Share on Facebook

Main News Page

ਉਨੱਤੀ ਸਾਲ ਬਾਅਦ ਵੀ…?
- ਤਰਲੋਕ ਸਿੰਘ ‘ਹੁੰਦਲ’
ਬਰੈਂਮਟਨ, ਟੋਰਾਂਟੋ, ਕਨੇਡਾ

ਸਰਕਾਰੀ ਸ਼ਬਦਾਂ ਵਿੱਚ ‘ਸਾਕਾ ਨੀਲਾ ਤਾਰਾ-ਜੂਨ 1984’, ਦੀ ਉਨੱਤੀਵੀਂ ਵਰ੍ਹੇ ਗੰਢ ਮਨਾਂਉਂਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸੰਗਤਾਂ ਦੀ ਭਾਰੀ ਇਕੱਤ੍ਰਤਾ ਦੀ ਮੌਜੂਦਗੀ ਵਿੱਚ (ਮੀਡੀਆਂ ਰੀਪੋਰਟਾਂ ਅਨੁਸਾਰ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਅਤਿ ਘਿਨਾਉਣਾ ਅਤੇ ਨਿੰਦਨੀਯ ਜੋ ਵਰਤਾਓ ਕੀਤਾ ਗਿਆ, ਉਸ ਨੇ ਸਾਬਤ ਕਰ ਦਿੱਤਾ ਹੈ, ਕਿ ਅਸੀਂ ਤੀਸਰੇ ਘੱਲੂਘਾਰੇ ਤੋਂ ਉਨੱਤੀ ਸਾਲਾਂ ਬਾਅਦ ਵੀ ਕਿੱਥੇ ਖੜ੍ਹੇ ਹਾਂ।

ਹਿਲੀ ਨਜ਼ਰੇ ਇੰਞ ਲਗਦਾ ਹੈ ਕਿ ਜੂਨ-1984 ਵਿੱਚ ਸ੍ਰੀ ਅਕਾਲ ਤਖਤ ਸਮੇਤ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੌਰਾਨ ਸਿੰਘਾਂ ਵਲੋਂ ਮਾਰੇ ਗਏ ‘ਫੌਜੀਆਂ ਦੀ ਪ੍ਰਤੀ ਛਾਇਆ’-ਸ਼੍ਰੋਮਣੀ ਕਮੇਟੀ ਦੇ ਨੀਲੇ ਬ੍ਰੀਗੇਡ (ਟਾਸਕ ਫੋਰਸ) ਅਤੇ ਗੁਪਤ ਰੂਪ ਵਿੱਚ ਹਾਜ਼ਰ ਗੁੱਸੇ-ਭਰੇ ਲਾਲ ਚਿਹਰੇ-ਮੋਹਰੇ ਵਾਲੇ ਸਰਕਾਰੀ ਚਿੱਟ ਕੱਪੜੀਏ ਮੁਲਾਜ਼ਮਾਂ ਵਿੱਚ ਪ੍ਰਵੇਸ਼ ਕਰ ਗਈ ਹੈ। ਖੈਰ! ਮੰਦੇ-ਭਾਗੀਂ ਜੋ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਉਸ ਘਟਨਾਂ-ਕ੍ਰਮ ਦੀਆਂ ਪ੍ਰਸਾਰਤ ਝਲਕੀਆਂ ਉਰਦੂ ਦੇ ਨਾਦੀਮ ਸ਼ਾਇਰ ਮੀਰ ਸਾਹਿਬ ਦੇ ਖਿਆਲਾਂ ਦੀ ਦੁਹਰਾਈ ਹੀ ਲੱਗਦੀ ਹੈ ਕਿ ‘ਮੀਰ ਸਾਹਿਬ ਜ਼ਮਾਨਾ ਨਾਜ਼ੁਕ ਹੈ, ਦੋਨੋਂ ਹਾਥੋਂ ਸੇ ਥਾਮੀਏਂ ਦਸਤਾਰ।’

