Share on Facebook

Main News Page

ਸਾਕਾ ਨੀਲਾ ਤਾਰਾ - ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ‘ਤੇ ਲਿਜਾਂਈਆਂ ਗਈਆਂ, ਸਿੰਘਾਂ ਦੇ ਸਿਰ ਗੱਡਿਆਂ ਦੇ ਲੱਦੇ ਯਾਦ ਆ ਗਏ

3 ਜੂਨ 1984 ਰਾਤ 10 ਵਜੇ ਹਰਿਮੰਦਰ ਸਾਹਿਬ ਦੇ ਸਮੁੱਚੇ ਕੰਪਲੈਕਸ ਵਿੱਚ ਤੂਫਾਨ ਤੋਂ ਪਹਿਲਾ ਦੀ ਸ਼ਾਂਤੀ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਦੀ ਪਰਕਰਮਾ, ਲੰਗਰ ਅਤੇ ਸਰਾਵਾਂ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚ ਬੱਚੇ, ਬੀਬੀਆਂ, ਬੁੱਢੇ ਅਤੇ ਜਵਾਨ ਸਨ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਨੇਰਾ ਹੈ। ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਕੁਝ ਹੋਣ ਵਾਲਾ ਹੈ ਲੇਕਿਨ ਕਿਹੋ ਜਿਹਾ ਹੋਵੇਗਾ ਇਸਦੀ ਉਨ੍ਹਾਂ ਨੂੰ ਕੋਈ ਭਿਣਕ ਨਹੀਂ। ਇਹ ਗੁਰੂ ਦੇ ਸਹਾਰੇ ਅਤੇ ਵਿਸ਼ਵਾਸ ਵਿੱਚ ਇਸ ਪਵਿੱਤਰ ਧਰਤੀ ‘ਤੇ ਬੈਠੇ ਹਨ। 3 ਜੂਨ ਦੀ ਰਾਤ ਨੂੰ ਲੰਗਰ ਬਣਿਆ ਅਤੇ ਸੰਗਤਾਂ ਨੇ ਛਕਿਆ। ਕੁਝ ਕੁ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਨਹੀਂ ਪਤਾ ਕਿ ਇਕ ਹੋਰ ਘੱਲੂਘਾਰਾ ਹੋਣ ਜਾ ਰਿਹਾ ਹੈ ਜੋ ਪਿਛਲੇ ਸਾਰੇ ਘੱਲੂਘਾਰਿਆਂ ਅਤੇ ਸਿੱਖਾਂ ਦੇ ਕਤਲੇਆਮਾਂ ਨੂੰ ਫਿੱਕਾ ਪਾ ਦੇਵੇਗਾ।

4 ਜੂਨ ਨੂੰ ਸਵੇਰੇ ਪਹੁ ਫੁੱਟਣ ਤੋਂ ਥੋੜ੍ਹਾ ਚਿਰ ਪਹਿਲਾ ਜ਼ੋਰਦਾਰ ਗੋਲਾਬਾਰੀ ਬਿਨਾ ਕਿਸੇ ਚੇਤਾਵਨੀ ਦੇ ਸ਼ੁਰੂ ਹੋ ਗਈ। ਪਰਕਰਮਾ ਵਿਚ ਇਸ਼ਨਾਨ ਕਰ ਰਹੇ ਲੋਕ ਗੋਲੀਆਂ ਲੱਗਣ ਕਾਰਨ ਡਿਗਨ ਲੱਗ ਪਏ। ਇਥੇ ਇਹ ਵਰਣਨਯੋਗ ਹੈ ਕਿ ਤਿੰਨ ਪਹਿਰ ਦੀ ਸੇਵਾ ਉਸੇ ਤਰ੍ਹਾਂ ਹੋਈ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਹੁਕਮਨਾਮਾ ਲਿਆ ਗਿਆ। ਜਿਉਂ ਹੀ ਗੋਲਾਬਾਰੀ ਸ਼ੁਰੂ ਬੋਈ ਸੰਗਤ ਵਿੱਚ ਨੱਠਭੱਜ ਪੈ ਗਈ। ਜਿਧਰ ਨੂੰ ਕੋਈ ਜਾ ਸਕਿਆ ਚਲਾ ਗਿਆ। ਇਨ੍ਹਾਂ ਵਿੱਚ ਜ਼ਿਆਦਾਤਰ ਸੰਗਤ ਮੰਜੀ ਸਾਹਿਬ, ਦੀਵਾਨ ਹਾਲ ਅਤੇ ਸਰਾਵਾਂ ਨੂੰ ਇਕੱਠੀ ਹੋਈ ਸੀ। ਥੋੜ੍ਹੇ ਸਮੇਂ ਵਿੱਚ ਹੀ ਇਹ ਗੋਲਾਬਾਰੀ ਤੇਜ਼ ਹੁੰਦੀ ਚਲੀ ਗਈ। ਲੜੀਵਾਰ ਲਾਲ ਗੋਲਿਆਂ ਨਾਲ ਅਕਾਸ਼ ਲਾਲ ਹੋ ਗਿਆ ਸੀ। ਇਹ ਗੋਲੇ ਮਾਰਟਰ ਗੰਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਭਾਰਤੀ ਫੌਜ ਵੱਲੋਂ ਵਰ੍ਹਾਏ ਜਾ ਰਹੇ ਸਨ। ਫੌਜ ਵੱਲੋਂ ਘੰਟਾ ਘਰ ਵਾਲੇ ਪਾਸਿਉਂ ਆਸ-ਪਾਸ ਦੇ ਮਕਾਨਾਂ ਤੋਂ ਫਾਇਰਿੰਗ ਹੋ ਰਹੀ ਸੀ। ਇਨ੍ਹਾਂ ਵਿੱਚੋਂ ਕਈ ਮਕਾਨ ਬਹੁਮੰਜ਼ਿਲੀ ਸਨ ਜੋ ਦਰਬਾਰ ਸਾਹਿਬ ਕੰਪਲੈਕਸ ਨਾਲੋਂ ਵੀ ਉਚੇ ਸਨ। ਇਨ੍ਹਾਂ ਮਕਾਨਾਂ ਦੀ ਛੱਤ ਤੋਂ ਪਰਕਰਮਾ, ਅਕਾਲ ਤਖ਼ਤ ਸਾਹਿਬ ਦੇ ਆਸ-ਪਾਸ ਦੇ ਮਕਾਨਾਂ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸੁਰਜੀਤ ਸਿੰਘ ਜੋ ਇਸ ਸਮੇਂ ਅਕਾਲ ਤਖ਼ਤ ਸਾਹਿਬ ਤੇ ਕੀਰਤਨ ਦੀ ਸੇਵਾ ਕੀਤੀ ਸੀ ਉਸ ਅਨੁਸਾਰ ਤਿੰਨ ਜੂਨ ਰਾਤ 9 ਵਜੇ ਸਾਨੂੰ ਜਨਰਲ ਸੁਬੇਗ ਸਿੰਘ ਨੇ ਕਿਹਾ ਕਿ ਸੰਗਤ ਨੂੰ ਕਹੋ ਕਿ ਉਹ ਪਰਕਰਮਾ ਵਿੱਚ ਨਾ ਪਵੇ ਕਿਉਂਕਿ 10 ਕੁ ਵਜੇ ਉਹ (ਫੌਜ) ਅੰਦਰ ਆਵੇਗੀ ਅਤੇ ਅਸੀਂ ਉਨ੍ਹਾਂ ਨੂੰ ਲੰਬੇ ਹੱਥੀਂ ਲੈਣਾ ਹੈ।

