Share on Facebook

Main News Page

ਟੀਵੀ 84 ’ਤੇ ਫ਼ੋਨ ਰਾਹੀਂ ਹੋਈ ਇੰਟਰਵਿਊ ਵਿੱਚ ਤੀਜੇ ਘਲੂਘਾਰੇ, ਨਾਨਕਸ਼ਾਹੀ ਕੈਲੰਡਰ ਅਤੇ ਡੇਰਾਵਾਦ ਸਬੰਧੀ ਨੰਦਗੜ੍ਹ ਨੇ ਬੋਲਿਆ ਕੌੜਾ ਸੱਚ

* ਜਿਸ ਦਿਨ ਗੁਰੂ ਨਾਨਕ ਨੇ ਕਿਹਾ: ‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ, ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ’ ਉਸੇ ਦਿਨ ਤੋਂ ਮੁਗਲਾਂ ਦੇ ਰਾਜ ਸਮੇਂ ਮੁੱਲਾਂ ਮੁਲਾਣੇ ਤੇ ਹੁਣ ਹਿੰਦੂ ਰਾਜ ਵਿੱਚ ਹਿੰਦੂ ਲਾਬੀ ਸਿੱਖਾਂ ਨੂੰ ਖਤਮ ਕਰਨ ਦੀਆਂ ਸਾਜਸ਼ਾਂ ਘੜ ਰਹੀ ਹੈ

* ਸਿੱਖਾਂ ਲਈ ਜੇ ਕਾਂਗਰਸ ਸੱਪਾਂ ਦੀ ਵਰਮੀ ਹੈ ਤਾਂ ਭਾਜਪਾ ਤੇ ਅਡਵਾਨੀ ਕਾਲਾ ਨਾਗ ਹੈ

* ਅੱਜ ਦੇ ਸਿੱਖ ਸੰਤ ਕਹਾਉਣ ਵਾਲੇ, ਜੋਗੀ ਦਾ ਰੂਪ ਧਾਰਨ ਕਰਕੇ ਹਿੰਦੂ ਲਾਬੀ ਕੋਲ ਵਿਕ ਚੁੱਕੇ ਹਨ; ਉਨ੍ਹਾਂ ਨੇ ਸਾਜਿਸ਼ ਕਰਕੇ ਰਿਟਾਇਰ ਹੋ ਰਹੇ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਬਣਾਉਣ ਦਾ ਲਾਲਚ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ

* ਜਿਸ ਦਿਨ ਸਿੱਖਾਂ ਨੇ ਕਹਿ ਦਿੱਤਾ ਅਸੀਂ ਵੱਖਰੇ ਨਹੀਂ ਹਿੰਦੂ ਹੀ ਹਾਂ; ਉਸੇ ਦਿਨ ਪੰਜਾਬ ’ਚੋਂ ਸਾਰੇ ਡੇਰੇ ਖਤਮ ਹੋ ਜਾਣਗੇ

* ਅਤਿਵਾਦੀ ਹਿੰਦੂ ਲਾਬੀ ਨੇ ਸਾਡੇ ਮਨਾ ਵਿੱਚ ਖ਼ਾਲਿਸਤਾਨ ਦਾ ਬੀਜ਼ ਬੋ ਦਿਤਾ ਹੈ, ਇਸ ਨੂੰ ਪਾਣੀ ਦਿੰਦੇ ਰਹਿਣਾ ਇੱਕ ਨਾ ਇੱਕ ਦਿਨ ਇਹ ਜਰੂਰ ਉਗੇਗਾ
 

ਬਠਿੰਡਾ, 11 ਜੂਨ (ਕਿਰਪਾਲ ਸਿੰਘ): ਜੂਨ 1984 ’ਚ ਅਕਾਲ ਤਖ਼ਤ ’ਤੇ ਹੋਏ ਫੌਜੀ ਹਮਲੇ ਦੇ ਰੂਪ ਵਿੱਚ ਵਾਪਰੇ ਘਲੂਘਾਰੇ ਦੇ ਸਬੰਧ ’ਚ ਬੀਤੀ 6 ਜੂਨ ਨੂੰ ਅਮਰੀਕਾ ਸਥਿਤ ਟੀਵੀ 84 ’ਤੇ ਫ਼ੋਨ ਰਾਹੀਂ ਹੋਈ ਇੰਟਰਵਿਊ ਵਿੱਚ ਤੀਜੇ ਘਲੂਘਾਰੇ, ਨਾਨਕਸ਼ਾਹੀ ਕੈਲੰਡਰ ਅਤੇ ਡੇਰਾਵਾਦ ਸਬੰਧੀ ਕੌੜਾ ਸੱਚ ਬੋਲਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਜਿਸ ਦਿਨ ਗੁਰੂ ਨਾਨਕ ਨੇ ਕਿਹਾ ‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ, ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ ਉਸੇ ਦਿਨ ਤੋਂ ਮੁਗਲਾਂ ਦੇ ਰਾਜ ਸਮੇਂ ਮੱਲਾਂ ਮੁਲਾਣੇ ਤੇ ਹੁਣ ਹਿੰਦੂ ਰਾਜ ਵਿੱਚ ਹਿੰਦੂ ਲਾਬੀ ਸਿੱਖਾਂ ਨੂੰ ਖਤਮ ਕਰਨ ਦੀਆਂ ਸਾਜਸ਼ਾਂ ਘੜ ਰਹੀ ਹੈ। ਇਤਿਹਾਸਕ ਹਵਾਲੇ ਦਿੰਦਿਆਂ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਸੱਚ ਦੀ ਅਵਾਜ਼ ਨੂੰ ਦਬਾਉਣ ਹਿਤ ਮੁੱਲਾਂ ਮੁਲਾਣੇ ਗੁਰੂ ਘਰ ਦੇ ਵਿਰੋਧੀਆਂ ਨਾਲ ਸਾਜਿਸ਼ਾਂ ਰਚ ਕੇ ਮੁਗਲ ਬਾਦਸ਼ਾਹਾਂ ਦੇ ਕੰਨ ਭਰਦੇ ਰਹੇ।