ਤੀਸਰੇ ਘਲੂਘਾਰੇ ਵਿੱਚ ਧਰਮ-ਕਰਮ ਦੇ ਸ਼ਹੀਦ ਸਾਰੇ ਸਿੱਖ ਜਗਤ ਦੇ ਸਾਂਝੇ ਹਨ ਅਤੇ ਹਰੇਕ ਸਿੱਖ ਨੂੰ ਬਰਾਬਰ ਦੀ ਅਸਿਹ ਪੀੜਾ ਹੋ ਰਹੀ ਹੈ। ਹਰ ਸਾਲ ਜੂਨ ਮਹੀਨੇ ਦੇ ਸੰਤਾਪੇ ਇਹ ਓਹ ਕਹਿਰ-ਭਰੇ ਦਿਨ ਹਨ ਜਿਨ੍ਹਾਂ ਦਿਨ੍ਹਾਂ ਵਿੱਚ, ਦੇਸ਼ਾਂ, ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਦੁੱਖ-ਭਰੀ ਯਾਦ ਦਿਵਾਉਂਦੇ ਅਣਚਾਹੇ ਜ਼ਖਮ, ਆਪਣੇ-ਆਪ ਹਰੇ ਹੋ ਜਾਂਦੇ ਹਨ। ਵੀਚਾਰਾਂ ਦੀ ਕੜੀ ਅਗਾਂਹ ਤੋਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਪ੍ਰਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ, ਜਿਹਨਾਂ ਦੇ ਲਖਤੇ-ਜਿਗਰ ਇਸ ਅਣਕਿਆਸੀ ਕਾਰਵਾਈ ਦੌਰਾਨ ਵਿਛੋੜਾ ਦੇ ਗਏ। ਉਨ੍ਹਾਂ ਹਜ਼ਾਰਾਂ ਬੇਦੋਸੇ ਬੱਚਿਆਂ, ਬੁੱਢਿਆਂ, ਨੌ-ਜੁਆਨ ਲੜਕੇ ਤੇ ਲੜਕੀਆਂ ਅਤੇ ਔਰਤਾਂ ਦੇ ਪਰਿਵਾਰਾਂ ਨਾਲ ਵੀ ਵਿਛੋੜੇ ਦੇ ਦੁੱਖ’ਚ ਭਾਗੀਦਾਰ ਹਾਂ, ਬੇ-ਕਸੂਰ ਜਿਹੜੇ ਇਸ ਕਰਕੇ ਮਾਰ ਦਿੱਤੇ ਗਏ, ਕਿ ਉਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ, ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਦੀ ਤਾਂਘ ਲੈ ਕੇ ਅੰਮ੍ਰਿਤਸਰ ਆਏ ਸਨ ਪਰ ਬਦਕਿਸਮਤੀ ਨਾਲ ਹੰਝੂਆਂ ਦੇ ਰਾਹ ਪੈ ਗਏ।

ਪੂਰੇ ਉਨੱਤੀ ਸਾਲ ਬਾਅਦ ਬਹੁਤ ਬੁਰੀ ਤਰ੍ਹਾਂ ਅਡੋ-ਪਾਟ ਅਤੇ ਧੜੇ-ਬੰਦੀ ਦਾ ਸ਼ਿਕਾਰ ਸਿੱਖ ਸੰਸਥਾਵਾਂ, ਸਭਾਵਾਂ ਅਤੇ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ‘ਹਊਮੈ’ ਦੇ ਮਾਰੇ, ਦੁਨੀਆਂ ਨੂੰ ਸਿੱਖ ਕੌਮ ਦਾ ਕੀ ਸੁਨੇਹਾ ਦੇ ਰਹੇ ਹਾਂ? ਸ਼ਰਮਸਾਰ ਕਰਦੀ ਨਿਖੇਧੀ-ਭਰਪੂਰ ਉਪਰੋਕਤ ਘਟਨਾਂ ਦੇ ਸੰਦਰਭ ਵਿੱਚ ਅਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਜ਼ਾਰਾਂ ਨਹੀਂ ਲੱਖਾਂ ਜਾਨਾਂ ਕੁਰਬਾਨ ਕਰਕੇ ਵੀ ਹੁਣ ਤਕ ਅਸੀਂ, ਕੁਝ ਵੀ ਪ੍ਰਾਪਤ ਨਹੀਂ ਕੀਤਾ। ਸੱਚ-ਮੁੱਚ ਇਹੋ ਪ੍ਰਤੀਤ ਹੁੰਦਾ ਹੈ ਕਿ ਦੁੱਖ ਦੀ ਘੜੀ ਦਾ ਵਿਸ਼ਲੇਸ਼ਣ ਕਰਨ ਦੀ ਬਜਾਏ ਸਾਡੇ ਲਈ ‘ਉੱਚੇ ਰੁਤਬੇ ਦਾ ਪ੍ਰਗਟਾਵਾ’ ਵਧੇਰੇ ਮਹੱਤਵ ਰੱਖਦਾ ਹੈ। ਜੂਨ-84 ਤੋਂ ਬਾਅਦ ਸਾਡੇ ਦਰਜਨਾਂ ਧੜੇ ਬਣ ਗਏ, ਆਪਸੀ ਕ੍ਰੋਧ ਅਤੇ ਹਊਮੈ ਨਾਲ ਨਕੋ-ਨਕ ਭਰ ਗਏ ਹਾਂ, ਗੁਰੂ-ਆਸ਼ੇ ਅਨੁਸਾਰ ਸਾਡੀ ਸੋਚ ਸ਼ਕਤੀ ਤੇ ਜੀਵਨ ਅਮਲ ਸਾਥੋਂ ਕਿਨਾਰਾ ਕਰ ਗਿਆ ਹੈ। ਅਸੀਂ ਅੰਧੇਰੇ’ਚੋਂ ਇਸ ਲਈ ਨਹੀਂ ਉੱਠ ਸਕੇ ਕਿ ਸਿਰ-ਜੋੜ ਕੇ ਅਸੀਂ ‘ਚਾਨਣ ਦਾ ਰਾਹ’ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਸ, ’ਮੈਂ ਹੀ ਮੈਂ’ ਦੀ ਭਰਾ-ਮਾਰੂ ਜੰਗ-ਇਹੋ ਹੀ ਜ਼ਾਲਮ ਦੀ ਚਾਹਿਤ ਹੈ। ਅਸੀਂ ਸੋਚਦੇ ਹਾਂ ਕਿ ਅੱਜ ਦਾ ਦਿਨ ਵੀ ਜੂਨ-1984 ਵਰਗਾ ਹੀ ਹੈ। ਅਸੀਂ ਆਪਣਾ ਦੁੱਖ ਸੰਸਾਰ ਅੱਗੇ ਰੋਣਾ ਚਾਹੁੰਦੇ ਹਾਂ ਪਰ ਉਸ ਕਾਲੇ ਦਿਨ ਤੋਂ ਅਜ ਤਕ ਨਾ ਕਿਸੇ ਨੂੰ ਰੋਣ ਦਿੱਤਾ ਗਿਆ ਤੇ ਨਾ ਅਗਾਂਹ ਹੀ ਕਿਸੇ ਤੁਹਾਨੂੰ ਰੋਣ ਦੇਣਾ ਹੈ, ਕਿਉਂਕਿ ‘ਘਰ-ਪਾਟਾ, ਦਹਿਸਰ ਮਾਰਿਆ’। ਉਰਦੂ ਦੇ ਸ਼ਾਇਰ ਜਫਰ ਸਾਹਿਬ ਦੇ ਸ਼ਬਦ ਹਨ ਕਿ ‘ਨਸੀਬ ਅੱਛੇ ਅਗਰ ਬੁਲਬੁਲ ਕੇ ਹੋਤੇ, ਤੋ ਕਯਾ ਪਹਿਲੂ ਮੇਂ ਕਾਂਟੇ ਗੁਲ ਕੇ ਹੋਤੇ’। ਗੁਰੂ ਸੁਮੱਤ ਬਖਸ਼ੇ।