ਜਨਰਲ ਸੁਬੇਗ ਸਿੰਘ ਦੇ ਹੱਥ ਵਿੱਚ ਕਾਰਬਾਈਨ ਸੀ। ਇਨ੍ਹਾਂ ਨੇ ਅਕਾਲ ਤਖ਼ਤ ਦੇ ਸੱਜੇ ਪਾਸੇ ਬੁੰਗਾ ਸ਼ੇਰ ਸਿੰਘ ਦੇ ਉਤੇ ਮੋਰਚਾਬੰਦੀ ਕੀਤੀ ਹੋਈ ਸੀ। ਇਥੇ ਵਰਣਨਯੋਗ ਹੈ ਕਿ ਫੌਜ ਦਾ ਸਭ ਤੋਂ ਵੱਧ ਨੁਕਸਾਨ ਇਸ ਮੋਰਚੇ ਨੇ ਕੀਤਾ। ਅਕਾਲ ਤਖ਼ਤ ਸਾਹਿਬ ਦੇ ਚੱਪੇ-ਚੱਪੇ ਉਤੇ ਸੰਤ ਜਰਨੈਲ ਸਿੰਘ ਦੇ ਸਿੰਘ ਪੁਜ਼ੀਸ਼ਨਾਂ ਲਈ ਬੈਠੇ ਸਨ ਇਨ੍ਹੰ ਕੋਲ ਐਸ. ਐਲ. ਆਰ., 303 ਰਾਈਫਲ ਅਤੇ ਹੋਰ ਸਾਧਾਰਨ ਹਥਿਆਰ ਸਨ। ਸੰਤ ਜਰਨੈਲ ਸਿੰਘ ਨਾਲ ਤਕਰੀਬਨ 150 ਦੇ ਆਸ ਪਾਸ ਸਿੰਘ ਸਨ ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ, ਬਾਬਾ ਥਾਹਰਾ ਸਿੰਘ, ਜਨਰਲ ਸੁਬੇਗ ਸਿੰਘ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਹੁਰੀਂ ਕਹਿ ਰਹੇ ਸਨ, ”ਸ਼ਾਬਾਸ਼ ਸਿੰਘੋ, ਜੀਂਦੇ ਜੀਅ ਦੁਸ਼ਮਣ ਦੇ ਪੈਰ ਪਰਕਰਮਾ ਵਿੱਚ ਨਹੀਂ ਪੈਣ ਦੇਣੇ, ਹੱਥ ਖੜ੍ਹੇ ਨਹੀਂ ਕਰਨੇ ਤੇ ਸ਼ਹੀਦੀਆਂ ਪਾਉਣੀਆਂ ਹਨ।” ਉਹ ਭਾਈ ਅਮਰੀਕ ਸਿੰਘ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ। ਗੁਰੂ ਰਾਮਦਾਸ ਸਰਾਂ ਵਿੱਚ 50 ਕੁ ਸਿੰਘ ਸਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੰਘ ਬਾਅਦ ਵਿੱਚ ਇਥੋਂ ਨਿਕਲ ਗਏ। ਗੁਰੂ ਨਾਨਕ ਨਿਵਾਸ ਵਿੱਚ ਫੈਡਰੇਸ਼ਨ ਦੇ ਨੌਜਵਾਨਾਂ ਨੇ ਮੋਰਚਾ ਲਾਇਆ ਹੋਇਆ ਸੀ। ਇਸਤੋਂ ਇਲਾਵਾ ਗੁਰੂ ਰਾਮ ਦਾਸ ਸਰਾਂ ਦੇ ਪਿੱਛੇ ਟੈਂਕੀ ਉਤੇ ਮੋਰਚਾ ਸੀ। ਮੋਰਚਾਬੰਦੀ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਫੌਜ ਦਾ ਵਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ ਅਤੇ ਇਹ ਪੈਦਲ ਦਰਬਾਰ ਸਾਹਿਬ ਵਿੱਚ ਵੜ ਨਹੀਂ ਸੀ ਸਕਦੀ। 5 ਜੂਨ ਕਹਿਰ ਦੀ ਰਾਤ ਸੀ। ਦੋਨੇ ਪਾਸਿਉਂ ਅੰਨ੍ਹੇਵਾਹ ਫਾਇਰਿੰਗ ਹੋ ਰਹੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ਦੋ ਦੇਸ਼ਾਂ ਦੀ ਲੜਾਈ ਹੋ ਰਹੀ ਹੋਵੇ। ਲਾਲ ਰੰਗ ਦੇ ਗੋਲੇ ਲਾਈਨਾਂ ਬੰਨ੍ਹੀ ਅਕਾਲ ਤਖ਼ਤ ਸਾਹਿਬ ਦੇ ਉਤੇ ਲਾਈਟਾਂ ਮਾਰੀਆਂ ਜਾਂਦੀਆਂ ਸਨ ਤਾਂ ਕਿ ਸਿੰਘਾਂ ਦੇ ਮੋਰਚਿਆਂ ਦੀ ਪਛਾਣ ਕੀਤੀ ਜਾ ਸਕੇ। ਇਹ ਗੋਲੇ ਪਰਕਰਮਾ ਵਿੱਚ ਡਿਗਦੇ ਸਨ। 5 ਜੂਨ ਨੂੰ ਫੌਜ ਦੇ ਕਬਜ਼ੇ ਵਿੱਚ ਆਉਣ ਵਾਲੀ ਪਹਿਲੀ ਬਿਲਡਿੰਗ ਗੁਰੂ ਰਾਮਦਾਸ ਸਰਾਂ ਸੀ। ਇਥੇ ਹੀ ਟੈਂਕ ਲੰਗਰ ਦੇ ਸਾਹਮਣਿਓਂ ਪਰਕਰਮਾ ਵਿੱਚ ਦਾਖਲ ਹੋਏ ਸਨ। ਇਹ ਇਸ ਲਈ ਲਿਆਂਦੇ ਗਏ ਸਨ ਕਿ ਇਸਤੋਂ ਪਹਿਲਾ ਸਿੰਘਾਂ ਨੇ ਬਖਤਰਬੰਦ ਗੱਡੀਆਂ ਉਡਾ ਦਿੱਤੀਆਂ ਸਨ। ਘੰਟਾ ਘਰ ਵਾਲੇ ਪਾਸਿਉਂ ਦਾਖ਼ਲ ਹੋਣ ਵਾਲੀ ਇਕ ਫੌਜੀ ਟੁਕੜੀ ਉਥੇ ਹੀ ਖ਼ਤਮ ਕਰ ਦਿੱਤੀ ਗਈ। ਇਕ ਫੌਜੀ ਕਹਿ ਰਿਹਾ ਸੀ – ”ਹਮਾਰੇ ਬਹੁਤ ਸਾਰੇ ਆਦਮੀ ਮਾਰੇ ਗਏ ਹੈਂ।”

ਜਿਸ ਤਰ੍ਹਾਂ ਪਹਿਲਾ ਦੱਸਿਆ ਜਾ ਚੁੱਕਾ ਹੈ ਕਿ ਫੌਜ ਦੇ ਕਬਜ਼ੇ ਵਿੱਚ ਆਉਣ ਵਾਲੀ ਸਭ ਤੋਂ ਪਹਿਲੀ ਬਿਲਡਿੰਗ ਗੁਰੂ ਰਾਮਦਾਸ ਸਰਾਂ ਸੀ। ਇਥੇ ਕੋਈ 50 ਕੁ ਖਾੜਕੂ ਸਿੰਘ ਸਨ ਜੋ ਹੁਣ ਇਥੋਂ ਜਾ ਚੁੱਕੇ ਸਨ। ਇਥੇ ਹੁਣ ਬੱਚੇ, ਬੁੱਢੇ ਅਤੇ ਬੀਬੀਆਂ ਸਨ ਇਨ੍ਹਾਂ ਵਿੱਚੋਂ ਕੁਝ ਜਵਾਨ ਵੀ ਸਨ। ਇਥੇ ਫੌਜ ਵੱਲੋਂ ਕੀਤੇ ਜ਼ੁਲਮ ਹੁਣ ਤੱਕ ਹੋਏ ਹਕੂਮਤੀ ਜ਼ੁਲਮਾਂ ਨੂੰ ਫਿੱਕਾ ਕਰ ਦਿੰਦੇ ਹਨ। ਹਿਟਲਰ ਦੇ ਗੈਸ ਚੈਮਬਰ ਇਤਿਹਾਸ ਵਿੱਚ ਪੜ੍ਹਦੇ ਹਾਂ ਜਿਥੇ ਹਜ਼ਾਰਾਂ ਯਹੂਦੀਆਂ ਨੂੰ ਇਕ ਵੱਡੇ ਸਾਰੇ ਹਾਲ ਵਿੱਚ ਬੰਦ ਕਰਕੇ ਅੰਦਰ ਗੈਸ ਚੈਮਬਰ ਇਤਿਹਾਸ ਵਿੱਚ ਪੜ੍ਹਦੇ ਹਾਂ ਜਿਥੇ ਹਜ਼ਾਰਾਂ ਯਹੂਦੀਆਂ ਨੂੰ ਇਕ ਵੱਡੇ ਸਾਰੇ ਹਾਲ ਵਿੱਚ ਬੰਦ ਕਰਕੇ ਅੰਦਰ ਗੈਸ ਛੱਡ ਦਿੱਤੀ ਜਾਂਦੀ ਸੀ ਇਥੇ ਸਾਨੂੰ ਸਟਾਲਿਨ ਦੇ ਵੀ ਕਾਰਨਾਮੇ ਯਾਦ ਆ ਜਾਂਦੇ ਹਨ ਕਿ ਜਿਵੇਂ ਨਵੇਂ ਯੁੱਗ ਦੀ ਸ਼ੁਰੂਆਤ ਮੰਨਦੇ ਹਾਂ ਜਦੋਂ ਹਕੂਮਤ ਲੋਕਾਂ ‘ਤੇ ਜ਼ੁਲਮ ਵੀ ਕਰਦੀ ਹੈ ਉਨ੍ਹਾਂ ਦੀ ਨਸਲਕੁਸ਼ੀ ਕਰਦੀ ਹੈ ਪਰ ਇਹ ਛੁਪਾ ਕੇ ਰੱਖੇ ਜਾਂਦੇ ਹਨ ਇਹ ਸਟਾਲਿਨਿਸਟ ਨੀਤੀ ਕਹਾਉਂਦੀ ਹੈ। ਆਪਣੇ ਰਾਜਨੀਤਕ ਵਿਰੋਧੀ ਕੌਮਾਂ ਜਾਂ ਪਾਰਟੀ ਦੇ ਲੋਕਾਂ ਨੂੰ ਕਿਵੇਂ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਖ਼ਤਮ ਕਰਨਾ ਹੈ।

