ਜੇ ਖੁਦ ਨ੍ਹੀ ਸਵਰਗਾਂ 'ਚ ਜਾਣਾ ਤੇ ਮੈਨੂੰ ਤਾਂ ਜਾਣ ਦਿਓ।

ਅਗਲੇ ਦਿਨ ਸਵੇਰੇ 8 ਕੁ ਵਜੇ ਗੁਰਿੰਦਰ ਕੌਰ ਤਿਆਰ ਹੋ ਕੇ ਗੁਰਦੁਆਰੇ ਚਲੀ ਜਾਂਦੀ ਹੈ ਤੇ ਸੰਤਾਂ ਦੇ ਸਮਾਗਮ ਨੂੰ ਪੂਰਾ ਸੁਣ ਕੇ ਫਿਰ ਆਪਣੇ ਪਿਆਰੇ ਸਾਧ ਦੀ ਸੇਵਾ ਕਰਕੇ ਤੇ ਪੈਸਿਆਂ ਬਦਲੇ ਉਸਨੂੰ ਘਿਉ ਦੀਆਂ ਪਿੰਨੀਆਂ, ਕਾਜੂ, ਬਦਾਮ, ਪਿਸਤਾ ਤੇ ਫਲ ਫਰੂਟ ਦੇ ਕੇ ਤੇ 501 ਰੁਪਏ ਦੀ ਪਰਚੀ ਕਟਵਾ ਕੇ ਆ ਜਾਂਦੀ ਹੈ ਤੇ ਰਸਤੇ ਵਿੱਚ ਉਸਨੂੰ ਆਪਣੇ ਗੁਆਂਢੀਆਂ ਦਾ ਲੜਕਾ ਗੁਰਸ਼ਬਦ ਸਿੰਘ ਮਿਲਦਾ ਹੈ, ਜੋ ਕਿ ਸਕੂਲ ਵਿੱਚ ਬਾਰ੍ਹਵੀਂ ਦਾ ਇਮਤਿਹਾਨ ਦੇਣ ਜਾ ਰਿਹਾ ਹੈ।

ਗੁਰਸ਼ਬਦ ਸਿੰਘ:- ਚਾਚੀ ਜੀ, ਸਤਿ ਸ੍ਰੀ ਅਕਾਲ।

ਗੁਰਿੰਦਰ ਕੌਰ:- ਵੇ ਕਿੱਥੇ ਚੱਲਿਆਂ? ਹਾਂ ਸੱਚ, ਤੇਰਾ ਤਾਂ ਅੱਜ ਪੇਪਰ ਹੈ। ਹੋ ਗੀ ਸਾਰੀ ਤਿਆਰੀ। ਸੰਤਾਂ ਨੂੰ ਮੱਥਾ ਟੇਕਦਾ ਜਾਈਂ। ਪੇਪਰ ਚ’ ਪੂਰੇ ਨੰਬਰ ਆ ਜਾਣਗੇ।

ਗੁਰਸ਼ਬਦ ਸਿੰਘ:- ਕਾਹਦੀ ਤਿਆਰੀ, ਚਾਚੀ ਜੀ! ਸਾਰੀ ਰਾਤ ਇਹਨਾਂ ਨੇ ਮੈਨੂੰ ਸੌਣ ਨ੍ਹੀ ਦਿੱਤਾ, ਇਹਨਾਂ ਦੇ ਸਪੀਕਰਾਂ ਨਾਲ ਤਾਂ ਮੇਰੇ ਕੰਨ ਦਰਦ ਕਰਨ ਲੱਗ ਪਏ ਤੇ ਸਵੇਰੇ ਇੱਕ ਵਾਰ ਫਿਰ ਤੋਂ Revise ਕਰਨਾ ਸੀ ਉਹ ਵੀ ਨ੍ਹੀ ਹੋ ਪਾਇਆ। ਕੁਝ ਪੱਲੇ ਤਾਂ ਪੈਂਦਾ ਨ੍ਹੀ ਕੀ ਬੋਲਦੇ ਰਹਿੰਦੇ ਨੇ, ਆਪਣੀਆਂ ਹੀ ਜਬਲੀਆਂ ਮਾਰੀ ਜਾਣਗੇ। ਕਦੀ ਸ਼ਬਦ ਗੁਰੂ ਦੀ ਵਿਚਾਰ ਕੀਤੀ ਜੇ ਇਹਨਾਂ ਨੇ।ਆਪਣੀਆਂ ਹੀ ਧਾਰਨਾਵਾਂ ਬਣਾਈ ਫਿਰਦੇ ਨੇ।