ਇਨ੍ਹਾਂ ਸਮਿਆਂ ਵਿੱਚ ਸਿੱਖ ਧਰਮ, ਸਿੱਖ ਸਭਿਆਚਾਰ ਅਤੇ ਸਿੱਖ ਸਮਾਜ ਨੇ ‘ਅਤਿਆਚਾਰ’ ਦਾ ਉਹ ਜ਼ੁਲਮ ਝੱਲਿਆ ਹੈ, ਜਿਸ ਦੀ ਦੁਨੀਆਂ ਵਿੱਚ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲਦੀ। ਇੱਕ ਮੌਕੇ ਜਰਮਨ ਦੀ ਨਾਜ਼ੀ ਹਕੂਮਤ ਨੇ ਭੀ ‘ਹੈਂਕੜ’ ਵਿੱਚ ਛੇ ਮਿਲੀਅਨ ਯੁਰਪੀਨ ਯਹੂਦੀਆਂ ਨੂੰ ਪਲਾਂ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ, ਪਰ ਓਹ ਤਾਂ ਜਲਦ ਸੰਭਲ ਗਏ, ਸਾਡਾ ਕੀ ਹਾਲ …….।

ਇਸ ਪੱਖ ਦੀ ਇੱਕ ਮਿਸਾਲ ਹੀ ਕਾਫੀ ਹੈ ਕਿ ਪਿਛਲੇ ਸਾਲ ਅਸੀਂ ਆਪਣੀ ਧਾਰਮਿਕ ਵਿਸ਼ੇ ਤੇ ਅਧਾਰਤ ਕਿਤਾਬ ‘ਗੁਰਮੁਖਿ ਵਿਆਹੁਣਿ ਆਇਆ’ ਅਤੇ ਸ੍ਰ:ਗੁਰਦੇਵ ਸਿੰਘ ਸੱਧੇਵਾਲੀਆਂ ਦੀ ‘ਬਾਬਾ ਫੌਜਾ ਸਿੰਘ ਦੀਆਂ ਖੱਟੀਆਂ-ਮਿੱਠੀਆਂ’ ਦੇ ਸਬੰਧ ਵਿੱਚ ਕਈ ਵਾਰ ਸ੍ਰੀ ਅੰਮ੍ਰਿਤਸਰ ਗਏ ਅਤੇ ਜਿਆਦਾਤਰ ਸਰਾਂ ਵਿੱਚ ਇਸ ਲਈ ਠਹਿਰਦੇ ਰਹੇ ਕਿ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਕੀਰਤਨ ਦੀ ਹਾਜਰੀ ਭਰ ਲਈਦੀ ਸੀ। ਇੱਕ ਦਿਨ ਕੀ ਵੇਖਿਆ ਕਿ ਪ੍ਰਭਾਤ ਵੇਲੇ ਪ੍ਰਕਰਮਾਂ ਕਰਦਿਆਂ ਜਦੋਂ ਅਸੀਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੱਵਿਤਰ ਅਸਥਾਨ ਦੇ ਕੋਲ ਪਹੁੰਚੇ ਤਾਂ ਇੱਕ ਪੀਲਾ ਚੋਲਾਧਾਰੀ ਸੇਵਾਦਾਰ ,ਬਰਾਂਡੇ ਵਿੱਚ ਗਠੜੀ-ਬਣੀ ਚੀਜ਼ ਨੂੰ ਬਰਛੇ ਦੀ ਡਾਂਗ ਨਾਲ ਹੁੱਝ ਮਾਰਕੇ ਹਿਲਾਉਂਦਾ ਕਹਿ ਰਿਹਾ ਸੀ ‘ਉੱਠ, ਮਾਈ ਉੱਠ! ਅੰਮ੍ਰਿਤ ਵੇਲਾ ਹੋ ਗਿਆ’। ਸਾਨੂੰ ਬਿਲਕੁਲ ਚੰਗਾ ਨਾ ਲੱਗਾ, ਪਰ ਉਸ ਦੀ ਇਸ ਘਿਨਾਉਂਣੀ ਹਰਕਤ ਵਿੱਚ ਬੋਲ ਨਾ ਸਕੇ, ਕਿਉਂਕਿ ਸਭ ਜਾਣਦੇ ਹਨ ਕਿ ਹੁਣ ਉਥੇ ਵਾਤਾਵਰਨ ਜਿਆਦਾ ਕਾਰਗਰ ਨਹੀਂ ਰਿਹਾ।

