Share on Facebook

Main News Page

"ਸ਼ਬਦ ਗੁਰੂ ਦੇ ਸਿੱਖਾਂ" ਕੋਲੋਂ "ਮਹਾਕਾਲ" ਅਤੇ "ਭੈਰਉ" ਦੋਵੇਂ ਹਾਰ ਗਏ
- ਇੰਦਰਜੀਤ ਸਿੰਘ, ਕਾਨਪੁਰ

ਮਿਤੀ 23 ਮਈ 2013 ਨੂੰ ਕਾਨਪੁਰ ਦੇ ਬੁਧੀਜੀਵੀ, ਪੰਥ ਦਰਦੀ ਅਤੇ ਸੁਹਿਰਦ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਦਾ ਅੰਤਿਮ ਸੰਸਕਾਰ ਕਾਨਪੁਰ ਦੇ ਭੈਰਉ ਘਾਟ, ਕਾਨਪੁਰ ਵਿਖੇ ਕੀਤਾ ਗਇਆ। । ਆਪ ਜੀ ਦੀ ਜਾਨਕਾਰੀ ਲਈ ਇਹ ਦਸ ਦੇਣਾਂ ਜਰੂਰੀ ਸਮਝਦਾ ਹਾਂ ਕਿ ਕਾਨਪੁਰ ਵਿੱਚ ਬਹੁਤੇ ਸਿੱਖਾਂ ਦਾ ਅੰਤਿਮ ਸੰਸਕਾਰ ਗੰਗਾ ਨਦੀ ਦੇ ਕੰਡੇ 'ਤੇ ਬਣੇ ਇਸੇ ਅਸਥਾਨ 'ਤੇ ਕੀਤਾ ਜਾਂਦਾ ਹੈ । ਗੰਗਾ ਨਦੀ ਦੇ ਕੰਡੇ ਤੇ ਬਣੇ, ਇਸ ਘਾਟ ਦਾ ਨਾਮ 'ਭੈਰਉ ਘਾਟ" ਇਸ ਲਈ ਪਇਆ ਹੋਇਆ ਹੈ, ਕਿਉਂਕਿ ਇਸ ਥਾਂ ਤੇ ਮੌਤ ਦੇ ਦੇਵਤੇ "ਮਹਾਕਾਲ" ਅਤੇ "ਭੈਰਉ" ਦਾ ਇਕ ਬਹੁਤ ਪ੍ਰਾਚੀਨ ਮੰਦਿਰ ਵੀ ਬਣਿਆ ਹੋਇਆ ਹੈ। ਹਿੰਦੂ ਮਿਥਹਾਸ ਅਨੁਸਾਰ ਭੈਰਉ ਅਤੇ ਮਹਾਕਾਲ ਦੋਵੇ ਹੀ ਸ਼ੰਕਰ ਦੇਵਤੇ ਦੇ ਹੀ ਅਵਤਾਰ ਹਨ। ਭੈਰਉ ਸ਼ੰਕਰ ਦਾ ਗਿਆਰ੍ਹਵਾਂ ਅਵਤਾਰ ਹੈ, ਅਤੇ ਇਸ ਦੀ ਸਵਾਰੀ ਖੋਤਾ ਹੈ । "ਮਹਾਕਾਲ" ਸ਼ੰਕਰ ਦਾ ਰੁਦ੍ਰ ਰੂਪ ਅਵਤਾਰ ਹੈ ਅਤੇ ਇਹ ਭੰਗ ਅਤੇ ਸ਼ਰਾਬ ਪੀਦਾ ਹੈ । ਇਸ ਨੂੰ ਮੌਤ ਦਾ ਦੇਵਤਾ ਕਹਿਆ ਜਾਂਦਾ ਹੈ। ਹਿੰਦੂ ਮਿਥਹਾਸ ਅਨੁਸਾਰ ਇਹ ਦੋਵੇ ਦੇਵਤੇ ਜਿਸ ਨੂੰ ਚਾਉਣ ਉਸ ਦਾ ਵਿਨਾਸ਼ ਕਰ ਸਕਦੇ ਹਨ, ਅਤੇ ਜਿਸ ਨੂੰ ਚਾਉਣ ਉਸ ਨੂੰ ਅਮਰ ਵੀ ਕਰ ਸਕਦੇ ਹਨ।

