Share on Facebook

Main News Page

ਸੰਤਾਂ ਨੇ ਕਿਹਾ, “ਮੇਰੇ ਗੁਰੂ ਨੇ ਮੈਨੂੰ ਕੜਾ ਬਖਸ਼ਿਆ ਹੈ, ਚੂੜੀਆਂ ਨਹੀਂ …”: ਤੀਸਰੇ ਘੱਲੂਘਾਰੇ ਦਾ ਤੀਸਰਾ ਦਿਨ

ਅੰਮ੍ਰਿਤਸਰ: (3 ਜੂਨ, ਨਰਿੰਦਰ ਪਾਲ ਸਿੰਘ) : ਜੂਨ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਫੌਜੀ ਹਮਲੇ ਦੀ ੨੯ ਵੀਂ ਸਦੀਵੀ ਯਾਦ ਦਾ ਅੱਜ ਤੀਸਰਾ ਦਿਨ ਹੈ । ਅੱਜ ਦੇ ਦਿਨ ਪੰਚਮ ਗੁਰਦੇਵ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਣ ਜਿਲ੍ਹਾ ਪ੍ਰਸ਼ਾਸ਼ਨ ਨੇ ੨ ਜੂਨ ਨੂੰ ਲਗਾਏ ਕਰਫਿਉ ਵਿਚ ਢਿੱਲ ਦਿੱਤੀ ਸੀ । ਹਜਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਦੂਰ ਦੁਰੇਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਪੁਜੀਆਂ ਸਨ ।

ਦਿਨ ਭਰ ਸਿੱਖ ਯੋਧਿਆਂ ਨੇ ਤਿਆਰ ਮੋਰਚਿਆਂ ਦਾ ਮੁਕੰਮਲ ਜਾਇਜਾ ਲਿਆ । ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ, ਅਗਲੇਰੀ ਰਣਨੀਤੀ ਤੈਅ ਕਰਦੇ ਰਹੇ । ਬੀ.ਬੀ.ਸੀ. ਦਾ ਦਿੱਲੀ ਸਥਿਤ ਨੁਮਾਇੰਦਾ ਪੱਤਰਕਾਰ ਮਾਰਕ ਟੱਲੀ ਬਾਅਦ ਦੁਪਿਹਰ, ਸੰਤ ਜਰਨੈਲ ਸਿੰਘ ਖਾਲਸਾ ਨਾਲ ਮੁਲਾਕਾਤ ਕਰਨ ਪੁਜਾ ।

ਸ੍ਰੀ ਦਰਬਾਰ ਸਾਹਿਬ ਦਾ ਸਹਾਇਕ ਸੂਚਨਾ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਉਸਦੇ ਨਾਲ ਸੀ । ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਜਦ ਮਾਰਕ ਟੱਲੀ ਨੇ ਸੰਤ ਜੀ ਨੂੰ ਪੁਛਿਆ “ਸੰਤ ਜੀ, ਬਾਹਰ ਫੌਜ ਆ ਚੁਕੀ ਹੈ, ਤੁਸੀਂ ਕੀ ਕਹਿਣਾ ਚਾਹੋਗੇ ….? ਤਾਂ ਸੰਤਾਂ ਨੇ ਆਪਣਾ ਕੜਾ ਵਿਖਾਉਂਦਿਆਂ ਜਵਾਬ ਦਿੱਤਾ, ”ਮੇਰੇ ਗੁਰੂ ਨੇ ਮੈਨੂੰ ਕੜਾ ਬਖਸ਼ਿਆ ਹੈ, ਚੂੜੀਆਂ ਨਹੀਂ …”। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲਦਿਆਂ ਹੀ ਮਾਰਕ ਟੱਲੀ ਦੀ ਕਾਰ ਨੂੰ ਪੁਲਿਸ ਨੇ ਮਿਲਟਰੀ ਦੀ ਮਦਦ ਨਾਲ ਰੋਕ ਕੇ ਜਾਣਕਾਰੀ ਦਿੱਤੀ, ਕਿ ਵਿਦੇਸ਼ੀ ਹੋਣ ਦੇ ਨਾਤੇ ਉਹ ਪੰਜਾਬ ਵਿਚ ਨਹੀਂ ਰੁਕ ਸਕਦੇ ਤੇ ਮਾਰਕ ਟੱਲੀ ਨੂੰ ਪੁਲਿਸ ਨੇ ਆਪਣੀ ਨਿਗਰਾਨੀ ਵਿਚ ਪੰਜਾਬ ਦਾ ਸ਼ੰਭੂ ਬੈਰੀਅਰ ਪਾਰ ਕਰਵਾ ਦਿੱਤਾ । ਇਸੇ ਸ਼ਾਮ ਹੀ ਪੰਜਾਬ ਵਿਚ ਤੇ ਖਾਸ ਕਰਕੇ ਅੰਮ੍ਰਿਤਸਰ ਵਿਚ ਸੰਚਾਰ ਪ੍ਰਣਾਲੀ ਟੱਪ ਕਰ ਦਿੱਤੀ ਗਈ ਅਤੇ ੩੬ ਘੰਟੇ ਦਾ ਕਰਫਿਊ ਐਲਾਨ ਦਿੱਤਾ ਗਿਆ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top