ਖੈਰ! ਉਹ ‘ਵਾ…ਖਰੂ’ ਕਹਿ ਕੇ ਉੱਠੀ ਤੇ ਸਿਰ ਫ਼ੜ ਕੇ ਬੈਠ ਗਈ। ਸੇਵਾਦਾਰ ਚਲਾ ਗਿਆ। ‘ਮਾਤਾ! ਤੂੰ ਠੀਕ ਹੈਂ?’ ਹਮਦਰਦੀ-ਭਰੇ ਲਹਿਜੇ ਵਿੱਚ ਉਸ ਦੇ ਕੋਲ ਬਹਿੰਦਿਆ ਅਸਾਂ ਨੇ ਪੁੱਛ ਲਿਆ ਤਾਂ ਮਾਈ ਲੀਰਾਂ-ਕਚੀਰਾਂ ਹੋਈ ਘਸਮੈਲੀ ਜਹੀ ਚੁੰਨੀ ਨਾਲ ਆਪਣੀਆਂ ਅੱਖੀਆਂ ਪੂੰਝਣ ਲੱਗ ਪਈ, ਇੰਞ ਜਾਪਿਆ ਕਿ ਉਹ ਸਾਰੀ ਰਾਤ ਰੋਂਦੀ-ਕੁਰਲਾਉਂਦੀ ਰਹੀ ਹੈ। ‘ਮਾਂ’ ਜਾਣ ਕੇ ਗਲਵਕੜੀ’ਚ ਲਿਆ, ਦਿਲਾਸਾ ਦਿੱਤਾ ਤਾਂ ਉਹ ਦੱਸਣ ਲਗੀ ਕਿ ‘ਮੈਂ ਨੂੰਹ-ਪੁੱਤ ਅਤੇ ਪੋਤਰੇ-ਪੋਤਰੀ ਨਾਲ ਅਰਜਨ ਗੁਰੂ ਦੇ ਸ਼ਹੀਦੀ ਪੁਰਬ ਉੱਤੇ ਦਰਸ਼ਨਾ ਨੂੰ ਆਈ। ਇਸੇ ਥਾਂ ਬੈਠੇ ਸਾਂ ਕਿ ਬਸ ਫੌਜੀ ਹਮਲੇ ’ਚ ਫਸ ਗਏ। ਰੋਜ਼ ਪੁੱਤਾ! ਗੁਰੂ ਤੋਂ ਟੱਬਰ ਦੀ ਸੁੱਖ-ਸਾਂਦ ਪੁੱਛਦੀ, ਉਡੀਕਦੀ ਰਹਿੰਦੀ ਹਾਂ, ਕਦੋਂ ਮੇਰਾ ਮੋਹਰ ਸਿੰਹੁ ਘਰ ਆਉਗਾ? ਜਮੀਨ-ਜਮੂਨ ਹੈਨੀਂ, ਇੱਕਲੀ ਜਾਣ ਕੇ ਘਰ-ਬਾਹਰ ਤੇ ਸ਼ਰੀਕਾਂ ਨੇ ਕਬਜ਼ਾ ਕਰ ਲਿਆ…ਵੇ ਵੀਰਾ! ਸੋਢੀ ਪਾਤਸ਼ਾਹ ਅੱਗੇ ਅਰਦਾਸ ਕਰ, ਮੇਰਾ ਪੁੱਤ ਮੈਂਨੂੰ ਮਿਲ ਪਵੇ..’ ਤੇ ਰੋਣ ਲੱਗ ਪਈ। ਸਾਡੀਆਂ ਵੀ ਅੱਖੀਆਂ’ਚੋਂ ਨੀਰ ਵਹਿ ਤੁਰਿਆ। ਫਿਰ ਕੁਝ ਸੰਭਲੀ ਤੇ ਕਹਿਣ ਲਗੀ,’ ਵੇ ਜੇ ਜਾਣਦਾ ਏ ਤਾਂ ਇਨ੍ਹਾਂ ਨੂੰ ਸਮਝਾ ਜਾਹ, ਮੈਂਨੂੰ ਦੁਖਿਆਰੀ ਨੂੰ ਬਹੁਤ ਤੰਗ ਕਰਦੇ ਨੇ…’। ਦਿੱਲ ਟਿਕਾਊਂ ਧਰਵਾਸ ਦੇਂਦਿਆਂ ਕੁਝ ‘ਮਾਇਕ ਸਹਾਇਤਾ’ ਕਰਨੀ ਚਾਹੀ, ਪਰ ਮਾਤਾ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਮੈਂ ਪੈਸੇ ਕੀ ਕਰਨੇ ਹਨ, ਪੁੱਤ-ਪੋਤਰੇ ਦੀ ਖ਼ਬਰ ਉਡੀਕਦੀ ਪਈ ਹਾਂ’। ਅੱਜ ਵੀ ਸੋਚਦਾ ਹਾਂ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਮਨਾਉਂਣ ਆਈਆਂ ਕਿੰਨੀਆਂ ਸਿੱਖ ਮਾਵਾਂ ਅਜੇ ਵੀ ਮਿੱਟੀ ਦੇ ਖੂਨੀਂ ਢੇਰਾਂ’ਚੋਂ ਆਪਣੇ ‘ਪੁੱਤਰ’ ਲੱਭਦੀਆਂ, ਅਵਾਜ਼ਾਂ ਮਾਰਦੀਆਂ ਕਮਲੀਆਂ ਤੇ ਲੱਟਬੌਰੀਆਂ ਹੋਈਆਂ ਪਈਆਂ ਹਨ। ਕਿਸੇ ਸੰਸਥਾਂ ਨੂੰ ਕੋਈ ਖਿਆਲ ਨਹੀਂ।