 


ਜਿਸ ਕਾਰਣ ਸਿੱਖਾਂ ’ਤੇ ਜੁਲਮ ਦਾ ਦੌਰ ਚਲਦਾ ਰਿਹਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਜਹਾਂਗੀਰ ਨੇ ਤੁਜ਼ਕਿ-ਏ-ਜਹਾਂਗੀਰ ’ਚ ਖ਼ੁਦ ਲਿਖਿਆ ਹੈ ਕਿ ਉਹ ਕਾਫੀ ਸਮੇ ਤੋਂ ਸੋਚ ਰਹੇ ਸਨ ਕਿ ਬਿਆਸ ਨਦੀ ਦੇ ਕੰਢੇ ਚੱਲ ਰਹੀ ਝੂਠ ਦੀ ਦੁਕਾਨ ਬੰਦ ਕੀਤੀ ਜਾਵੇ। ਇਸ ਉਸ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਤੇ 5 ਦਿਨ ਸਖਤ ਤਸੀਹੇ ਦੇਣ ਪਿਛੋਂ ਸ਼ਹੀਦ ਕਰ ਦਿੱਤਾ ਗਿਆ।

ਗਿਆਨੀ ਨੰਦਗੜ੍ਹ ਨੇ ਕਿਹਾ ਦੇਸ਼ ਦੀ ਵੰਡ ਹੋਣ ਸਮੇਂ ਜਿਨਾਹ ਨੇ ਸਿੱਖ ਆਗੂਆਂ ਨੂੰ ਕਿਹਾ ਸੀ ਤੁਸੀਂ ਹਿੰਦੂਆਂ ਨੂੰ ਗੁਲਾਮ ਵੇਖਿਆ ਹੈ, ਅਜਾਦ ਨਹੀਂ ਵੇਖਿਆ। ਪਰ ਮੁਥਾਜੀ ਸਿੱਖ ਆਗੂਆਂ ਨੇ ਸਿੱਖਾਂ ਨੂੰ ਹਿੰਦੂਆਂ ਦੇ ਗਲ਼ ਨਾਲ ਬੰਨ੍ਹ ਦਿੱਤਾ। ਅਜ਼ਾਦ ਹੁੰਦਿਆਂ ਹੀ ਹਿੰਦੂ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਘੋਸ਼ਿਤ ਕਰ ਦਿੱਤਾ। ਸਿੱਖ ਬਹੁ ਗਿਣਤੀ ਵਾਲਾ ਸੂਬਾ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਹਰ ਤਰ੍ਹਾਂ ਦਾ ਵਿਤਕਰਾ ਕੀਤਾ ਜਾਣ ਲੱਗ ਪਿਆ। ਦੇਸ਼ ਦੀ ਅਜਾਦੀ ਪਿੱਛੋਂ ਹਿੰਦੂ ਲਾਬੀ ਬੇਸ਼ੱਕ ਉਹ ਕਾਂਗਰਸ ਵਿੱਚ ਹੈ ਜਾਂ ਭਾਜਪਾ ਹੈ; ਸਿੱਖਾਂ ਦੀ ਵੱਖਰੀ ਹੋਂਦ ਖਤਮ ਕਰਨ ਦੀਆਂ ਸਾਜਿਸ਼ਾਂ ਰਚਦੇ ਰਹਿੰਦੇ ਹਨ। ਸਿੱਖਾਂ ਲਈ ਜੇ ਕਾਂਗਰਸ ਸੱਪਾਂ ਦੀ ਵਰਮੀ ਹੈ ਤਾਂ ਭਾਜਪਾ ਤੇ ਇਸ ਦੇ ਅਡਵਾਨੀ ਵਰਗੇ ਆਗੂ ਕਾਲ਼ੇ ਨਾਗ ਹਨ। ਭਾਜਪਾ ਆਗੂ ਅਡਵਾਨੀ ਖ਼ੁਦ ਲਿਖਦਾ ਹੈ ਕਿ ਇੰਦਰਾ ਗਾਂਧੀ ਅਕਾਲ ਤਖ਼ਤ ’ਤੇ ਹਮਲਾ ਕਰਨ ਤੋਂ ਝਿਜਕ ਰਹੀ ਸੀ ਪਰ ਮੈਂ ਉਸ ’ਤੇ ਜੋਰ ਦੇ ਕੇ ਇਹ ਹਮਲਾ ਕਰਵਾਇਆ। ਸਾਜਿਸ਼ ਅਧੀਨ ਹਮਲੇ ਲਈ ਵਿਸ਼ੇਸ਼ ਤੌਰ ’ਤੇ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਦਿਨ ਦੀ ਚੋਣ ਕੀਤੀ ਗਈ ਤਾਂ ਕਿ ਹਮਲੇ ਦੌਰਾਨ ਵੱਧ ਤੋਂ ਵੱਧ ਸਿੱਖ ਮਾਰੇ ਜਾਣ। ਇਸ ਦਾ ਕਾਰਣ ਦੱਸਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਦੇ ਸਾਥੀ ਤਾਂ ਸਿਰਫ 35 ਸਨ, ਇਸ ਲਈ ਦੁਨੀਆਂ ਨੇ ਭਾਰਤ ਸਰਕਾਰ ਤੋਂ ਪੁੱਛਣਾ ਸੀ ਕਿ 35 ਸਿੱਖਾਂ ਨੂੰ ਫੜਨ ਲਈ ਏਡਾ ਵੱਡਾ ਫੌਜੀ ਹਮਲਾ ਕਰਨ ਦੀ ਕੀ ਲੋੜ ਸੀ? ਇਸ ਦਾ ਕੋਈ ਜਵਾਬ ਨਾ ਹੋਣ ਕਰਕੇ ਵਿਸ਼ੇਸ਼ ਤੌਰ ’ਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਗਿਆ ਤਾਂ ਕਿ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਵੱਡੀ ਗਿਣਤੀ ’ਚ ਸ਼ਹੀਦ ਕਰਕੇ ਉਹ ਦੱਸ ਸਕਣ ਕਿ ਅੰਦਰ ਵੱਡੀ ਗਿਣਤੀ ਵਿੱਚ ਅਤਿਵਾਦੀ ਛੁਪੇ ਹੋਏ ਸਨ। ਗਿਆਨੀ ਨੰਦਗੜ੍ਹ ਨੇ ਕਿਹਾ ਸਰਕਾਰ ਵੱਲੋਂ 1984 ਦਾ ਘਲੂਘਾਰਾ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਵੱਖਰੀ ਕੋਈ ਹੋਂਦ ਨਹੀਂ ਹੈ, ਇਸ ਲਈ ਉਹ ਮੰਨ ਜਾਣ ਕਿ ਸਿੱਖ ਹਿੰਦੂ ਹੀ ਹਨ।

ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਹੋਂਦ ਮਿਟਾਉਣ ਲਈ ਕੀਤੇ ਗਏ ਘਲੂਘਾਰੇ ਦੀ ਸ਼ਹੀਦੀ ਯਾਦਗਾਰ ਬਣਾਉਣ ’ਚ ਹੋਈ 29 ਸਾਲ ਦੀ ਦੇਰੀ ਦਾ ਕਾਰਣ ਦੱਸਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਇਸ ਲਈ ਦਮਦਮੀ ਟਕਸਾਲ ਅੜੀਕਾ ਬਣੀ ਰਹੀ ਕਿਉਂਕਿ ਸਰਕਾਰ ਕੋਲ ਵਿਕੇ ਹੋਣ ਕਰਕੇ ਉਹ 22 ਸਾਲ ਝੂਠ ਬੋਲਦੇ ਰਹੇ ਕਿ (ਸੰਤ) ਜਰਨੈਲ ਸਿੰਘ ਜਿਉਂਦੇ ਹਨ; ਸ਼ਹੀਦ ਨਹੀਂ ਹੋਏ। ਜਦ ਸੰਤਾਂ ਦੇ ਸ਼ਹੀਦ ਹੋਣ ਜਾਂ ਜਿਉਂਦੇ ਹੋਣ ਦਾ ਹੀ ਭੰਬਲਭੂਸਾ ਬਣਿਆ ਰਹੇ, ਓਨਾਂ ਚਿਰ ਉਨ੍ਹਾਂ ਦੀ ਯਾਦਗਰ ਬਣਾਉਣ ਸਬੰਧੀ ਕੋਈ ਫੈਸਲਾ ਅਸੰਭਵ ਸੀ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਫੌਜੀ ਹਮਲੇ ਦੌਰਾਨ (ਸੰਤ) ਜਰਨੈਲ ਸਿੰਘ ਦੇ ਨਾਲ ਰਹਿ ਕੇ ਲੜਨ ਵਾਲੇ ਕੋਟ ਫੱਤੇ ਦੇ ਰਾਜਿੰਦਰ ਸਿੰਘ ਰਾਜਾ ਨਾਲ ਜੇਲ੍ਹ ’ਚ ਉਨ੍ਹਾਂ ਦੀ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਤੋਂ ਸੰਤਾਂ ਦੇ ਸ਼ਹੀਦ ਹੋਣ ਜਾਂ ਜਿਉਂਦੇ ਹੋਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਜਿਸ ਸਮੇਂ ਅੰਦਰ ਗੋਲ਼ੀ ਛਿੱਕਾ ਖਤਮ ਹੋ ਗਿਆ ਤਾਂ ਸੰਤ ਜਰਨੈਲ ਸਿੰਘ ਨੇ ਕਿਹਾ ਆਪਾਂ ਜਿਉਂਦੇ ਜੀ ਫੌਜ ਦੇ ਹੱਥ ਨਹੀਂ ਆਉਣਾ, ਇਸ ਲਈ ਬਾਹਰ ਜਾ ਕੇ ਹੱਥੋ ਹੱਥ ਲੜਾਈ ’ਚ ਸ਼ਹੀਦੀਆਂ ਪਾ ਜਾਣੀਆਂ ਹਨ; ਇਸ ਲਈ ਆਓ ਸਾਰੇ ਬਾਹਰ ਚੱਲੀਏ।

ਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਸਾਰੇ ਅਕਾਲ ਤਖ਼ਤ ਤੋਂ ਬਾਹਰ ਆ ਰਹੇ ਸੀ ਤਾਂ ਸੰਤ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅੱਗੇ ਸਨ ਤੇ ਅਸੀਂ ਹਾਲੀ ਪੌੜੀਆਂ ਵਿੱਚ ਹੀ ਸੀ ਕਿ ਟੈਂਕ ਨੇ ਤੋਪ ਦਾ ਫਾਇਰ ਖੋਲ੍ਹ ਦਿੱਤਾ ਤੇ ਉਹ ਸਾਰੇ ਸਾਡੇ ਸਾਹਮਣੇ ਹੀ ਸ਼ਹੀਦ ਹੋ ਗਏ। ਰਜਿੰਦਰ ਸਿੰਘ ਨੇ ਕਿਹਾ ਉਹ ਕਿਸੇ ਤਰ੍ਹਾਂ ਉਥੋਂ ਬਚ ਕੇ ਨਿਕਲ ਗਿਆ। ਗਿਆਨੀ ਨੰਦਗੜ੍ਹ ਨੇ ਕਿਹਾ ਜਦੋਂ ਵੀ ਉਹ ਸੰਤਾਂ ਦੀ ਸ਼ਹੀਦੀ ਸਬੰਧੀ ਟਕਸਾਲ ਦੇ ਸਿੰਘਾਂ ਨਾਲ ਗੱਲ ਕਰਦੇ ਤਾਂ ਉਹ ਵਿਕੇ ਹੋਏ ਹੋਣ ਕਰਕੇ ਸੰਤਾਂ ਦੀ ਸ਼ਹੀਦੀ ਛੁਪਾਉਣ ਲਈ ਗਲ਼ ਪੈ ਜਾਂਦੇ ਕਿ ਕੌਣ ਕਹਿੰਦਾ ਹੈ ਕਿ ਸੰਤ ਸ਼ਹੀਦ ਹੋ ਗਏ ਹਨ? ਜਦੋਂ ਪੁੱਛਿਆ ਜਾਂਦਾ ਕਿ ਜੇ ਜਿਉਂਦੇ ਹਨ ਤਾਂ ਦੱਸੋ ਕਿ ਉਹ ਕਿਥੇ ਹਨ? ਇਸ ਦੇ ਜਵਾਬ ’ਚ ਟਕਸਾਲੀ ਸਿਰਫ ਇਹੀ ਕਹਿੰਦੇ ਕਿ ਉਹ ਜਿੱਥੇ ਵੀ ਹਨ, ਚੜ੍ਹਦੀ ਕਲਾ ਵਿੱਚ ਹਨ। ਪਰ ਜਦੋਂ ਸੰਗਤਾਂ ਦਾ ਜਿਆਦਾ ਦਬਾਅ ਵਧ ਗਿਆ ਤਾਂ ਉਨ੍ਹਾਂ ਨੂੰ ਸੱਚ ਦੱਸਣਾ ਪਿਆ ਕਿ ਸੰਤ ਸ਼ਹੀਦ ਹੋ ਗਏ ਹਨ। ਜਿਹੜੇ ਕਹਿੰਦੇ ਸਨ ਸੰਤਾਂ ਨੂੰ ਸ਼ਹੀਦ ਹੋ ਗਿਆ ਦੱਸਣ ਵਾਲਿਆਂ ਦੀ ਜੀਭ ਕੱਟੀ ਜਾਵੇ; ਪਰ ਅੱਜ ਉਹ ਖੁਦ ਹੀ ਕਹਿ ਰਹੇ ਹਨ ਕਿ ਸੰਤ ਜੀ ਸ਼ਹੀਦ ਹੋ ਗਏ ਹਨ ਤਾਂ ਉਨ੍ਹਾਂ ਦੀ ਹੁਣ ਜੀਭ ਕਿਉਂ ਨਹੀਂ ਕੱਟੀ ਗਈ? ਜਦੋਂ ਇਨ੍ਹਾਂ ਨੇ ਸ਼ਹੀਦੀ ਮੰਨੀ ਤਾਂ ਸ਼ਹੀਦੀ ਯਾਦਗਾਰ ਬਣਾਉਣ ਸਬੰਧੀ ਵੀਚਾਰਾਂ ਸ਼ੁਰੂ ਹੋਈਆਂ ਤੇ ਅਖੀਰ ਸ਼ਹੀਦੀ ਯਾਦਗਾਰ ਹੋਂਦ ਵਿੱਚ ਆਈ। ਗਿਆਨੀ ਨੰਦਗੜ੍ਹ ਨੇ ਕਿਹਾ ਯਾਦਗਾਰ ਬਣਾਉਣ ਸਮੇਂ ਕਾਂਗਰਸ ਤੇ ਭਾਜਪਾ ਦੋਵਾਂ ਨੇ ਵਿਰੋਧ ਕੀਤਾ ਤੇ ਬਣਨ ਪਿੱਛੋ ਘਲੂਘਾਰਾ ਦਿਵਸ ਮਨਾਉਣ ਦਾ ਵਿਰੋਧ ਕਰ ਰਹੇ ਹਨ ਤੇ ਸੰਤਾਂ ਘਲੂਘਾਰਾ ਦੇ ਸਬੰਧ ਵਿੱਚ ਪੋਸਟਰ ਫਾੜੇ। ਗਿਆਨੀ ਨੰਦਗੜ੍ਹ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਪੋਸਟਰ ਫਾੜਨ ਵਾਲੇ ਇਨ੍ਹਾਂ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ।

