Share on Facebook

Main News Page

ਖਾਲਿਸਤਾਨੀ ਨਾਅਰਿਆਂ ਵਿੱਚ ਮਨਾਇਆ ਗਿਆ ਘੱਲੂਘਾਰਾ ਦਿਵਸ, ਸ਼੍ਰੋਮਣੀ ਕਮੇਟੀ ਦੀ ਮੱਕੜ ਸੈਨਾ ਤੇ ਮਾਨ ਸਮੱਰਥਕ ਭਿੱੜੇ

- ਦਸਤਾਰਾਂ ਹਿੱਲੀਆਂ, ਮੰਡ ਕਿਰਪਾਨ ਦਾ ਫੱਟ ਲੱਗਣ ਨਾਲ ਫੱਟੜ

ਅੰਮ੍ਰਿਤਸਰ 6 ਜੂਨ (ਜਸਬੀਰ ਸਿੰਘ ਪੱਟੀ) ਪੂਰੀ ਤਰ੍ਹਾਂ ਬਣੇ ਤਨਾਅ ਪੂਰਣ ਮਾਹੌਲ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਖਾਲਿਸਤਾਨੀ ਨਾਅਰਿਆਂ ਦੀ ਗੂੰਜ ਵਿੱਚ 1984 ਦੇ ਸਾਕਾ ਨੀਲਾ ਤਾਰਾ ਦੀ 29ਵੀ ਵਰੇ ਗੰਢ ਦੇ ਮੌਕੇ 'ਤੇ ਘੱਲੂਘਾਰਾ ਦਿਵਸ ਮਨਾਇਆ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੇਂਦਰ ਦੀ ਕਾਂਗਰਸ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ, ਸਾਕਾ ਨੀਲਾ ਤਾਰਾ ਲਈ ਦੋਸ਼ੀ ਠਹਿਰਾਉਦਿਆਂ ਕਿਹਾ ਕਿ ਇਸ ਸਾਕੇ ਦੌਰਾਨ ਹਜਾਰਾ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦ ਕਰ ਦਿੱਤੇ ਗਏ ਜਦ ਕਿ ਖੁਦ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਕਰਨ ਲਈ ਮਜਬੂਰ ਕਰਨ ਵਾਲੀ ਭਾਜਪਾ ਧੁਨੰਤਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਤੇ ਉਸ ਦੀ ਮਾਂ ਪਾਰਟੀ ਆਰ.ਐਸ.ਐਸ ਦੇ ਖਿਲਾਫ ਇੱਕ ਲਫਜ ਵੀ ਬੋਲਣ ਦੀ ਹਿੰਮਤ ਨਹੀਂ ਦਿਖਾਈ, ਜਿਸ ਕਰਕੇ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਜਥੇਦਾਰ ਵੱਲੋ ਪੜਿਆ ਗਿਆ ਸੰਦੇਸ਼ ਚੰਡੀਗੜ ਦੇ ਸਕੱਤਰੇਤ ਤੋਂ ਤਿਆਰ ਹੋ ਕੇ ਆਇਆ ਹੈ।