ਸਿੱਖ ਸੋਚ ਦੇ ਨਿਸ਼ਾਨੇ ਦਾ ਮੁਲਾਂਕਣ, ਈਸਾਈ ਵੀਚਾਰਧਾਰਾ ਵਿੱਚਲੇ ਇਸ ਪਹਿਲੂ ਨਾਲ ਤਕਰੀਬਨ ਮੇਲ ਖਾਂਦਾ ਹੈ ਕਿ “We wrestle not against flesh and blood, but against principalities, against misuse of powers, against the rulers of the darkness of this world (country) and against wickedness in high places alongwith our constitutional bonefide rights.”

ਅਸਾਨੂੰ ਸਿਰੇ ਤੋਂ ਹੀ ਗਲਤ ਸਮਝਿਆ ਗਿਆ। ਇੱਕ ਭਰਮ ਪੈ ਗਿਆ ਅਤੇ ਉਚ-ਪਦਵੀਆਂ ਤੇ ਕਾਬਜ ਸਾਡੇ ਹੀ ਰਾਜਸੀ ਲੋਕ ਹਵਾਈ ਕਿਲ੍ਹੇ ਉਸਾਰਦੇ ਰਹੇ। ਜਿਨ੍ਹਾਂ ਉੱਤੇ ਅਥਾਹ ਭਰੋਸਾ ਸੀ ਉਨ੍ਹਾਂ ਆਪਣਿਆ ਨੇ ਵੀ ਰੱਜ ਕੇ ਧ੍ਰੋਹ ਕਮਾਇਆ ਅਤੇ ਅਸਲੀਅਤ ਤੋਂ ਅਨਜਾਣ “ਸਹੀ” ਸਥਿਤੀ ਸ਼ਪਸਟ ਨਾ ਕਰ ਸਕੇ। ਬਿਨਾਂ ਸੋਚੇ-ਸਮਝੇ ਦੋਸ਼ ਮੜ੍ਹਿਆ ਗਿਆ ਕਿ ਇਹ (ਸਿੱਖ ਕੌਮ) ਵੱਖਰੇ ਰਾਜ ਦੀ ਮੰਗ ਕਰਦੇ ਹਨ।ਦੇਸ਼ ਦੀ ਏਕਤਾ, ਪ੍ਰਭੂਸਤਾ, ਸ਼ਾਂਤੀ, ਲੋਕ-ਰਾਜ ਅਤੇ ਅਜਾਦੀ ਨੂੰ ਖਤਰਾ ਪੈਦਾ ਹੋ ਗਿਆ ਹੈ। ਸਿੱਖ ਜਰਨੈਲ ਦਾ ਬਿਆਨ ਕੁਝ ਇਸ ਤਰ੍ਹਾਂ ਸੀ ਕਿ “ਅਸੀਂ ਖਾਲਿਸਤਾਨ ਨਹੀਂ ਮੰਗਦੇ… ਇਹ ਉਹਨਾਂ (ਕੇਂਦਰ) ਨੇ, ਵੇਖਣਾ, ਸੋਚਣਾ ਤੇ ਪ੍ਰਖਣਾ ਹੈ ਕਿ ਅਸਾਨੂੰ (ਸਿੱਖਾਂ ਨੂੰ) ਨਾਲ ਰੱਖਣਾ ਹੈ ਕਿ ਨਹੀਂ…।’ ਬਸ ਬਾਤ ਦਾ ਬਤੰਗੜ ਬਣਾ ਧਰਿਆ। ਉਕਤ ਬਿਆਨ ਦੇ ਗਲਤ ਅਰਥ ਪੇਸ਼ ਕੀਤੇ ਗਏ। ਇਸ ਇਤਿਹਾਸਕ ਗਲਤੀ ਨੇ ਸਿੱਖ ਕੌਮ ਦਾ ਬੜਾ ਭਾਰੀ ਨੁਕਸਾਨ ਕੀਤਾ ਅਤੇ ਆਜਾਦੀ ਦੀ ਲੜਾਈ ਵਿੱਚ ਲਾਸਾਨੀ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨਫਰਤ ਦੀ ਨਿਗਾਹ ਨਾਲ ਵੇਖੀ ਜਾਣ ਲੱਗੀ। ਮੁੜ ਕਿਸੇ ਜਾਣਨ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਮਾਜਰਾ ਕੀ ਹੈ?

