Share on Facebook

Main News Page

ਆਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਖ਼ੁਦ ਕਰੀਏ ਤੇ ਵੀਚਾਰੀਏ
- ਭਾਈ ਜਸਵਿੰਦਰ ਸਿੰਘ ਖ਼ਾਲਸਾ

ਬਠਿੰਡਾ 9 ਜੂਨ (ਕਿਰਪਾਲ ਸਿੰਘ): ਅਸੀਂ ਕਰੋੜਾਂ ਰੁਪਏ ਖਰਚ ਕੇ ਆਲੀਸ਼ਾਨ ਗੁਰਦੁਆਰੇ ਬਣਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜਾਰਾਂ ਰੁਪਏ ਦੇ ਕੀਮਤੀ ਰੁਮਾਲੇ ਵੀ ਵੱਡੀ ਗਿਣਤੀ ’ਚ ਭੇਂਟ ਕਰ ਰਹੇ ਹਾਂ ਪਰ ਕਦੀ ਵੀ ਰੁਮਾਲਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਮਹਾਨ ਖਜ਼ਾਨੇ, ਜਿਸ ਸਬੰਧੀ ਗੁਰਬਾਣੀ ਵਿੱਚ ਦਰਜ ਹੈ: ‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥’ (ਗਉੜੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 186) ਦੇ ਦਰਸ਼ਨ ਨਹੀਂ ਕੀਤੇ ਭਾਵ ਕਦੀ ਵੀ ਸਹਿਜ ਪਾਠ ਅਸੀਂ ਖ਼ੁਦ ਨਹੀਂ ਕੀਤਾ।

ਇਹੋ ਕਾਰਣ ਹੈ ਕਿ ਸਾਰੀ ਦੁਨੀਆਂ ’ਤੇ ਰਾਜ ਕਰਨ ਦੀ ਯੋਗਤਾ ਰੱਖਣ ਵਾਲੀ ਸਿੱਖ ਕੌਮ ਅੱਜ ਭਿਖਾਰੀਆਂ ਦੀ ਕੌਮ ਬਣਦੀ ਜਾ ਰਹੀ ਹੈ। ਇਹ ਸ਼ਬਦ ਅੱਜ ਇੱਥੇ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਫ਼ਰੀਦ ਨਗਰ ਵਿਖੇ ਬੋਲਦਿਆਂ ਭਾਈ ਜਸਵਿੰਦਰ ਸਿੰਘ ਖ਼ਾਲਸਾ ਯੂ.ਕੇ. ਨੇ ਕਹੇ। ਉਨ੍ਹਾਂ ਆਪਣੇ ਪਹਿਲੇ ਜੀਵਨ ਦਾ ਬੇਬਾਕੀ ਨਾਲ ਖ਼ੁਲਾਸਾ ਕਰਦਿਆਂ ਕਿਹਾ ਕਿ ਕੋਈ ਸਮਾ ਸੀ ਜਦ ਰਿਸ਼ਵਤ ਦੇ ਕੇ ਵੀ ਉਹ 700 ਰੁਪਏ ਮਹੀਨੇ ਦੀ ਨੌਕਰੀ ਪ੍ਰਾਪਤ ਕਰਨ ਤੋਂ ਅਸਮਰਥ ਸੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਹੋਈ ਤਾਂ ਉਸ ਨੂੰ ਇੰਗਲ਼ੈਂਡ ਵਿੱਚ 7000 ਰੁਪਏ ਹਰ ਰੋਜ਼ ਦੇ ਹਿਸਾਬ ਨਾਲ ਵਰਕ ਪਰਮਿਟ ਮਿਲ ਗਿਆ ਤੇ ਅੱਜ ਉਹ ਇੱਕ ਲੱਖ ਰੁਪਏ ਰੋਜ਼ਾਨਾ ਕਮਾ ਰਹੇ ਹਨ ਤੇ ਸੈਂਕੜੇ ਬੰਦੇ ਉਚੀਆਂ ਤਨਖ਼ਾਹਾਂ ’ਤੇ ਮੁਲਾਜ਼ਮ ਰੱਖੇ ਹੋਏ ਹਨ। ਉਨ੍ਹਾਂ ਆਪਣੇ ਜੀਵਨ ’ਚ ਤਬਦੀਲੀ ਦਾ ਪ੍ਰੇਰਣਾ ਸਰੋਤ ਸਵਰਗਵਾਸੀ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੂੰ ਦੱਸਿਆ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਨ੍ਹਾਂ ਵੱਲੋਂ ਚਲਾਈ ‘ਆਓ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਖ਼ੁਦ ਕਰੀਏ ਤੇ ਵੀਚਾਰੀਏ’ ਲਹਿਰ ਵਿੱਚ ਜੁੜ ਕੇ ਸਹਿਜ ਪਾਠ ਕੀਤਾ ਤਾਂ ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਵੀਚਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਪਾਠ ਕਰਨ ਨਾਲ ਉਨ੍ਹਾਂ ਨੂੰ ਉਹ ਮਹਾਨ ਗੁਰ ਉਪਦੇਸ਼ਾਂ ਦੀ ਸੋਝੀ ਬਖ਼ਸ਼ਣ ਵਾਲੀਆਂ ਤੁਕਾਂ ਦੇ ਦਰਸ਼ਨ ਹੋਏ ਜਿਹੜੀ ਇੱਕ ਇੱਕ ਤੁਕ ਮਨੁਖ ਦਾ ਜੀਵਨ ਬਦਲਣ ਦੇ ਸਮਰਥ ਹੈ। ਇਨ੍ਹਾਂ ਗੁਰ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਣ ਨਾਲ ਉਨ੍ਹਾਂ ਦੇ ਜੀਵਨ ਵਿੱਚ ਜੋ ਤਬਦੀਲੀ ਆਈ ਹੈ ਉਹ ਕਥਨ ਤੋਂ ਪਰੇ ਹੈ ਤੇ ਅੱਜ ਉਨ੍ਹਾਂ ਨੂੰ ਕਦੀ ਵੀ ਗਰੂ ਪਾਸੋਂ ਮਾਇਕ ਪਦਾਰਥ ਮੰਗਣ ਦੀ ਲੋੜ ਮਹਿਸੂਸ ਨਹੀ ਹੋਈ ਸਗੋਂ ਇਹ ਹੀ ਅਰਦਾਸ ਕਰਦਾ ਹਾਂ ਕਿ ਗੁਰੂ ਉਨ੍ਹਾਂ ਨੂੰ ‘ਪੀਊ ਦਾਦੇ ਕਾ ਖਜਾਨਾ’ ਜਿਸ ਸਬੰਧੀ ਗੁਰੂ ਦਾ ਹੁਕਮ ਹੈ: ‘ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥3॥’ (ਗਉੜੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 186); ਖ਼ੁਦ ਵਰਤਣ ਅਤੇ ਲੋਕਾਈ ਨੂੰ ਵੰਡਣ ਦੇ ਕਾਰੇ ਲਾਈ ਰੱਖੇ।