ਸ੍ਰੀ ਅਕਾਲ ਤਖਤ ਤੇ ਮਨਾਏ ਗਏ ਘਲੂਘਾਰਾ ਦਿਵਸ ਮੌਕੇ ਭਾਂਵੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਕੜੇ ਪ੍ਰਬੰਧ ਕੀਤੇ ਸਨ ਅਤੇ ਸ੍ਰੀ ਅਕਾਲ ਤਖਤ ਦੇ ਅੰਦਰ ਰਾਤ ਕਰੀਬ ਤਿੰਨ ਵਜੇ ਹੀ ਸ਼੍ਰੋਮਣੀ ਕਮੇਟੀ ਨੇ ਆਪਣੇ ਲੱਠਮਾਰ ਬੈਠਾ ਦਿੱਤੇ ਸਨ ਤਾਂ ਕਿ ਕੋਈ ਹੋਰ ਵਿਰੋਧੀ ਧਿਰ ਦਾ ਵਿਅਕਤੀ ਅੰਦਰ ਆ ਕੇ ਬੈਠ ਨਾ ਸਕੇ। ਸ੍ਰੀ ਅਕਾਲ ਤਖਤ ਦੇ ਬਾਹਰ ਉਸ ਵੇਲੇ ਝੜਪਾਂ ਦੇ ਸਿਲਸਿਲਾ ਆਰੰਭ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਨਾਲ ਸਵੇਰੇ ਕਰੀਬ ਸਾਢੇ ਛੇ ਵਜੇ ਸ੍ਰੀ ਅਕਾਲ ਤਖਤ ਤੇ ਅੰਦਰ ਸ਼ਹੀਦੀ ਸਮਾਗਮ ਵਿੱਚ ਭਾਗ ਲੈਣ ਲਈ ਜਾ ਰਹੇ ਸਨ। ਸ੍ਰੀ ਅਕਾਲ ਤਖਤ ਦੇ ਖੱਬਿਉ ਪਾਸਿਉ ਜਿਉ ਹੀ ਸ੍ਰੀ ਮਾਨ ਤੇ ਉਹਨਾਂ ਸਮੱਰਥਕ ਪੌੜੀਆ ਚੜਣ ਲੱਗੇ ਤਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਲੱਠਮਾਰਾਂ ਨੇ ਰੋਕ ਲਿਆ, ਜਿਸ ਤੇ ਦੋਹਾਂ ਧਿਰਾਂ ਵਿੱਚ ਤਨਾਅ ਪੈਦਾ ਹੋ ਗਿਆ।

ਸ੍ਰੀ ਮਾਨ ਦੇ ਸਾਥੀਆ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਹਾਂ ਧਿਰਾਂ ਵਿੱਚ ਝੜਪਾਂ ਸ਼ੂਰੂ ਹੋ ਗਈਆ ਅਤੇ ਝੜਪ ਵਿੱਚ ਮਾਨ ਦੇ ਹਮਾਇਤੀ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਧਿਆਨ ਸਿੰਘ ਮੰਡ ‘ਤੇ ਟਾਸਕ ਫੋਰਸ ਵਾਲਿਆਂ ਕਿਰਪਾਨ ਨਾਲ ਵਾਰ ਕਰ ਦਿੱਤਾ ਜਿਹੜਾ ਉਹਨਾਂ ਦੀ ਉਗਲ ਤੇ ਲੱਗਾ। ਇਸ ‘ਤੇ ਮਾਨ ਸਮੱਰਥਕਾਂ ਦਾ ਸਬਰ ਦਾ ਪਿਆਲਾ ਪੂਰੀ ਤਰ੍ਹਾਂ ਤਰਾ ਭਰ ਗਿਆ ਤੇ ਉਹਨਾਂ ਨੇ ਖਾਲਿਸਤਾਨ –ਜਿੰਦਾਬਾਦ, ਪੰਜਾਬ ਸਰਕਾਰ-ਮੁਰਦਾਬਾਦ, ਸ਼੍ਰੋਮਣੀ ਕਮੇਟੀ –ਮੁਰਦਾਬਾਦ, ਮੱਕੜ-ਮੁਰਦਾਬਾਦ ਤੇ ਬਾਦਲ –ਮੁਰਦਾਬਾਦ ਦੇ ਜੋਰਦਾਰ ਨਾਅਰੇ ਲੱਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਅਰੇਬਾਜੀ ਵਿੱਚ ਹੀ ਮਾਨ ਸਮੱਰਥਕਾਂ ਨੇ ਟਾਸਕ ਫੋਰਸ ਦਾ ਜੁੱਤ ਪਤਾਨ ਕਰਦਿਆਂ ਪਿੱਛੇ ਧੱਕ ਦਿੱਤਾ ਤੇ ਸ੍ਰੀ ਮਾਨ ਤੇ ਉਹਨਾਂ ਨੇ ਸਾਥੀ ਸ੍ਰੀ ਅਕਾਲ ਤਖਤ ਦੇ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ। ਦੋਹਾਂ ਧਿਰਾਂ ਦੀਆ ਦਸਤਾਰਾਂ ਹਿੱਲ ਗਈਆਂ ਤੇ ਚਪੇੜਾਂ, ਘਸੁੰਨਾਂ, ਮੁੱਕੀਆਂ ਦੀ ਰੱਜ ਕੇ ਬਰਸਾਤ ਹੋਈ। ਇਸ ਸਮੇਂ ਮਾਨ ਦੀ ਅਗਵਾਈ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਸਤਰੀ ਇਕਾਈ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ ਪੂਰੀ ਦੀਦਾ ਦਲੇਰੀ ਨਾਲ ਕਰ ਰਹੀ ਸੀ ਤੇ ਟਾਸਕ ਫੋਰਸ ਨੂੰ ਕੁੱਟਾਪਾ ਚਾੜਣ ਵਿੱਚ ਉਹ ਵੀ ਮੋਹਰਲੀ ਕਤਾਰ ਵਿੱਚ ਸੀ। ਸ੍ਰੀ ਅਕਾਲ ਤਖਤ ‘ਤੇ ਪਹਿਲਾਂ ਹੀ ਸ੍ਰੀ ਅਵਤਾਰ ਸਿੰਘ ਮੱਕੜ ਤੇ ਉਹਨਾਂ ਦੀ ਜੁੰਡਲੀ ਬੈਠੀ ਹੋਈ ਤੇ ਸੀ ਸ੍ਰੀ ਮਾਨ ਨੂੰ ਵੇਖ ਕੇ ਇੱਕ ਦਮ ਘਬਰਾ ਗਏ। ਇਸੇ ਰੌਲੇ ਰੱਪੇ ਵਿੱਚ ਮਾਨ ਸਮੱਰਥਕਾਂ ਨੇ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਪਾਸੇ ਕਰਕੇ ਜਗਾ ਬਣਾ ਲਈ ਤੇ ਮਾਨ ਸਮੱਰਥਕ ਤਾਂ ਮੁੱਛਾਂ ਨੂੰ ਤਾਅ ਦਿੰਦੇ ਹੋਏ ਬੈਠ ਗਏ, ਪਰ ਸ਼ਰੋਮਣੀ ਕਮੇਟੀ ਦੀਆ ਉਹਨਾਂ ਨੂੰ ਰੋਕਣ ਦੀਆਂਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ।