ਵੀਰ ਸੁਰਿੰਦਰ ਸਿੰਘ ਜੀ ਦੇ ਅੰਤਿਮ ਸਸਕਾਰ ਤੋਂ ਬਾਦ ਮੇਰੇ ਨਾਲ ਵੀਰ ਹਰਚਰਨ ਸਿੰਘ ਭੱਠੇ ਵਾਲੇ, ਵੀਰ ਮਨਮੀਤ ਸਿੰਘ ਸਵਾਲੱਖ, ਅਤੇ ਵੀਰ ਕੰਵਲਪਾਲ ਸਿੰਘ ਸਨ। ਤੁਰਦਿਆਂ ਤੁਰਦਿਆਂ , ਵੀਰ ਕਵੰਲਪਾਲ ਸਿੰਘ ਨੇ ਕਹਿਆ, "ਵੀਰ ਜੀ ਇਥੇ ਮਹਾਕਾਲ ਦਾ ਮੰਦਿਰ ਹੈ, ਉਸਨੂੰ ਸ਼ਰਾਬ ਅਤੇ ਭੰਗ ਦਾ ਭੋਗ ਲਵਾਇਆ ਜਾਂਦਾ ਹੈ, ਆਉ ਵੇਖ ਕੇ ਆਈਏ ਕਿ ਉਥੇ ਕੀ ਹੋ ਰਿਹਾ ਹੈ ?"

ਕੰਵਲਪਾਲ ਸਿੰਘ ਦੇ ਕਹਿੰਦੇ ਸਾਰ ਹੀ ਅਸੀਂ ਚਾਰੇਂ ਵੀਰ ਮਹਾਕਾਲ ਦੇ ਮੰਦਿਰ ਵਲ ਇਕ ਮਤ ਹੋ ਕੇ ਤੁਰ ਪਏ । ਇਹ ਮੰਦਿਰ ਕੁਝ ਉਚਾਈ ਤੇ ਹੈ, ਅਤੇ ਕੁਝ ਪੌੜੀਆਂ ਚੱੜ੍ਹ ਕੇ ਆਂਉਦਾ ਹੈ। ਅਸੀਂ ਜਾਨਕਾਰੀ ਲੈਣ ਲਈ ਬਾਹਰ ਬੈਠੇ ਮੰਦਿਰ ਦੇ ਇਕ ਪੁਜਾਰੀ ਕੋਲੋਂ ਮਹਾਕਾਲ ਦੇ ਮੰਦਿਰ ਦਾ ਰਸਤਾ ਪੁਛਿਆ । ਉਸ ਨੇ ਫੌਰਨ ਉਥੇ ਜਾਂਣ ਤੋ ਸਾਨੂੰ ਮਨਾਂ ਕਰ ਦਿਤਾ। ਉਸ ਪੰਡਿਤ ਨੂੰ ਮੈਂ ਦੋਹਰਾ ਕੇ ਪੁਛਿਆ ਕਿ "ਕਿਆ ਕਾਰਣ ਹੈ, ਕਿ ਹਮੇਂ ਉਸ ਮੰਦਿਰ ਮੇ ਨਹੀਂ ਜਾਂਨਾਂ ਚਾਹੀਏ?" ਉਸ ਨੇ ਕੁਝ ਚਿੜਚਿੜੇ ਹੋ ਕੇ ਕਹਿਆ ਕਿ, ਆਪ ਡੇਡ ਬਾਡੀ (Dead Body)  ਜਲਾ ਕੇ ਆਏ ਹੈ, ਆਪ ਕੋ ਵਹਾਂ ਨਹੀਂ ਜਾਨਾਂ ਚਾਹੀਏ", ਮੈ ਦੋਬਾਰਾ ਕਹਿਆ ਕਿ "ਕਿਆ ਹੋ ਸਕਤਾ ਹੈ ਵਹਾਂ ਚਲੇ ਜਾਏਂ ਤੋ?" ਉਸਨੇ ਜਵਾਬ ਦਿਤਾ , "ਕੁਛ ਭੀ ਹੋ ਸਕਤਾ ਹੈ, ਕਿਉ ਕਿ ਵਹ ਤੋ ਆਪ ਹੀ ਮੌਤ ਕੇ ਦੇਵਤਾ ਹੈਂ।" ਉਸ ਪੰਡਿਤ ਦਾ ਭਾਵ ਇਹ ਸੀ ਕਿ ਜੇ ਤੁਸੀਂ ਕਿਸੇ ਮ੍ਰਿਤਕ ਸ਼ਰੀਰ ਦਾ ਸੰਸਕਾਰ ਕਰਕੇ ਆਏ ਹੋ ਇਸ ਲਈ ਅਪਵਿੱਤਰ ਹੋ ਗਏ ਹੋ। ਇਸ ਅਵਸਥਾ ਵਿੱਚ ਉਥੇ ਜਾਂਨ ਨਾਲ ਸਾਡੀ ਮੌਤ ਵੀ ਹੋ ਸਕਦੀ ਹੈ।