ਉਨ੍ਹਾਂ ਕਿਹਾ ਇਹ ਗੁਰੂ ਦੀ ਹੀ ਬਖ਼ਸ਼ਿਸ਼ ਹੈ ਕਿ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਵੱਲੋਂ ਤੋਰੀ ਲਹਿਰ ਨੂੰ ਜਾਰੀ ਰੱਖ ਕੇ ਗੁਰੂ ਸਾਹਿਬ ਜੀ ਦੀ ਖ਼ੁਸ਼ੀ ਹਾਸਲ ਕਰ ਰਹੇ ਹਨ। ਗੁਰੂ ਦੀ ਇਸ ਖ਼ੁਸ਼ੀ ਵਿੱਚ ਉਨ੍ਹਾਂ ਨੂੰ ਜੋ ਅਨੰਦ ਆ ਰਿਹਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸੰਗਤ ਵਿੱਚੋਂ ਜਿਨ੍ਹਾਂ ਵੀ ਵੀਰਾਂ ਭੈਣਾ ਨੇ ਆਪਣਾ ਸਹਿਜ ਪਾਠ ਸ਼ੁਰੂ ਕਰਨ ਲਈ ਆਪਣੇ ਨਾਮ ਲਿਖਵਾਏ ਉਨ੍ਹਾਂ ਨੂੰ ਇੱਕ ਇੱਕ ਡਾਇਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰੇ ਸ਼ਬਦਾਰਥ ਪੋਥੀਆਂ ਦਾ ਇੱਕ ਇੱਕ ਸੈੱਟ ਮੁਹਈਆ ਕਰਨ ਦਾ ਤੁਰੰਤ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਇਹ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਤੇ ਉੱਚ ਵਿਦਿਆ ਦੇਣ ਦਾ ਪ੍ਰਬੰਧ ਕਰਨ; ਜਿਹੜੇ ਮਾਂ ਬਾਪ ਆਪਣੇ ਬੱਚਿਆਂ ਦੀਆਂ ਫੀਸਾਂ ਦੇਣ ਤੋਂ ਅਸਮਰਥ ਹਨ ਉਹ ਮੇਰੀ ਝੋਲ਼ੀ ਵਿੱਚ ਪਾਏ ਜਾਣ ਮੈਂ ਉਨ੍ਹਾਂ ਦੀਆਂ ਫੀਸਾਂ ਆਪਣੇ ਦਸਵੰਧ ਵਿੱਚੋਂ ਦੇਣ ਦੀ ਸੇਵਾ ਨਿਭਾ ਕੇ ਗੁਰੂ ਦੀਆਂ ਖ਼ੁਸ਼ੀਆਂ ਹਾਸਲ ਕਰਨ ਲਈ ਹਾਜਰ ਹਾਂ। ਉਨ੍ਹਾਂ ਕਿਹਾ ਹੁਣ ਤੱਕ ਗੁਰੂ ਦੀ ਬਖ਼ਸ਼ਿਸ਼ ਦੁਆਰਾ 600 ਬੱਚਿਆਂ ਦੀ ਫੀਸਾਂ ਦੇਣ ਦੀ ਸੇਵਾ ਨਿਭਾ ਰਹੇ ਹਨ ਤੇ ਹੋਰ ਲੋੜਵੰਦਾਂ ਦੀ ਸੇਵਾ ਕਰਨ ਲਈ ਵੀ ਤਿਆਰ ਹਨ।