2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਹਵਾਲਾ ਦੇ ਚੁੱਕਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ: ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ॥’ ਅੱਜ ਸਿੱਖ ਸੰਤ ਕਹਾਉਣ ਵਾਲੇ ਜੋਗੀਆਂ ਦਾ ਰੂਪ ਧਾਰਨ ਕਰਕੇ ਹਿੰਦੂ ਲਾਬੀ ਕੋਲ ਵਿਕ ਚੁੱਕੇ ਹਨ; ਉਨ੍ਹਾਂ ਨੇ ਸਾਜਿਸ਼ ਕਰਕੇ ਰਿਟਾਇਰ ਹੋ ਰਹੇ ਗਿਆਨੀ ਗੁਰਬਚਨ ਸਿੰਘ ਨੂੰ ਲਾਲਚ ਦਿੱਤਾ ਕਿ ਜੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰਨ ਲਈ ਤਿਆਰ ਹਨ ਤਾਂ ਉਸ ਨੂੰ ਜਥੇਦਾਰ ਬਣਾ ਦਿੱਤਾ ਜਾਵੇਗਾ। ਇਸ ਤਰ੍ਹਾਂ ਸਾਜਿਸ਼ ਅਧੀਨ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਅਸਤੀਫ਼ਾ ਲੈ ਕੇ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ ਤੇ ਉਸ ਨੇ ਮੇਰੇ ਜ਼ਬਰਦਸਤ ਵਿਰੋਧ ਨੂੰ ਅਣਸੁਣਿਆ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨਾਲ ਮਿਲ ਕੇ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ। ਗਿਆਨੀ ਨੰਦਗੜ੍ਹ ਨੇ ਕਿਹਾ ਸਿੱਖ ਬੋਲਿਆਂ ’ਚ ਸੋਧਾ ਲਾਉਣ ਦਾ ਭਾਵ ਹੈ ਕਤਲ ਕਰ ਦੇਣਾ ਤੇ ਹਿੰਦੂ ਲਾਬੀ ਕੋਲ ਵਿਕੇ ਹੋਇਆਂ ਨੇ ਸੱਚਮੁੱਚ ਹੀ ਸੋਧ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ।

ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਸਮੇਂ ਦਾ ਪਿਛੋਕੜ ਦੱਸਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਜਿਸ ਸਮੇਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਣ ਕਰਨਾ ਸੀ ਉਸ ਸਮੇਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਅਤੇ ਆਰਐੱਸਐੱਸ ਦੇ ਮੁਖੀ ਸੁਦਰਸ਼ਨ ਦੋਵਾਂ ਨੇ ਅੰਮ੍ਰਿਤਸਰ ਵਿਖੇ ਆ ਕੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ ਤਾਂ 1947 ਵਾਂਗ ਖ਼ੂਨ ਦੀਆਂ ਨਦੀਆਂ ਬਹਿ ਜਾਣਗੀਆਂ। ਗਿਆਨੀ ਵੇਦਾਂਤੀ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਤਾਂ ਬੜਾ ਰੌਲ਼ਾ ਪੈ ਗਿਆ, ਹੁਣ ਕੀ ਕੀਤਾ ਜਾਵੇ? ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਬਾਬਾ ਜੀ (ਗਿਆਨੀ ਵੇਦਾਂਤੀ ਜੀ)! ਇਨ੍ਹਾਂ ਦਾ ਨਾਨਕਸ਼ਾਹੀ ਕੈਲੰਡਰ ਨਾਲ ਕੀ ਸਬੰਧ ਹੈ; ਇਹ ਸਿੱਖਾਂ ਲਈ ਹੈ। ਲਾਗੂ ਇਨ੍ਹਾਂ ਨੇ ਨਹੀਂ ਕਰਨਾ, ਆਪਾਂ ਕਰਨਾ ਹੈ; ਇਸ ਲਈ ਤੁਸੀਂ ਲਾਗੂ ਕਰੋ ਜੇ ਇਨ੍ਹਾਂ ਨੇ ਨਹੀਂ ਮੰਨਣਾ ਇਹ ਨਾ ਮੰਨਣ। ਇਸ ਤਰ੍ਹਾਂ ਹਿੰਦੂ ਲਾਬੀ ਦੇ ਵਿਰੋਧ ਨੂੰ ਦਰਕਿਨਾਰ ਕਰਕੇ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ।

