ਲਾਹੌਰ,
2 ਜੂਨ : ਪਾਕਿਸਤਾਨ 'ਚ ਵਸਦੇ ਸਿੱਖਾਂ ਲਈ 1 ਜੂਨ ਦਾ ਦਿਨ ਇਤਿਹਾਸਕ ਹੋ
ਨਿਬੜਿਆ ਜਦੋਂ ਰਮੇਸ਼ ਸਿੰਘ ਅਰੋੜਾ ਨੇ ਪੰਜਾਬ ਅਸੈਂਬਲੀ ਦੇ ਮੈਂਬਰ ਵਜੋਂ ਸਹੁੰ
ਚੁੱਕੀ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਰਮੇਸ਼ ਸਿੰਘ
ਅਰੋੜਾ ਲਾਹੌਰ ਤੋਂ 80 ਕਿਲੋਮੀਟਰ ਦੂਰ ਸਥਿਤ ਨਾਰੋਵਾਲ ਜ਼ਿਲ੍ਹੇ ਦੇ ਵਸਨੀਕ ਹਨ।
ਉਨ੍ਹਾਂ ਨੇ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ 340 ਮੈਂਬਰਾਂ
ਨਾਲ ਸਹੁੰ ਚੁੱਕੀ। ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਘੱਟ ਗਿਣਤੀਆਂ ਲਈ ਰਾਖਵੀਂ ਸੀਟ
'ਤੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਰਮੇਸ਼ ਸਿੰਘ ਅਰੋੜਾ ਜਦੋਂ ਸਦਨ ਵਿਚ ਦਾਖ਼ਲ
ਹੋਏ ਤਾਂ ਸਾਰੇ ਮੈਂਬਰਾਂ ਨੇ ਹੱਥ ਹਿਲਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਕੇਸਰੀ ਪੱਗ ਅਤੇ ਸਫ਼ੈਦ ਕੁੜਤਾ-ਪਜਾਮਾ ਪਹਿਨ ਕੇ ਸਹੁੰ
ਚੁੱਕਣ ਲਈ ਪੁੱਜੇ ਰਮੇਸ਼ ਸਿੰਘ ਨੇ ਕਿਹਾ, ''ਇਹ ਦਿਨ ਪਾਕਿਸਤਾਨ ਵਿਚਲੀਆਂ ਘੱਟ
ਗਿਣਤੀਆਂ ਲਈ ਹੀ ਨਹੀਂ, ਸਗੋਂ ਸਮੁੱਚੀ ਦੁਨੀਆਂ 'ਚ ਵਸਦੇ ਸਿੱਖਾਂ ਲਈ ਯਾਦਗਾਰੀ
ਬਣ ਗਿਆ ਹੈ।'' 1947 ਤੋਂ ਬਾਅਦ ਪਾਕਿਸਤਾਨ ਵਿਚਲੇ ਪੰਜਾਬ ਦੀ ਅਸੈਂਬਲੀ ਦਾ
ਮੈਂਬਰ ਬਣਨ ਵਾਲੇ ਰਮੇਸ਼ ਸਿੰਘ ਪਹਿਲੇ ਸਿੱਖ ਬਣ ਗਏ ਹਨ। ਉਨ੍ਹਾਂ ਕਿਹਾ ਕਿ ਉਹ
ਪਾਕਿਸਤਾਨ 'ਚ ਸਥਿਤ ਧਾਰਮਕ ਅਤੇ ਇਤਿਹਾਸਕ ਸਥਾਨਾਂ ਦੀ ਮੁੜ ਸਥਾਪਤੀ ਲਈ ਕੰਮ
ਕਰਨਗੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ
'ਚ ਸੁਧਾਰਾਂ ਦਾ ਸਿਲਸਿਲਾ ਜਾਰੀ ਹੈ ਅਤੇ ਛੇਤੀ ਹੀ ਇਸ ਦੀ ਕਾਰਗੁਜ਼ਾਰੀ ਨੂੰ
ਹੋਰ ਬਿਹਤਰ ਕਰ ਕੇ ਗੁਰਦਵਾਰਿਆਂ ਵਿਚ ਸੁਚੱਜੇ ਪ੍ਰਬੰਧ ਲਾਗੂ ਕੀਤੇ ਜਾਣਗੇ। ''ਇਸ
ਅਹੁਦੇ ਨਾਲ ਮੇਰੀਆਂ ਘੱਟ ਗਿਣਤੀਆਂ ਪ੍ਰਤੀ ਜ਼ਿੰਮੇਵਾਰੀਆਂ ਵੀ ਵਧ ਗਈਆਂ ਹਨ।
ਮੈਂ ਪਾਕਿਸਤਾਨ ਵਿਚ ਰਹਿੰਦੇ ਘੱਟ ਗਿਣਤੀਆਂ ਦੀ ਸੇਵਾ ਤਨ-ਮਨ ਨਾਲ ਕਰਨ ਦੀ
ਕੋਸ਼ਿਸ਼ ਕਰਾਂਗਾ।