Share on Facebook

Main News Page

ਨਾਵਲ ‘ਪਾਪ ਕੀ ਜੰਝ’ ਸਮਾਜ ਨੂੰ ਅਰਪਣ

ਚੰਡੀਗੜ੍ਹ, 3 ਜੂਨ : ਅੱਜ ਇਥੇ ਇਕ ਪ੍ਰਭਾਵਸ਼ਾਲੀ ਇਕੱਠ ਵਿੱਚ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਸਟਿਸ ਅਜੀਤ ਸਿੰਘ ਬੈਂਸ, ਦੱਲ ਖ਼ਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀ, ਅਕਾਲੀ ਦਲ(ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਸ੍ਰ. ਹਰਪਾਲ ਸਿੰਘ ਚੀਮਾ ਅਤੇ ਉਘੀ ਸਮਾਜ ਸੇਵੀ ਅਤੇ ਲੇਖਿਕਾ ਤਾਰਨ ਗੁਜਰਾਲ, ਪੰਥਕ ਵਿਦਵਾਨ ਡਾ.ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸਾਬਕਾ ਆਈ ਏ ਐਸ ਸ੍ਰ. ਗੁਰਤੇਜ ਸਿੰਘ ਨੇ, ਸ੍ਰ. ਰਾਜਿੰਦਰ ਸਿੰਘ(ਖ਼ਾਲਸਾ ਪੰਚਾਇਤ ਵਾਲੇ) ਦਾ ਲਿਖਿਆ ਨਾਵਲ “ਪਾਪ ਕੀ ਜੰਝ” ਮਨੁੱਖੀ ਸਮਾਜ ਨੂੰ ਅਰਪਣ ਕੀਤਾ।

ਇਸ ਇਤਿਹਾਸਕ ਨਾਵਲ ਦੀ ਕਹਾਣੀ ਜੂਨ 1984 ਦੇ ਭਾਰਤੀ ਫੌਜਾਂ ਵਲੋਂ ਦਰਬਾਰ ਸ਼ਾਹਿਬ, ਅੰਮ੍ਰਿਤਸਰ ਅਤੇ ਹੋਰ 37 ਗੁਰਧਾਮਾਂ ’ਤੇ ਹਮਲੇ ਅਤੇ ਨਵੰਬਰ 1984 ਦੇ ਭਾਰਤ ਦੇ ਅਲੱਗ ਅਲੱਗ ਹਿੱਸਿਆ ਵਿੱਚ ਹੋਏ ਸਿੱਖਾਂ ਦੇ ਕਤਲੇਆਮ ’ਤੇ ਅਧਾਰਤ ਹੈ। ਲੇਖਕ ਅਨੁਸਾਰ ਇਸ ਨਾਵਲ ਵਿੱਚ ਦਰਸਾਈਆਂ ਗਈਆਂ ਸਾਰੀਆਂ ਘਟਨਾਵਾਂ ਸੱਚੀਆਂ ਹਨ।

ਇਸ ਤੋਂ ਪਹਿਲਾਂ ਨਾਵਲ ਬਾਰੇ ਹੋਈ ਵਿਚਾਰ ਚਰਚਾ ਵਿੱਚ ਬੋਲਦਿਆਂ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਨਾਵਲ ਨੂੰ ਪੜ੍ਹ ਕੇ ਜੂਨ 1984 ਅਤੇ ਨਵੰਬਰ 1984 ਦੇ ਦਰਦਨਾਕ ਸਾਕੇ ਤਾਜ਼ਾ ਹੋ ਜਾਂਦੇ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਭ ਕੁਝ ਉਨ੍ਹਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਕ ਵਧੀਆ ਦਸਤਾਵੇਜ ਬਣ ਗਿਆ ਹੈ।

ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਾਵਲ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਇਕ ਘਰੋਂ ਵਿਹੂਣੀ (ਸ਼ਟੳਟੲ ਲੲਸਸ) ਕੌਮ ਹੈ ਜਿਸ ਦਾ ਕੋਈ ਵਲੀ ਵਾਰਸ ਨਹੀਂ ਅਤੇ ਭਾਰਤ ਮਾਤਾ ਵਲੋਂ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਹ ਨਾਵਲ ਪੜ੍ਹ ਕੇ ਬਹੁਤੇ ਭੋਲੇ ਸਿੱਖਾਂ ਦਾ ਇਹ ਭਰਮ ਟੁੱਟ ਜਾਂਦਾ ਹੈ ਕਿ ਉਹ ਭਾਰਤ ਵਿੱਚ ਬਰਾਬਰ ਦੇ ਨਾਗਰਿਕ ਹਨ।