ਗੁਰਿੰਦਰ ਕੌਰ:- ਗੁਰਸ਼ਬਦ ਇੰਝ ਨ੍ਹੀ ਕਹੀ ਦਾ ਹੁੰਦਾ (ਪਰ ਇੱਕ ਪਾਸੇ ਮਨ ਵਿੱਚ ਇਹ ਵੀ ਸੋਚਦੀ ਹੈ ਕਿ ਬੱਚੇ ਦੀ ਗੱਲ ਤਾਂ ਠੀਕ ਐ।)

ਗੁਰਸ਼ਬਦ ਸਿੰਘ:- ਚਾਚੀ ਜੀ, ਇਸ ਲਈ ਤੇ ਸਿਰਫ ਇਹਨਾਂ ਕਰਕੇ ਮੇਰਾ ਗੁਰਦੁਆਰੇ ਤੋਂ ਵਿਸ਼ਵਾਸ ਵੀ ਉੱਠ ਗਿਆ ਜੇ। ਮੈਨੂੰ ਨਾ ਤਾਂ ਉੱਥੇ ਨਾਨਕ ਜੀ ਨਜ਼ਰ ਆਉਂਦੇ ਤੇ ਨਾ ਹੀ ਰਵਿਦਾਸ ਜੀ ਦਾ ਸਰੂਪ ਦੇਖਣ ਨੂੰ ਮਿਲਦਾ ਹੈ। ਇਹ ਤਾਂ ਪੱਕੇ ਕਾਬਜ਼ ਹੋ ਚੁੱਕੇ ਨੇ ਗੁਰਦੁਆਰੇ ਉੱਪਰ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਤਾਂ ਇਹਨਾਂ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਅੱਜ ਨਾਨਕ ਤੇ ਰਵਿਦਾਸ ਨੂੰ ਤਾਂ ਗੁਰਦੁਆਰੇ ਦੇ ਚੌਰਾਹੇ 'ਤੇ ਵੀ ਖੜ੍ਹਨ ਦੀ ਇਜਾਜ਼ਤ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇਹਨਾਂ ਰੁਮਾਲੇ ਵਿੱਚ ਲਪੇਟ ਕੇ ਰੱਖ ਦਿੱਤਾ ਹੈ ਤੇ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ” ਦੀ ਜਗ੍ਹਾ ਇਹਨਾਂ ਨੂੰ ਤਾਂ ਹਰ ਜਗ੍ਹਾ ਮਾਇਆ ਦੇ ਖਜ਼ਾਨੇ ਨਜ਼ਰ ਆਉਂਦੇ ਨੇ। ਜਿਸ ਬਾਬੇ ਨੇ ਜਾਤ-ਪਾਤ ਦਾ ਭੇਦ ਮਿਟਾਇਆ ਸੀ, ਅੱਜ ਉਸ ਨੂੰ ਛਿੱਕੇ ਤੇ ਟੰਗ ਕੇ ਕਿਸੇ ਗਰੀਬ/ਲੋੜਵੰਦ ਨੂੰ ਨਾ ਤਾਂ ਗੁਰਦੁਆਰੇ ਅੰਦਰ ਮੱਥਾ ਟੇਕਣ ਦੀ ਤੇ ਨਾ ਹੀ ਇਹਨਾਂ ਦੇ ਬਣਾਏ ਅੰਮ੍ਰਿਤ ਦੀਆਂ ਘੁੱਟਾਂ ਭਰ ਕੇ ਬੈਠੇ ਸਿੱਖਾਂ ਨਾਲ ਲੰਗਰ ਛਕਣ ਦੀ ਇਜਾਜ਼ਤ ਹੈ। ਉਹ ਵੀ ਸਾਡੇ ਭਰਾ ਹਨ।ਅਕਾਲ ਪੁਰਖ ਸਾਡਾ ਪਿਉ ਹੈ। ਜਿਸ ਔਰਤ ਨੂੰ ਨਾਨਕ ਜੀ ਨੇ ਪੁਰਸ਼ ਤੋਂ ਵੀ ਵੱਧ ਕੇ ਦਰਜਾ ਦਿੱਤਾ ਸੀ ਤੇ ਕਿਹਾ ਸੀ:-

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”

ਅੱਜ ਉਸੇ ਔਰਤ ਨੂੰ ਇੱਕ ਅਖੌਤੀ ਸੰਤ ਕਹਿੰਦਾ ਹੈ, ਕਿ ਜਦੋਂ ਔਰਤ ਨੂੰ ਮਾਹਵਾਰੀ ਆਉਂਦੀ ਹੈ, ਤਾਂ ਉਹ ਸ਼ੁੱਧ ਨਹੀਂ ਹੁੰਦੀ। ਉਸਨੂੰ ਕੋਈ ਪੁੱਛੇ ਕਿ ਜੇ ਤੇਰੀ ਮਾਤਾ ਜੀ ਨੂੰ ਮਾਹਵਾਰੀ ਨਾ ਆਉਂਦੀ ਤਾਂ ਤੇਰੇ ਵਰਗਾ ਦੁਨੀਆ ਨੂੰ ਤਾਰਨ ਵਾਲਾ ਅਖੌਤੀ ਸੰਤ ਕਿਵੇਂ ਪੈਦਾ ਹੁੰਦਾ। ਅਖੰਡ ਪਾਠ ਕਰਨ ਨਾਲ ਇਹਨਾਂ ਨੂੰ ਕੀ ਮਿਲਦਾ। ਕਿਉਂ ਨ੍ਹੀ ਵਿਚਾਰ ਵੱਲ ਧਿਆਨ ਦਿੰਦੇ। ਹਰ ਵਾਰੀ ਉਹੀ ਘਿਸਿਆ-ਪਿੱਟਿਆ ਇਤਿਹਾਸ ਸੁਣਾਈ ਜਾਣਗੇ ਪਰ ਅਸਲ ਵਿੱਚ ਹੁੰਦਾ ਉਹ ਮਿਥਿਹਾਸ ਹੈ। ਸੱਚ ਨੂੰ ਕਿਉਂ ਨ੍ਹੀ ਮਨ ਵਿੱਚ ਵਸਾਉਂਦੇ, ਕਿਉਂ ਨ੍ਹੀ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ? ਕਿਉਂ ਝੂਠ ਤੇ ਤੁਲੇ ਹੋਏ ਨੇ?

ਗੁਰਿੰਦਰ ਕੌਰ:- ਅੱਛਾ ਪੁੱਤ! ਫਿਰ ਮੈਂ ਚੱਲਦੀ ਹਾਂ, ਮੈਨੂੰ ਦੇਰੀ ਹੋ ਰਹੀ ਹੈ (ਗੁਰਿੰਦਰ ਕੌਰ ਜਾਣ ਹੀ ਲੱਗਦੀ ਹੈ ਕਿ ਉਸਦੀ 501 ਰੁਪਏ ਦੀ ਪਰਚੀ ਗਿਰ ਜਾਂਦੀ ਹੈ।)

ਗੁਰਸ਼ਬਦ ਸਿੰਘ:- ਮਾਸੀ ਜੀ! ਆਹ ਪਰਚੀ, ਤੁਸੀਂ 501 ਰੁਪਏ ਦੀ ਪਰਚੀ ਕਟਵਾ ਲੀ ਕੁਝ ਤਾਂ ਸੋਚਦੇ। ਇਸ ਤੋਂ ਚੰਗਾ ਤਾਂ ਇਹ ਸੀ ਕਿ ਇਸਨੂੰ ਕਿਸੇ ਚੰਗੇ ਪਾਸੇ ਲਗਾਉਂਦੇ। ਕਿਸੇ ਲੋੜਵੰਦ/ਗਰੀਬ ਜਾਂ ਕਿਸੇ ਸੰਸਥਾ ਦੇ ਉਪਯੋਗ ਲਈ ਵਰਤਦੇ। ਇਸ ਤੋਂ ਚੰਗਾ ਤਾਂ ਇਹ ਸੀ ਕਿ ਗੁਰਬਾਣੀ ਦਾ ਲਿਟਰੇਚਰ ਸੰਗਤਾਂ ਵਿੱਚ ਵੰਡ ਦਿੰਦੇ, ਕੁਝ ਤਾਂ ਗਿਆਨ ਆਉਣਾ ਸੀ ਉਹਨਾਂ ਨੂੰ। ਬਾਬਿਆਂ ਦੀਆਂ ਗੋਗੜਾਂ ਤਾਂ ਪਹਿਲਾਂ ਹੀ ਵੱਧੀਆਂ ਹੋਈਆਂ ਹਨ।ਅੱਛਾ! ਫਿਰ ਮੈ ਜਾਣਾ ਖਿਆਲ ਰੱਖਿਓ ਆਪਣਾ।