ਦੁਨੀਆ ਦੇ ਇਤਿਹਾਸ ਵਿੱਚ ਹੋਰ ਬਹੁਤ ਸਾਰੀਆਂ ਉਦਾਹਰਣਾਂ ਇਸ ਤਰ੍ਹਾਂ ਦੀਆਂ ਮਿਲ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਦੂਸਰੇ ਸੰਸਾਰ ਯੁੱਧ ਵਿੱਚ ਜਾਪਾਨੀ ਫੌਜਾਂ ਨੇ ਕੋਰੀਆਈ ਲੋਕਾਂ ‘ਤੇ ਅੰਨ੍ਹੇਵਾਹ ਜ਼ੁਲਮ ਕੀਤੇ ਸਨ। ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਅਤੇ ਕਤਲੇਆਮ ਦੀ ਤੁਲਨਾ ਅਸੀਂ ਤੁਰਕੀ ਅਤੇ ਇਰਾਕ ਦੀਆਂ ਕੁਰਦਿਸ਼ ਲੋਕਾਂ ਨੂੰ ਦਬਾਉਣ ਨਾਲ ਕਰ ਸਕਦੇ ਹਾਂ। ਇਨ੍ਹਾਂ ਲੋਕਾਂ ਨੂੰ ਦਬਾਉਣ ਲਈ ਇਸ ਤਰ੍ਹਾਂ ਦੇ ਹੀ ਹੱਥਕੰਡੇ ਅਪਨਾਏ ਗਏ। ਲੋਕਾਂ ਨੂੰ ਇਸ ਤਰ੍ਹਾਂ ਮਾਰਿਆ ਅਤੇ ਦਬਾਇਆ ਗਿਆ ਕਿ ਉਹ ਲੰਮੇ ਸਮੇਂ ਤੱਕ ਉਠ ਨਾ ਸਕਣ। ਸਿੱਖਾਂ ਦੇ ਆਪਣੇ ਇਤਿਹਾਸ ਵਿੱਚ ਛੋਟੇ ਅਤੇ ਵੱਡੇ ਦੋ ਘੱਲੂਘਾਰੇ 18ਵੀਂ ਸਦੀ ਵਿੱਚ ਵਾਪਰੇ। ਇਹ ਕਤਲੇਆਮ ਬਿਨਾ ਕਿਸੇ ਭੇਦ ਦੇ ਕੀਤਾ ਗਿਆ ਹੈ ਜਦੋਂ ਔਰਤਾਂ, ਬੱਚੇ, ਬੁੱਢੇ ਵੀ ਫੌਜ ਨੇ ਮਾਰੇ ਕੁਝ ਇਸ ਤਰ੍ਹਾਂ ਦਾ ਇਥੇ ਗੁਰੂ ਰਾਮਦਾਸ ਸਰ੍ਹਾਂ ਵਿੱਚ ਵਾਪਰਿਆ ਕਿ ਕਿਵੇਂ ਅੰਦਰ ਤਹਿਖਾਨੇ ਵਿੱਚ ਬੰਦ ਔਰਤਾਂ ਤੇ ਬੱਚਿਆਂ ਨੂੰ ਅੱਗ ਵਾਲੇ ਬੰਬ ਸੁੱਟ ਕੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ। ਭੜਕੇ ਹੋਏ ਫੌਜੀਆਂ ਨੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਖੋਹ ਕੇ ਸਰਾਂ ਵਿੱਚ ਦਰੀਆਂ ਅਤੇ ਰਜਾਈਆਂ ਵਾਲੇ ਕਮਰਿਆਂ ਵਿੱਚ ਲੱਗੀ ਹੋਈ ਅੱਗ ਵਿੱਚ ਸੁੱਟ ਦਿੱਤਾ। ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠੀ ਜ਼ਿਆਦਾਤਰ ਸੰਗਤ ਨੂੰ ਉਥੇ ਹੀ ਖ਼ਤਮ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਜਵਾਨਾਂ ਨੂੰ ਪਹਿਲਾ ਕੱਢਿਆ ਗਿਆ ਇਨ੍ਹਾਂ ਦੇ ਹੱਥ ਪਿੱਛੋਂ ਇਨ੍ਹਾਂ ਦੀ ਹੀ ਪਗੜੀਆਂ ਨਾਲ ਬੰਨ੍ਹ ਕੇ ਪਰਕਰਮਾ ਵਿੱਚ ਲਿਜਾ ਕੇ ਗੋਲੀ ਮਾਰ ਦਿੱਤੀ। ਫੌਜੀਆਂ ਨੇ ਪਰਕਰਮਾ ਦੇ ਕਮਰਿਆਂ ਅਤੇ ਸਰਾਂ ਵਿੱਚ ਲੋਕਾਂ ਨੂੰ ਮਾਰਨ ਲਈ ਹਰ ਤਰੀਕਾ ਵਰਤਿਆ। ਜ਼ੁਲਮ ਹੱਦਾਂ ਬੰਨ੍ਹੇ ਟੱਪ ਗਿਆ। ਲੋਕ ਲੋਕਤਾਂਤਰਿਕ ਸਰਕਾਰ ਲੋਕਾਂ ਨਾਲ ਅਜਿਹਾ ਸਲੂਕ ਵੀ ਕਰ ਸਕਦੀ ਹੈ ਇਹ ਸਿੱਖਾਂ ਨੇ ਇਕ ਘੱਟਗਿਣਤੀ ਹੋਣ ਕਾਰਨ ਹੰਢਾਇਆ ਜੋ ਕਿ ਬਹੁਗਿਣਤੀ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ ਸੀ।

6 ਜੂਨ ਨੂੰ ਦੁਪਹਿਰ ਤੱਕ ਫਾਇਰਿੰਗ ਬੰਦ ਹੋ ਚੁੱਕੀ ਸੀ। ਪਰਕਰਮਾ, ਸਰਾਵਾਂ ਅਤੇ ਅਕਾਲ ਤਖ਼ਤ ਸਾਹਿਬ ਦੇ 100 ਮੀਟਰ ਘੇਰੇ ਵਿੱਚ ਅਤੇ ਸਰਵੋਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਇਸੇ ਦਿਨ ਹੀ ਮਿਊਂਸੀਪਲ ਕਾਰਪੋਰੇਸ਼ਨ ਦੇ ਲੋਕਾਂ ਦੀ ਡਿਊਟੀ ਇਨ੍ਹਾਂ ਲਾਸ਼ਾਂ ਨੂੰ ਸਾਂਭਣ ਵਿੱਚ ਲੱਗੀ। ਮਿਊਂਸੀਪਲ ਕਾਰਪੋਰੇਸ਼ਨ ਦਾ ਇਕ ਅਧਿਕਾਰੀ ਜੋ ਉਸ ਸਮੇਂ ਆਪਣੀ ਡਿਊਟੀ ਕਰ ਰਿਹਾ ਸੀ ਤੇ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਵੇਖਿਆ ਉਸਨੇ ਦੱਸਿਆ-” ਅਸੀਂ ਸਭ ਤੋਂ ਪਹਿਲਾ ਸੰਤ ਜਰਨੈਲ ਸਿੰਘ, ਬਾਬਾ ਥਾਹਰਾ ਸਿੰਘ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਕੱਢੀਆਂ। ਜਨਰਲ ਸੁਬੇਗ ਸਿੰਘ ਦੀ ਲਾਸ਼ ਨੂੰ ਠੁਡੇ ਮਾਰ ਗਏ। ਜਨਰਲ ਸੁਬੇਗ ਸਿੰਘ ਨੇ ਉਸ ਸਮੇਂ ਸਟੈਚਲਾਨ ਦੀ ਨੀਲੀ ਪੈਂਟ ਪਾਈ ਹੋਈ ਸੀ ਤੇ ਡੱਬੀਆਂ ਵਾਲੀ ਚਿੱਟੀ ਕਮੀਜ਼। ਸਾਰੇ ਕਰਮਚਾਰੀਆਂ ਨੇ ਬੂਟ ਪਾਏ ਹੋਏ ਸਨ। ਪਰਕਮਾ ਵਿੱਚ ਲਾਸ਼ਾਂ, ਕੰਕਰੀਟ, ਗੋਲੀਆਂ ਅਤੇ ਗੋਲਿਆਂ ਦੇ ਖੋਲ ਪਏ ਸਨ।”