ਸਮਾਗਮ ਦਾ ਆਰੰਭ ਉਨ੍ਹਾਂ ਨਾਲ ਆਈ ਇੱਕ ਬੱਚੀ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਕੀਤਾ ਤੇ ਅਖੀਰ ਵਿੱਚ ਇੱਕ ਹੋਰ ਬੱਚੀ ਨੇ ਆਪਣੀ ਮਧੁਰ ਆਵਾਜ਼ ’ਚ ਛੋਟੇ ਸਾਹਿਬਜ਼ਾਦਿਆਂ ਦੀ ਘੋੜੀ ਗਾਈ ਤੇ ਇੱਕ ਬੱਚੇ ਨੇ ਬਾਬਾ ਫ਼ਰੀਦ ਜੀ ਦੀ ਮਾਤਾ ਵੱਲੋਂ ਸ਼ੱਕਰ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਖ਼ੁਦਾ ਦੀ ਬੰਦਗੀ ਵੱਲ ਲਾਉਣ ਦਾ ਪ੍ਰਸੰਗ ਸੁਣਾ ਕੇ ਮਾਤਾਵਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਕਰਨ ਲਈ ਪ੍ਰੇਰਣ।

ਇਸ ਉਪ੍ਰੰਤ ਭਾਈ ਕਿਰਪਾਲ ਸਿੰਘ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਇੰਚਾਰਜ਼ (ਸੇਵਾ ਮੁਕਤ ਸਕਾਡਰਨ ਲੀਡਰ) ਸ: ਬਲਵੰਤ ਸਿੰਘ ਮਾਨ ਨੇ ਅਮਰੀਕਾ ਨਿਵਾਸੀ ਸ: ਸੱਤਪਾਲ ਸਿੰਘ ਪੁਰੇਵਾਲ ਵੱਲੋਂ ਗੁਰਬਾਣੀ ਦਾ ਸੰਥਿਆ ਪਾਠ ਸਿੱਖਣ ਲਈ ਤਿਆਰ ਕੀਤਾ ਵੀਡੀਓ ਟਿਊਟਰ ਪ੍ਰੋਜੈਕਟਰ ਰਾਹੀਂ ਚਲਾ ਕੇ ਵਿਖਾਇਆ ਅਤੇ ਦੱਸਿਆ ਕਿ ਇਹ ਆਮ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰਬਾਣੀ ਦਾ ਗਲਤ ਪਾਠ ਕਰਨ ਨਾਲ ਪਾਪ ਲਗਦਾ ਹੈ। ਅੱਜ ਦੇ ਜੁੱਗ ਵਿੱਚ ਜਿੱਥੇ ਗੁਰਬਾਣੀ ਦਾ ਸ਼ੁੱਧ ਪਾਠ ਸਿਖਾਉਣ ਲਈ ਸੂਝਵਾਨ ਗ੍ਰੰਥੀ ਸਿੰਘਾਂ ਦੀ ਘਾਟ ਹੈ ਉਥੇ ਜਗਿਆਸੂ ਵੀ ਗੁਰਬਾਣੀ ਦਾ ਪਾਠ ਸਿੱਖਣ ਲਈ ਲੰਬਾ ਸਮਾ ਨਹੀਂ ਕੱਢ ਸਕਦੇ। ਇਸ ਲਈ ਆਮ ਸਿੱਖ ਇਸ ਪਾਪ ਤੋਂ ਡਰਦੇ ਗੁਰਬਾਣੀ ਦਾ ਪਾਠ ਸਿੱਖਣ ਤੋਂ ਦੂਰ ਰਹਿੰਦੇ ਹਨ।