ਨਾਨਕਸ਼ਾਹੀ ਕੈਲੰਡਰ ਦੀ ਸਿੱਖਾਂ ਲਈ ਲੋੜ ਦਾ ਜ਼ਿਕਰ ਕਰਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਜਿਸ ਤਰ੍ਹਾਂ ਈਸਾਈਆਂ ਦਾ ਧਰਮ ਈਸਾਈਅਤ ਹੈ, ਧਰਮ ਗ੍ਰੰਥ ਬਾਈਬਲ ਤੇ ਕੈਲੰਡਰ ਈਸਵੀ ਹੈ। ਹਿੰਦੂਆਂ ਦਾ ਧਰਮ ਹਿੰਦੂ, ਧਰਮ ਗ੍ਰੰਥ ਚਾਰ ਵੇਦ 18 ਪੁਰਾਣ ਅਤੇ ਸਿਮ੍ਰਤੀਆਂ ਸਮੇਤ ਅਨੇਕਾਂ ਗ੍ਰੰਥ ਹਨ ਤੇ ਇਨ੍ਹਾਂ ਦਾ ਕੈਲੰਡਰ ਬਿਕ੍ਰਮੀ ਹੈ। ਮੁਸਲਮਾਨਾਂ ਦਾ ਧਰਮ ਇਸਲਾਮ, ਧਰਮ ਗ੍ਰੰਥ ਕੁਰਾਨ ਸ਼ਰੀਫ਼ ਅਤੇ ਕੈਲੰਡਰ ਹਿਜ਼ਰੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਧਰਮ ਸਿੱਖ ਧਰਮ, ਧਾਰਮਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕਸ਼ਾਹੀ ਕੈਲੰਡਰ ਹੈ। ਪਰ ਹਿੰਦੂ ਲਾਬੀ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਨਹੀਂ ਮੰਨਦੀ ਇਸ ਲਈ ਉਹ ਸਿੱਖ ਧਰਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕੋਲ ਵਿਕੇ ਸਾਡੇ ਸਾਧ ਲਾਣੇ ਨੇ ਇਸ ਦਾ ਕਤਲ ਕਰਵਾ ਦਿੱਤਾ ਹੈ। ਸਿੱਖ ਡੇਰੇਦਾਰਾਂ ’ਤੇ ਜੋਰਦਾਰ ਹਮਲਾ ਕਰਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਇਹ ਜਿਹੜੇ ਗਾਤਰਿਆਂ ਵਾਲੇ ਦਾਅਵਾ ਕਰਦੇ ਹਨ ਕਿ ਉਹ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਨ ਅਸਲ ਵਿੱਚ ਉਹ ਗੁਰੂ ਨਾਨਕ ਦੀ ਇੱਕ ਵੀ ਗੱਲ ਨਹੀਂ ਮੰਨਦੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲ ਸਿੱਧਾ ਨਿਸ਼ਾਨਾ ਸਾਧਦੇ ਹੋਏ ਗਿਆਨੀ ਨੰਦਗੜ੍ਹ ਨੇ ਉਸ ਨੂੰ ਸਵਾਲ ਕੀਤੇ ਕਿ ਜਿਹੜਾ ਰੋਜ਼ ਹੀ ਅਖ਼ਬਾਰਾਂ ਵਿੱਚ ਬਿਆਨ ਅਤੇ ਇਸ਼ਤਿਹਾਰ ਦੇ ਕੇ ਕਹਿ ਰਿਹਾ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਵਸ 12 ਜੂਨ ਨੂੰ ਹੈ, ਇਸ ਲਈ ਸਾਰੀਆਂ ਸਿੱਖ ਸੰਗਤਾਂ 12 ਜੂਨ ਨੂੰ ਹੀ ਸ਼ਹੀਦੀ ਦਿਹਾੜਾ ਮਨਾਉਣ; ਉਹ ਦੱਸੇ ਕਿ ਸਿੱਖ ਇਤਿਹਾਸ ਨੂੰ ਕਿਉਂ ਵਿਗਾੜ ਰਿਹਾ ਹੈ? ਗਿਆਨੀ ਨੰਦਗੜ੍ਹ ਨੇ ਕਿਹਾ ਕਿ ਸੋਧੇ ਹੋਏ ਕੈਲੰਡਰ ਅਨੁਸਾਰ ਨਾਨਕਸ਼ਾਹੀ ਕੈਲੰਡਰ ਵਾਂਗ ਹੀ ਹਰ ਸਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ 5 ਦਿਨ ਤਸੀਹੇ ਦਿੱਤੇ ਗਏ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਤੇ ਬਲਵੰਡ ਦੀ ਵਾਰ ਅਨੁਸਾਰ: ‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ, ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ; ਜੀਵਦੈ ॥1॥’ (ਗੁਰੂ ਗ੍ਰੰਥ ਸਾਹਿਬ - ਪੰਨਾ 966) ਭਾਵ ਗੁਰੂ ਸਾਹਿਬ ਜੀ ਆਪਣੇ ਜਿਉਂਦੇ ਜੀ ਆਪਣੇ ਹੱਥੀਂ ਅਗਲੇ ਗੁਰੂ ਨੂੰ ਗੁਰਿਆਈ ਦਿੰਦੇ ਰਹੇ ਸਨ; ਤਾਂ ਦੱਸੋ ਜਹਾਂਗੀਰ ਨੇ 11 ਜੂਨ ਨੂੰ ਗੁਰੂ ਅਰਜੁਨ ਸਾਹਿਬ ਜੀ ਨੂੰ ਛੱਡ ਦਿੱਤਾ ਕਿ ਜਾਹ ਜਾ ਕੇ ਗੁਰੂ ਹਰਿਗੋਬਿੰਦ ਨੂੰ ਗੁਰਿਆਈ ਦੇ ਆਓ! ਉਨ੍ਹਾਂ ਹੋਰ ਕਿਹਾ ਕਿ ਸੋਧੇ ਕੈਲੰਡਰ ਅਨੁਸਾਰ 2011 ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਮਨਾਇਆ ਗਿਆ ਤੇ 2012 ’ਚ 25 ਮਈ ਨੂੰ ਮਨਾਇਆ ਗਿਆ ਸੀ ਜਦੋਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਹਰ ਸਾਲ 11 ਜੂਨ ਨੂੰ ਹੀ ਮਨਾਇਆ ਜਾਂਦਾ ਹੈ। ਗਿਆਨੀ ਨੰਦਗੜ੍ਹ ਨੇ ਪੁੱਛਿਆ ਕਿ ਕੈਲੰਡਰ ਨੂੰ ਸੋਧਾ ਲਾਉਣ ਵਾਲੇ ਦੱਸਣ ਕਿ 2011 ਵਿੱਚ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦ ਹੋਣ ਦੇ 6 ਦਿਨ ਪਿੱਛੋਂ ਅਤੇ 2012 ’ਚ 17 ਦਿਨ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ? ਅਤੇ ਇਤਨੇ ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ? ਗਿਆਨੀ ਨੰਦਗੜ੍ਹ ਨੇ ਕਿਹਾ ਅਸੀਂ ਹੋਰਾਂ ਨੂੰ ਦੋਸ਼ ਦਿੰਦੇ ਹਾਂ ਕਿ ਇਹ ਸਾਡਾ ਇਤਿਹਾਸ ਵਿਗਾੜ ਰਹੇ ਹਨ ਪਰ ਇਥੇ ਸਾਡੇ ਆਪਣੇ ਹੀ ਜਥੇਦਾਰ ਤੇ ਪ੍ਰਧਾਨ ਇਤਿਹਾਸ ਵਿਗਾੜ ਰਹੇ ਹਨ। ਉਨ੍ਹਾਂ ਵਿਦੇਸ਼ੀ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦਿੰਦੇ ਰਹਿਣ ਤੇ ਇੱਕ ਨਾ ਇੱਕ ਦਿਨ ਇਸੇ ਕੈਲੰਡਰ ਨੇ ਲਾਗੂ ਹੋਣਾ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਨਾਲ ਸਾਡਾ ਕੋਈ ਸਬੰਧ ਨਹੀਂ ਹੈ।