ਉਸ ਪੰਡਿਤ ਦੀ ਗਲ ਨੂੰ ਸੁਣਦਿਆ ਹੀ ਉਸ ਨੂੰ ਰੱਦ ਕਰਦੇ ਹੋਏ ਅਸੀਂ ਚਾਰੇਂ ਉਸ ਮੰਦਿਰ ਦੀਆਂ ਪੌੜ੍ਹੀਆਂ ਚੜ੍ਹ ਕੇ ਉਸ ਮੰਦਿਰ ਵਲ ਤੁਰ ਪਏ। ਉਥੇ ਅਸੀਂ ਪੁਜ ਕੇ ਪੱਥਰ ਦੀਆਂ ਦੋ ਮੂਰਤੀਆਂ ਵੇਖੀਆਂ। ਇਕ ਮਹਾਕਾਲ ਦੀ ਸੀ ਅਤੇ ਦੂਜੀ ਭੈਰਉ ਦੀ। ਦੋਵੇਂ ਮੂਰਤੀਆਂ ਦੀ ਨਾਂ ਤਾਂ ਸ਼ਕਲ ਨਜਰ ਆ ਰਹੀ ਸੀ, ਅਤੇ ਨਾਂ ਹੀ ਉਹ ਡਰਾਵਨੀਆਂ ਹੀ ਲਗ ਰਹੀਆ ਸੀ, ਜਿਸ ਤਰ੍ਹਾਂ ਦਾ ਇਨਾਂ ਦੇ ਰੂਪ ਦਾ ਵਖਿਆਨ ਅਖੌਤੀ ਕੂੜ ਗ੍ਰੰਥ ਵਿੱਚ ਕੀਤਾ ਹੋਇਆ ਹੈ। ਮੱਥੇ ਤੇ ਦੋ ਕਾਲੇ ਰੰਗ ਦੇ ਬੰਟੇ ਲਾ ਕੇ ਉਸ ਦੀਆਂ ਅੱਖਾ ਬਣਾਈਆਂ ਹੋਈਆ ਸੀ । ਲਾਲ ਅਤੇ ਕਾਲੇ ਰੰਗ ਨਾਲ ਉਨਾਂ ਨੂੰ ਚੰਗੀ ਤਰ੍ਹਾਂ ਚੋਪੜਿਆ ਹੋਇਆ ਸੀ। ਮੈਨੂੰ ਤਾਂ ਦੋਵੇ ਜੁੜਵਾਂ ਭਰਾਵਾਂ ਵਰਗੇ ਇਕ ਜਹੇ ਹੀ ਲੱਗ ਰਹੇ ਸੀ। ਦੋਵੇ ਦੇਵਤੇ, ਲੋਹੇ ਦੇ ਜੰਗਲਿਆਂ ਵਿੱਚ ਡੱਕੇ ਹੋਏ ਸਨ। ਇਕ ਮੂਰਤੀ ਅਗੇ ਚੌਕੜੀ ਮਾਰ ਕੇ, ਵਾਲ ਖਲਾਰ ਕੇ ਇਕ ਕੁੜੀ, ਧਿਆਨ ਲਾ ਕੇ ਬੈਠੀ ਸੀ।