ਕਰੀਬ ਸਾਢੇ ਸੱਤ ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਤੇ ਉਪਰੰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਸੰਦੇਸ਼ ਪੜਿਆ ਜਿਸ ਵਿੱਚ ਸਾਕਾ ਨੀਲਾ ਤਾਰਾ ਦੀ ਘੋਰ ਸਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਗਰਦਾਨਿਆ ਗਿਆ। ਜਥੇਦਾਰ ਜੀ ਨੇ ਆਪਣੇ ਚੰਦ ਮਿੰਟਾਂ ਦੇ ਇਸ ਭਾਸ਼ਨ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਸਾਕਾ ਨੀਲਾ ਤਾਰਾ ਲਈ ਦੋਸ਼ੀ ਠਹਿਰਾਉਦਿਆ ਜਿਥੇ ਉਸ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਿਆ, ਉਥੇ ਜਨਤਕ ਤੌਰ ਤੇ ਤੱਤਕਾਲੀ ਪਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਕਰਨ ਲਈ ਮਜਬੂਰ ਕਰਨ ਵਾਲੀ ਉਸ ਭਾਜਪਾ ਦੇ ਖਿਲਾਫ ਕੋਈ ਇੱਕ ਵੀ ਲਫਜ਼ ਕਹਿਣ ਦੀ ਹਿੰਮਤ ਨਹੀਂ ਕੀਤੀ, ਜਿਸ ਦੇ ਧੁਨੰਤਰ ਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਲਿਖੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਖੁਦ ਮੰਨਿਆ ਹੈ ਕਿ ਇੰਦਰਾ ਗਾਂਧੀ ਤਾਂ ਹਮਲਾ ਨਹੀਂ ਕਰਨਾ ਚਾਹੁੰਦੀ ਸੀ ਸਗੋਂ ਭਾਜਪਾ ਨੇ ਦਬਾ ਪਾ ਕੇ ਕਰਵਾਇਆ ਸੀ ਜਿਸ ਤੋਂ ਸਪੱਸ਼ਟ ਹੁੰਦਾ ਸੀ ਕਿ ਇਹ ਸੰਦੇਸ਼ ਚੰਡੀਗੜ ਦੇ ਸਰਕਾਰੀ ਸਕੱਤਰੇਤ ਤੋਂ ਤਿਆਰ ਹੋ ਕੇ ਆਇਆ ਹੈ। ਇਸ ਸਮੇਂ ਭਿੰਡਰਾਂਵਾਲਿਆਂ ਦੇ ਸਪੁੱਤਰ ਸ੍ਰੀ ਈਸਰ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਬੇਟੇ ਤਰਲੋਚਨ ਸਿੰਘ ਨੂੰ ਸਿਰੋਪੇ ਵੀ ਭੇਂਟ ਕੀਤੇ ਗਏ। ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਵੀ ਸਾਕਾ ਨੀਲਾ ਤਾਰਾ ਲਈ ਕਾਂਗਰਸ ਨੂੰ ਹੀ ਦੋਸ਼ੀ ਮੰਨਿਆ।