ਗੁਰਿੰਦਰ ਕੌਰ:- (ਘਰ ਆਉਂਦੇ ਸਾਰ ਹੀ ਆਪਣੇ ਪਤੀ ਜਗਰੂਪ ਸਿੰਘ ਨੂੰ ਕਹਿੰਦੀ ਹੈ।) ਗੁਰਸ਼ਬਦ ਨੇ ਤਾਂ ਅੱਖਾਂ ਹੀ ਖੋਲ ਦਿੱਤੀਆਂ ਮੇਰੀਆਂ ਅੱਗੇ ਤੋਂ ਨ੍ਹੀ ਜਾਣਾ ਮੈਂ।

ਜਗਰੂਪ ਸਿੰਘ:- ਓਇ! ਆ ਕੀ ਚਮਤਕਾਰ ਹੋ ਗਿਆ।

ਗੁਰਿੰਦਰ ਕੌਰ:- ਚਮਤਕਾਰ ਨ੍ਹੀ ਜੀ, ਸੱਚ ਦਾ ਗਿਆਨ ਹੈ ਇਹ। ਇੱਕ ਛੋਟੇ ਜਿਹੇ ਬੱਚੇ ਦੀ ਗੱਲ ਨੇ ਇਹਨਾਂ ਪ੍ਰਭਾਵਿਤ ਕਰ ਦੇਣਾ ਸੋਚਿਆ ਨਹੀਂ ਸੀ। “ਗਿਆਨ ਵਿਹੂਣਾ ਕਿਛੂ ਨ ਸੂਝੈ” ਮੁਤਾਬਿਕ ਸੀ ਪਹਿਲਾਂ ਮੈਂ ਪਰ ਹੁਣ ਸੱਚ ਦਾ ਗਿਆਨ ਹੋ ਗਿਆ ਹੈ ਤੇ ਇਹਨਾਂ ਸਭ ਦੀ ਅਸਲੀਅਤ ਵੀ ਹੁਣ ਸਾਮ੍ਹਣੇ ਆ ਗਈ ਹੈ।ਤੁਸੀਂ ਸਹੀ ਹੀ ਕਹਿੰਦੇ ਸੀ।

ਜਗਰੂਪ ਸਿੰਘ:- ਚਲ, ਤੈਨੂੰ ਕੁਝ ਸਮਝ ਤਾਂ ਲੱਗੀ (ਇਹ ਕਹਿ ਕੇ ਜਗਰੂਪ ਸਿੰਘ ਆਪਣੇ ਕੰਮ ਤੇ ਚਲਾ ਜਾਂਦਾ ਹੈ।)

(ਸਮਾਪਤ)

ਹੁਣ ਮੈਂ ਇਹ ਦੇਖਾਂਗਾ ਕਿ ਕਿੰਨ੍ਹੇ ਲੋਕਾਂ ਦੀ ਸੋਚ ਬਦਲਦੀ ਹੈ। ਹੁਣ ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਗੁਰਿੰਦਰ ਕੌਰ ਬਣਨਾ ਹੈ ਜਾਂ ਫਿਰ ਵੀ ਓਹੀ ਕੰਮ ਕਰਨੇ ਹਨ। ਸਾਨੂੰ ਐਸੇ ਕਿੰਨ੍ਹੇ ਹੀ ਗੁਰਸ਼ਬਦ ਸਿੰਘ ਦੀ ਲੋੜ ਹੈ, ਜੋ ਨਾਨਕ ਦੇ ਫਲਸਫੇ ਉੱਪਰ ਚੱਲ ਕੇ ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਤੇ ਸਭ ਤੋਂ ਵੱਡੀ ਗੱਲ ਬਿਨ੍ਹਾਂ ਕਿਸੇ ਦੇ ਡਰ ਤੋਂ ਭੈਅ ਮੁਕਤ ਹੋ ਕੇ ਸੱਚ ਦਾ ਪ੍ਰਚਾਰ ਕਰਨ।

- ਗਗਨ ਦੀਪ ਸਿੰਘ “ਧੂਰੀ”


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top