ਉਨਾਂ ਮੂਰਤੀਆਂ ਨੂੰ ਵੇਖ ਕੇ ਮੈਨੂੰ ਅਖੌਤੀ ਦਸਮ ਗ੍ਰੰਥ ਦੇ "ਕਾਲ ਜੀ ਕੀ ਉਸਤਤਿ" ਵਾਲੇ ਅਧਿਆਏ ਯਾਦ ਆ ਗਏ, ਅਤੇ ਇਹ ਸੋਚਨ ਲੱਗ ਪਿਆ ਕੇ, ਕੀ ਇਸਨੂੰ ਹੀ ਮਹਾਕਾਲ ਕਹਿੰਦੇ ਹਨ ? ਇਸ ਨੂੰ ਹੀ ਭੈਰਉ ਕਹਿਆ ਜਾਂਦਾ ਹੈ ? ਜੋ ਕੁਝ ਵੀ ਕਰ ਸਕਦੇ ਹਨ ? ਕਿਸੇ ਦਾ ਵੀ ਵਿਨਾਸ਼ ਕਰ ਸਕਦੇ ਹਨ ? ਫਿਰ ਇਨਾਂ ਨੂੰ ਲੋਹੇ ਦੇ ਜੰਗਲਿਆ ਵਿੱਚ ਡੱਕਣ ਦਾ ਕੀ ਕਾਰਣ ਹੈ ? ਜੇ ਇਹ ਆਪ ਇਨੇ ਮਹਾਬਲੀ ਹਨ, ਫਿਰ ਇਨਾਂ ਨੂੰ ਕਿਸਦਾ ਡਰ ਹੈ, ਜੋ ਲੋਹੇ ਦੇ ਜੰਗਲਿਆ ਵਿੱਚ ਇਨਾਂ ਨੂੰ ਡਕਿਆ ਹੋਇਆ ਹੈ ?

ਇਸ ਬਾਰੇ ਅਸੀਂ ਆਪਸ ਵਿੱਚ ਉਥੇ ਕੋਈ ਗਲ ਨਹੀਂ ਕੀਤੀ , ਲੇਕਿਨ ਮੈਂ ਸੋਚ ਰਿਹਾ ਸੀ ਕਿ ਸਾਰਿਆਂ ਦਾ ਮਨ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਹੀ ਉਲਝਿਆ ਹੋਇਆ ਲਗ ਰਿਹਾ ਹੈ ।

ਮੈਂ ਇਹ ਵੀ ਸੋਚ ਰਿਹਾ ਸੀ ਕਿ ਇਹ ਦਸਮ ਗ੍ਰੰਥੀਏ ਦਿਮਾਗ ਤੋਂ ਦਿਵਾਲੀਏ ਹੋ ਚੁਕੇ ਹਨ, ਜੋ "ਕਾਲ ਜੀ ਕੀ ਉਸਤਤਿ" ਉਪਰ ਵੀ "ਪਾਤਸ਼ਾਹੀ 10" ਲਿੱਖ ਕੇ ਇਸਨੂੰ ਵੀ "ਦਸਮ ਦੀ ਬਾਣੀ" ਕਹੀ ਜਾ ਰਹੇ ਹਨ, ਅਤੇ ਉਸ ਕਰਤਾਰ ਦੀ ਉਸਤਤਿ ਕਰਨ ਵਾਲੇ ਸਰਬੰਸ ਦਾਨੀ, ਮਹਾਨ ਗੁਰੂ ਨੂੰ "ਮਹਾਕਾਲ ਦਾ ਉਪਾਸਕ" ਬਣਾਈ ਜਾ ਰਹੇ ਹਨ।

ਅਸੀਂ ਪੌੜ੍ਹੀਆ ਉਤਰ ਕੇ ਥੱਲੇ ਆ ਚੁਕੇ ਸੀ। ਜੋੜੇ ਪਾਂਦੇ ਹੀ ਮੇਰੀ ਨਜਰ ਉਸ ਪੁਜਾਰੀ ਵੱਲ ਪਈ ਜਿਸਨੇ ਸਾਨੂੰ ਉਪਰ ਜਾਂਣ ਤੋਂ ਰੋਕਿਆ ਸੀ। ਉਹ ਸਾਨੂੰ ਇਸ ਤਰ੍ਹਾਂ ਵੇਖ ਰਿਹਾ ਸੀ ਕਿ ਇਹ ਸੋਚ ਰਿਹਾ ਹੋਵੇ ਕਿ ਇਨਾਂ ਚਾਰਾਂ ਵਿਚੋ ਇਕ ਨਾਂ ਇਕ ਤਾਂ ਗਇਆ ਹੁਣ ! ਮੈਂ ਉਸ ਨੂੰ ਵੇਖ ਕੇ ਮੁਸਕੁਰਾਇਆ ਅਤੇ ਉਸ ਗੱਡੀ ਵਲ ਤੁਰ ਪਏ ਜਿਸ ਵਿੱਚ ਅਸੀਂ ਚਾਰੇ , ਇਕੱਠੇ ਹੀ ਆਏ ਸੀ। ਗੱਡੀ ਕਵਲਪਾਲ ਸਿੰਘ ਡ੍ਰਾਈਵ ਕਰ ਰਹੇ ਸੀ ਅਤੇ ਵੀਰ ਹਰਚਰਨ ਸਿੰਘ ਉਨਾਂ ਨਾਲ ਅੱਗੇ ਬੈਠੇ ਹੋਏ ਸੀ।