ਸ੍ਰ. ਗੁਰਤੇਜ ਸਿੰਘ ਨੇ ਕਿਹਾ ਕਿ ਇਹ ਕੇਵਲ ਇਕ ਨਾਵਲ ਨਹੀਂ ਬਲਕਿ ਉਸ ਤੋਂ ਵਧ ਬਹੁਤ ਕੁਝ ਹੋਰ ਵੀ ਹੈ। ਇਹ ਇਕ ਐਸਾ ਇਤਿਹਾਸਕ ਦਸਤਾਵੇਜ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਾਕੇ ਦੀਆਂ ਸਚਿਆਈਆਂ ਬਾਰੇ ਚਾਨਣਾ ਪਾਉਂਦਾ ਰਹੇਗਾ ਅਤੇ ਇਸ ਪੀੜ੍ਹੀ ਵਲੋਂ ਭੋਗੇ ਸੰਤਾਪ ਨੂੰ ਯਾਦ ਕਰਾਉਂਦਾ ਰਹੇਗਾ।

ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਦਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀਂ ਨੇ ਕਿਹਾ ਕਿ ਇਹ ਨਾਵਲ ਪੜ੍ਹਦਿਆਂ ਭਾਰੀ ਪੀੜਾ ਦਾ ਅਹਿਸਾਸ ਹੁੰਦਾ ਹੈ, ਅਤੇ ਪਾਠਕ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪ ਇਸ ਨਾਵਲ ਦਾ ਇਕ ਪਾਤਰ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਵੀਰ ਸਿੰਘ ਤੋਂ ਬਾਅਦ ਕਿਸੇ ਨੇ ਐਸੇ ਇਤਿਹਾਸਕ ਨਾਵਲ ਲਿਖਣ ਦੀ ਮੁੜ ਤੋਂ ਸ਼ੁਰੂਆਤ ਕੀਤੀ ਹੈ।

ਬੜੇ ਹੀ ਭਾਵਪੂਰਨ ਸ਼ਬਦਾਂ ਵਿੱਚ ਬੀਬੀ ਤਾਰਨ ਗੁਜਰਾਲ ਜੀ ਨੇ ਕਿਹਾ ਕਿ ਸਿੱਖ ਕੌਮ ਨੇ ਇਨ੍ਹਾਂ ਸਾਕਿਆਂ ਰਾਹੀ ਬਹੁਤ ਭਾਰੀ ਸੰਤਾਪ ਭੋਗਿਆ ਹੈ। ਰਾਜਿੰਦਰ ਸਿੰਘ ਨੇ ਇਸ ਨਾਵਲ ਰਾਹੀਂ ਉਸ ਪੀੜਾ ਨੂੰ ਹੁਬਹੂ ਪਰਗੱਟ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਅਤੇ ਤਸੱਲੀ ਵੀ ਹੈ ਕਿ ਸ੍ਰ. ਰਾਜਿੰਦਰ ਸਿੰਘ ਨੇ ਕਾਨਪੁਰ ਦੀਆਂ ਵਾਰਦਾਤਾਂ ਨੂੰ ਆਪਣੇ ਪਾਤਰਾਂ ਨਾਲ ਜੋੜਨ ਵੇਲੇ ਨਾ ਤਾਂ ਉਨ੍ਹਾਂ ਦੇ ਦਰਦ ਨੂੰ ਮੱਧਮ ਪੈਣ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਸਚਾਈ ’ਤੇ ਕੋਈ ਸਮਝੌਤਾ ਕੀਤਾ ਹੈ।