ਇਸ ਤੋਂ ਪਹਿਲਾਂ ਵੀ ਇਤਿਹਾਸ ਦੇ ਪੰਨਿਆਂ ਉੱਤੇ ‘ਇੱਕ ਸ਼ਬਦ’ ਦੇ ਗਲਤ ਅਰਥਾਂ ਕਾਰਨ, ਹੋਈ ਭਿਆਨਕ ਤਬਾਹੀ ਦਾ ਹਵਾਲਾ ਕੁਛ ਇਸ ਤਰ੍ਹਾਂ ਮਿਲਦਾ ਹੈ। ‘ਮਨੁੱਖ ਦੀ ਭਾਸ਼ਾ’ ਨਾਮੀ ਪੁਸਤਕ ਦੇ ਕਰਤਾ ਮਿ: ਜੋਸਫ਼ ਫਲੈਚਰ ਲਿਟਲ ਲਿਖਦੇ ਹਨ ਕਿ ਦੂਸਰੀ ਸੰਸਾਰ ਜੰਗ ਵਿੱਚ 26 ਜੁਲਾਈ 1945 ਨੂੰ ਜਰਮਨ ਹਾਰ ਗਿਆ। ਅਮਰੀਕਾ, ਇੰਗਲੈਂਡ ਅਤੇ ਚਾਈਨਾ ਨੇ ਜਾਪਾਨ ਨੂੰ ਸਮਰਪਣ ਕਰਨ ਲਈ ਇੱਕ ‘ਸੰਦੇਸ਼’ ਭੇਜਿਆ। 27 ਜੁਲਾਈ ਨੂੰ ਜਪਾਨੀ ਮੰਤਰੀ ਮੰਡਲ ਨੇ ਇਹ ਸੰਦੇਸ਼ ਵਿਚਾਰਿਆ ਤੇ ਨਿਰਨਾ ਲਿਆ ਕਿ ਵਿਸ਼ਵ ਦੇ ਲੋਕਾਂ ਨਾਲ ਅਸੀਂ ਵੀ ਸ਼ਾਂਤੀ ਚਾਹੁੰਦੇ ਹਾਂ, ਪਰ ਨਾਲ ਹੀ ਦੋ ਗੱਲਾਂ ਕਰਕੇ ਥੋੜਾ ਸਮਾਂ ਹੋਰ ਦਿੱਤੇ ਜਾਣ ਨੂੰ ਤਰਜੀਹ ਦਿੱਤੀ ਸੀ। ਉਹ ਸਨ ਕਿ ਉਹ ਆਤਮ-ਸਮਰਪਣ ਨੂੰ ਤਿਆਰ ਹਨ ਪਰ ਇੱਕ, ਆਪਣੇ ਜਰਨੈਲਾਂ ਨੂੰ ਯੁੱਧ-ਬੰਦੀ ਦਾ ਸੁਨੇਹਾ ਦਿੱਤਾ ਜਾ ਸਕੇ ਅਤੇ ਦੂਸਰਾ, ਜਪਾਨੀ ਲੋਕਾਂ ਨੂੰ ਸ਼ਾਂਤੀ ਸਥਾਪਨਾ ਲਈ ਲਾਮ-ਬੰਦ ਕੀਤਾ ਜਾ ਸਕੇ। ਇਥੋਂ ਹੀ ਦਿਲਚਸਪ ਕਹਾਣੀ ਸ਼ੁਰੂ ਹੁੰਦੀ ਹੈ।