ਗੱਡੀ ਦੇ ਤੁਰਦਿਆਂ ਹੀ ਵੀਰ ਹਰਚਰਨ ਸਿੰਘ ਵਿਅੰਗ ਕਰਦਿਆ ਬੋਲੇ, "ਚਲੋ ਵੀਰੋ ਤੁਸਾਂ ਉਸ ਪੰਡਿਤ ਦੀ ਗਲ ਤਾਂ ਮੱਨੀ ਨਹੀਂ, ਤੇ ਡੇਡ ਬਾਡੀ ਦਾ ਸੰਸਕਾਰ ਕਰਕੇ ਮਹਾਕਾਲ ਨੂੰ ਮਿਲਨ ਚਲੇ ਗਏ। ਜੇ ਇਕ ਨੂੰ ਵੀ ਕਲ ਨੂੰ ਕੁਝ ਹੋ ਗਇਆ ਤਾਂ" ਮਹਾਕਾਲ ਦੀ ਗੁੱਡੀ ਤਾਂ ਹੋਰ ਉੱਚੀ ਚੜ੍ਹ ਜਾਣੀ ਹੈ"। ਵੀਰ ਜੀ ਦੀ ਇਹ ਗਲ ਸੁਣ ਕੇ ਸਾਰੇ ਹਸਣ ਲਗੇ।

ਮੈਂ ਵੀਰ ਹਰਚਰਨ ਸਿੰਘ ਜੀ ਦੀ ਗਲ ਦਾ ਜਵਾਬ, ਉਸੇ ਵਿਅੰਗ ਭਰੇ ਲਹਿਜੇ ਵਿੱਚ ਦੇਂਦੇ ਹੋਏ ਕਹਿਆ ਕਿ ਵੀਰ ਜੀ "ਤੁਹਾਡੀ ਗਲ ਦਾ ਦੂਜਾ ਪੱਖ ਵੀ ਹੈ , ਜੇ ਸਾਡੇ ਵਿਚੋਂ ਕੋਈ ਨਾਂ ਮਰਿਆ , ਤਾਂ ਤੇ ਇਸ ਦੇਵਤੇ ਨੇ ਫਲਾਪ ਸਾਬਿਤ ਹੋ ਜਾਂਣਾਂ ਜੇ"। ਮੇਰੇ ਨਾਲ ਹੀ ਬੈਠੇ ਮਨਮੀਤ ਸਿੰਘ ਕਹਿਨ ਲੱਗ ਪਏ, " ਜੇ ਕੋਈ ਦਸਮ ਗ੍ਰੰਥੀਆਂ ਹੂੰਦਾ ਤਾਂ , ਉਸਨੇ ਜਰੂਰ ਮਰ ਜਾਂਣਾਂ ਸੀ, ਗੁਰੂ ਦੇ ਸਿੱਖ ਨੂੰ "ਭੈਰਉ ਅਤੇ ਮਹਾਕਾਲ" ਹੱਥ ਵੀ ਨਹੀਂ ਲਗਾ ਸਕਦਾ, ਕਿਉ ਕਿ ਸ਼ਬਦ ਗੁਰੂ ਦਾ ਇਹ ਫੁਰਮਾਨ ਹੈ-

ਆਰਜਾ ਨ ਛੀਜੈ ਸਬਦੁ ਪਛਾਣੁ ॥ ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥ਅੰਕ 125

ਸ਼ਬਦ ਗੁਰੂ ਦੇ ਲੜ ਲੱਗੇ ਗੁਰਮੁਖ ਨੂੰ ਮੌਤ ਦੇ ਇਸ ਦੇਵਤੇ "ਕਾਲ" ਨੇ ਕੀ ਖਾਣਾ ਹੈ ?

