Share on Facebook

Main News Page

ਗੁਰਬਚਨ ਸਿੰਘ ਦੀ ਭੇਜੀ "ਜਾਂਚ ਟੀਮ", ਅਕਾਲੀ ਜੱਥਾ, ਕਾਨਪੁਰ ਨੂੰ ਸਵਾਲ ਜਵਾਬ ਕੀਤੇ ਬਗੈਰ, ਕਾਨਪੁਰ ਸ਼ਹਿਰ ਤੋਂ ਨਦਾਰਦ

ਇੰਦਰਜੀਤ ਸਿੰਘ, ਕਾਨਪੁਰ (06 June 13): ਜੈਸਾ ਕਿ ਕੱਲ ਖਬਰ ਦਿੱਤੀ ਜਾ ਚੁਕੀ ਹੈ ਕਿ ਅਕਾਲ ਤਖਤ ਦੇ ਹੈਡ ਗ੍ਰੰਥੀ ਨੇ ਅਪਣੇ ਜਾਰੀ ਕੀਤੇ ਕੂੜਨਾਮਿਆਂ ਦੀ ਹੋ ਰਹੀ ਫਜੀਹਤ ਤੋਂ ਬੌਖਲਾ ਕੇ, ਇਕ ਚਾਰ ਮੈਂਬਰੀ ਟੀਮ, ਕਾਨਪੁਰ ਭੇਜੀ ਸੀ। ਜੋ ਇਸ ਗਲ ਦਾ ਪਤਾ ਲਗਾਏਗੀ ਕਿ ਫਰਵਰੀ 2013 ਦੀ 16 ਅਤੇ 17 ਫਰਵਰੀ ਨੂੰ ਕਾਨਪੁਰ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਕੋਲੋਂ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਿਸ ਨੇ ਕਰਵਾਇਆ ਸੀ।

ਕਾਨਪੁਰ ਦੇ ਇਕ ਮਹਿੰਗੇ ਹੋਟਲ ਵਿੱਚ ਦੋ ਦਿਨ ਠੰਡੀ ਹਵਾ ਅਤੇ ਮਹਿੰਗੇ ਪਕਵਾਨਾਂ ਦਾ ਆਨੰਦ ਮਾਨਣ ਤੋਂ ਬਾਅਦ, ਇਸ ਟੀਮ ਦੀਆਂ ਗੱਡੀਆਂ ਦਾ ਕਾਫਿਲਾ, ਗੁਰੂ ਦੀ ਗੋਲਕ ਦੇ ਪੈਸੇ ਨੂੰ ਬਰਬਾਦ ਕਰਕੇ, ਅਕਾਲੀ ਜੱਥਾ, ਕਾਨਪੁਰ ਨੂੰ ਬਿਨਾਂ ਮਿਲੇ ਹੀ ਵਾਪਸ ਚਲਾ ਗਇਆ।

ਅਕਾਲੀ ਜੱਥਾ, ਕਾਨਪੁਰ (ਜੋ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਕੀਰਤਨ ਪ੍ਰੋਗ੍ਰਾਮ ਪਿਛਲੇ ਪੰਜ ਵਰ੍ਹਿਆਂ ਤੋਂ ਕਾਨਪੁਰ ਵਿੱਚ ਲਗਾਤਾਰ ਕਰਵਾ ਰਿਹਾ ਹੈ) ਨਾਲ ਇਹ ਟੀਮ ਸਵਾਲ ਜਵਾਬ ਕਰਨ ਦੀ ਹਿੰਮਤ ਸ਼ਾਇਦ ਇਸ ਕਰਕੇ ਵੀ ਜੁਟਾ ਨਹੀਂ ਸਕੀ, ਕਿਉਂਕਿ ਅਕਾਲੀ ਜੱਥਾ ਨੇ ਸ਼ਹਿਰ ਵਿੱਚ ਇਹ ਐਲਾਨ ਕਰ ਦਿਤਾ ਹੋਇਆ ਸੀ, ਕਿ ਉਹ ਇਸ ਵਰ੍ਹੇ ਫਿਰ ਪ੍ਰੋਫੈਸਰ ਸਾਹਿਬ ਨੂੰ ਬੁਲਾ ਕੇ ਕੀਰਤਨ ਕਰਵਾਉਣਗੇ, ਅਤੇ ਗੁਰਬਚਨ ਸਿੰਘ ਦੁਆਰਾ ਜਾਰੀ ਕੀਤੇ, ਇਹੋ ਜਿਹੇ ਕਿਸੇ ਵੀ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਫਤਵੇ ਨੂੰ ਰੱਦ ਕਰਦੇ ਹਨ ।