ਨਾਵਲ ਦੇ ਲੇਖਕ ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਾਵਲ ਲਿਖਣ ਦਾ ਖਿਆਲ ਉਦੋਂ ਆਇਆ, ਜਦੋਂ ਚਾਰ ਸਾਲ ਪਹਿਲੇ ਇਹ ਬਹੁਤ ਜ਼ੋਰ ਪਾ ਕੇ ਕਿਹਾ ਜਾ ਰਿਹਾ ਸੀ ਕਿ ਸਿੱਖਾਂ ਨੂੰ ਹੁਣ ਇਨ੍ਹਾਂ ਹਾਦਸਿਆਂ ਨੂੰ ਭੁਲ ਜਾਣਾ ਚਾਹੀਦਾ ਹੈ। ਭਾਵੇਂ ਇਤਿਹਾਸਕ ਤੌਰ ਤੇ ਪਹਿਲਾਂ ਵੀ ਇਨ੍ਹਾਂ ਵਿਸ਼ਿਆਂ ਤੇ ਕਈ ਕਿਤਾਬਾਂ ਆ ਚੁਕੀਆਂ ਹਨ ਪਰ ਉਨ੍ਹਾਂ ਦੀ ਇੱਛਾ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ ਸੰਭਾਲਣ ਦੀ ਸੀ, ਇਸੇ ਵਾਸਤੇ ਉਨ੍ਹਾਂ ਇਸ ਸੱਚੇ ਇਤਿਹਾਸ ਨੂੰ ਨਾਵਲ ਰੂਪ ਵਿੱਚ ਲਿਖਣ ਦਾ ਮਨ ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਵਲ ਦੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਸੱਚੀਆਂ ਹਨ, ਅਤੇ ਜੂਨ 1984 ਦੀਆਂ ਸੱਚੀਆਂ ਘਟਨਾਵਾਂ ਦਾ ਵੇਰਵਾ ‘ਡਾਇਰੀ ਦੇ ਪੰਨੇ’ ਕਿਤਾਬ ਤੋਂ ਲਿਆ ਗਿਆ ਹੈ, ਜਿਸਦੇ ਲੇਖਕ ਸ੍ਰ. ਹਰਬੀਰ ਸਿੰਘ ਭੰਵਰ ਹਨ ਜੋ ਜੂਨ 1984 ਦੇ ਮੰਦਭਾਗੇ ਸਾਕੇ ਸਮੇਂ ਅੰਮ੍ਰਿਤਸਰ ਵਿੱਚ ਟ੍ਰਿਬਿਊਨ ਅਖਬਾਰ ਦੇ ਪਤਰਕਾਰ ਸਨ। ਇਸੇ ਤਰ੍ਹਾਂ 31 ਅਕਤੂਬਰ ਤੋਂ 2 ਨਵੰਬਰ 1984 ਤੱਕ ਦੀਆਂ ਕਾਨਪੁਰ ਦੀਆਂ ਵਹਿਸੀ ਵਾਰਦਾਤਾਂ ਦਾ ਵੇਰਵਾ ਤਾਰਨ ਗੁਜਰਾਲ ਜੀ ਦੀ ਕਿਤਾਬ ‘ਰੱਤੁ ਕਾ ਕੁੰਗੂ’ ਵਿੱਚੋਂ ਲਿਆ ਹੈ। ਜਿਨ੍ਹਾਂ ਇਹ ਸਾਕਾ ਆਪਣੇ ਪਿੰਡੇ ਤੇ ਹੰਡਾਇਆ ਹੈ। ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਇਹ ਨਾਵਲ ਲਿਖਣ ਲੱਗਿਆਂ ਸਾਰੇ ਡਰ, ਭਉ ਅਤੇ ਨਿਜੀ ਵਿਚਾਰਾਂ ਨੂੰ ਪਾਸੇ ਰੱਖ ਕੇ ਸਿਰਫ ਸੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪਹਿਲੀਆਂ ਕਿਤਾਬਾਂ, ‘ਸਿੱਖੀ ਦੀ ਸਿਖਿਆ’, ‘ਗੁਰਮਤਿ ਨਾਮ ਸਿਮਰਨ’, ਮਹੱਤਵ ਪੂਰਨ ਸਿੱਖ ਮੁੱਦੇ ‘ਪਾਹੁਲ ਇਕ ਅਦੁੱਤੀ ਬਖ਼ਸ਼ਿਸ਼’ ਗੁਰਮਤਿ ਸਿਖਿਆ ਨਾਲ ਸਬੰਧਤ ਹਨ ਅਤੇ ਕਿਤਾਬਚਾ ‘ਕੌਮੀ ਭਵਿਖ ਅਤੇ ਸਿੱਖ ਨੌਜੁਆਨੀ’ ਸਿੱਖ ਕੌਮ ਦੇ ਮੌਜੂਦਾ ਹਾਲਾਤ ਨਾਲ ਸਬੰਧਤ ਹੈ। ਸਾਹਿਤ ਦੇ ਇਸ ਖੇਤਰ ਵਿੱਚ ਇਹ ਨਾਵਲ ਉਨ੍ਹਾਂ ਦਾ ਪਹਿਲਾ ਉਪਰਾਲਾ ਹੈ।

ਇਸ ਮੌਕੇ ਦੱਲ ਖਾਲਸਾ ਦੇ ਸਾਬਕਾ ਮੁਖੀ ਸ੍ਰ ਸਤਨਾਮ ਸਿੰਘ ਪਾਉਂਟਾ ਸਾਹਿਬ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਅਤੇ ਸ੍ਰ. ਹਰਪਾਲ ਸਿੰਘ ਚੀਮਾਂ ਨੇ ਵੀ ਆਪਣੇ ਵਿਚਾਰ ਰੱਖੇ।

ਨਾਵਲ ਦਾ ਮੁਖਬੰਦ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਲਿਖਿਆ ਹੈ ਅਤੇ ਸ੍ਰ. ਗੁਰਮੀਤ ਸਿੰਘ (ਸਿਡਨੀ, ਆਸਟ੍ਰੇਲੀਆ) ਨੇ ਨਾਵਲ ਬਾਰੇ ਚੰਦ ਸ਼ਬਦ ਲਿਖੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top