ਵੀਰ ਕਵੰਲ ਪਾਲ ਨੇ ਫਿਰ ਸਾਰਿਆ ਨੂੰ ਸਵਾਲ ਕਰਦਿਆਂ ਪੁਛਿਆ ਕਿ, "ਪੰਡਿਤ ਦੇ ਕਹਿਣ ਦੇ ਬਾਵਜੂਦ ਵੀ ਸਾਡੇ ਸਾਰਿਆ ਦੇ ਮਨ ਵਿੱਚ ਇਕ ਕਿਨਕਾ ਮਾਤਰ ਵੀ ਡਰ ਕਿਉ ਨਹੀਂ ਆਇਆ ? ਕੰਵਲਪਾਲ ਦੀ ਗਲ ਸੁਣਦਿਆਂ ਹੀ ਸਾਡੇ ਤਿਨਾਂ ਦੇ ਮੂਹੋ ਇਕ ਸਾਰ ਇਹ ਜਵਾਬ ਨਿਕਲਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਅਤੇ ਉਹ ਇਨਾਂ ਦੇਵਤਿਆ ਨੂੰ ਆਪ ਰੱਦ ਕਰਦੇ ਹਨ।

ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ਅੰਕ 874

ਸਾਰੇ ਵੀਰਾਂ ਦੀ ਜੁਬਾਨ ਤੇ ਭਗਤ ਨਾਮ ਦੇਵ ਜੀ ਦਾ ਇਹ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਤੇ ਇਹ ਸੋਚਨ ਲੱਗਾ ਕਿ ਮੈਂ ਬਹੁਤ ਭਾਗਾ ਵਾਲਾ ਹਾਂ ਕਿ ਮੇਰਾ ਸੰਗ ਇਹੋ ਜਹੇ ਵੀਰਾਂ ਨਾਲ ਹੈ, ਜਿਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੋਰ ਕੋਈ ਬਾਣੀ ਨਜਰ ਹੀ ਨਹੀਂ ਆਉਦੀ। ਕਾਸ਼ ! ਸਾਰੀ ਕੌਮ ਹੀ ਮੇਰੇ ਇਨਾਂ ਵੀਰਾਂ ਵਾਂਗ ਹੋ ਜਾਏ ਤਾਂ ਕੌਮ ਦੀ ਚੜ੍ਹਦੀਕਲਾ ਨੂੰ ਕੌਣ ਰੋਕ ਸਕਦਾ ਹੈ ? ਉਹ ਸ਼ਬਦ ਗੁਰੂ ਨੂੰ ਹੀ ਸੋਚਦੇ ਨੇ, ਉਹ ਸ਼ਬਦ ਗੁਰੂ ਨੂੰ ਹੀ ਮਣਦੇ ਨੇ ਅਤੇ ਸ਼ਬਦ ਗੁਰੂ ਦਾ ਕਹਿਆ ਹੀ ਕਰਦੇ ਨੇ । ਕਾਸ਼ ! ਸਾਰਿਆ ਹੀ ਸਿੱਖਾਂ ਦੀ ਇਹੋ ਜਹੀ ਸੋਚ ਹੋ ਜਾਏ , ਤਾਂ ਕੋਈ ਵੀ ਕਿਸੇ "ਕੱਚੀ ਬਾਣੀ" ਨੂੰ "ਦਸਮ ਬਾਣੀ" ਕਹਿਣ ਦੀ ਗਲਤੀ ਨਹੀਂ ਕਹੇਗਾ।