ਸਮਾਗਮ ਤੋਂ ਉਪਰੰਤ ਸ੍ਰੀ ਸਿਮਰਨਜੀਤ ਸਿੰਘ ਮਾਨ ਸ਼ਹੀਦੀ ਯਾਦਗਾਰ ਵਿਖੇ ਆ ਗਏ ਜਿਥੇ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਲਗਾਈ ਗਈ ਸੀ ਪਰ ਇਥੇ ਵੀ ਮਾਨ ਦਲੀਆ ਦੇ ਜਲੋਅ ਅੱਗੇ ਮੱਕੜ ਸੈਨਾ ਟਿੱਕ ਨਾ ਸਕੀ ਤੇ ਮਾਨ ਤੇ ਉਹਨਾਂ ਦੇ ਸਾਥੀ ਸ਼ਹੀਦੀ ਯਾਦਗਾਰ ਵਿੱਚ ਮੱਥਾ ਟੋਕਣ ਲਈ ਚੱਲੇ ਗਏ ਜਿਥੇ ਪੁੱਜ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਗੋਲਕ ਦਾ ਮੂੰਹ ਦੂਸਰੇ ਪਾਸੇ ਕਰ ਦਿੱਤਾ ਜਿਸ ਪਾਸੇ ਭਿੰਡਰਾਂਵਾਲਿਆ ਦਾ ਨਾਮ ਲਿਖਿਆ ਹੋਇਆ ਸੀ ਜਦ ਕਿ ਮੱਕੜ ਸੈਨਾ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਪਰ ਸ਼੍ਰੀ ਮਾਨ ਦੇ ਜਾਣ ਤੋਂ ਬਾਅਦ ਗੋਲਕ ਦਾ ਮੂੰਹ ਫਿਰ ਭੁਆ ਦਿੱਤਾ ਗਿਆ।