ਪੰਜਾਬ ਵਿੱਚ ਵਧ ਰਹੇ ਡੇਰਾਵਾਦ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਇਸ ਪਿੱਛੇ ਸਾਰੀ ਸਾਜਸ਼ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਵਾਉਣ ਦੀ ਹੈ। ਸਿੱਖਾਂ ’ਤੇ ਦਬਾਅ ਬਣਾਉਣ ਲਈ ਹਿੰਦੂ ਲਾਬੀ ਸਿੱਖ ਵਿਰੋਧੀ ਡੇਰੇ ਪ੍ਰਫੁਲਿਤ ਕਰ ਰਹੀ ਹੈ। ਜਿਸ ਦਿਨ ਹੀ ਸਿੱਖ ਮੰਨ ਗਏ ਕਿ ਅਸੀਂ ਵੱਖਰੇ ਨਹੀਂ ਹਿੰਦੂ ਧਰਮ ਦਾ ਹੀ ਇੱਕ ਅੰਗ ਹਾਂ ਉਸੇ ਦਿਨ ਪੰਜਾਬ ’ਚੋਂ ਸਾਰੇ ਡੇਰੇ ਖਤਮ ਹੋ ਜਾਣਗੇ।

(ਸੰਤ) ਜਰਨੈਲ ਸਿੰਘ ਦੀ ਸਖ਼ਸ਼ੀਅਤ ਸਬੰਧੀ ਗੱਲ ਕਰਦੇ ਹੋਏ ਗਿਆਨੀ ਨੰਦਗੜ੍ਹ ਨੇ ਕਿਹਾ ਉਹ ਇੱਕ ਸੱਚੇ ਸੁੱਚੇ ਵਿਅਕਤੀ ਸਨ; ਉਨ੍ਹਾਂ ਨੇ ਜੋ ਕਿਹਾ ਉਹ ਕਰ ਵਿਖਾਇਆ ਪਰ ਜੋ ਅੱਜ ਉਸ ਦੇ ਵਾਰਸ ਬਣੇ ਫਿਰਦੇ ਹਨ ਇਹ ਸਭ ਵਿਕਾਊ ਮਾਲ ਹੈ ਤੇ ਹਿੰਦੂ ਲਾਬੀ ਕੋਲ ਵਿਕੇ ਹੋਏ ਹਨ; ਸਿੱਖ ਸੰਗਤਾਂ ਖਾਸ ਕਰਕੇ ਵਿਦੇਸ਼ੀ ਸਿੰਘਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੂੰਹ ਨਾ ਲਾਉਣ । ਉਨ੍ਹਾਂ ਕਿਹਾ ਹਿੰਦੂ ਲਾਬੀ ਹੈ ਤਾਂ ਆਪ ਅਤਿਵਾਦੀ ਪਰ ਉਹ ਸਾਨੂੰ ਅਤਿਵਾਦੀ ਕਹਿੰਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ ਨੇ ਸਾਡੇ ਦਿਲਾਂ ਵਿੱਚ ਖ਼ਾਲਸਤਾਨ ਦਾ ਬੀਜ਼ ਬੋ ਦਿੱਤਾ ਹੈ। ਸਿੱਖਾਂ ਵਿਸ਼ੇਸ਼ ਕਰਕੇ ਵਿਦੇਸ਼ੀ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਸ ਬੀਜ਼ ਨੂੰ ਪਾਣੀ ਦਿੰਦੇ ਰਹਿਣ, ਇੱਕ ਨਾ ਇੱਕ ਦਿਨ ਇਹ ਬੀਜ਼ ਜਰੂਰ ਉਘੇਗਾ।

ਟੀਵੀ84 ’ਤੇ ਗਿਆਨੀ ਨੰਦਗੜ੍ਹ ਵੱਲੋਂ ਦਿੱਤਾ ਗਿਆ ਇਹ ਬਿਆਨ www.khalsanews.org (10 ਜੂਨ) ਸਮੇਤ ਹੋਰ ਕਈ ਸਾਈਟਾਂ ’ਤੇ ਸੁਣਿਆ ਜਾ ਸਕਦਾ ਹੈ। ਇਸ ਬਿਆਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਬੀਤੇ ਦਿਨ ਤਾਂ ਉਸ ਦਾ ਫ਼ੋਨ ਤਕਰੀਬਨ ਬੰਦ ਰਿਹਾ ਤੇ ਉਸ ਨਾਲ ਸੰਪਰਕ ਨਾ ਹੋ ਸਕਿਆ, ਪਰ ਅੱਜ ਸੰਪਰਕ ਹੋਣ ’ਤੇ ਉਨ੍ਹਾਂ ਦਾ ਫ਼ੋਨ ਚੁੱਕਣ ਵਾਲੇ ਨੇ ਦੱਸਿਆ ਕਿ ਉਨ੍ਹਾਂ ਨਾਲ ਗੱਲ ਕੱਲ੍ਹ ਨੂੰ ਦਿਲੀ ਵਿੱਚ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਪਿੱਛੋਂ ਹੀ ਹੋ ਸਕਦੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕੱਲ੍ਹ ਤੇ ਅੱਜ ਦੋਵੇਂ ਦਿਨ ਹੀ ਫ਼ੋਨ ਬੰਦ ਹੋਣ ਕਰਕੇ ਸੰਪਰਕ ਨਾ ਸਕਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top