ਅੱਜ ਅਸੀਂ ਸਾਰੇ ਫਿਰ ਇਕ ਥਾਂ ਤੇ ਮਿਲੇ ਤੇ ਵੀਰ ਹਰਚਰਨ ਸਿੰਘ ਨੇ ਵਿਅੰਗ ਕਰਦਿਆ ਕਹਿਆ, ਮਿਤਰੋਂ 20 ਦਿਨ ਹੋ ਗਏ, ਅਸੀਂ ਤਾਂ ਸਾਰੇ ਸਹੀ ਸਲਾਮਤ ਹਾਂ , ਕੋਈ ਵੀ ਮਰਿਆ ਨਹੀਂ ? ਮੈਂ ਜਵਾਬ ਦਿਤਾ, " ਸ਼ਬਦ ਗੁਰੂ ਦੇ ਸਿੱਖਾਂ ਕੋਲੋਂ ਮਹਾਕਾਲ ਅਤੇ ਭੈਰਉ ਹਾਰ ਗਏ ਹਨ ਵੀਰ ਜੀ " ਮੌਤ ਦੇਣ ਵਾਲੇ ਇਹ ਦੇਵਤੇ ਤਾਂ ਫਲਾਪ ਸਾਬਿਤ ਹੋ ਗਏ" ਸਾਰੇ ਹਸਣ ਲਗ ਪਏ ।

ਮੇਰੇ ਪਾਠਕ ਮਿਤਰੋ, ਮੈਂ ਆਪਜੀ ਦੀ ਜਾਨਕਾਰੀ ਲਈ ਇਥੇ ਇਹ ਦਸ ਦੇਣਾਂ ਚਾਉਦਾ ਹਾਂ,ਕਿ ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਸ. ਹਰਚਰਨ ਸਿੰਘ, ਜੋ ਸਾਡੇ ਜੱਥੇਦਾਰ ਵੀ ਹਨ ਅਤੇ ਮਿਤੱਰ ਵੀ ਹਨ ,ਸਾਨੂੰ ਸਾਰਿਆਂ ਨੂੰ ਹੱਲਾ ਸ਼ੇਰੀ ਦੇਣ ਵਾਲੇ ਅਤੇ ਸਾਰਿਆਂ ਨੂੰ ਇਕਜੁੱਟ ਰਖਣ ਵਾਲੇ ਵੀਰ ਹਨ । ਸਾਡੇ ਆਪਸ ਵਿੱਚ ਵੀ ਕਈ ਵਾਰ ਵੀਚਾਰਾਂ ਦਾ ਟਾਕਰਾ ਹੋ ਜਾਂਦਾ ਹੈ,ਪਰ ਉਨਾਂ ਦੀ ਜੱਥੇਦਾਰੀ ਸਾਨੂੰ ਫਿਰ ਇਕ ਜੁਟ ਕਰ ਦੇਂਦੀ ਹੈ। "ਕੇਂਸਰ" ਨਾਮ ਦੀ ਨਾਮੁਰਾਦ ਬਿਮਾਰੀ ਦੀ ਏਡਵਾਂਸ ਸਟੇਜ ਨਾਲ ਉਹ ਲੜ ਰਹੇ ਹਨ।

ਡਾਕਟਰਾਂ ਨੇ ਜਿਸ ਵੇਲੇ ਉਨਾਂ ਦਾ ਉਪਰੇਸ਼ਨ ਕੀਤਾ ਸੀ ਤੇ ਘਰ ਵਾਲਿਆਂ ਨੂੰ ਕਹਿ ਦਿਤਾ ਸੀ, ਕਿ ਇਹ ਸਿਰਫ 6 ਕੁ ਮਹੀਨੇ ਦੇ ਮਹਿਮਾਨ ਹਨ, ਇਨਾਂ ਨੂੰ ਦਸ ਦਿਉ। ਲੇਕਿਨ ਗੁਰੂ ਦੀ ਬਖਸ਼ਿਸ਼ ਅਤੇ ਉਨਾਂ ਦੀ ਵਿਲ ਪਾਵਰ ਦਾ ਸਦਕਾ, ਅੱਜ ਉਨਾਂ ਨੂੰ ਦੋ ਸਾਲ ਹੋ ਗਏ ਹਨ ਉਸ ਕੇਂਸਰ, (ਜਿਸਦਾ ਦੂਜਾ ਨਾਮ ਮੌਤ ਹੈ ) ਨੂੰ ਵੀ ਉਨਾਂ ਨੇ ਅਪਣੇ ਦਰਵਾਜੇ ਤੇ ਦਰਬਾਨ ਬਣਾਂ ਕੇ ਖੱੜਾ ਕੀਤਾ ਹੋਇਆ ਹੈ। ਉਨਾਂ ਨੂੰ ਵੇਖ ਕੇ ਸਾਰੇ ਹੈਰਾਨ ਹੁੰਦੇ ਹਨ। ਸਾਡੇ ਨਾਲੋ ਬਹੁਤੇ ਚੁਸਤ, ਕੜਕ ਅਵਾਜ ਅਤੇ ਰੋਬੀਲਾ ਸੁਭਾਅ, ਪਹਿਲਾਂ ਵਰਗਾ ਹੀ ਹੈ। ਉਨਾਂ ਨੂੰ ਕਿਸੇ ਕੇਂਸਰ ਅਤੇ ਕਿਸੇ ਮੌਤ ਦਾ ਕੋਈ ਡਰ ਨਹੀਂ ਹੈ। ਪਹਿਲਾਂ ਵਾਂਗ ਹੀ ਅਪਣੇ ਕਮ ਕਾਜ ਤੇ ਜਾਂਦੇ ਹਨ ਅਤੇ ਪੰਥਿਕ ਕਾਰਜਾਂ ਵਿੱਚ ਮੋਡੇ ਨਾਲ ਮੋਡਾ ਮਿਲਾਂ ਕੇ ਸਭ ਤੋਂ ਅਗੇ ਆ ਖਲੋਂਦੇ ਹਨ। ਸਾਨੂੰ ਪਤਾ ਹੈ ਕਿ ਇਹ ਤਾਕਤ ਉਨਾਂ ਨੂੰ ਕਿਥੋ ਮਿਲ ਰਹੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਮਜਬੂਤੀ ਹੀ ਉਨਾਂ ਦੀ ਚੜ੍ਹਦੀਕਲਾ ਦਾ ਰਾਜ ਹੈ।