ਇਤਿਹਾਸ ਵਿੱਚ ਸਿੰਘਾਂ ਦੇ ਸਿਰ ਗੱਡਿਆਂ ਉਤੇ ਢੋਅ ਕੇ ਲੋਕਾਂ ਦੇ ਪ੍ਰਦਰਸ਼ਨ ਲਈ ਦਿੱਲੀ ਲਾਹੌਰ ਲੈ ਜਾਂਦੇ ਰਹੇ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਨੂੰ ਇਹ ਦੱਸ ਦਿੱਤਾ ਜਾਵੇ ਕਿ ਜਿਹੜਾ ਹਕੂਮਤ ਦੇ ਖਿਲਾਫ਼ ਉਠੇਗਾ ਉਨ੍ਹਾਂ ਨਾਲ ਅਜਿਹਾ ਸਲੂਕ ਹੀ ਕੀਤਾ ਜਾਵੇਗਾ। ਪਰ ਇਤਿਹਾਸ ਗਵਾਹ ਹੈ ਕਿ ਅਜਿਹੇ ਵਰਤਾਇਆ ਨੇ ਸਿੱਖੀ ਨੂੰ ਇਕ ਨਵੀਂ ਦਿਸ਼ਾ ਤੇ ਸਿੱਖਾਂ ਵਿੱਚ ਇਕ ਨਵੀਂ ਰੂਹ ਫੂਕੀ। 6 ਜੂਨ ਤੱਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਈ ਕਤਲੋਗਾਰਤ ਤੋਂ ਬਾਅਦ ਸਿੰਘਾਂ ਸਿੰਘਣੀਆਂ ਬੱਚਿਆਂ ਦੀਆਂ ਬੁੱਢਿਆਂ ਦੀਆਂ ਲਾਸ਼ਾਂ ਤਾਂ ਪੁਰ ਥਾਂ ਪਈਆਂ ਸਨ। ਕਈ ਜਗ•ਾ ਲਾਸ਼ਾਂ ਦੇ ਢੇਰ ਲੱਗੇ ਪਏ ਸਨ। ਹਕੂਮਤ ਹਰ ਸਦੀ ਵਿੱਚ ਸਿੱਖਾਂ ਨਾਲ ਅਜਿਹਾ ਸਲੂਕ ਕਰਦੀਆਂ ਰਹੀਆਂ ਹਨ। ਜੇ ਆਪਾਂ ਬਾਕੀ ਸਦੀਆਂ ਨੂੰ ਛੱਡ ਦੇਈਏ ਤਾਂ ਇਕ ਇਕੱਲੀ ਵੀਹਵੀਂ ਸਦੀ ਵਿੱਚ ਹੀ ਅੰਮ੍ਰਿਤਸਰ ਦੇ ਸਿੱਖਾਂ ਨੂੰ ਦੋ ਵਾਰ ਹਕੂਮਤੀ ਕਤਲੋਗਾਰਤ ਦਾ ਸਾਹਮਣਾ ਕਰਨਾ ਪਿਆ। ਇਹ ਸਨ 1919 ਅਤੇ 1984-1919 ਵਿੱਚ ਵਿਸਾਖੀ ਵਾਲੇ ਦਿਨ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਡਾਇਰ ਨੇ ਅੰਨ੍ਹੇਵਾਹ ਗੋਲੀ ਚਲਾਈ, ਤਿੰਨ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਇਨ੍ਹਾਂ ਵਿੱਚੋਂ 85% ਸਿੱਖ ਸਨ। ਮਾਰਸ਼ਲ ਲਾਅ ਲਾ ਦਿੱਤਾ ਗਿਆ ਸੀ। ਲੋਕਾਂ ‘ਤੇ ਹਰ ਤਰ੍ਹਾਂ ਦਾ ਅਤਿਆਚਾਰ ਕੀਤਾ ਗਿਆ। ਲੋਕਾਂ ਨੂੰ ਗਲੀਆਂ ਵਿੱਚ ਕੂਹਣੀਆਂ ਭਾਰ ਚੱਲਣ ਲਈ ਮਜ਼ਬੂਰ ਕੀਤਾ ਗਿਆ ਸੀ। ਕਿਉਂਕਿ ਬਗਾਨੀ ਹਕੂਮਤ ਲੋਕਾਂ ਨਾਲ ਅਜਿਹਾ ਸਲੂਕ ਹੀ ਕਰਦੀ ਹੈ। ਗੁਲਾਮ ਲੋਕਾਂ ਨੂੰ ਅਵਾਜ਼ ਚੁੱਕਣ ਦੇ ਬਦਲੇ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਠੀਕ 65 ਸਾਲ ਬਾਅਦ ਇਕ ਹੋਰ ਕਤਲੇਆਮ ਅਤੇ ਅਤਿਆਚਾਰ ਲੋਕਾਂ ਨੇ ਆਪਣੇ ਤਨਾਂ-ਮਨਾਂ ‘ਤੇ ਦੇਖਿਆ, ਹੰਢਾਇਆ। ਇਨ੍ਹਾਂ ਅਤਿਆਚਾਰਾਂ ਦੇ ਮਨੋਵਿਗਿਆਨਿਕ ਪ੍ਰਭਾਵ ਅੱਜ ਵੀ ਅੰਮ੍ਰਿਤਸਰ ਦੇ ਲੋਕਾਂ ਵਿੱਚ ਦੇਖੇ ਜਾ ਸਕਦੇ ਹਨ ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਇਕ ਅਜੀਬ ਜਿਹਾ ਸਹਿਮ ਅੱਜ ਵੀ ਇਨ੍ਹਾਂ ਲੋਕਾਂ ਦੇ ਚਿਹਰਿਆਂ ‘ਤੇ ਪੜਿਆ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੇ ਚੁੱਪ ਚੁਪੀਤੇ ਇਥੋਂ 6 ਜੂਨ 1984 ਤੋਂ ਬਾਅਦ ਸਸਕਾਰ ਲਈ ਲਿਜਾਈਆਂ ਗਈਆਂ ਲਾਸ਼ਾਂ ਦਾ ਇਕ ਭਿਆਨਕ ਦ੍ਰਿਸ਼ ਦੇਖਿਆ ਜਿਹੜਾ ਅੱਜ ਵੀ ਇਨ੍ਹਾਂ ਦੇ ਜਿਹਨ ‘ਚੋਂ ਨਹੀਂ ਨਿਕਲਿਆ।

