Share on Facebook

Main News Page

ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਅਰਜੁਨ ਪਾਤਸ਼ਾਹ ਦੀ ਲਸਾਨੀ ਸ਼ਹਾਦਤ ਬਾਰੇ ਇਕ ਵੀ ਪੰਗਤੀ ਲਿਖਣੋਂ ਆਕੀ
- ਸ. ਗੁਰਿੰਦਰ ਸਿੰਘ ਫਰੀਦਾਬਾਦ

ਸ਼ਹਾਦਤਾਂ ਤੇ ਕੁਰਬਾਨੀਆਂ ਦੇ ਜ਼ਿਕਰ ਕਰਨ ਲਗਿਆ ਬਚਿੱਤਰ ਨਾਟਕ ਦੇ ਲਿਖਾਰੀ ਨੂੰ ਗ੍ਰੰਥ ਦਾ ਅਕਾਰ ਵੱਡੇ ਹੋਣ ਦੀ ਚਿੰਤਾ ਹੋ ਗਈ ਪਰ ਅਸ਼ਲੀਲਤ ਲਿਖਣ ਲਗਿਆ ਗ੍ਰੰਥ ਵੱਡਾ ਹੋਣ ਦਾ ਕੋਈ ਡਰ ਨਹੀਂ।

(13 ਜੂਨ 2013 ਜਸਪ੍ਰੀਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਫਰੀਦਾਬਾਦ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਹਰ ਮਹੀਨੇ ਦੀ 13 ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਮੌਕੇ ਆਖੇ । ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਅਖੌਤੀ ਜੱਥੇਦਾਰ ਅਤੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਇਸ ਗ੍ਰੰਥ ਦੀ ਪ੍ਰੋੜਤਾ ਕਰਨ ਲਈ ਫੋਕੀਆਂ ਦਲੀਲਾਂ ਪੇਸ਼ ਕਰਦੇ ਹੋਏ ਆਖਦੇ ਹਨ ਕਿ ਦਸਮ ਗ੍ਰੰਥ ਸਿੱਖਾਂ ਦੇ ਇਤਿਹਾਸ ਦਾ ਸੋਮਾ ਹੈ। ਜੋ ਕਿ ਸਰਾਸਰ ਝੂਠ ਹੈ ਕਿਉਂਕਿ ਬਚਿੱਤਰ ਨਾਟਕ ਦਾ ਲਿਖਾਰੀ ਤਾਂ ਇਤਿਹਾਸਕ ਤੱਥਾਂ ਬਾਰੇ ਗਲਤ ਜਾਣਕਾਰੀ ਦਿੰਦਾ ਹੈ ਉਸ ਮੁਤਾਬਕ ਤਾਂ ਇਸ ਧਰਤੀ’ਤੇ ਪਹਿਲਾਂ ਰਾਮਾਨੰਦ ਨੇ ਜਨਮ ਲਿਆ ਅਤੇ ਮੁਹੰਮਦ ਸਾਬ ਬਾਦ ਵਿਚ ਆਏ।

ਇਸ ਤੋਂ ਇਲਾਵਾ ਸਿੱਖ ਇਤਿਹਾਸ ਦੇ ਤੱਥਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਹ ਸਿੱਖ ਇਤਿਹਾਸ ਦਾ ਸੋਮਾ ਹੁੰਦਾ ਤਾਂ ਇਸ ਵਿਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਦਾ ਸਹੀ ਵੇਰਵਾ ਦਿੱਤਾ ਹੁੰਦਾ ਪਰ ਬਚਿੱਤਰ ਨਾਟਕ ਦੇ ਲਿਖਾਰੀ ਨੇ “ਪਾਤਸ਼ਾਹੀ ਬਰਨਨੰ” ਨਾਮ ਵਾਲੇ ਪੰਜਵੇਂ ਅਧਿਆਇ ਵਿਚ ਪਹਿਲੇ ਨਾਨਕ ਤੋਂ ਨੌਵੇਂ ਨਾਨਕ ਦੇ ਨਾਮਾਂ ਦਾ ਰਸਮੀ ਤੌਰ ’ਤੇ ਜ਼ਿਕਰ ਕੀਤਾ ਹੈ ਅਤੇ ਉਹਨਾਂ ਦੇ ਮਹਾਨ ਕਾਰਨਾਮਿਆਂ ਅਤੇ ਉਪਦੇਸ਼ਾਂ ਬਾਰੇ ਸੰਖੇਪ ਤੋਂ ਸੰਖੇਪ ਵੇਰਵਾ ਦੇਣੋਂ ਵੀ ਗੁਰੇਜ਼ ਕੀਤਾ। ਉਹ ਸਿਰਫ ਰਸਮੀ ਤੌਰ’ਤੇ ਇਹ ਲਿਖਦਾ ਹੈ ਕਿ ਜਦ ਅਰਜਨ ਪ੍ਰਭ ਲੋਕ ਸਿਧਾਰੇ ਸਨ ਤਾਂ ਹਰਗੋਬਿੰਦ ਨੂੰ ਅਪਣੀ ਥਾਂ ਦੇ ਗਏ ਬਸ ਇੰਨਾ ਕੁ ਹੀ ਨਾ ਤਾਂ ਲਿਖਾਰੀ ਨੇ ਗੁਰੂ ਅਰਜੁਨ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੇ ਕਾਰਨ ਦੱਸੇ, ਨਾ ਅਕਹਿ ਤੇ ਨਾ ਅਸਹਿ ਤਸੀਹਿਆਂ ਦਾ ਜ਼ਿਕਰ, ਨਾ ਸ਼ਹੀਦੀ ਸਮੇਂ ਸਤਿਗੁਰਾਂ ਦੀ ਅਡਿਗਤਾ, ਅਡੋਲਤਾ ਅਤੇ ਇਸ ਮਹਾਨ ਸ਼ਹਾਦਤ ਨਾਲ ਨਿਕਲੇ ਨਤੀਜਿਆਂ ਦੀ ਚਰਚਾ ਕਰਨੀ ਯੋਗ ਸਮਝੀ।

ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਮਤ ਦੀ ਮਹਾਨਤਾ ਅਤੇ ਸਿੱਖ ਸਤਿਗੁਰੂਆਂ ਦੀਆਂ ਘਾਲਣਾਵਾਂ ਨਾਲ ਇਸ ਤੋਂ ਵੱਧ ਹੋਰ ਧੱਕਾ ਤੇ ਧ੍ਰੋਹ ਕੀ ਹੋ ਸਕਦਾ ਹੈ? ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਬਚਿਤਰ ਨਾਟਕ ਦੇ ਲਿਖਾਰੀ ਦੀ ਸਿੱਖ ਸਤਿਗੁਰੂਆਂ ਦੀ ਮਹਾਨਤਾ ਨੂੰ ਨਜ਼ਰ ਅੰਦਾਜ ਕਰਨ ਵਾਲੀ ਮਹਾਂ ਨਖਿਧ ਲਿਖਣ ਸ਼ੈਲੀ ਨੂੰ ਬਹੁਤ ਗੰਭੀਰਤਾ ਨਾਲ ਵਾਚਣਾ ਬੇਹਦ ਜ਼ਰੂਰੀ ਹੈ ਕਿਉਂਕਿ ਇਕ ਪਾਸੇ ਤਾਂ ਉਹ ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਨ ਤੋਂ ਵੀ ਆਕੀ ਹੈ ਪਰ ਦੂਜੇ ਪਾਸੇ ਨੌਂਵੇਂ ਗੁਰੂ ਦੀ ਸ਼ਹੀਦੀ ਦਾ ਵਰਣਨ ਕਰਨ ਵੇਲੇ ਉਹ ਗੁਰੂ ਸਾਹਿਬ ਨੂੰ ਤਿਲਕ ਜੰਝੂ ਦਾ ਰਾਖਾ ਅਤੇ ਹਿੰਦ ਕੀ ਚਾਦਰ ਲਿਖ ਕੇ ਮਨੁੱਖਤਾ ਦੇ ਭਲੇ ਲਈ ਦਿੱਤੀ ਸ਼ਹਾਦਤ ਨੂੰ ਅਪਣੀ ਬ੍ਰਹਮਣੀ ਸੋਚ ਵਿਚ ਰਲਗੱਡ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਦੀ ਦੀਰਘ ਰੁਚੀ ਕੇਵਲ ਅਪਣੇ ਇਸ਼ਟ ਚੰਡੀ, ਮਹਾਂਕਾਲ, ਨਸ਼ੇ ਅਤੇ ਆਚਰਣਹੀਣਤਾ ਨਾਲ ਭਰਪੂਰ ਗੰਦੀਆਂ ਕਹਾਣੀਆਂ ਲਿਖਣ ਵਿਚ ਹੀ ਹੈ ਜਿਸ ਦਾ ਉਸਨੇ ਇਸ ਗ੍ਰੰਥ ਵਿਚ ਰੱਜ ਕੇ ਵਰਣਨ ਕੀਤਾ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤਾਂ ਗੁਰਤਾਗੱਦੀ ਉਤੇ ਬੈਠਣ ਤੋਂ ਕੇਵਲ 61 ਸਾਲ ਪਹਿਲਾਂ ਵਾਪਰੀ ਇਤਿਹਾਸ ਦੀ ਇਕ ਬਹੁਤ ਪ੍ਰਸਿੱਧ ਘਟਨਾ ਗੁਰੂ ਅਰਜੁਨ ਪਾਤਸ਼ਾਹ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕਰਨ ਤੋਂ ਇਹ ਕਹਿ ਕੇ ਗੁਰੇਜ ਨਾ ਕਰਦੇ ਕਿ ਗ੍ਰੰਥ ਵੱਡਾ ਹੋਣ ਦੇ ਡਰੋਂ ਮੈਂ ਇਹ ਸਭ ਨਹੀਂ ਲਿਖਿਆ (ਕਹਾਂ ਲਗੇ ਕਰਿ ਕਥਾ ਸੁਨਾਊਂ। ਗ੍ਰੰਥ ਬਢਨ ਤੇ ਅਧਿਕ ਡਰਾਊਂ। ਬਚਿੱਤਰ ਨਾਟਕ ਪੰਨਾ 53)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top