ਇਸ ਤੋਂ ਉਪੰਰਤ ਸ੍ਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੱਖ ਆਪਣੇ ਗੁਆਢੀ ਮੁਲਕਾਂ ਨਾਲ ਸਬੰਧ ਹਮੇਸ਼ਾਂ ਹੀ ਸੁਖਾਵੇ ਰੱਖਣ ਦੇ ਹੱਕ ਵਿੱਚ ਹਨ। ਉਹਨਾਂ ਇਸ ਮੌਕੇ ਤੇ ਸਿੱਖ ਚੀਨੀ –ਭਾਈ ਭਾਈ ਤੇ ਸਿੱਖ ਚੀਨੀ –ਭਾਉ ਭਾਉ ਦੇ ਨਾਅਰੇ ਵੀ ਬੁਲੰਦ ਕੀਤੇ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਸਿੱਖਾਂ ਦੇ ਪਹਿਲਾਂ ਹੀ ਸਬੰਧ ਸੁਖਾਵੇ ਹਨ। ਉਹਨਾਂ ਕਿਹਾ ਕਿ ਖਾਲਿਸਤਾਨ ਸਿੱਖਾਂ ਦਾ ਬੁਨਿਆਦੀ ਹੱਕ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰੀ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਭਾਂਵੇ ਉਹਨਾਂ ਨੂੰ ਕਿੰਨੀਆ ਵੀ ਕੁਰਬਾਨੀਆ ਕਿਉ ਨਾ ਕਰਨੀਆ ਪੈਣ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਜਿੰਨਾ ਖਤਰਾ ਕਾਂਗਰਸ ਭਾਜਪਾ ਤੋਂ ਹੈ ਉਨਾ ਹੀ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹੈ। ਉਹਨਾਂ ਕਿਹਾ ਕਿ ਬਾਦਲਕੇ ਵੀ ਸਾਕਾ ਨੀਲਾ ਤਾਰਾ ਲਈ ਬਰਾਬਰ ਦੇ ਦੋਸ਼ੀ ਹਨ ਪਰ ਸ਼੍ਰੋਮਣੀ ਕਮੇਟੀ ਤੇ ਕਬਜ਼ਾਗਕਰਕੇ ਉਹ ਹਮੇਸ਼ਾਂ ਕਾਂਗਰਸ ਨੂੰ ਹੀ ਕੋਸਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਬਾਦਲ ਦਾ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ ਕਿ ਸਿੱਖ ਮੁੱਦਿਆ ਨੂੰ ਭੜਕਾ ਕੇ ਸੱਤਾ ਹਾਸਲ ਕਰਨਾ ਤੇ ਫਿਰ ਉਹਨਾਂ ਨੂੰ ਭੁੱਲ ਜਾਣਾ।