3 ਜੂਨ ਤੋਂ 6 ਜੂਨ ਤੱਕ ਹੋਈ ਕਤਲੋਗਾਰਤ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ, ਹਜ਼ਾਰਾਂ ਹੀ ਜਖ਼ਮੀ ਹੋਏ। ਇਸਤੋਂ ਬਾਅਦ ਦਾ ਨਜ਼ਾਰਾ ਦਿਲ ਕੰਬਾਊ ਸੀ ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ਵਿੱਚ ਲੱਦ ਕੇ ਸ਼ਮਸ਼ਾਨਘਾਟ ਲਿਜਾਈਆਂ ਜਾਂਦੀਆਂ ਸਨ। ਮਿਊਂਸਪਲ ਕਾਰਪੋਰੇਸ਼ਨ ਦਾ ਇਕ ਅਧਿਕਾਰੀ ਜਿਸਨੇ ਇਹ ਸਭ ਕੁਝ ਆਪਣੇ ਹੱਥੀਂ ਕੀਤਾ ਸੀ, ਦਸ ਰਿਹਾ ਸੀ ”6 ਜੂਨ ਦੁਪਹਿਰ ਤੋਂ ਬਾਅਦ ਸਾਨੂੰ ਹੁਕਮ ਮਿਲਿਆ ਕਿ ਇਨ੍ਹਾਂ ਸਾਰੀਆਂ ਲਾਸ਼ਾਂ ਦਾ ਸਸਕਾਰ ਕਰਕੇ ਟਿਕਾਣੇ ਲਾ ਦਿਓ” ਉਸਨੇ ਦੱਸਿਆ ਕਿ 50 ਤੋਂ ਜ਼ਿਆਦਾ ਆਦਮੀ 10 ਗੱਡੀਆਂ ਵਿੱਚ ਲਾਸ਼ਾਂ ਢੋਹੰਦੇ ਰਹੇ। ਪਰਕਰਮਾ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਖੂਨ ਦੀਆਂ ਨਦੀਆਂ ਚੱਲ ਰਹੀਆਂ ਸਨ। ਅਸੀਂ ਇਹ ਸੁਣਿਆ ਹੀ ਹੋਵੇਗਾ ਪਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਹ ਦੇਖਿਆ ਵੀ ਹੈ ਕਿ ਜਿਨ੍ਹਾਂ ਨਾਲਿਆਂ ਵਿੱਚ ਪਹਿਲਾ ਦਰਬਾਰ ਸਾਹਿਬ ਤੋਂ ਪਾਣੀ ਆਉਂਦਾ ਸੀ ਹੁਣ ਉਨ੍ਹਾਂ ਨਾਲਿਆਂ ਵਿੱਚ ਖੂਨ ਵਗ• ਰਿਹਾ ਸੀ। ਮਿਊਂਸੀਪਲ ਕਾਰਪੋਰੇਸ਼ਨ ਦੇ ਲੋਕਾਂ ਨੇ ਇਸ ਸ਼ਰਤ ‘ਤੇ ਲਾਸ਼ਾਂ ਚੁੱਕੀਆਂ ਕਿ ਜੋ ਪੈਸਾ, ਸੋਨਾ ਅਤੇ ਸਾਮਾਨ ਹੋਵੇਗਾ ਉਹ ਸਾਡਾ ਹੋਵੇਗਾ। ਇਨ੍ਹਾਂ ਦਾ ਕਹਿਣਾ ਸੀ ਕਿ ਇਕ ਦੋ ਦਿਨ ਤਾਂ ਸਾਡੇ ਕਰਮਚਾਰੀਆਂ ਨੇ ਇਹ ਕੰਮ ਕੀਤਾ ਪਰ ਪਿੱਛੋਂ ਜਦੋਂ ਫੌਜ ਨੇ ਇਹ ਵੇਖਿਆ ਕਿ ਇਹ ਸਾਰਾ ਕੁਝ ਲੈ ਜਾਣਗੇ ਤੀਜੇ ਦਿਨ ਫੌਜ ਵੀ ਪੈਸਾ ਸੋਨਾ ਅਤੇ ਸਾਮਾਨ ‘ਕੱਠਾ ਕਰਨ ਵਿੱਚ ਜੁਟ ਗਈ। ਕਈ ਹਿਰਦੇਵੇਧਕ ਘਟਨਾਵਾਂ ਇਨ੍ਹਾਂ ਦੇ ਸਾਹਮਣੇ ਵਾਪਰੀਆਂ ਕਿ ਕਿਵੇਂ ਫੌਜੀ ਲਾਸ਼ਾਂ ਅਤੇ ਜ਼ਖਮੀਆਂ ਨੂੰ ਗਾਲਾਂ ਕੱਢ ਰਹੇ ਸਨ। ਇਕ ਬੀਬੀ ਦੀ ਲਾਸ਼ ਉਤੇ ਇਕ ਬੱਚਾ ਜੋ ਮਰ ਚੁੱਕਾ ਸੀ ਜਦੋਂ ਫੌਜੀਆਂ ਨੇ ਰਾਹ ਪੱਧਰਾ ਕਰਨ ਲਈ ਇਕ ਪਾਸੇ ਕੀਤੀ ਤਾਂ ਬੱਚਾ ਰੁੜ੍ਹ ਕੇ ਥੱਲੇ ਫਰਸ਼ ਉਥੇ ਆ ਡਿੱਗਾ। ਇਕ ਫੌਜੀ ਨੇ ਇਸ ਬੱਚੇ ਨੂੰ ਲੱਤ ਤੋਂ ਫੜਿਆ ਅਤੇ ਮ੍ਰਿਤਕਾਂ ਦੇ ਢੇਰ ਉਤੇ ਸੁੱਟ ਦਿੱਤਾ।

ਲਾਸ਼ਾਂ ਟਰਾਲੀਆਂ ਵਿੱਚ ਢੋਈਆਂ ਜਾਂਦੀਆਂ ਰਹੀਆਂ ਇਨ੍ਹਾਂ ਟਰਾਲੀਆਂ ਤੋਂ ਨੀਲੀਆਂ, ਪੀਲੀਆਂ, ਕਾਲੀਆਂ ਪੱਗਾਂ ਲੱਟਕਦੀਆਂ ਹੀ ਜਾਂਦੀਆਂ ਸਨ। ਇਥੇ ਵਰਣਨਯੋਗ ਹੈ ਕਿ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਹੜੇ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਖਾਸ ਕਰਕੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਰਹਿ ਰਹੇ ਸਨ, ਨੂੰ ਇਹ ਲਾਸ਼ਾਂ ਦੇਖਣ ਦੀ ਇਜਾਜ਼ਤ ਨਹੀਂ ਸੀ। ਤਿੰਨ ਨੌਜਵਾਨ ਵੀਰਾਂ ਨੇ ਇਹ ਟਰਾਲੀਆਂ ਦੇਖਣ ਦੀ ਜੁਰਅਤ ਕੀਤੀ ਸੀ। ਪਹਿਲਾ ਤਾਂ ਫੌਜ ਨੇ ਦੂਰੋਂ ਇਨ੍ਹਾਂ ‘ਤੇ ਗੋਲੀ ਚਲਾਈ ਜੋ ਕਿ ਰਸਤੇ ‘ਚੇ ਨਿਗਾਹ ਰੱਖ ਰਹੇ ਸਨ, ਫਿਰ ਇਨ੍ਹਾਂ ਨੂੰ ਫੜ੍ਹਨ ਲਈ ਕਿਹਾ ਗਿਆ। ਇਨ੍ਹਾਂ ਵਿੱਚੋਂ ਦੋ ਨੌਜਵਾਨ ਤਾਂ ਭੱਜ ਗਏ ਪਰ ਇਕ ਨੌਜਵਾਨ ਦੇ ਹੱਥ ਆ ਜਾਣ ਕਾਰਨ ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਰਸਤੇ ਵਿੱਚ ਕਿਤੇ ਕੋਈ ਵੀ ਇਨ੍ਹਾਂ ਲਾਸ਼ਾਂ ਨੂੰ ਵੇਖ ਨਹੀਂ ਸੀ ਸਕਦਾ। ਸਟਾਲਿਨਵਾਦੀ ਨੀਤੀਆਂ ਜਿਹੜੀਆਂ ਲੋਕਾਂ ਨੂੰ ਡਰਾਉਣ ਲਈ ਵਰਤੀਆਂ ਗਈਆਂ ਇਥੇ ਸਾਖਿਆਤ ਵੇਖੀਆਂ।