ਵੀਰੋ ! ਹਰਚਰਨ ਸਿੰਘ ਵੀਰ ਜੀ ਬਾਰੇ ਇਹ ਛੋਟਾ ਜਿਹਾ ਪਰਿਚਯ ਦੇਣ ਦਾ ਇਕੋ ਇਕ ਕਾਰਣ ਇਹ ਹੈ ਕਿ, ਮੌਤ ਇਕ ਨਿਸ਼ਚਿਤ ਸਮੈਂ ਤੇ ਹੀ ਆਉਣੀ ਹੈ , ਸਭ ਨੂੰ ਆਉਣੀ ਹੈ। ਸ਼ਰੀਰ ਤਾਂ ਅਪਣੇ ਸਮੈਂ ਅਨੁਸਾਰ ਸਭ ਦਾ ਮਰ ਜਾਣਾਂ ਹੈ । ਇਸ ਜੀਵਨ ਨੂੰ ਕਿਸੇ ਦੇਵੀ ਅਤੇ ਦੇਵਤੇ ਕੋਲ ਵਧਾ ਅਤੇ ਘਟਾ ਸਕਣ ਦੀ ਤਾਕਤ ਨਹੀਂ ਹੈ। ਮਹਾਕਾਲ ਜਾਂ ਭੈਰਉ ਦੀ ਪੂਜਾ ਕੀਤਿਆਂ ਜੇ ਮਨੁਖ ,ਮੌਤ ਤੋਂ ਬੱਚ ਸਕਦਾ ਹੂੰਦਾ ਤਾਂ ਸਾਰੀ ਦੁਨੀਆਂ ਇਸ "ਮਹਾਕਾਲ" ਦੀ ਹੀ ਪੂਜਾ ਕਰਦੀ ਅਤੇ ਰਹਿੰਦੀ ਦੁਨੀਆ ਤੱਕ ਕੋਈ ਵੀ, ਨਾਂ ਮਰਦਾ। ਮੌਤ ਦੇ ਇਨਾਂ ਕਾਲਪਨਿਕ ਦੇਵਤਿਆ ਦੀ ਸ਼ਬਦ ਗੁਰੂ ਦੇ ਸਿੱਖਾਂ ਦੇ ਜੀਵਨ ਵਿੱਚ ਕੋਈ ਥਾਂ ਅਤੇ ਅਹਮਿਅਤ ਨਹੀਂ ਹੈ ? ਉਨਾਂ ਦਾ ਗੁਰੂ ਤਾਂ ਇਹ ਕਹਿੰਦਾ ਹੈ।

ਰਾਮਕਲੀ ਮਹਲਾ ੫ ॥
ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ : ਅੰਕ ੮੮੫


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top