ਅਕਾਲੀ ਜੱਥੇ ਦੀ ਜਨਰਲ ਮੀਟਿੰਗ ਵਿੱਚ ਇਹ ਮਤਾ ਵੀ ਪਾਸ ਕੀਤਾ ਗਇਆ ਸੀ, ਕਿ ਜੇ ਇਹ ਟੀਮ ਅਕਾਲੀ ਜੱਥੇ ਨੂੰ ਕੋਈ ਸੱਦਾ ਦੇਂਦੀ ਹੈ, ਤਾਂ ਉਹ ਉਨਾਂ ਦੇ ਹੋਟਲ ਵਾਲੇ ਕਮਰੇ ਵਿੱਚ ਕਿਸੇ ਕੀਮਤ 'ਤੇ ਨਹੀਂ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਅਤੇ ਸੰਗਤ ਦੀ ਮੌਜੂਦਗੀ ਵਿੱਚ ਸਵਾਲ ਜਵਾਬ ਕਰਨ ਤੋਂ ਪਿਛੇ ਵੀ ਨਹੀਂ ਹੱਟਣਗੇ, ਤਾਂਕਿ ਸੰਗਤ ਨੂੰ ਇਨਾਂ ਦੀ ਅਸਲਿਅਤ ਪਤਾ ਲਗ ਸਕੇ।

ਅਕਾਲੀ ਜੱਥੇ ਨੇ ਇਹ ਫੈਸਲਾ ਵੀ ਕੀਤਾ ਹੋਇਆ ਸੀ ਕਿ ਜਦੋਂ ਤਕ ਗੁਰਬਚਨ ਸਿੰਘ, ਪੰਥਿਕ ਧਿਰਾਂ ਵਲੋ ਪੁਛੇ ਗਏ 45 ਸਵਾਲਾਂ ਦਾ ਜਵਾਬ ਨਹੀਂ ਦੇ ਦੇਂਦਾ, ਉਸਨੂੰ ਕਿਸੇ ਵੀ ਸਿੱਖ ਕੋਲੋਂ ਕੁਝ ਵੀ ਪੁਛਣ ਦਾ ਕੋਈ ਅਧਿਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਮੌਜੂਦਗੀ ਵਿੱਚ ਸਵਾਲ ਜਵਾਬ ਕਰਕੇ ਗੁਰਬਚਨ ਸਿੰਘ ਦਾ ਅਸਲੀ ਚਿਹਰਾ ਕੌਮ ਅਗੇ ਲਿਆਉਣ ਦਾ ਐਲਾਨ ਆਦਿਕ ਗੱਲਾਂ ਤੋਂ ਡਰਦਿਆਂ, ਗੁਰਬਚਨ ਸਿੰਘ ਦੇ ਭੇਜੇ ਗਏ ਮੁਲਾਜਿਮ, ਅਕਾਲੀ ਜੱਥਾ, ਕਾਨਪੁਰ ਨੂੰ ਮਿਲੇ ਬਗੈਰ ਹੀ ਸ਼ਹਿਰ ਛੱਡ ਕੇ ਅੱਜ ਵਾਪਿਸ ਚਲੇ ਗਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top