ਲਾਸ਼ਾਂ ਦਾ ਸਸਕਾਰ ਰਾਮਸਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਨੇੜੇ ਸ਼ਮਸ਼ਾਨ ਘਾਟ ਚਾਟੀਵਿੰਡ ਗੇਟ ਵਿਖੇ ਕੀਤਾ ਗਿਆ। ਇਥੇ ਵਰਣਨਯੋਗ ਹੈ ਕਿ ਲਾਸ਼ਾਂ ਦਾ ਸਸਕਾਰ ਬਿਨਾ ਸਿੱਖ ਧਾਰਮਿਕ ਰਹੁਰੀਤੀਆਂ ਤੋਂ ਕੀਤਾ ਗਿਆ। ਇਸ ਕਰਕੇ ਅਸੀਂ ਇਨ੍ਹਾਂ ਲਸਈ ਜਲਾਇਆ ਸ਼ਬਦ ਵਰਤ ਸਕਦੇ ਹਾਂ। ਸ਼ਮਸ਼ਾਨਘਾਟ ਵਿੱਚ ਤਿੰਨ ਸੌ ਤੋਂ ਚਾਰ ਸੌ ਆਦਮੀਆਂ ਜਿਨ੍ਹਾਂ ਵਿੱਚ ਬੱਚੇ, ਬੀਬੀਆਂ, ਬੁੱਢੇ ਜਵਾਨ ਹੁੰਦੇ ਸਨ ਇਕੋ ਵਾਰੀ ਲਕੜਾਂ ‘ਤੇ ਪਾ ਕੇ ਮਿੱਟੀ ਦਾ ਤੇਲ ਜਾਂ ਪੈਟਰੋਲ ਜੋ ਪਹਿਲਾ ਹੀ ਇਨ੍ਹਾਂ ਲਕੜੀਆਂ ਉਥੇ ਛਿੜਕਿਆ ਹੁੰਦਾ ਸੀ ਅੱਗ ਲਾ ਦਿੱਤੀ ਜਾਂਦੀ ਸੀ। ਇਨ੍ਹਾਂ ਦੀ ਮੁਸ਼ਕ ਦੂਰ ਤਕ ਜਾਂਦੀ ਸੀ।

ਇਹ ਉਹ ਸ਼ਮਸ਼ਾਨਘਾਟ ਹੈ ਜਿਥੇ 6000 ਤੋਂ ਵੱਧ ਲੋਕਾਂ ਦਾ ਸਸਕਾਰ ਕੀਤਾ ਗਿਆ ਤਕਰੀਬਨ 7 ਦਿਨ ਤੱਕ ਇਹ ਕਰਮ ਜਾਰੀ ਰਿਹਾ। ਸਭ ਤੋਂ ਪਹਿਲਾ ਸਸਕਾਰ ਸੰਤ ਜਰਨੈਲ ਸਿੰਘ ਹੁਰਾਂ ਦਾ ਕੀਤਾ ਗਿਆ। ਇਨ੍ਹਾਂ ਲਾਸ਼ਾਂ ਦੇ ਢੋਆ-ਢੁਆਈ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਜਿਵੇਂ ਕਿ ਜਿਉਂਦੇ ਲੋਕਾਂ ਨੂੰ ਇਨ੍ਹਾਂ ਲਾਸ਼ਾਂ ਵਿੱਚ ਛੁਪਾ ਕੇ ਫੌਜ ਤੋਂ ਬਚਾ ਕੇ ਲਿਆਂਦਾ ਗਿਆ ਕਿਉਂਕਿ ਫੌਜੀ ਜ਼ਖਮੀਆਂ ਨੂੰ ਜਾਂ ਜਿਉਂਦੇ ਲੋਕਾਂ ਨੂੰ ਗੋਲੀ ਮਾਰ ਦਿੰਦੇ ਸੀ।

ਸੰਤ ਜਰਨੈਲ ਸਿੰਘ ਹੁਰਾਂ ਦੇ ਸਰੀਰ ‘ਤੇ ਚੋਲਾ ਕਛਹਿਰਾ ਤੇ ਕੇਸਕੀ ਸੀ। ਇਨ੍ਹਾਂ ਦੇ ਗਲ ਵਿੱਚ ਰਿਵਾਲਵਰ ਸੀ ਜਦੋਂ ਸੰਤਾਂ ਦੇ ਤੀਰ ਬਾਰੇ ਪੁੱਛਿਆ ਗਿਆ ਤਾਂ ਉਸ ਅਧਿਕਾਰੀ ਨੇ ਕਿਹਾ ਕਿ ਤੀਰ ਇਕ ਫੌਜੀ ਅਫਸਰ ਦੇ ਹੱਥ ਵਿੱਚ ਸੀ। ਬਾਬਾ ਅਟਲ ਦੀ ਚਾਰਦੀਵਾਰੀ ਵਿਚ ਬਹੁਤ ਜ਼ਿਆਦਾ ਗਿਣਤੀ ਵਿੱਚ ਲਾਸ਼ਾਂ ਸਨ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਫੌਜੀ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕਰਦੇ ਸਨ। ਇਨ੍ਹਾਂ ਨੂੰ ਪੀਣ ਲਈ ਪਾਣੀ ਤੱਕ ਨਹੀਂ ਸੀ ਦਿੱਤਾ ਜਾਂਦਾ। ਇਨ੍ਹਾਂ ਦੇ ਹੱਥ ਪਿੱਛੋਂ ਇਨ੍ਹਾਂ ਦੀਆਂ ਪਗੜੀਆਂ ਨਾਲ ਹੀ ਬੰਨ੍ਹੇ ਹੁੰਦੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਮਿਲਟਰੀ ਕੰਟੋਨਮੈਂਟ ਵਿੱਚ ਸੈਂਟਰਲ ਸਕੂਲ ਅਤੇ ਅਸਲੇ ਖਾਨੇ ਦੇ ਕਮਰਿਆਂ ਵਿੱਚ ਸੈਂਟਰਲ ਸਕੂਲ ਅਤੇ ਅਸਲੇ ਖਾਨੇ ਦੇ ਕਮਰਿਆਂ ਵਿੱਚ ਗ੍ਰਿਫਤਾਰ ਕਰਕੇ ਰਖਿਆ ਗਿਆ। ਇਹ ਕਮਰੇ ਬਹੁਤ ਛੋਟੇ ਸਨ ਇਨ੍ਹਾਂ ਵਿੱਚ ਇਨ੍ਹਾਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗ ਡੱਕ ਦਿੱਤਾ ਜਾਂਦਾ ਸੀ। ਜੂਨ ਦੀ ਧੁੱਪ ਵਿੱਚ ਇਨ੍ਹਾਂ ਲੋਕਾਂ ਨੂੰ ਕਈ ਘੰਟਿਆਂ ਤੱਕ ਬਾਹਰ ਗਰਾਉਂਡ ਵਿੱਚ ਖੜ੍ਹੇ ਰੱਖਿਆ ਜਾਂਦਾ ਸੀ ਖਾਣ ਨੂੰ ਕੁਝ ਨਹੀਂ ਸੀ ਦਿੱਤਾ ਜਾਂਦਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਥੇ ਹੀ ਮਾਰੇ ਗਏ ਸਨ। ਆਖਿਰਕਾਰ ਇਕ ਸਿੱਖ ਫੌਜੀ ਅਫਸਰ ਨੇ ਆ ਕੇ ਪਹਿਲਾ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਫਿਰ ਮਾੜਾ ਮੋਟਾ ਕੁਝ ਖਾਣ ਨੂੰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਕਰਫਿਊ ਸਿਰਫ਼ ਸਿੱਖਾਂ ਲਈ ਸੀ ਹਿੰਦੂਆਂ ਲਈ ਪੂਰੀ ਖੁੱਲ ਸੀ। ਇਹ ਲੋਕ ਖੁੱਲ•ੇਆਮ ਬਜ਼ਾਰਾਂ ਵਿੱਚ ਤਾਸ਼ ਖੇਡ ਰਹੇ ਸਨ। ਸਾਨੂੰ ਆਪਣੇ ਗਲਾਂ ਵਿੱਚ ਪਛਾਣ ਪੱਤਰ ਲਟਕਾ ਕੇ ਰੱਖਣੇ ਪੈਂਦੇ ਸਨ। ਸਾਡੇ ਹਿੰਦੂ ਪੜੋਸੀਆਂ ਦਾ ਵਤੀਰਾ ਬਹੁਤ ਮਾੜਾ ਸੀ ਬਾਵਜੂਦ ਇਸਦੇ ਕਿ ਅਸੀਂ ਕਰਫਿਊ ਵਿੱਚ ਇਨ੍ਹਾਂ ਲੋਕਾਂ ਨੂੰ ਜ਼ਰੂਰੀ ਵਸਤੂਆਂ ਮੁਹਈਆ ਕਰਵਾ ਰਹੇ ਸੀ (ਕਿਉਂਕਿ ਸਾਡੇ ਕੋਲ ਕਰਫਿਊ ਪਾਸ ਸਨ)। ਫੌਜੀ ਅੰਨ੍ਹੇਵਾਹ ਲੁੱਟਮਾਰ ਕਰ ਰਹੇ ਸਨ ਇਨ੍ਹਾਂ ਨੇ ਠੇਕਿਆਂ ਤੋਂ ਤਾਲੇ ਤੋੜ ਕੇ ਸਾਰੀ ਸ਼ਰਾਬ ਲੁੱਟ ਲਈ ਸੀ। ਪਰਕਰਮਾ ਵਿੱਚ ਸ਼ਰਾਬ ਖੁੱਲੇਆਮ ਪੀਤੀ ਜਾ ਰਹੀ ਸੀ।