ਫੈਸਲਾ ਹੋਇਆ ਕਿ ਵਾਪਸੀ ਕਿਹਾ ਜਾਵੇ ਕਿ ਤੁਹਾਡਾ ਸੁਨੇਹਾ ਮਿਲ ਗਿਆ ਹੈ, ਜਾਪਾਨ ਸਰਕਾਰ ਤਿਆਰ ਹੈ ਪਰ ਅਜੇ ਕੋਈ ਟਿੱਪਣੀ (Comments) ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਜਦੋਂ ਇਹ ਵਾਪਸੀ ਸੰਦੇਸ਼ ਭੇਜਿਆ ਗਿਆ ਤਾਂ ਉਸ ਵਿੱਚ ਜਪਾਨੀ ਭਾਸ਼ਾ ਦਾ ਮੋਕੂਸਾਤਸੂ “Mokusatsu” (in Japanese) ਵਰਤਿਆ ਗਿਆ, ਜਿਸ ਦਾ ਭਾਵ ਸੀ ਬਿਨਾਂ ਟਿੱਪਣੀ ਤੋਂ (without comments)। ਇਸ ਸ਼ਬਦ ਦੇ ਇਕ ਹੋਰ ਜਪਾਨੀ ਭਾਸ਼ਾ ਵਿੱਚ (Ignore) ਤੁਛ ਜਾਂ ਅਣਡਿੱਠ ਕਰਨਾ ਵੀ ਅਰਥ ਹਨ। ਜਿਸ ਜਾਪਾਨੀ ਭੱਦਰਪੁਰਸ਼ ਨੇ ਅੰਗਰੇਜੀ ਭਾਸ਼ਾਂ ਵਿੱਚ ਰੇਡੀਓ ਬਿਆਨ ਤਿਆਰ ਕੀਤਾ, ਉਸ ਨੇ ਦੂਸਰਾ ਭਾਵ-ਅਰਥ ਵਾਲਾ ਸ਼ਬਦ (Ignore) ਲਿਖ ਮਾਰਿਆ ਕਿ ਜਾਪਾਨੀ ਮੰਤਰੀ-ਮੰਡਲ ਨੇ ਤੁਹਾਡਾ ਸੰਦੇਸ਼ ਅਣਡਿੱਠ ਕਰ ਦਿੱਤਾ ਹੈ (That Japanese cabinet has decided to ignore the peace offer.) ਬਸ ਫਿਰ ਕੀ ਹੋਇਆ ਕਿ 6 ਅਗਸਤ-1945 ਨੂੰ ਟਰੂਮੈਨ ਪ੍ਰੈਜ਼ੀਡੈਂਟ ਨੇ ਐਲਾਨ ਕਰ ਦਿੱਤਾ ਕਿ ਜਪਾਨ ਨੇ ਸ਼ਾਂਤੀ ਪ੍ਰਕਿਰਿਆ ਰੱਦ ਕਰ ਦਿੱਤੀ ਹੈ ਅਤੇ ‘ਉਹ’ ਹੁਕਮ ਕਰਦਾ ਹੈ ਕਿ‘ਹੀਰੋਸ਼ਾਮਾਂ’ ਸ਼ਹਿਰ ਉੱਤੇ ਐਟਮ-ਬੰਬ ਸੁਟਿਆ ਜਾਏ। ਇਸ ਬੰਬ ਨੇ 66 ਹਜਾਰ ਤੋਂ ਵੱਧ ਜਨਤਾ ਮਾਰ ਦਿੱਤੀ ਅਤੇ ਕਈ ਹਜਾਰ ਰੇਡੀਏਸ਼ਨ ਦੇ ਮਾਰੂ ਪ੍ਰਭਾਵ ਦਾ ਸ਼ਿਕਾਰ ਹੋ ਗਏ। ਮਹਾਨ ਵਿਸ਼ੇਸ਼ੱਗ ਤੇ ਮਾਹਰ ਦੱਸਦੇ ਹਨ ਕਿ ਜੇ ਜਾਪਾਨੀ ਦੁਭਾਸ਼ੀਆਂ ‘ਸਹੀ’ (‘to say, without comments in stead of Ignore’) ਤਰਜਮਾਨੀ ਕਰਦਾ ਤਦ ਨਾ ਤਾਂ ਐਟਮ ਬੰਬ ਹੀ ਸੁੱਟਿਆ ਜਾਣਾ ਸੀ ਅਤੇ ਨਾ ਹੀ ਲੱਖਾਂ ਮਾਸੂਮ ਜਾਨਾਂ ਹੀ ਜਾਣੀਆਂ ਸਨ।ਇਹੋ ‘ਭਾਣਾ’ ਸਿੱਖ ਕੌਮ ਨਾਲ ਵਾਪਰਿਆ ਹੈ।