ਸ੍ਰੀ ਮਾਨ ਜਦੋਂ ਸ੍ਰੀ ਅਕਾਲ ਤਖਤ ਤੋਂ ਉਠ ਕੇ ਸ਼ਹੀਦੀ ਯਾਦਗਾਰ ਤੇ ਚਲੇ ਗਏ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਸੰਗੀਨਾਂ ਦੀ ਛਾਂ ਹੇਠ ਉਥੋਂ ਬਾਹਰ ਨਿਕਲੇ। ਚਿੱਟ ਕੱਪੜੀਏ ਪੁਲੀਸ ਵਾਲਿਆਂ ਨੇ ਉਹਨਾਂ ਨੂੰ ਪੂਰੀ ਤਰ੍ਵਾ ਘੇਰਾ ਪਾਇਆ ਹੋਇਆ ਸੀ। ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਤਾਂ ਸ੍ਰੀ ਅਕਾਲ ਤਖਤ ਦੇ ਅੰਦਰ ਬੈਠੇ ਸਨ ਜਦ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਤੇ ਉਹਨਾਂ ਦੇ ਸਾਥੀਆਂ ਨੂੰ ਟਾਸਕ ਫੋਰਸ ਨੇ ਅੰਦਰ ਨਾ ਜਾਣ ਦਿੱਤਾ ਤੇ ਉਹ ਬਾਹਰ ਪ੍ਰਕਰਮਾ ਵਿੱਚ ਬੈਠ ਗਏ। ਉਹਨਾਂ ਨਾਲ ਭਾਈ ਜਸਬੀਰ ਸਿੰਘ ਰੋਡੇ ਤੇ ਭਾਈ ਈਸਰ ਸਿੰਘ ਹੋਰ ਸੰਗਤ ਵੀ ਨਾਲ ਸੀ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਚਰਨਜੀਤ ਸਿੰਘ, ਗੁਰਿੰਦਰਪਾਲ ਸਿੰਘ ਕਾਦੀਆ, ਸਤਵਿੰਦਰ ਸਿੰਘ ਟੌਹੜਾ, ਭਾਈ ਮਨਜੀਤ ਸਿੰਘ, ਵਿਰਸਾ ਸਿੰਘ ਵਲਟੋਹਾ, ਅਜਾਇਬ ਸਿੰਘ ਅਭਿਆਸੀ, ਭਾਈ ਦਲਜੀਤ ਸਿੰਘ ਬਿੱਟੂ, ਬਾਬਾ ਹਰੀਦੇਵ ਸਿੰਘ, ਕੰਵਰਪਾਲ ਸਿੰਘ, ਸ੍ਰ ਇਮਾਨ ਸਿੰਘ ਮਾਨ, ਭਾਈ ਸਤਨਾਮ ਸਿੰਘ ਪਾਉਟਾ ਸਾਹਿਬ, ਨਿਹੰਗ ਮੁੱਖ ਬਾਬਾ ਬਲਬੀਰ ਸਿੰਘ, ਭਾਈ ਮੋਹਕਮ ਸਿੰਘ, ਭਾਈ ਗੁਰਸੇਵਕ ਸਿੰਘ ਹਰਪਾਲਪੁਰਾ, ਮਨਜੀਤ ਸਿੰਘ ਭੋਮਾਂ, ਬਾਬਾ ਸਮਸ਼ੇਰ ਸਿੰਘ ਜਖੇੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਤੇ ਬਾਬਾ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਬੀਬੀ ਗੁਰਦੀਪ ਕੌਰ ਚੱਠਾ,ਹਰਬੀਰ ਸਿੰਘ ਸੰਧੂ , ਜਰਨੈਲ ਸਿੰਘ ਸਖੀਰਾ, ਧਿਆਨ ਸਿੰਘ ਮੰਡ, ਈਮਾਨ ਸਿੰਘ ਮਾਨ,ਰਘਬੀਰ ਸਿੰਘ ਰਾਜਾਸਾਂਸੀ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾਂ, ਜਸਬੀਰ ਸਿੰਘ ਘੁੰਮਣ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਮੇਜਰ ਸਿੰਘ ਵਾਂ, ਬਾਬਾ ਅਵਤਾਰ ਸਿੰਘ ਬਿਧੀ ਚੰਦ ਸੰਪਰਦਾ ਆਦਿ ਨੇਤਾ ਤੇ ਮਹਾਂ ਪੁਰਸ਼ ਹਾਜਰ ਸਨ।

ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਿਆਂ ਦੀ ਜਥੇਬੰਦੀ ਨੇ ਸ਼ਹੀਦਾਂ ਨੂੰ ਨੰਗੀਆਂ ਕਿਰਪਾਨਾਂ ਨਾਲ ਜਦੋਂ ਸ਼ਰਧਾਂਜਲੀ ਭੇਂਟ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਈ ਜਵਾਨਾਂ ਨੇ ਸ਼ਰਧਾਂਜਲੀ ਭੇਂਟ ਕਰਨ ਲਈ ਕਿਰਪਾਨਾਂ ਬਾਹਰ ਕੱਢ ਲਈਆਂ। ਇਸ ਤੋਂ ਪਹਿਲਾਂ ਕਿ ਮੱਕੜ ਸੈਨਾ ਕੋਈ ਕਾਰਵਾਈ ਕਰਦੀ, ਇਹਨਾਂ ਨੌਜਵਾਨਾਂ ਨੇ ਖਾਲਿਸਤਾਨ-ਜਿੰਦਾਬਾਦ , ਭਿੰਡਰਾਂਵਾਲਾ–ਜਿੰਦਾਬਾਦ ਦੇ ਨਾਅਰੇ ਲਗਾ ਕੇ ਸ੍ਰੋਮਣੀ ਕਮੇਟੀ ਵਾਲਿਆਂ ਦਾ ਭੂਤਨੀ ਭੁਲਾ ਦਿੱਤੀ ਤੇ ਉਹ ਦਿਲਕਸ਼ ਨਜਾਰਾ ਇੱਕ ਪਾਸੇ ਹੋ ਕੇ ਦੇਖਦੇ ਰਹੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top