======0=======

ਜੂਨ 1984 ਵਿੱਚ ਵਾਪਰੇ ਤੀਜੇ ਘੱਲੂਘਾਰੇ ਨੂੰ ਵਾਪਰਿਆ ਅੱਜ 28 ਵਰ੍ਹੇ ਬੀਤ ਗਏ ਹਨ। ਘੱਲੂਘਾਰੇ ਦੀ ਪੀੜ ਨਾਲ ਜ਼ਖਮੀ ਹੋਏ ਹਜ਼ਾਰਾਂ ਸਿੱਖ ਨੌਜਵਾਨ ਕੌਮ ਦੀ ਹੋਈ ਬਦਲਣ ਲਈ ਆਪਾ ਵਾਰ ਗਏ ਹਨ। ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਕੌਮ ਨੂੰ ਨੇ ਇਕ ਵਾਰ ਫਿਰ ਮੁਗਲੀਆਂ ਸਲਤਨਤ ਦੇ ਆਖਰੀ ਦਹਾਕਿਆਂ ਵਿੱਚ ਕੌਮ ਨੂੰ ਨੇ ਇਕ ਵਾਰ ਫਿਰ ਮੁਗਲੀਆਂ ਸਲਤਨਤ ਦੇ ਜ਼ੁਲਮਾਂ ਨੂੰ ਪਿੰਡੇ ‘ਤੇ ਹੰਢਾਇਆ ਹੈ। ਅਣਗਿਣਤ ਸਿੱਖ ਨੌਜਵਾਨ ਗੁੰਮਨਾਮੀ ਦੀ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆ ਹੀ ਕੌਮ ਦੀ ਝੋਲੀ ਵਿੱਚ ਮਹਾਨ ਇਤਿਹਾਸਕ ਕਾਰਵਾਈਆਂ ਪਾ ਗਏ ਹਨ। ਖਾਲਸਾਈ ਰਵਾਇਤਾਂ ਦੇ ਇਸ ਵੇਗ ਵਿੱਚ ਅਣਗਿਣਤ ਬਾਪੂਆਂ ਦੀ ਦਾਹੜੀ ਅਤੇ ਪੱਗ ਹਕੂਮਤੀ ਕੇਂਦਰਾਂ ਵਿੱਚ ਰੋਲੀ ਗਈ, ਹਜ਼ਾਰਾਂ ਧੀਆਂ ਅਤੇ ਮਾਵਾਂ ਦੀ ਚੀਕ ਅਜਿਹੇ ਕੇਂਦਰਾਂ ਵਿੱਚ ਦਮ ਤੋੜਦੀ ਰਹੀ। ਸ਼ਹੀਦ ਆਪਣੀ ਜ਼ਿੰਮੇਵਾਰੀ ਨਿਭਾ ਕੇ ਅਗਲੇ ਜਹਾਨ ਵਿੱਚ ਜਾ ਬਿਰਾਜੇ ਹਨ। ਪਿੱਛੇ ਕੌਮ ਦੇ ਮੋਢਿਆਂ ਉਥੇ ਇਕ ਵੱਡੀ ਜ਼ਿੰਮੇਵਾਰੀ ਛੱਡ ਗਏ ਹਨ। ਅੱਜ ਸ਼ਹੀਦ ਨੌਜਵਾਨਾਂ ਦੀਆਂ ਰੂਹਾਂ ਸਾਡੇ ਅੰਗ-ਸੰਗ ਹਨ, ਉਨ੍ਹਾਂ ਦੇ ਸੁਪਨੇ ਉਨ੍ਹਾਂ ਦੀਆਂ ਰੀਝਾਂ, ਉਨ੍ਹਾਂ ਦੀ ਤੜਪ ਕੌਮ ਦੀ ਖਾਮੋਸ਼ੀ ਵਿੱਚ ਬਿਰਾਜਮਾਨ ਹੈ। ਸਿੱਖ ਕੌਮ ਉਸ ਖਾਮੋਸ਼ ਤੜਪ ਦਾ ਇਜ਼ਹਾਰ ਵਕਤ-ਬ-ਵਕਤ ਕਰਦੀ ਰਹਿੰਦੀ ਹੈ। ਪਰ ਫਿਰ ਵੀ ਕੋਈ ਰਾਹ ਸਿਰਾ ਦਿਸਦਾ ਨਜ਼ਰ ਨਹੀਂ ਆਉਂਦਾ। ਜ਼ੁਲਮੋਂ-ਸਿਤਮ ਅਤੇ ਆਰਥਿਕ ਕਸ਼ਟਾਂ ਦੀ ਇਹ ਰਾਤ ਹਾਲੇਂ ਮੁੱਕਦੀ ਪ੍ਰਤੀਤ ਨਹੀਂ ਹੁੰਦੀ। ਜ਼ੁਲਮੋਂ-ਤਸ਼ੱਦਦ ਦੀ ਭੱਠੀ ਵਿੱਚ ਤਪੀ ਕੌਮ ਵਿੱਚ ਤੜਪ ਨੂੰ ਲੈ ਕੇ ਜੀਅ ਰਹੀ ਹੈ। ਖਾੜਕੂ ਸੰਘਰਸ਼ ਦੀਆਂ ਗਲਤੀਆਂ ਵੀ ਇਸ ਕਾਫ਼ਲੇ ਵਿੱਚ ਵਿਚਰੇ ਵੀਰਾਂ ਨੂੰ ਤੰਗ ਕਰ ਰਹੀਆਂ ਹਨ। ਸਿਆਸੀ ਮੁਹਾਜ਼ ‘ਚ ਹੋਈ ਅਸਫਲਤਾ ਨੇ ਬਾਜ਼ੀ ਪਲਟ ਦਿੱਤੀ ਹੈ। ਵਰਤਮਾਨ ਸਮੇਂ ਦਾ ਸੱਚ ਇਕ ਬੌਧਿਕ ਅਤੇ ਵਿਚਾਰਧਾਰਕ ਸੰਘਰਸ਼ ਦੀ ਮੰਗ ਕਰਦਾ ਹੈ।

ਅੱਜ ਵੀ ਬਿਪਰਧਾਰਾ ਆਪਣੀ ਲੁਕਵੀਂ ਲੜਾਈ ਦੇ ਸਾਰੇ ਹਥਿਆਰ ਤਿੱਖੇ ਕਰਕੇ ਮੈਦਾਨ ਵਿੱਚ ਨਿੱਤਰੀ ਹੋਈ ਹੈ। ਅੱਜ ਫਿਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਬਿਪਰਧਾਰਾ ਦੇ ਪੈਰੋਕਾਰਾਂ ਦੇ ਕਬਜ਼ੇ ਹੇਠ ਹੈ। ਉਹ ਇਸ ਮਹਾਨ ਸਿੱਖ ਕੇਂਦਰ ਨੂੰ ਪੂਜਾ ਪਾਠ ਵਾਲਾ ਇਕ ਸਧਾਰਨ ਜਿਹਾ ਗੁਰਦੁਆਰਾ ਬਣਾ ਦੇਣ ਲਈ ਤਤਪਰ ਹੈ। ਅਜਿਹਾ ਕਰਕੇ ਬਿਪਰਧਾਰਾ ਇਸ ਕੇਂਦਰ ਨੂੰ ਸਿੱਖਾਂ ਲਈ ਆਤਮਕ ਬਲ ਪ੍ਰਦਾਨ ਕਰਨ ਵਾਲੇ ਕੇਂਦਰ ਵਜੋਂ ਖਤਮ ਕਰਨਾ ਚਾਹੁੰਦੀ ਹੈ। ਉਹ ਸ੍ਰੀ ਦਰਬਾਰ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਖਤਮ ਕਰਨ ਦੇ ਵੱਡੇ ਅਤੇ ਸੁਚੇਤ ਯਤਵ ਕਰ ਰਹੀ ਹੈ। ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਧਾਰਮਿਕ ਸਖਸੀਅਤਾਂ ਬਿਪਰਧਾਰਾ ਦੀ ਇਸ ਸਿੱਖ ਵਿਰੋਧੀ ਜੰਗ ਵਿੱਚ ਉਸਦਾ ਸਾਥ ਦੇ ਰਹੇ ਹਨ। ਸਿਰਲੱਥ ਸ਼ਹੀਦਾਂ ਦੀ ਜਥੇਬੰਦੀ ਸ਼ਹੀਦਾਂ ਅਕਾਲੀ ਦਲ ਵੀ ਇਸ ਵੇਲੇ ਪੂਰੀ ਤਰ੍ਹਾਂ ਹਿੰਦੂ ਸ਼ਕਤੀਆਂ ਦੇ ਕਬਜ਼ੇ ਹੇਠ ਹੈ। ਸਿੱਖਾਂ ਨੂੰ ਸਿਆਸੀ ਅਗਵਾਈ ਦੇਣ ਵਾਲੇ ਕੌਮ ਨੂੰ ਰੂਹਾਨੀ ਤੌਰ ਤੇ ਕੰਗਾਲ ਕਰ ਦੇਣ ਦੇ ਯਤਨਾਂ ਨੂੰ ਅੱਗੇ ਵਧਾ ਰਹੇ ਹਨ। ਪੰਥਕ ਵਿਚਾਰਧਾਰਾ ਦੇ ਆਗੂਆਂ ਲਈ ਵਰਤਮਾਨ ਚੁਣੌਤੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਰੱਖਣ ਦੀ ਹੈ। ਜੂਨ 1984 ਦੇ ਸ਼ਹੀਦਾਂ ਦਾ ਸਪੱਸ਼ਟ ਸੰਦੇਸ਼ ਹੀ ਇਸ ਸਪਿਰਟ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਨੇ ਸ਼ਹੀਦੀਆਂ ਹੀ ਪੰਥਕ ਸਪਿਰਟ ਦਾ ਝੰਡਾ ਉਤਾਂਹ ਰੱਖਣ ਲਈ ਪਾਈਆਂ ਸਨ।