ਸਾਡੇ ਵਾਂਗ, ਹਰ ਸਿੱਖ ਚਾਹੁੰਦਾ ਹੈ ਕਿ ਇਕੋ ਗੁਰੂ ਦੇ ਸਿੱਖ ਹੋਣ ਦੇ ਨਾਤੇ “ਖਾਲਸਾ ਜੀਓ”- ਅਸਾਨੂੰ ਆਪਸ ਵਿੱਚ ਪਿਆਰ-ਮੁੱਹਬਤ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਆਪਸ ਵਿੱਚ ਈਰਖਾ ਤੇ ਵੈਰ-ਵਿਰੋਧ ਦੀ ਭਾਵਨਾ ਚੰਗੀ ਨਹੀਂ। ਅੱਜ ਲੋੜ ਹੈ ਕਿ ਸਾਡੇ ਆਪਸੀ ਸਬੰਧਾਂ ਵਿੱਚ ਫਰਕ ਨਾ ਪਵੇ। ‘ਸਰਬੱਤ ਦਾ ਭਲਾ’ ਮੰਗਣ ਵਾਲੇ ਚਟਾਨ ਵਾਂਗ ਮਜਬੂਤ ਹੋਵਣ ਅਤੇ ਇੱਕ-ਦੂਸਰੇ ਨਾਲ ਕੋਈ ਵਿਰੋਧੀ ਜਾਂ ਮੰਦ-ਭਾਵਨਾ ਨਾ ਰੱਖੀ ਜਾਏ। ਪ੍ਰਸਿੱਧ ਅਖਾਣ ਅਨੁਸਾਰ ‘ਸੱਜਣੋ! ਪੱਗ-ਵਟ ਭਰਾ ਬਣ ਜਾਓ।’ ਇਹ ਕੋਈ ਅਧੀਨਗੀ ਨਹੀ, ਸਗੋਂ ਬਰਾਬਰਤਾ ਦੀ ਭਾਵ-ਪੂਰਵਕ ਮਿਸਾਲ ਹੈ। ਮਿੱਠੀ ਬੋਲ-ਬਾਣੀ ਦੇ ਧਾਰਨੀ ਹੋ ਕੇ ਰੱਬ ਦੇ ਬੰਦਿਆਂ ਨਾਲ ਮਿਲ ਕੇ ਰਹੀਏ, ਚੰਗੇ ਭਵਿੱਖ ਲਈ ਯਤਨਸ਼ੀਲ ਹੋਈਏ ਕਿਉਂਕਿ ਸਾਡੀ “ਹੋਂਦ” ਲਈ ਜਦੋ-ਜਹਿਦ ਹੈ। ਨਿੱਕੀ ਜਹੀ ਸਮਝਾਵਣੀ-ਭਰੀ ਟੂਕ ਹੈ ਕਿ ਤਿੰਨ ਗਊ ਦੇ ਜਾਏ ਪਿੰਡ’ਚ ਇੱਕਠੇ ਬੈਠ ਸਕਦੇ ਹਨ ਪਰ ਦੋ ਝੋਟੇ, ਸਦਾ ਸਿੰਗ ਫਸਾ ਕੇ ਰੱਖਦੇ ਹਨ ਤੇ ਗੁਵਾਂਢੀ ਪਿੰਡਾ’ਚ ਵੀ ਖੌਰੂ ਪਾਈ ਰੱਖਦੇ ਹਨ।

ਆਓ! ਦਿਲ ਦੀ ਨੇਕ-ਨੀਤੀ ਨਾਲ ਆਪਣੇ ਗੁਰ-ਭਾਈਆਂ ਨੂੰ ਅੱਖਾਂ ਲਾਲ ਕਰਕੇ ਨ ਵੇਖੀਏ ਪਰ ਜੇ ਰੋਹ-ਦਰ-ਹੋਰ ਚੜ੍ਹਦਾ ਰਿਹਾ ਤਾਂ ਤੁਹਾਡੀ ਹਉਮੈ ਦਾ ਧੂੰਆਂ ਇਤਿਹਾਸ ਬਣ ਜਾਏਗਾ ਅਤੇ ‘ਦੁਨੀਆਂ ਖੜੀ ਤਮਾਸ਼ਾ ਵੇਖੇਗੀ’।

ਬਹੁਤ ਗਰਮ ਹਵਾ ਚਲ ਰਹੀ ਹੈ। ਸਾਡੀ ਦੁਰਦਸ਼ਾ ਤੇ ਸ਼ਰੀਕ ਵੀ ਹੱਸਦੇ ਹਨ। ਗੁਰੂ ਬਖ਼ਸ਼ਿਸ਼ ਸਦਕਾ ਸਾਡੇ ਰੂਪ-ਸਰੂਪ ਵੀ ਸੁੰਦਰ ਹਨ। ਅਮਨ-ਅਮਾਨ ਲਈ ਅਰਜ ਹੈ ਕਿ ਆਓ! ਆਪਣੇ-ਆਪ ਅਤੇ ਆਪਣੇ ਭਾਈਚਾਰੇ ਨੂੰ ਪਛਾਣੀਏ। ‘ਇਕੁ ਹੋਵਹਿ ਤਾ ਉਗਵੈ’ਦੇ ਸੰਦਰਭ ’ਚ ਕੇਸਰੀ ਨਿਸ਼ਾਨ ਥੱਲੇ ਇੱਕਠੇ ਹੋਈਏ। ਗੁਰੂ ਬਚਨ ਹਨ:

‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1॥
’ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 1185)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top