ਭਾਈ ਸੱਤਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਇਸ ਸਾਫਟ ਵੇਅਰ ਨੇ ਸਾਡੀ ਇਹ ਸਮੱਸਿਆ ਦੂਰ ਕਰ ਦਿੱਤੀ ਹੈ ਜਿਸ ਨਾਲ ਘਰ ਬੈਠੇ ਹੀ ਕੰਪਿਊਟਰ ਦੀ ਸਹਾਇਤਾ ਨਾਲ ਸ਼ੁੱਧ ਪਾਠ ਸਿੱਖਿਆ ਜਾ ਸਕਦਾ ਹੈ। ਇਹ ਟਿਊਟਰ ਵੀਡੀਓ www.ektuhi.com ਤੋਂ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਜਾਂ ਆਈਫ਼ੋਨ ’ਚ ਇੰਸਟਾਲ ਕੀਤਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸੰਥਿਆ ਪਾਠ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਵਿਦਿਆ ਪ੍ਰਾਪਤ ਅਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਰਹਿ ਚੁੱਕੇ ਗ੍ਰੰਥੀ ਅਤੇ ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ, ਜਿਹੜੇ ਇਸ ਤੋਂ ਪਹਿਲਾਂ ਕਈ ਪਾਠ ਬੋਧ ਸਮਾਗਮ ਕਰਵਾ ਚੁੱਕੇ ਹਨ; ਦੀ ਅਵਾਜ਼ ਵਿੱਚ ਰੀਕਾਰਡ ਕੀਤਾ ਗਿਆ ਹੈ, ਜਿਨ੍ਹਾਂ ਨੇ ਗੁਰਬਾਣੀ ਵਿਆਕਰਣ ਅਨੁਸਾਰ ਵਿਸ਼ਰਾਮਾਂ ਤੇ ਅਰਥਾਂ ਨੂੰ ਧਿਆਨ ’ਚ ਰੱਖ ਕੇ ਸ਼ੁਧ ਪਾਠ ਕੀਤਾ ਹੈ। ਇਸ ਸਾਫਟਵੇਅਰ ਦੀ ਖਾਸੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਪੰਨੇ ਤੋਂ ਪਾਠ ਚੱਲ ਰਿਹਾ ਹੁੰਦਾ ਹੈ ਉਹ ਪੂਰੇ ਦਾ ਪੂਰਾ ਪੰਨਾ ਕੰਪਿਊਟਰ ਦੀ ਸਕਰੀਨ ’ਤੇ ਵਿਖਾਇਆ ਜਾਂਦਾ ਹੈ ਅਤੇ ਜਿਸ ਸ਼ਬਦ ਦਾ ਉਚਾਰਣ ਹੋ ਰਿਹਾ ਹੁੰਦਾ ਹੈ ਉਹ ਨਾਲੋ ਨਾਲ ਵਿਸ਼ੇਸ਼ ਤੌਰ ’ਤੇ ਹਾਈਲਾਈਟ ਹੁੰਦਾ ਜਾਂਦਾ ਹੈ। ਜਿਸ ਸ਼ਬਦ ਦੇ ਉਚਾਰਣ ਦੀ ਸਮਝ ਨਾ ਆਵੇ ਉਸ ’ਤੇ ਕਰਸਰ ਕਲਿਕ ਕਰਕੇ ਉਸ ਨੂੰ ਵਾਰ ਵਾਰ ਸੁਣਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਸਾਫਟਵੇਅਰ ਗੁਰਬਾਣੀ ਦਾ ਪਾਠ ਸਿੱਖਣ ਲਈ ਬਹੁਤ ਹੀ ਲਾਹੇਵੰਦ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਕਿਸੇ ਵੀ ਸ਼ਬਦ ਨੂੰ ਸਰਚ ਕਰਨ ਦੀ ਸੁਵਿਧਾ ਵੀ ਇਸ ਸਾਫਟਵੇਅਰ ਵਿੱਚ ਉਪਲਭਦ ਹੈ। ਇਸ ਸਾਫਟਵੇਅਰ ਦਾ ਪ੍ਰੋਜੈਕਟਰ ਰਾਹੀ ਪ੍ਰਦਸ਼ਨ ਵੇਖ ਕੇ ਸੰਗਤਾਂ ਕਾਫੀ ਪ੍ਰਭਾਵਤ ਹੋਈਆਂ ਤੇ ਕਈਆਂ ਨੇ ਮੌਕੇ ’ਤੇ ਹੀ ਆਪਣੇ ਪੈੱਨ ਡਰਾਇਵ ਵਿੱਚ ਕਾਪੀ ਕੀਤਾ ਤੇ ਕਈਆਂ ਨੇ ਇੰਟਰਨੈੱਟ ਤੋਂ ਡਾਊਨਲੋਡ ਕਰਨ ਲਈ ਇਸ ਦੀ ਸਾਈਟ ਨੋਟ ਕੀਤੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top