ਪੰਥਕ ਧਿਰਾਂ ਦੀ ਦੂਜੀ ਵੱਡੀ ਜ਼ਿੰਮੇਵਾਰੀ ਸਿੱਖ ਕੌਮ ਦੀ ਰੂਹ ਨੂੰ ਲੱਗੇ ਸੋਕੜੇ ਨੂੰ ਖਤਮ ਕਰਨ ਦੀ ਹੈ। ਨੈਤਿਕ ਨਿਘਾਰ ਅਤੇ ਗੁਰਬਤ ਦੇ ਜਿਸ ਰਾਹ ਉਤੇ ਅੱਜ ਕੌਮ ਤੁਰ ਰਹੀ ਹੈ, ਜੇ ਉਸਨੂੰ ਸਪੱਸ਼ਟ ਸਟੈਂਡ ਨਾਲ ਨਾ ਮੋੜਿਆ ਗਿਆ ਤਾਂ ਕੌਮ ਦੇ ਵਿਹੜਿਆਂ ਵਿੱਚ ਛਾਈ ਰਾਤ ਲੰਮੇਰੀ ਹੁੰਦੀ ਰਹੇਗੀ। ਸਿੱਖ ਕੌਮ ਵਿੱਚ ਇਸ ਵੇਲੇ ਜੋ ਜਗੂਰੀ ਕਿਸਮ ਦੇ ਸਿਆਸੀ ਲੋਕ ਤਹਿਜੀਬ ਵਿਹੂਣੀਆਂ ਸਿਆਸੀ ਲੁੱਡੀਆਂ ਪਾ ਰਹੇ ਹਨ, ਉਸਨੂੰ ਹਾਰ ਦੇਣੀ ਪੰਥਕ ਧਿਰਾਂ ਦੀ ਵੱਡੀ ਜ਼ਿੰਮੇਵਾਰੀ ਹੈ। ਇਹ ਲੋਕ ਆਪਣੀ ਦੌਲਤ ਦੇ ਅਫਰੇਵੇਂ ਨਾਲ ਜੋ ਚੱਜ ਖਿਲਾਰ ਰਹੇ ਹਨ ਉਨ੍ਹਾਂ ਨਾਲ ਕਿਰਤੀ ਸਿੱਖਾਂ ਦੀ ਰੂਹ ਵਲੂੰਧਰੀ ਗਈ ਹੈ। ਸਮੁੱਚਾ ਸਿੱਖ ਚਰਿੱਤਰ ਇਨ੍ਹਾਂ ਕਾਰਵਾਈਆਂ ਨਾਲ ਸ਼ਰਮਸ਼ਾਰ ਹੋ ਗਿਆ ਹੈ। ਇਹੋ ਜਿਹੀਆਂ ਕਾਰਵਾਈਆਂ ਸਿੱਖੀ ਦੀਆਂ ਸਮਾਜੀ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਤਬਾਹੀ ਕਰ ਰਹੀਆਂ ਹਨ। ਅੱਜ ਦੌਲਤ ਨੇ ਅੰਨ੍ਹੇ ਵਿਖਾਵੇ, ਨਸ਼ਿਆਂ ਦੇ ਸੇਵਨ, ਪੱਛਮੀ ਪਹਿਰਾਵਿਆਂ ਅਤੇ ਸਿੱਖੀ ਦੀ ਸ਼ਾਨ ਨਾਲੋਂ ਉਖੜੀ ਹੋਈ ਜਿਹੋ ਜਿਹੀ ਜੀਵਨ ਸ਼ੈਲੀ ਸਿੱਖ ਕੌਮ ਦਾ ਅੰਗ ਬਣ ਰਹੀ ਹੈ, ਇਸ ਚੁਣੌਤੀ ਨੂੰ ਸਿਧਾਂਤਕ ਰੂਪ ਵਿੱਚ ਟੱਕਰਿਆਂ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਿਆ ਜਾ ਸਕੇਗਾ। ਸਿਆਸੀ ਤੌਰ 'ਤੇ ਸਿੱਖਾਂ ਨੂੰ ਪੰਥਕ ਨੁਕਤਨਜ਼ਰ ਤੋਂ ਸੁਚੇਤ ਕਰਨ ਦੇ ਨਾਲ-ਨਾਲ ਇਕ ਵਿਚਾਰਧਾਰਕ ਲਹਿਰ ਵੀ ਚਲਾਉਣੀ ਪਵੇਗੀ। ਸਭ ਤੋਂ ਵੱਡੀ ਗੱਲ ਕੌਮ ਵਿੱਚ ਸਵੈਮਾਣ ਦਾ ਜਜ਼ਬਾ ਭਰਨਾ ਪਵੇਗਾ। ਜੇ ਕੌਮ ਸਵੈਮਾਣ ਤੋਂ ਹੀਣੀ ਹੋ ਗਈ ਤਾਂ ਇਸ ਨੂੰ ‘ਕਾਕਿਆਂ’ ਦੇ ਪੈਰੀ ਪੈਣੋ ਨਹੀਂ ਰੋਕਿਆ ਜਾ ਸਕੇਗਾ। ਅਜਿਹੀ ਸਥਿਤੀ ਵਿੱਚ ਸ਼ਹੀਦਾਂ ਦੀ ਰੂਹ ਲੂਣ ਦੇ ਹੰਝੂ ਕੇਰਦੀ ਰਹੇਗੀ। ਜੂਨ 1984 ਦੇ ਘੱਲੂਘਾਰੇ ਦਾ ਸਭ ਤੋਂ ਵੱਡਾ ਸਬਕ ਹੀ ਉਸ ਘੱਲੂਘਾਰੇ ਦੇ ਜ਼ਖਮਾਂ ਨੂੰ ਆਪਣੇ ਸੀਨੇ ਵਿੱਚ ਵਸਾ ਕੇ ਕੌਮ ਦੀ ਹੋਣੀ ਸੰਵਾਰਨ ਦਾ ਇਮਾਨਦਾਰ ਸੰਕਲਪ ਕਰਨ ਦਾ ਹੈ। ਅਜਿਹੇ ਪਾਵਨ ਸੰਕਪਲ ਪ੍ਰਤੀ ਨਿਸ਼ਠਾ ਅਤੇ ਪ੍ਰਤੀਬੱਧਤਾ ਵਿਖਾ ਕੇ ਹੀ ਅਸੀਂ ਕੌਮ ਦੇ ਵਕਤੀ ਤੌਰ ਤੇ ਡੁੱਬੇ ਹੋਏ ਸੂਰਜ ਨੂੰ ਮੁੜ ਤਕੋਂ ਚਮਕਾ ਸਕਾਂਗੇ ਅਤੇ ਜ਼ੁਲਮਾਂ ਦੀ ਇਹ ਰਾਤ ਤਾਂ ਹੀ ਮੁੱਕ ਸਕੇਗੀ।

ਧੰਨਵਾਦ ਸਹਿਤ ਡੇਅਲੀ ਪਹਿਰੇਦਾਰ (Daily Pehredar)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top